ਜਮਹੂਰੀਅਤ ਕਿੱਥੇ ਹੈ?
14 ਜਨਵਰੀ ਦਾ ਸੰਪਾਦਕੀ ‘ਮੁੱਖ ਮੰਤਰੀ ਦੇ ਉਮੀਦਵਾਰ’ ਇਸ ਗੱਲ ਵੱਲ ਇਸ਼ਾਰਾ ਕਰ ਰਿਹਾ ਹੈ ਕਿ ਤਕਰੀਬਨ ਸਾਰੀਆਂ ਪਾਰਟੀਆਂ ਹੀ ਸਾਰਾ ਹੱਕ ਆਪਣੇ ਤਾਨਾਸ਼ਾਹ ਸੁਪਰੀਮੋ ਨੂੰ ਸੌਂਪ ਰਹੀਆਂ ਹਨ; ਇਸ ਨੂੰ ਜਮਹੂਰੀਅਤ ਨਹੀਂ ਕਿਹਾ ਜਾ ਸਕਦਾ। ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਲੋਕਾਂ ਤੋਂ ਪੁੱਛਣਾ ਬੇਹੂਦਾ ਗੱਲ ਹੈ। ਵਿਧਾਇਕਾਂ ਨੂੰ ਲੋਕ ਹੀ ਚੁਣਦੇ ਹਨ। ਹਰ ਪਾਰਟੀ ਨੂੰ ਮੁੱਖ ਮੰਤਰੀ ਚੁਣਨ ਦਾ ਫ਼ੈਸਲਾ ਨਤੀਜੇ ਆਉਣ ਮਗਰੋਂ ਵਿਧਾਇਕਾਂ ’ਤੇ ਸੁੱਟ ਦੇਣਾ ਚਾਹੀਦਾ ਹੈ। ਨਵੇਂ ਸ਼ੋਸ਼ੇ ਅਨੁਸਾਰ ਹੁਣ ‘ਆਪ’ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਫ਼ੈਸਲਾ ਅਕਾਲੀ, ਕਾਂਗਰਸੀ, ਸੰਯੁਕਤ ਸਮਾਜ ਮੋਰਚਾ ਅਤੇ ਹੋਰ ਪਾਰਟੀਆਂ ਵਿਚ ਬੈਠੇ ਨੇਤਾ ਅਤੇ ਲੋਕ ਵੀ ਕਰਨਗੇ। ਪੱਕੀ ਗੱਲ ਹੈ ਕਿ ਉਹ ਭਗਵੰਤ ਮਾਨ ਦੀ ਚੜ੍ਹਤ ਦੀ ਖੁੰਬ ਠੱਪਣ ਲਈ ਵਿਰੋਧ ਕਰਨਗੇ। ਇਹ ਕਦਮ ‘ਆਪ’ ਵਾਸਤੇ ਨਾਖੁਸ਼ਗਵਾਰ ਹੋ ਨਬਿੜੇਗਾ। ਅਜਿਹੀ ਰਾਏ ਪੁੱਛਣ ਬਾਰੇ ਭਗਵੰਤ ਮਾਨ ਦੀ ਸਹਿਮਤੀ ਵੀ ਮਜਬੂਰੀ ਹੈ। ਜੇ ਉਹ ਵਿਰੋਧ ਕਰਦਾ ਤਾਂ ਕੇਜਰੀਵਾਲ ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੰਦਾ। ਭਗਵੰਤ ਮਾਨ ਨੇ ਸਾਰੀਆਂ ਪਾਰਟੀਆਂ ਦੇ ਧੁਰ ਅੰਦਰ ਜਾ ਕੇ ਪੋਤੜੇ ਫ਼ੋਲੇ ਹੋਏ ਨੇ, ਹੁਣ ਉਹ ਹੋਰ ਕਿਸੇ ਪਾਰਟੀ ਦਾ ਲੜ ਫੜਨ ਜੋਗਾ ਵੀ ਨਹੀਂ ਰਿਹਾ।
ਗੁਰਦਿਆਲ ਦਲਾਲ, ਦੋਰਾਹਾ (ਲੁਧਿਆਣਾ)
ਅੰਧ-ਸ਼ਰਧਾ !
