ਖਿਆਲੀ ਖੌਫ਼
26 ਅਕਤੂਬਰ ਨੂੰ ਛਪਿਆ ਮਿਡਲ ‘ਖੌਫ਼ ਭਰਿਆ ਸਫ਼ਰ’ ਬੇਤੁੱਕਾ ਸੀ। ਇਸ ਵਿਚ ਉੱਚ ਮੱਧ ਵਰਗੀ ਸ਼ਖ਼ਸ ਦੇ ਮਨ ਅੰਦਰਲੇ ਕਲਪਿਤ ਡਰ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ। ਲੇਖਕ ਪਹਿਲਾਂ ਪੜ੍ਹੀ ਸੁਣੀ ਘਟਨਾ ਦੇ ਅਸਰ ਹੇਠ ਦਾਰਜਲਿੰਗ ਦੇ ਇਕ ਨੌਜਵਾਨ ਟੈਕਸੀ ਡਰਾਈਵਰ ਬਾਰੇ ਆਪਣੇ ਮਨ ਵਿਚ ਸ਼ੱਕ ਪਾਲ ਕੇ ਪੂਰੇ ਟੂਰ ਦੌਰਾਨ ਖਾਹ-ਮਖਾਹ ਆਪਣਾ ਅਤੇ ਆਪਣੇ ਪਰਿਵਾਰ ਦਾ ਖ਼ੂਨ ਸੁਕਾਉਂਦਾ ਰਿਹਾ। ਇਹ ਰਚਨਾ ਸੈਰ ਸਫ਼ਰ ’ਤੇ ਨਿਕਲਣ ਵਾਲੇ ਲੋਕਾਂ ਦੇ ਦਿਲਾਂ ਅੰਦਰ ਬਿਨਾ ਵਜ੍ਹਾ ਕਲਪਿਤ ਡਰ ਅਤੇ ਸ਼ੱਕ ਉਪਜਾਉਣ ਵਾਲੀ ਜਾਪਦੀ ਹੈ।
ਸੁਖਦਰਸ਼ਨ ਸਿੰਘ ਨੱਤ, ਮਾਨਸਾ
ਨਿਆਂ ਪ੍ਰਣਾਲੀ ’ਤੇ ਸਵਾਲ
24 ਅਕਤੂਬਰ ਦਾ ਸੰਪਾਦਕੀ ‘ਵਿਹਾਰਕ ਮੁਸ਼ਕਿਲਾਂ’ ਵਿਚ ਨਿਆਂ ਪ੍ਰਣਾਲੀ ਅਤੇ ਪੁਲੀਸ ਪ੍ਰਬੰਧ ’ਤੇ ਸਹੀ ਸਵਾਲ ਉਠਾਏ ਹਨ। ਅਸਲੀਅਤ ਇਹ ਹੈ ਕਿ ਸੁਪਰੀਮ ਕੋਰਟ ਨੂੰ ਸਰਕਾਰਾਂ ਦੀਆਂ ਧੱਕੇਸ਼ਾਹੀਆਂ, ਬੇਇਨਸਾਫ਼ੀਆਂ ਅਤੇ ਨਾਕਾਮੀਆਂ ਦੇ ਖਿਲਾਫ਼ ਕਦੇ ਕਦੇ ਗੁੱਸਾ ਜ਼ਰੂਰ ਆਉਂਦਾ ਹੈ ਪਰ ਇਸ ਨੇ ਸਬੰਧਿਤ ਪੁਲੀਸ ਸਿਵਲ ਅਧਿਕਾਰੀਆਂ ਅਤੇ ਜਾਂਚ ਏਜੰਸੀਆਂ ਦੇ ਅਧਿਕਾਰੀਆਂ ਨੂੰ ਮਿਸਾਲੀ ਸਜ਼ਾ ਦੇਣ ਦੀ ਕਦੇ ਜੁਰਅਤ ਨਹੀਂ ਦਿਖਾਈ। ਸਿਰਫ਼ ਸਖ਼ਤ ਟਿੱਪਣੀਆਂ ਕਰਨ ਨਾਲ ਪੀੜਤਾਂ ਨੂੰ ਇਨਸਾਫ਼ ਨਹੀਂ ਦਿੱਤਾ ਜਾ ਸਕਦਾ। ਸੰਵਿਧਾਨ ਦੀ ਧਾਰਾ 51-ਏ (ਐਚ) ਅਨੁਸਾਰ ਵਿਗਿਆਨਕ ਸੋਚ ਅਤੇ ਇਨਸਾਨੀਅਤ ਦੀ ਭਾਵਨਾ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਹਰ ਭਾਰਤੀ ਨਾਗਰਿਕ ਦਾ ਫਰਜ਼ ਹੈ ਪਰ ਇਸ ਦੇ ਬਿਲਕੁਲ ਉਲਟ ਭਾਜਪਾ-ਆਰਐੱਸਐੱਸ ਵਰਗੇ ਸੰਗਠਨ ਸੱਤਾ ’ਤੇ ਕਾਬਜ਼ ਹੋਣ ਲਈ ਨਫ਼ਰਤ ਫੈਲਾਅ ਰਹੇ ਹਨ। ਅਜਿਹੇ ਅਨਸਰਾਂ ਵੱਲੋਂ ਕੁਝ ਸਾਲ ਪਹਿਲਾਂ ਤਰਕਸ਼ੀਲ ਆਗੂ ਨਰਿੰਦਰ ਦਾਭੋਲਕਰ, ਪ੍ਰੋ. ਐਮ.ਐਮ ਕਲਬੁਰਗੀ, ਗੋਵਿੰਦ ਪਨਸਾਰੇ ਅਤੇ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਕਰ ਦਿੱਤੀ ਗਈ ਪਰ ਪੁਲੀਸ ਨੇ ਅਸਲ ਦੋਸ਼ੀਆਂ ਨੂੰ ਅੱਜ ਤਕ ਗ੍ਰਿਫ਼ਤਾਰ ਨਹੀਂ ਕੀਤਾ, ਸਜ਼ਾ ਮਿਲਣੀ ਤਾਂ ਬਹੁਤ ਦੂਰ ਦੀ ਗੱਲ ਹੈ।
ਸੁਮੀਤ ਸਿੰਘ, ਅੰਮ੍ਰਿਤਸਰ
ਨਹਿਰੀ ਪਾਣੀ ਦਾ ਮਸਲਾ
24 ਅਕਤੂਬਰ ਨੂੰ ਪ੍ਰੋ. ਗੁਰਵੀਰ ਸਿੰਘ ਸਰੌਦ ਦੇ ਲੇਖ ‘ਖੇਤੀਬਾੜੀ ਲਈ ਨਹਿਰੀ ਪਾਣੀ ਸਮੇਂ ਦੀ ਲੋੜ’ ਵਿਚ ਡੂੰਘੇ ਵਿਚਾਰ ਪੇਸ਼ ਕੀਤੇ ਹਨ। ਅਸੀਂ ਸਾਰੇ ਭਲੀਭਾਂਤ ਜਾਣਦੇ ਹਾਂ ਕਿ ਖੇਤੀ ਦੀ ਪੈਦਾਵਾਰ ਵਧਾਉਣ ਲਈ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕੀਤਾ ਜਾਂਦਾ ਹੈ ਜਿਸ ਕਾਰਨ ਖੇਤੀਬਾੜੀ ਦਾ ਪੱਧਰ ਦਿਨੋ-ਦਿਨ ਘਟ ਰਿਹਾ ਹੈ ਅਤੇ ਖੇਤੀ ਦੀ ਪੈਦਾਵਾਰ ਲਈ ਜ਼ਿਆਦਾ ਪਾਣੀ ਦੀ ਜ਼ਰੂਰਤ ਪੈਂਦੀ ਹੈ ਪਰ ਹੁਣ ਤਾਂ ਪਾਣੀ ਦਾ ਪੱਧਰ ਕਾਫ਼ੀ ਹੇਠਾਂ ਚਲਾ ਗਿਆ ਹੈ। ਦਿਨੋ-ਦਿਨ ਪਾਣੀ ਦੇ ਸੋਮੇ ਦੀ ਖ਼ਤਮ ਹੋ ਰਹੇ ਹਨ ਜਿਸ ਕਾਰਨ ਕਿਸਾਨਾਂ ਨੂੰ ਖੇਤੀ ਕਰਨ ਲਈ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਕੁਦਰਤੀ ਪਾਣੀ ਦੇ ਨਾਲ ਨਾਲ ਨਹਿਰੀ ਪਾਣੀ ਨੂੰ ਵੀ ਖੇਤੀ ਵਿਚ ਵਰਤਿਆ ਜਾਵੇ ਤਾਂ ਜੋ ਫ਼ਸਲਾਂ ਤੋਂ ਵਧੇਰੇ ਝਾੜ ਲਿਆ ਜਾ ਸਕੇ।
ਗੁਰਦੀਪ ਕੌਰ, ਕੁਠਾਲਾ (ਮਾਲੇਰਕੋਟਲਾ)
ਮਨ ਦੀ ਵੇਦਨਾ
24 ਅਕਤੂਬਰ ਨੂੰ ਸ਼ਿਵੰਦਰ ਕੌਰ ਨੇ ‘ਸਦਾ ਸਲਾਮਤ’ ਵਿਚ ਆਪਣੇ ਮਨ ਦੀ ਵੇਦਨਾ ਨੂੰ ਕਲਮ ਦੀ ਆਵਾਜ਼ ਦਿੱਤੀ ਹੈ। ਸਾਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਕਿਸੇ ਖੁਸ਼ੀ ਮੌਕੇ ਜਾਂ ਤਿਉਹਾਰਾਂ ਦੇ ਸਬੰਧ ਵਿਚ ਨਿਕਲਦੇ ਨਗਰ ਕੀਰਤਨਾਂ, ਪ੍ਰਭਾਵ ਫੇਰੀਆਂ, ਝਾਕੀਆਂ ਆਦਿ ਮੌਕੇ ਦਿਖਾਵਾ ਕਰਦੇ ਹੋਏ ਆਤਿਸ਼ਬਾਜ਼ੀ ਚਲਾ ਕੇ ਪੈਸੇ ਦੀ ਬਰਬਾਦੀ ਦੇ ਨਾਲ ਨਾਲ ਕੁਦਰਤ ਨੂੰ ਪਲੀਤ ਕਰ ਕੇ ਮਾਲੀ-ਜਾਨੀ ਨੁਕਸਾਨ ਵੀ ਕਰ ਰਹੇ ਹਾਂ।
ਕੁਲਮਿੰਦਰ ਕੌਰ, ਮੁਹਾਲੀ
ਸਿੱਖਿਆ ਦੇ ਸਬਕ
22 ਅਕਤੂਬਰ ਨੂੰ ਅਵਿਜੀਤ ਪਾਠਕ ਦਾ ਲੇਖ ‘ਪਿੰਡ ਦੇ ਬੱਚਿਆਂ ਤੋਂ ਸਿੱਖੇ ਸਬਕ’ ਪੜ੍ਹਨ ਨੂੰ ਮਿਲਿਆ। ਲੇਖ ਅਜੋਕੇ ਦੌਰ ਵਿਚ ਸਿੱਖਿਆ ਦੇ ਸਰੋਕਾਰਾਂ ਨੂੰ ਬੜੀ ਸਹਿਜਤਾ ਨਾਲ ਬਿਆਨ ਕਰਨਾ ਵਾਲਾ ਸੀ। ਸਿੱਖਿਆ, ਗਿਆਨ ਜਾਂ ਬੁੱਧੀਮਤਾ ਕਦੇ ਵੀ ਜਾਤ-ਪਾਤ ਜਾਂ ਅਮੀਰੀ-ਗ਼ਰੀਬੀ ਦੀਆਂ ਹੱਦਾਂ ਵਿਚ ਬੰਨ੍ਹੀ ਨਹੀਂ ਜਾ ਸਕਦੀ ਬਾਸ਼ਰਤੇ ਹਰ ਮਨੁੱਖ ਨੂੰ ਲੋੜੀਂਦਾ ਮਾਹੌਲ ਅਤੇ ਮੌਕੇ ਮਿਲਣ। ਸਹੀ ਅਰਥਾਂ ’ਚ ਅਧਿਆਪਕ ਹੁੰਦਾ ਹੀ ਉਹ ਹੈ ਜਿਹੜਾ ਸਾਰੀ ਉਮਰ ਖ਼ੁਦ ਵਿਦਿਆਰਥੀ ਬਣਿਆ ਰਹਿੰਦਾ ਹੈ। ਲੇਖ ਇਹ ਮੁੱਦਾ ਗੰਭੀਰਤਾ ਨਾਲ ਉਠਾਉਂਦਾ ਹੈ ਕਿ ਸਿੱਖਿਆ ਕਿਹੋ ਜਿਹੀ ਹੋਣੀ ਚਾਹੀਦੀ ਹੈ।
ਗੁਰਨੈਬ ਸਿੰਘ ਮਘਾਣੀਆਂ, ਮਾਨਸਾ
ਸਿਹਤਮੰਦ ਵਾਤਾਵਰਨ
22 ਅਕਤੂਬਰ ਦੇ ਸਤਰੰਗ ਪੰਨੇ ’ਤੇ ਦਰਸ਼ਨ ਸਿੰਘ ਆਸ਼ਟ ਦੀ ਬਾਲ ਕਹਾਣੀ ‘ਫ਼ੈਸਲਾ ਬਦਲ ਗਿਆ’ ਸਿਰਫ਼ ਬੱਚਿਆਂ ਲਈ ਨਹੀਂ, ਵੱਡਿਆਂ ਲਈ ਵੀ ਸਿੱਖਿਆਦਾਇਕ ਸੁਨੇਹਾ ਹੈ। ਜੇ ਅਸੀਂ ਵਾਤਾਵਰਨ ਨੂੰ ਸਿਹਮੰਦ ਬਣਾਉਣਾ ਚਾਹੁੰਦੇ ਹਾਂ ਤਾਂ ਆਤਿਸ਼ਬਾਜ਼ੀ ਬਾਰੇ ਫ਼ੈਸਲਾ ਬਦਲਣਾ ਹੀ ਪੈਣਾ ਹੈ। ਇਸੇ ਦਿਨ ਪਹਿਲੇ ਪੰਨੇ ਉੱਤੇ ਬਲਾਤਕਾਰੀਆਂ ਅਤੇ ਧਰਮ ਦੇ ਨਾਂ ਉੱਤੇ ਜਨਤਾ ਨੂੰ ਲੜਾਉਣ ਵਾਲਿਆਂ ਲਈ ਸੁਪਰੀਮ ਕੋਰਟ ਦਾ ਫ਼ੈਸਲਾ ਸ਼ਲਾਘਾ ਵਾਲਾ ਹੈ।
ਡਾ. ਤਰਲੋਚਨ ਕੌਰ, ਪਟਿਆਲਾ
ਬੌਧਿਕ ਵਿਕਾਸ
22 ਅਕਤੂਬਰ ਦੇ ਅੰਕ ਵਿਚ ਡਾ. ਖੁਸ਼ਹਾਲ ਸਿੰਘ ਦਾ ਲੇਖ ‘ਪੰਥ, ਗ੍ਰੰਥ ਅਤੇ ਸਿੱਖ ਪਛਾਣ ਦੀ ਮਜ਼ਬੂਤੀ’ ਪੜ੍ਹਿਆ। ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਸਿੱਖ ਲਹਿਰ ਵਿਚ ਆਏ ਵਿਕਾਰਾਂ ਦਾ ਜ਼ਿਕਰ ਵਧੀਆ ਢੰਗ ਨਾਲ ਪੇਸ਼ ਕੀਤਾ ਹੈ। ਸਿੱਖਾਂ ਦੇ ਬੌਧਿਕ ਵਿਕਾਸ ਦੇ ਯਤਨਾਂ ਦਾ ਵੀ ਜ਼ਿਕਰ ਕੀਤਾ ਹੈ। ਸਿੱਖ ਸਿਧਾਂਤਾਂ ਅਤੇ ਧਾਰਮਿਕ ਗ੍ਰੰਥਾਂ ਦੀ ਮੁੜ ਛਾਣਬੀਣ, ਜਾਤ ਪਾਤ ਦਾ ਬੀਜ ਨਾਸ਼, ਡੇਰਾਵਾਦੀਆਂ ਦੇ ਵਧਦੇ ਪ੍ਰਭਾਵ ਆਦਿ ਨੂੰ ਰੋਕਣ ਲਈ ਕੀਤੇ ਜਾ ਰਹੇ ਯਤਨ ਸਾਰਥਿਕ ਹਨ।
