ਖੇਤੀ ਸੰਕਟ ਬਾਰੇ ਸੰਵਾਦ
21 ਜਨਵਰੀ ਦੇ ਨਜ਼ਰੀਆ ਪੰਨੇ ’ਤੇ ਪਰਮਜੀਤ ਸਿੰਘ ਅਤੇ ਪਰਗਟ ਸਿੰਘ ਦੇ ਲੇਖ ‘ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ’ ਦੁਆਰਾ ਖੇਤੀ ਸੰਕਟ ਦੇ ਹੱਲ ਲਈ ਸੰਵਾਦ ਰਚਾਉਣ ਦਾ ਉਪਰਾਲਾ ਚੰਗਾ ਹੈ। ਸਹਿਕਾਰੀ ਖੇਤੀ ਨੂੰ ਪੂੰਜੀਵਾਦੀ ਖੇਤੀ ਪ੍ਰਬੰਧ ਤੋਂ ਬਚਾਉਣ ਅਤੇ ਮੌਜੂਦਾ ਖੇਤੀ ਸੰਕਟ ਦੇ ਇਕਲੌਤੇ ਹੱਲ ਵਜੋਂ ਨਹੀਂ ਦੇਖਿਆ ਜਾ ਸਕਦਾ, ਇਸ ਦਾ ਹੱਲ ਸਾਮਰਾਜੀ ਖੇਤੀ ਮਾਡਲ ਦੀ ਥਾਂ ਕੁਦਰਤੀ, ਹੰਢਣਸਾਰ ਤੇ ਇਲਾਕਿਆਂ ਦੇ ਵਾਤਾਵਰਨ ’ਤੇ ਆਧਾਰਿਤ ਜ਼ੋਨ ਵੰਡ ਕੇ, ਲੈਂਡ ਸੀਲਿੰਗ ਤੋਂ ਸਰਪਲੱਸ ਜ਼ਮੀਨ ਛੋਟੇ ਤੇ ਬੇਜ਼ਮੀਨੇ ਕਿਸਾਨਾਂ ਵਿਚ ਵੰਡ ਕੇ ਆਦਿ ਵਰਗੇ ਕੁਝ ਹੋਰ ਬਦਲਾਓ ਕਰ ਕੇ ਹੀ ਕੀਤਾ ਜਾ ਸਕਦਾ ਹੈ ਪਰ ਮੌਜੂਦਾ ਹਾਲਾਤ ਅੰਦਰ ਛੋਟੀ ਤੇ ਦਰਮਿਆਨੀ ਕਿਸਾਨੀ ਅਤੇ ਬੇਜ਼ਮੀਨੇ ਕਿਸਾਨਾਂ ਲਈ ਖੇਤੀ ਲਾਗਤਾਂ ਘਟਾਉਣ, ਭਾਈਚਾਰਕ ਸਾਂਝ ਪੈਦਾ ਕਰਨ ਲਈ ਸਹਿਕਾਰੀ ਖੇਤੀ ਮਾਡਲ ਜ਼ਰੂਰੀ ਹੈ ਅਤੇ ਇਸਨੂੰ ਅਪਣਾਉਣ ਦੇ ਨਾਲ ਨਾਲ ਖੇਤੀ ਸੰਕਟ ਖ਼ਿਲਾਫ਼ ਸੰਘਰਸ਼ ਜਾਰੀ ਰੱਖਣਾ ਸਮੇਂ ਦੀ ਲੋੜ ਹੈ।
ਹਰਿੰਦਰ ਸਿੰਘ, ਸੈਣੀ ਮਾਜਰਾ, ਪਟਿਆਲਾ
ਜਾਤੀ ਵਿਤਕਰਾ
21 ਜਨਵਰੀ ਦਾ ਸੰਪਾਦਕੀ ‘ਜਾਤੀ ਵਿਤਕਰੇ ਦੀ ਸ਼ਨਾਖ਼ਤ’ ਵਿਚ ਗੰਭੀਰ ਮਸਲਾ ਉਠਾਇਆ ਗਿਆ ਹੈ। ਸੰਸਥਾਵਾਂ ਦੀ ਕਮਜ਼ੋਰੀ ਨਾਲ ਸਰਕਾਰਾਂ ’ਤੇ ਪ੍ਰਸ਼ਨ ਚਿੰਨ੍ਹ ਲੱਗਦੇ ਹਨ। ਕਿਹਾ ਜਾਂਦਾ ਹੈ ਕਿ ਦੁਨੀਆ ਵਿਚ ਨਸਲਵਾਦ ਸਭ ਤੋਂ ਭੈੜਾ ਵਿਤਕਰਾ ਹੈ ਪਰ ਜਾਤੀਵਾਦ ਵਿਚ ਗੰਢੇ ਵਾਂਗ ਵਿਤਕਰੇ ਦੀਆਂ ਕਈ ਪਰਤਾਂ ਹਨ, ਤੇ ਉੱਪਰੋਂ ਜਾਤੀਵਾਦ ਪੀੜ੍ਹੀ-ਦਰ-ਪੀੜ੍ਹੀ ਹੈ। ਜਮਹੂਰੀਅਤ ਤੇ ਧਰਮ ਨਿਰਪੱਖਤਾ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਜਾਤ-ਪਾਤ ਅਤੇ ਇਸ ਅੰਦਰ ਛੁਪੇ ਹੋਏ ਵਿਤਕਰੇ ਦੀਆਂ ਪਰਤਾਂ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ।
ਗੁਰਦਿਆਲ ਸਹੋਤਾ, ਲੁਧਿਆਣਾ
ਹਕੀਕਤ ਦੇ ਨੇੜੇ
18 ਜਨਵਰੀ ਦੇ ਨਜ਼ਰੀਆ ਪੰਨੇ ’ਤੇ ਮੋਹਨ ਸ਼ਰਮਾ ਦੀ ਲਿਖਤ ‘ਸ਼ਗਨ’ ਹਕੀਕਤ ਦੇ ਬਹੁਤ ਨੇੜੇ ਹੈ। ਚੰਨਣ ਸਿੰਘ ਵਰਗੇ ਬਜ਼ੁਰਗ ਹਰ ਪਿੰਡ ਸ਼ਹਿਰ ਵਿਚ ਹਨ, ਨੇਤਾਵਾਂ ਦੀ ਅਸਲੀਅਤ ਤੋਂ ਸਾਰੇ ਜਾਣੂ ਹਨ ਪਰ ਇਸ ਦੇ ਬਾਵਜੂਦ ਵੋਟਰ ਵਿਕਦੇ ਹਨ। ਵੋਟਰ ਜਾਗਰੂਕਤਾ ਦੇ ਨਾਮ ’ਤੇ ਪੋਲਿੰਗ ਵਧਾਉਣ ਦੇ ਉਪਰਾਲੇ ਹੀ ਕੀਤੇ ਜਾਂਦੇ ਹਨ। ਸਹੀ ਨੁਮਾਇੰਦੇ ਅਜੇ ਵੀ ਨਹੀਂ ਚੁਣੇ ਜਾ ਰਹੇ।
ਮਨਦੀਪ ਕੌਰ, ਲੁਧਿਆਣਾ
ਸੰਸਦੀ ਤੇ ਗ਼ੈਰ-ਸੰਸਦੀ ਘੋਲ
ਪੰਜਾਬ ਦੇ ਚੋਣ ਦ੍ਰਿਸ਼ ਬਾਰੇ ਇਕ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਹਾਂ। ਪ੍ਰੋਫ਼ੈਸਰ ਰਾਧਿਕਾ ਦੇਸਾਈ ਅਤੇ ਐਲਨ ਫ੍ਰੀਮੈਨ (ਮੈਨੀਟੋਬਾ, ਕੈਨੇਡਾ) ਨਾਲ ਕੌਮਾਂਤਰੀ ਵੈਬੀਨਾਰ ਦੌਰਾਨ ਮੈਂ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਪੁੱਛਿਆ ਸੀ ਕਿ ਪੰਜਾਬ ਵਿਚ ਚੋਣ ਲੜ ਰਹੀਆਂ ਕਿਸਾਨ ਜਥੇਬੰਦੀਆਂ ਨਾਲ ਮਤਭੇਦਾਂ ਦੇ ਬਾਵਜੂਦ ਕੀ ਤੁਸੀਂ ਇਹ ਭਰੋਸਾ ਦੇ ਸਕਦੇ ਹੋ ਕਿ ਤੁਸੀਂ ਜਨਤਕ ਤੌਰ ’ਤੇ ਉਨ੍ਹਾਂ ਦਾ ਵਿਰੋਧ ਨਹੀਂ ਕਰੋਗੇ? ਉਨ੍ਹਾਂ ਦਾ ਸਪੱਸ਼ਟ ਜਵਾਬ ਸੀ ਕਿ ਸੰਯੁਕਤ ਕਿਸਾਨ ਮੋਰਚਾ ਚੋਣਾਂ ਨਹੀਂ ਲੜੇਗਾ ਪਰ ਅਸੀਂ ਚੋਣਾਂ ਲੜਨ ਦੇ ਜਮਹੂਰੀ ਹੱਕ ਦਾ ਸਨਮਾਨ ਕਰਦੇ ਹਾਂ, ਤੇ ਜਿਹੜੀਆਂ ਜਥੇਬੰਦੀਆਂ ਚੋਣਾਂ ਲੜਨੀਆਂ ਚਾਹੁੰਦੀਆਂ ਹਨ, ਉਨ੍ਹਾਂ ਦਾ ਵਿਰੋਧ ਨਹੀਂ ਕਰਾਂਗੇ। ਪੰਜਾਬ ਦੀ ਸੁੱਖ ਲੋੜਨ ਵਾਲੇ ਜਿਨ੍ਹਾਂ ਵਿਚ ਬਰਤਾਨੀਆ, ਕੈਨੇਡਾ, ਅਮਰੀਕਾ, ਯੂਰੋਪ ਤੇ ਲਾਤੀਨੀ ਅਮਰੀਕਾ ਵਿਚ ਵੱਸਦੇ ਗ਼ੈਰ-ਪੰਜਾਬੀ ਅਤੇ ਗ਼ੈਰ-ਭਾਰਤੀ ਲੋਕ ਵੀ ਸ਼ਾਮਿਲ ਹਨ, ਆਸ ਕਰ ਰਹੇ ਹਨ ਕਿ ਖੇਤੀ ਕਾਨੂੰਨਾਂ ਦੇ ਮਾਮਲੇ ’ਤੇ ਇਤਿਹਾਸਕ ਜਿੱਤ ਹਾਸਿਲ ਕਰਨ ਵਾਲੇ ਪੰਜਾਬੀ, ਸੰਸਦੀ ਅਤੇ ਗ਼ੈਰ-ਸੰਸਦੀ ਸੰਘਰਸ਼ਾਂ, ਦੋਹਾਂ ਬਾਰੇ ਪਰਿਪੱਕਤਾ ਦਿਖਾਉਣਗੇ।
ਪ੍ਰੋ. ਪ੍ਰੀਤਮ ਸਿੰਘ, ਐਕਸਫੋਰਡ, ਯੂਕੇ
ਬਾਲ ਵੀਰ ਦਿਵਸ
ਦੇਰ ਤੋਂ ਵੱਖ ਵੱਖ ਤਬਕੇ ਮੰਗ ਕਰਦੇ ਰਹੇ ਸਨ ਕਿ ਸਰਕਾਰ ਬਾਲ ਦਿਵਸ 14 ਨਵੰਬਰ ਦੀ ਥਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲਾ ਦਿਨ ਐਲਾਨੇ। ਇਹ ਚੰਗਾ ਹੋਇਆ ਕਿ 14 ਤਰੀਕ ਨਾਲ ਛੇੜਛਾੜ ਕੀਤੇ ਬਗ਼ੈਰ ਕੇਂਦਰ ਸਰਕਾਰ ਨੇ 26 ਦਸੰਬਰ ਦੇ ਦਿਨ ਨੂੰ ਬਾਲ ਵੀਰ ਦਿਵਸ ਕਹਿ ਕੇ ਸਨਮਾਨ ਦੇ ਦਿੱਤਾ। ਅਸੀਂ ਛੋਟੇ ਸਾਹਿਬਜ਼ਾਦਿਆਂ ਨੂੰ ‘ਬਾਬਾ’ ਉਪਾਧੀ ਨਾਲ ਯਾਦ ਕਰਦੇ ਹਾਂ, ਬੇਸ਼ੱਕ ਉਹ ਬਾਲਕ ਸਨ। ਬਾਬਾ ਮਾਇਨੇ ਬਾਪੂ, ਪਿਤਾ ਅਤੇ ਅੱਬੂ ਹੈ। ਇਹ ਉਪਾਧੀ ਔਰਤ ਨੂੰ ਵੀ ਮਿਲ ਸਕਦੀ ਹੈ, ਜਿਵੇਂ ਡੇਰਾ ਬਾਬਾ ਜੱਸਾ ਸਿੰਘ। ਬਾਬਾ ਜੱਸਾ ਸਿੰਘ ਤਪੱਸਵੀ ਬੀਬੀ ਸਨ। ਵਾਲ ਦੀ ਖੱਲ ਲਾਹੁਣ ਵਾਲੇ ਇਸ ਗੱਲ ’ਤੇ ਵੀ ਇਤਰਾਜ਼ ਕਰ ਸਕਦੇ ਹਨ ਕਿ ਉਨ੍ਹਾਂ ਨੂੰ ‘ਛੋਟੇ’ ਸਾਹਿਬਜ਼ਾਦੇ ਕਿਉਂ ਕਹਿੰਦੇ ਹੋ…! ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ‘ਬਾਲਗੁਰੂ’ ਵਿਸ਼ੇਸ਼ਣ ਲਾ ਕੇ ਯਾਦ ਕੀਤਾ ਜਾਂਦਾ ਹੈ, ਕਿਸੇ ਨੂੰ ਇਤਰਾਜ਼ ਨਹੀਂ ਹੋਇਆ। ਅੱਲਾ ਯਾਰ ਖਾਂ ਜੋਗੀ ਦੇ ਵਾਕ ਹਨ: ‘‘ਕਟਵਾਏ ਬਾਪ ਨੇ ਬੱਚੇ ਜਹਾਂ’’। ਕੀ ਸਾਹਿਬਜ਼ਾਦੇ ਬੱਚੇ ਨਹੀਂ ਸਨ?
