ਯੂਪੀ ਵਿਚ ਵੋਟ ਸਿਆਸਤ
31 ਜਨਵਰੀ ਦਾ ਸੰਪਾਦਕੀ ‘ਉੱਤਰ ਪ੍ਰਦੇਸ਼ ਕਿਸਾਨ ਮਿਸ਼ਨ’ ਪੜ੍ਹ ਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਰਾਕੇਸ਼ ਟਿਕੈਤ ਦੇ ਬਿਆਨ ਨਾਲ ਭਾਜਪਾ ਨੂੰ ਨੁਕਸਾਨ ਹੋਵੇਗਾ ਕਿਉਂਕਿ ਯੂਪੀ ਦੀ ਜਨਤਾ ਉੱਤੇ ਹਿੰਦੂ ਮੁਸਲਿਮ ਅਤੇ ਜਾਤ-ਪਾਤ ਦੇ ਮੁੱਦੇ ਭਾਰੂ ਹੋ ਚੁੱਕੇ ਹਨ; ਮੁਸਲਮਾਨਾਂ ਤੇ ਦਲਿਤਾਂ ਨੂੰ ਪੂਰਾ ਡਰਾ ਕੇ ਰੱਖਿਆ ਗਿਆ ਹੈ। ਅਸਲੀਅਤ ਇਹ ਹੈ ਕਿ ਆਰਐੱਸਐੱਸ, ਕੇਂਦਰ ਸਰਕਾਰ ਅਤੇ ਭਾਜਪਾ ਯੂਪੀ ਦੀਆਂ ਚੋਣਾਂ ਜਿੱਤਣ ਲਈ ਮੁਸਲਿਮ ਵਿਰੋਧੀ ਮੁੱਦੇ ਉਭਾਰ ਕੇ ਵੋਟਾਂ ਦਾ ਧਰੁਵੀਕਰਨ ਕਰ ਰਹੇ ਹਨ। ਭਾਜਪਾ ਨੂੰ ਜਿਤਾਉਣ ਲਈ ਕਾਰਪੋਰੇਟ ਘਰਾਣੇ, ਭਾਜਪਾ ਦਾ ਆਈਟੀ ਸੈੱਲ ਅਤੇ ਸਮੁੱਚਾ ਗੋਦੀ ਮੀਡੀਆ ਇਨ੍ਹਾਂ ਦੀ ਠੋਕ ਵਜਾ ਕੇ ਮਦਦ ਕਰ ਰਹੇ ਹਨ। ਇਸ ਦੇ ਬਿਲਕੁਲ ਉਲਟ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਭਾਜਪਾ ਨੂੰ ਹਰਾਉਣ ਲਈ ਆਪਣੇ ਯੂਪੀ ਮਿਸ਼ਨ ਤੋਂ ਪੈਰ ਪਿਛਾਂਹ ਖਿੱਚ ਰਹੇ ਹਨ; ਉਨ੍ਹਾਂ ਨੂੰ 15 ਜਨਵਰੀ ਦੀ ਮੀਟਿੰਗ ਵਿਚ ਹੀ ਭਾਜਪਾ ਨੂੰ ਹਰਾਉਣ ਲਈ ਕੇਂਦਰ ਸਰਕਾਰ ਤੋਂ ਆਪਣੀਆਂ ਬਾਕੀ ਰਹਿ ਗਈਆਂ ਅਹਿਮ ਮੰਗਾਂ ਲਈ ਭਾਜਪਾ ਖ਼ਿਲਾਫ਼ ਯੂਪੀ ਵਿਚ ਕਿਸਾਨ ਪੰਚਾਇਤਾਂ ਕਰਨ ਦਾ ਪ੍ਰੋਗਰਾਮ ਉਲੀਕਣਾ ਚਾਹੀਦਾ ਸੀ। ਅਜਿਹਾ ਕਰਕੇ ਉਹ ਯੂਪੀ ਦੇ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਆੜ੍ਹਤੀਆਂ, ਬੇਰੁਜ਼ਗਾਰ ਨੌਜਵਾਨਾਂ, ਦਲਿਤਾਂ, ਔਰਤਾਂ ਦੇ ਮਸਲਿਆਂ ਅਤੇ ਘੱਟਗਿਣਤੀਆਂ ਉੱਤੇ ਹਿੰਸਕ ਹਮਲਿਆਂ ਦੇ ਮੁੱਦੇ ਉਭਾਰ ਕੇ ਭਾਜਪਾ ਦੇ ਵੋਟ ਬੈਂਕ ਨੂੰ ਤੋੜ ਸਕਦੇ ਸਨ।
ਸੁਮੀਤ ਸਿੰਘ, ਅੰਮ੍ਰਿਤਸਰ
ਅਧਿਆਪਨ ਦੀ ਜ਼ਿੰਮੇਵਾਰੀ
2 ਫਰਵਰੀ ਨੂੰ ਅਵਿਜੀਤ ਪਾਠਕ ਦੇ ਲੇਖ ‘ਹਿੰਸਾ ਦਾ ਸਾਹਮਣਾ ਕਰਦਿਆਂ’ ਵਿਚ ਸਿੱਖਿਆ ਦੁਆਰਾ ਹਿੰਸਾ ਘਟਾਉਣ ਲਈ ਅਧਿਆਪਨ ਦੀ ਜ਼ਿੰਮੇਵਾਰੀ ਨੂੰ ਉਭਾਰਿਆ ਗਿਆ ਹੈ। ਲੇਖਕ ਨੇ ਅਧਿਆਪਕ ਦੇ ਸੰਵਾਦਮੁਖੀ ਕਾਰਜ ਦੁਆਰਾ ਵਿਦਿਆਰਥੀਆਂ ਅੰਦਰ ਹਾਂ-ਮੁਖੀ ਗੁਣ ਪੈਦਾ ਕਰਨ ਦੇ ਨੁਕਤੇ ਦੱਸੇ ਹਨ। ਲੇਖ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਡਰ, ਹਿੰਸਾ ਅਤੇ ਈਰਖਾ ਵਾਲੀਆਂ ਭਾਵਨਾਵਾਂ ਛੱਡ ਕੇ ਸੂਝਵਾਨ ਚਿੰਤਨਸ਼ੀਲ ਬਣਾਉਣਾ ਹੈ ਤਾਂ ਜੋ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਅਤੇ ਖੁਸ਼ਹਾਲ ਹੋ ਸਕੇ।
ਰੀਤੂ ਰਾਣੀ, ਧੂਰੀ (ਸੰਗਰੂਰ)
ਸਿੱਖਿਆ ਦੂਤ
31 ਜਨਵਰੀ ਦੇ ਨਜ਼ਰੀਆ ਪੰਨੇ ਉੱਤੇ ਅਵਨੀਤ ਕੌਰ ਦਾ ਮਿਡਲ ‘ਚਾਨਣ ਦਾ ਦੂਤ’ ਅਜਿਹੇ ਸਿੱਖਿਆ ਦੂਤ ਨੂੰ ਰੂ-ਬ-ਰੂ ਕਰਵਾਉਂਦਾ ਹੈ ਜਿਸ ਦੀ ਪ੍ਰਤੀਬੱਧਤਾ ਲਈ ਮਨ ਵਿਚ ਅਦਬ, ਸਤਿਕਾਰ ਅਤੇ ਸਿਜਦਾ ਉੱਭਰਦਾ ਹੈ। ਅਜਿਹੇ ਨਾਇਕ, ਸਕੂਲ ਮੁਖੀ/ਅਧਿਆਪਕ ਆਪਣੇ ਸ਼ਾਗਿਰਦਾਂ ਲਈ ਜਿਊਂਦੇ ਅਵਤਾਰ ਹੁੰਦੇ ਹਨ ਜਿਹੜੇ ਅੱਖਰ ਗਿਆਨ ਦੇ ਨਾਲ ਨਾਲ ਉਨ੍ਹਾਂ ਨੂੰ ਜਿਊਣ ਜੋਗੇ ਬਣਾਉਣ ਲਈ ਨਜ਼ਰੀਏ ਦੀ ਬਖ਼ਸ਼ਿਸ਼ ਕਰਦੇ ਹਨ ਅਤੇ ਆਪਣੇ ਸ਼ਾਗਿਰਦਾਂ (ਲੇਖਕ ਜਿਹੇ) ਦੀ ਬਦੌਲਤ ਸਦਾ ਜਿਊਂਦੇ ਹਨ। ਹੁਣ ਤਾਂ ਸਿਆਸਤ ਨੇ ਕਰੋਨਾ ਦੇ ਨਾਂ ’ਤੇ, ਸਿੱਖਿਆ/ਸਮਝ ਦੀ ਤੋਰ ਹੀ ਰੋਕ ਦਿੱਤੀ ਹੈ ਜਿਸ ਦੇ ਭਿਆਨਕ ਸਿੱਟਿਆਂ ਦੀ ਭਾਰੀ ਕੀਮਤ ਸਮਾਜ ਨੂੰ ਅਦਾ ਕਰਨੀ ਪਵੇਗੀ। ਲੱਗੇ ਸਕੂਲਾਂ ਵਿਚ ਇਸ ਮਿਡਲ ਦੇ ਨਾਇਕ ਵਾਂਗ ਕਿੰਨੇ ਹੀ ਅਧਿਆਪਕ ਅਤੇ ਸਕੂਲ ਮੁਖੀ ਵਿਦਿਆਰਥੀਆਂ ਦੀ ਗਿਆਨ ਦੀ ਜਗਿਆਸਾ ਜਗਾਉਂਦੇ ਰਹੇ ਹਨ ਪਰ ਕਰੋਨਾ ਕਾਲ ਵਿਚ ਗਿਆਨ ਅਤੇ ਅਨੁਭਵਾਂ ਦੇ ਅਜਿਹੇ ਖੌਲਦੇ ਸਾਗਰ, ਬੇਵਸੀ ਕਾਰਨ ਸ਼ਾਂਤ ਹਨ, ਮਾਯੂਸ ਹਨ। ਇਸ ਨੁਕਸਾਨ ਦੀ ਪੂਰਤੀ ਸੰਭਵ ਹੀ ਨਹੀਂ।
ਸਵਰਨ ਸਿੰਘ ਭੰਗੂ, ਸ੍ਰੀ ਚਮਕੌਰ ਸਾਹਿਬ (ਰੂਪਨਗਰ)
(2)
ਅਵਨੀਤ ਕੌਰ ਦਾ ਮਿਡਲ ‘ਚਾਨਣ ਦਾ ਦੂਤ’ (31 ਜਨਵਰੀ) ਕਾਬਿਲ-ਏ-ਗ਼ੌਰ ਹੈ। ਜੇਕਰ ਸਾਰੇ ਸਕੂਲ ਮੁਖੀ ਅਤੇ ਅਧਿਆਪਕ ਆਪਣੇ ਵਿਦਿਆਰਥੀਆਂ ਦੇ ਮਨਾਂ ਵਿਚੋਂ ਵਾਧੂ ਦੇ ਡਰ ਭੈਅ, ਵਹਿਮ ਤੇ ਅੰਧ-ਵਿਸ਼ਵਾਸ ਕੱਢ ਕੇ ਸਾਹਿਤਕ ਸਾਂਝ ਵਧਾਉਣ ਤਾਂ ਸਾਡੀ ਮਾਤ ਭਾਸ਼ਾ ਹੋਰ ਵਿਕਾਸ ਕਰ ਸਕਦੀ ਹੈ। ਅਜਿਹੇ ਪ੍ਰੇਰਨਾ ਸ੍ਰੋਤ ਅਧਿਆਪਕ ਹਮੇਸ਼ਾ ਚੇਤਿਆਂ ਵਿਚ ਵਸੇ ਰਹਿੰਦੇ ਹਨ।
ਸਨੇਹਇੰਦਰ ਸਿੰਘ ਮੀਲੂ ਫਰੌਰ, ਈਮੇਲ
(3)
‘ਚਾਨਣ ਦਾ ਦੂਤ’ (ਅਵਨੀਤ ਕੌਰ, 31 ਜਨਵਰੀ) ਵਿਚ ਅਧਿਆਪਨ ਕਿੱਤੇ ਨੂੰ ਸਮਰਪਿਤ ਪ੍ਰਿੰਸੀਪਲ ਦੇ ਕਰਮ ਅਤੇ ਉੱਚੀ ਸੁੱਚੀ ਜੀਵਨ ਸ਼ੈਲੀ ਦਾ ਚਿਤਰਨ ਹੈ। ਮੇਰੀ ਜਾਚੇ ਮੋਤੀਆਂ ਵਰਗੇ ਸ਼ਬਦਾਂ ਵਿਚ ਜੜੀ ਇਹ ਪ੍ਰੇਰਨਾਮਈ ਲਿਖਤ ਉਸ ਪ੍ਰਿੰਸੀਪਲ ਦੀ ਸਿੱਖਿਆ ਅਤੇ ਪ੍ਰੇਰਨਾ ਸਦਕਾ ਹੀ ਪਾਠਕਾਂ ਨੂੰ ਪੜ੍ਹਨ ਨੂੰ ਮਿਲੀ ਹੈ।
ਅਰੀਤਪਾਲ ਕੌਰ (ਡਾ.), ਮੰਡੀ ਡੱਬਵਾਲੀ (ਸਿਰਸਾ)
ਸੂਖਮ ਵਿਚਾਰ
29 ਜਨਵਰੀ ਦੇ ਸਤਰੰਗ ਪੰਨੇ ’ਤੇ ਦਸਵੀਂ ਜਮਾਤ ਦੀ ਵਿਦਿਆਰਥਣ ਰਾਧਿਕਾ ਦੀ ਕਵਿਤਾ ‘ਕਿਸਾਨ’ ਵਿਚ ਮਿਹਨਤੀ ਕਿਸਾਨ ਦੇ ਸੰਘਰਸ਼ਮਈ ਜੀਵਨ ਦਾ ਬਾਖ਼ੂਬੀ ਵਰਨਣ ਕੀਤਾ ਹੈ। ਇੰਨੀ ਛੋਟੀ ਉਮਰ ਵਿਚ ਕਵਿਤਾ ਰਾਹੀਂ ਇੰਨੇ ਸੂਖ਼ਮ ਵਿਚਾਰਾਂ ਦਾ ਪ੍ਰਗਟਾਵਾ ਕਰਨਾ ਆਪਣੇ ਆਪ ਵਿਚ ਬੜਾ ਕੁਝ ਬਿਆਨ ਕਰਦਾ ਹੈ।
ਅਮਰਜੀਤ ਮੱਟੂ, ਭਰੂਰ (ਜ਼ਿਲ੍ਹਾ ਸੰਗਰੂਰ)
(2)
ਸਤਰੰਗ ਅੰਕ (29 ਜਨਵਰੀ) ਵਿਚ ਸਕੂਲ ਵਿਦਿਆਰਥਣ ਰਾਧਿਕਾ ਦੀ ਕਵਿਤਾ ‘ਕਿਸਾਨ’ ਪਸੰਦ ਆਈ। ਅਜਿਹੀਆਂ ਲਿਖਤਾਂ ਨਾਲ ਬੱਚਿਆਂ ਨੂੰ ਲਿਖਣ ਦੀ ਪ੍ਰੇਰਨਾ ਮਿਲੇਗੀ। ਰਾਧਿਕਾ ਨੂੰ ਸ਼ਾਬਾਸ਼! ‘ਨੰਨ੍ਹੀ ਦੁਨੀਆ’ ਵਿਚ ਬੱਚਿਆਂ ਦੇ ਚਿੱਤਰ ਬੜਾ ਕੁਝ ਬਿਆਨ ਕਰਦੇ ਹਨ। ਦਰਸ਼ਨ ਸਿੰਘ ਆਸ਼ਟ (ਡਾ.) ਦੀ ਬਾਲ ਕਹਾਣੀ ‘ਪ੍ਰੀਖਿਆ’ ਤਾਰੀਫ਼ ਦੇ ਕਾਬਿਲ ਹੈ।
ਗਗਨਦੀਪ ਅਤਰੀ, ਪਿੰਡ ਭੁਰਥਲਾ ਮੰਡੇਰ (ਮਲੇਰਕੋਟਲਾ)
ਸ਼ੌਕ ਦਾ ਕਤਲ
8 ਜਨਵਰੀ ਨੂੰ ਨਜ਼ਰੀਆ ਪੰਨੇ ਉੱਤੇ ਵਿਕਾਸ ਕਪਿਲਾ ਦਾ ਮਿਡਲ ‘ਕਤਲ’ ਪੜ੍ਹਿਆ। ਪ੍ਰਭਾਵਸ਼ਾਲੀ ਲਿਖਤ ਹੈ। ਸੱਚ ਹੈ ਕਿ ਜੇ ਬੰਦੇ ਦੇ ਸ਼ੌਕ ਦਾ ਹੀ ਕਤਲ ਕਰ ਦਿੱਤਾ ਜਾਵੇ ਤਾਂ ਉਸ ਦੀ ਰੂਹ ਦਾ ਕਤਲ ਹੋ ਜਾਂਦਾ ਹੈ ਅਤੇ ਉਹ ਹਨੇਰੇ ਵੱਲ ਧੱਕਿਆ ਜਾਂਦਾ ਹੈ। ਇਸ ਲਈ ਗ੍ਰਹਿਸਥ ਜੀਵਨ ਵਿਚ ਸੰਤੁਲਨ ਜ਼ਰੂਰੀ ਹੈ। ਮਤਭੇਦ ਹੋ ਸਕਦੇ ਹਨ ਪਰ ਇਕ ਦੂਜੇ ਦੀ ਕਦਰ ਕਰਨੀ ਬਣਦੀ ਹੈ।