ਸਾਗਰ ਸਿੰਘ ਸਾਗਰ, ਬਰਨਾਲਾ
ਅਮਲਾਂ ਦੇ ਨਬਿੇੜੇ
26 ਅਕਤੂਬਰ ਦਾ ਸੰਪਾਦਕੀ ‘ਨਵਾਂ ਪ੍ਰਧਾਨ ਮੰਤਰੀ’ ਕਈ ਪੱਖਾਂ ਤੋਂ ਮਹੱਤਵਪੂਰਨ ਹੈ। ਜਿਹੜੇ ਲੋਕ ਰਿਸ਼ੀ ਸੂਨਕ ਦੇ ਭਾਰਤੀ, ਪਾਕਿਸਤਾਨੀ, ਏਸ਼ਿਆਈ ਮੂਲ ਹੋਣ ’ਤੇ ਕੱਛਾਂ ਵਜਾ ਰਹੇ ਹਨ, ਉਨ੍ਹਾਂ ਨੂੰ ਉਹਦੀਆਂ ਨੀਤੀਆਂ ਅਤੇ ਅਮਲਾਂ ਬਾਰੇ ਜ਼ਰੂਰ ਘੋਖ ਕਰਨੀ ਚਾਹੀਦੀ ਹੈ। ਮੂਲ ਰੂਪ ਵਿਚ ਉਹ ਅਮੀਰ ਲੋਕਾਂ ਦਾ ਅਰਬਪਤੀ ਮਿੱਤਰ ਅਤੇ ਰਖਵਾਲਾ ਹੈ। ਉਹਦੀ ਇਸ ਗੱਲ ਨੂੰ ਉਭਾਰਨਾ ਕਿ ਕੋਵਿਡ ਦੌਰਾਨ ਉਸ ਨੇ ਬਹੁਤ ਕੰਮ ਕੀਤਾ, ਅਸਲ ਵਿਚ ਸਰਕਾਰ ਦਾ ਬਚਾਅ ਕਰ ਕੇ ਭਰਮ ਸਿਰਜਣ ਬਰਾਬਰ ਹੈ। ਲੱਖਾਂ ਲੋਕ ਕੋਵਿਡ ਦੌਰਾਨ ਮਾਰੇ ਗਏ, ਬੇਰੁਜ਼ਗਾਰ ਹੋ ਗਏ, ਉਨ੍ਹਾਂ ਬਾਰੇ ਲੰਮੀ ਚੁੱਪ ਹੈ। ਯੂਕੇ ਇਸ ਵੇਲੇ ਵੱਡੇ ਸੰਕਟ ਵਿਚੋਂ ਲੰਘ ਰਿਹਾ ਹੈ। ਇਸ ਸੰਕਟ ਦੀ ਨਿਸ਼ਾਨਦੇਹੀ ਦੇ ਬਾਵਜੂਦ ਬਹੁਤੇ ਭਲੇ ਦੀ ਆਸ ਨਹੀਂ ਕਿਉਂਕਿ ਨਵਾਂ ਪ੍ਰਧਾਨ ਮੰਤਰੀ ਪੂਰੀ ਤਰ੍ਹਾਂ ਉਨ੍ਹਾਂ ਅਮੀਰ ਧਿਰਾਂ ਨਾਲ ਖੜ੍ਹਾ ਹੈ ਜਿਨ੍ਹਾਂ ਲਈ ਉਸ ਨੇ ਉਸ ਜ਼ਮੀਨ ਨੂੰ ਹੋਰ ਜ਼ਰਖੇਜ਼ ਬਣਾਉਣ ਹੈ ਜਿਸ ਲਈ ਇਹ ਜਮਾਤ ਆਸਵੰਦ ਹੈ। ਗ਼ਰੀਬ ਜਨਤਾ ਨੂੰ ਬਹੁਤੀ ਆਸ ਨਹੀਂ। ਦੁਨੀਆ ਵਿਚ ਸਾਮਰਾਜਵਾਦੀ ਤਾਕਤਾਂ ਦਾ ਜੋੜ ਮਜ਼ਬੂਤ ਹੋਣਾ ਗ਼ਰੀਬਾਂ ਲਈ ਹੋਰ ਆਫ਼ਤਾਂ ਪੈਦਾ ਕਰੇਗਾ।
ਪਰਮਜੀਤ ਢੀਂਗਰਾ, ਈਮੇਲ