ਹਰਪਾਲ ਸਿੰਘ ਪੰਨੂ, ਈਮੇਲ
ਸਕੂਲਾਂ ਦੀ ਭੂਮਿਕਾ
21 ਜਨਵਰੀ ਦੇ ਸਿੱਖਿਆ ਅੰਕ ਵਿਚ ਬਲਜਿੰਦਰ ਜੌੜਕੀਆਂ ਦਾ ਲੇਖ ‘ਬਾਲ ਵਿਕਾਸ ਲਈ ਸਕੂਲ ਦੀ ਸਰਵ ਵਿਆਪਕ ਭੂਮਿਕਾ’ ਪੜ੍ਹਿਆ। ਲੇਖਕ ਨੇ ਜੀਵਨ ਦੇ ਹਰ ਪੜਾਅ ਵਿਚ ਸਕੂਲ ਦੀ ਭੂਮਿਕਾ ਨੂੰ ਬਾਖ਼ੂਬੀ ਚਿਤਰਿਆ ਹੈ। ਦਰਅਸਲ, ਸਕੂਲ ਮਨੁੱਖੀ ਜੀਵਨ ਦਾ ਸਵਰਗ ਹੈ ਪਰ ਹੁਣ ਬੱਚਿਆਂ ਨੂੰ ਇਸ ਤੋਂ ਵਾਂਝਾ ਕਿਉਂ ਕੀਤਾ ਜਾ ਰਿਹਾ ਹੈ? ਭਿਆਨਕ ਬਿਮਾਰੀ ਦੇ ਨਾਂ ’ਤੇ ਲੋਕਾਂ ਨੂੰ ਮਾਨਸਿਕ ਤੌਰ ’ਤੇ ਬਿਮਾਰ ਕੀਤਾ ਜਾ ਰਿਹਾ ਹੈ; ਦੂਜੇ ਪਾਸੇ ਰੈਲੀਆਂ ਖੁੱਲ੍ਹੇਆਮ ਹੋ ਰਹੀਆਂ ਹਨ। ਅਸਲ ਗੱਲ ਇਹ ਹੈ ਕਿ ਕੋਈ ਹਾਕਮ ਧਿਰ ਨਹੀਂ ਚਾਹੁੰਦੀ ਕਿ ਕੋਈ ਪੜ੍ਹ ਲਿਖ ਕੇ ਉਸ ਨੂੰ ਸਵਾਲ ਕਰੇ। ਬੱਚਿਆਂ ਦੇ ਭਵਿੱਖ ਪ੍ਰਤੀ ਫ਼ਿਕਰਮੰਦ ਹਰ ਮਨੁੱਖ ਨੂੰ ਸਕੂਲ ਖੁੱਲ੍ਹੇ ਰੱਖਣ ਲਈ ਆਵਾਜ਼ ਉਠਾਉਣੀ ਚਾਹੀਦੀ ਹੈ। ਵਿਸ਼ਵ ਬੈਂਕ ਵੀ ਸਕੂਲ ਖੁੱਲ੍ਹੇ ਰੱਖਣ ਬਾਰੇ ਹਾਮੀ ਭਰ ਚੁੱਕਾ ਹੈ।
ਮਨਿੰਦਰ ਸਿੰਘ, ਗੁਰੂਸਰ ਜੋਧਾ