ਰੁਪਿੰਦਰਪਾਲ ਸਿੰਘ ਗਿੱਲ, ਪਿੰਡ ਜੰਡਿਆਲੀ (ਲੁਧਿਆਣਾ)
ਚੁਗ਼ਲੀ ਦੀ ਆਵਾਜਾਈ
6 ਜਨਵਰੀ ਦੇ ਆਨਲਾਈਨ ਅੰਕ ਦੇ ‘ਅਦਬੀ ਰੰਗ’ ਪੰਨੇ ’ਤੇ ਸੁਰਿੰਦਰ ਸ਼ਰਮਾ ਨਾਗਰਾ ਨੇ ਆਪਣੀ ਰਚਨਾ ‘ਕੰਨੋ ਕੰਨੀ ਖ਼ਬਰਾਂ ਪਹੁੰਚਾਉਣ ਚੁਗ਼ਲੀਆਂ’ ਰਾਹੀਂ ਸੂਚਨਾ ਦੀ ਆਵਾਜਾਈ ਚਰਚਾ ਕੀਤੀ ਹੈ। ਅਸਲ ਵਿਚ ਚੁਗ਼ਲੀ ਨੂੰ ਇਸ ਕੰਮ ਲਈ ਸਾਰਥਿਕ ਆਖਿਆ ਨਹੀਂ ਜਾ ਸਕਦਾ ਸਗੋਂ ਚੁਗ਼ਲੀ ਤਾਂ ਬੇਹੱਦ ਮਾੜੀ ਆਦਤ ਹੈ। ਚੁਗ਼ਲੀ ਦੀ ਆਦਤ ਵਾਲੇ ਸੱਜਣ ਨੂੰ ਉਦੋਂ ਤਕ ਚੈਨ ਨਹੀਂ ਆਉਂਦੀ ਜਦੋਂ ਤਕ ਉਹ ਸੱਥ ਜਾਂ ਚਾਰ ਬੰਦਿਆਂ ਦੀ ਢਾਣੀ ’ਚ ਕਿਸੇ ਬਾਰੇ ਸੁਣੀ ਗੱਲ ਨੂੰ ਉਸ ਦੇ ਕੰਨ ਵਿਚ ਚੁਗ਼ਲੀ ਰੂਪ ਵਿਚ ਫੂਕ ਨਾ ਮਾਰੇ।
ਮਾਨ ਸਿੰਘ ਅਨਪੜ੍ਹ, ਈਮੇਲ
ਮਿਲਣ ਦੀ ਤਾਂਘ
ਸਤਰੰਗ ਸਫ਼ੇ ਉੱਤੇ ਹਰ ਸ਼ਨਿੱਚਰਵਾਰ ਸਾਂਵਲ ਧਾਮੀ ਦੀ ਲੜੀ ‘ਵੰਡ ਦੇ ਦੁਖੜੇ’ ਹਿੰਦੋਸਤਾਨ ਅਤੇ ਪਾਕਿਸਤਾਨ ਵਿਚਕਾਰ 1947 ਵਿਚ ਹੋਏ ਖ਼ੂਨ ਖ਼ਰਾਬੇ ਦੇ ਹੌਲਨਾਕ ਧਰਾਤਲ ਨੂੰ ਪੇਸ਼ ਕਰਦੀ ਹੈ। ਲੇਖਕ ਦਾ ਅੰਦਾਜ਼-ਏ-ਬਿਆਨ ਕਮਾਲ ਹੈ। ਮਾਨਵੀ ਕਦਰਾਂ ਕੀਮਤਾਂ ਨੂੰ ਦਾਅ ’ਤੇ ਲਗਾ ਕੇ ਧਰਮ ਦੇ ਅਖੌਤੀ ਰਾਖਿਆਂ ਨੇ ਜੋ ਸ਼ਰਮਨਾਕ ਮਾਹੌਲ ਉਸ ਵੇਲੇ ਪੈਦਾ ਕੀਤਾ, ਉਸ ਬਾਰੇ ਲੇਖ ਪੜ੍ਹ ਕੇ ਹਮਦਰਦੀ ਭਾਵ ਵੀ ਉਪਜਦਾ ਹੈ ਅਤੇ ਸਰਹੱਦ ਦੇ ਆਰ-ਪਾਰ ਵੱਸਦੇ ਆਪਣਿਆਂ ਨੂੰ ਯਾਦ ਕਰਦੇ ਜਿਊੜਿਆਂ ਵਿਚ ਮਿਲਣ ਦੀ ਤਾਂਘ ਵੀ ਉਛਾਲੇ ਮਾਰਦੀ ਹੈ।
ਡਾ. ਪੰਨਾ ਲਾਲ ਮੁਸਤਫ਼ਾਬਾਦੀ, ਕਸ਼ਮੀਰ ਘੇਸਲ, ਚੰਡੀਗੜ੍ਹ