14 ਜਨਵਰੀ ਦੇ ਨਜ਼ਰੀਆ ਪੰਨੇ ’ਤੇ ਸ਼ਿਵੰਦਰ ਕੌਰ ਦਾ ਮਿਡਲ ‘ਸ਼ਰਧਾ’ ਆਮ ਲੋਕਾਂ ਵਿਚ ਫੈਲ ਰਹੀ ਅੰਧ-ਸ਼ਰਧਾ ਵੱਲ ਇਸ਼ਾਰਾ ਕਰਦਾ ਹੈ। ਸਚਮੁੱਚ ਹੀ ਸਾਡੇ ਸਮਾਜ ਵਿਚ ਵੱਖ ਵੱਖ ਧਰਮਾਂ ਦੇ ਨਾਂ ਉੱਤੇ ਬਣੇ ਡੇਰਿਆਂ ਆਦਿ ਵਿਚ ਲੋਕ ਭਲਾਈ ਦੇ ਨਾਂ ’ਤੇ ਜੋ ਕੁਝ ਹੋ ਰਿਹਾ ਹੈ, ਅਸੀਂ ਦੇਖ ਹੀ ਰਹੇ ਹਾਂ। ਸਾਡੀ ਅਵਾਮ ਦੀ ਸਮਝ ਅਜੇ ਇੰਨੀ ਤਰਕਵਾਦੀ ਨਹੀਂ ਹੋਈ ਹੈ ਕਿ ਅਸੀਂ ਡੇਰਿਆਂ, ਫ਼ਿਲਮੀ ਸਿਤਾਰਿਆਂ ਅਤੇ ਸਿਆਸਤਦਾਨਾਂ ਦੇ ਗੱਠਜੋੜਾਂ ਦੀ ਹਕੀਕਤ ਸਮਝ ਸਕੀਏ। ਧਰਮ, ਜਾਤ ਆਦਿ ਦੇ ਨਾਂ ’ਤੇ ਲੋਕਾਂ ਨੂੰ ਆਪਸ ਵਿਚ ਲੜਾ ਕੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣਾ ਇਨ੍ਹਾਂ ਲੋਕਾਂ ਦਾ ਮਕਸਦ ਹੁੰਦਾ ਹੈ।
ਯੋਗਰਾਜ, ਭਾਗੀਵਾਂਦਰ (ਬਠਿੰਡਾ)
(2)
ਸ਼ਿਵੰਦਰ ਕੌਰ ਦਾ ਲੇਖ ‘ਸ਼ਰਧਾ’ (14 ਜਨਵਰੀ) ਪੜ੍ਹਿਆ ਜਿਹੜਾ ਅੰਨ੍ਹੀ ਭਗਤੀ ਉੱਤੇ ਕਰਾਰੀ ਚੋਟ ਹੈ। ਇਹ ਅਖੌਤੀ ਡੇਰਾਵਾਦੀ ਆਪਣੇ ਸ਼ਰਧਾਲੂਆਂ ਦੀ ਸ਼ਰਧਾ ਦਾ ਫ਼ਾਇਦਾ ਉਠਾ ਕੇ ਵੱਡੇ ਵੱਡੇ ਡੇਰੇ ਤੇ ਆਸ਼ਰਮ ਬਣਾਈ ਬੈਠੇ ਹਨ। ਆਮ ਲੋਕਾਂ ਦੇ ਜੀਵਨ ਨੂੰ ਉੱਚਾ ਚੁੱਕਣ ਲਈ ਇਨ੍ਹਾਂ ਦਾ ਕੋਈ ਯੋਗਦਾਨ ਨਹੀਂ, ਉਲਟਾ ਇਹ ਮੁਲਕ ਦੀ ਸਿਆਸਤ ਨੂੰ ਪ੍ਰਭਾਵਿਤ ਕਰਕੇ ਨਾਜਾਇਜ਼ ਫ਼ਾਇਦੇ ਲੈਂਦੇ ਹਨ।
ਸੁਰਿੰਦਰ ਸ਼ਰਮਾ ਨਾਗਰਾ, ਧੂਰੀ
ਰੌਸ਼ਨ ਜ਼ਿੰਦਗੀ
11 ਜਨਵਰੀ ਨੂੰ ਛਪਿਆ ਅਮਰ ਘੋਲੀਆ ਦਾ ਮਿਡਲ ‘ਖੁੱਲ੍ਹੀਆਂ ਅੱਖਾਂ’ ਵਧੀਆ ਲੱਗਾ। ਇਕ ਖ਼ਾਸ ਤਰ੍ਹਾਂ ਦੀ ਘਾਟ ਲੈ ਕੇ ਜੰਮਿਆ ਬੱਚਾ ਲੇਖਕ ਦੀ ਵਿਗਿਆਨਕ ਸੋਚ ਸਦਕਾ ਅਪੰਗ ਹੋਣ ਤੋਂ ਬਚ ਗਿਆ। ਇਉਂ ਬੱਚੇ ਦੀ ਜ਼ਿੰਦਗੀ ਰੌਸ਼ਨ ਹੋ ਗਈ। ਲੇਖਕ ਦੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ। ਪ੍ਰੇਰਨਾ ਦੇਣ ਵਾਲੀ ਅਜਿਹੀਆਂ ਰਚਨਾਵਾਂ ਵੱਧ ਤੋਂ ਵੱਧ ਛਪਣੀਆਂ ਚਾਹੀਦੀਆਂ ਹਨ।
ਲਖਵਿੰਦਰ ਸ਼ਰੀਂਹ ਵਾਲਾ, ਈਮੇਲ
ਗੁਆਚਦੀ ਪਛਾਣ
8 ਜਨਵਰੀ ਨੂੰ ਸਤਰੰਗ ਪੰਨੇ ’ਤੇ ਕਰਨੈਲ ਸਿੰਘ ਸੋਮਲ ਦੀ ਰਚਨਾ ‘ਪਛਾਣ ਗੁਆਚਣ ਦਾ ਡਰ’ ਬੜਾ ਕੁਝ ਕਹਿ ਰਹੀ ਹੈ। ਸਮੇਂ ਨਾਲ ਬੜਾ ਕੁਝ ਬਦਲ ਗਿਆ ਹੈ। ਖੂਹ, ਟੋਭੇ, ਕੱਚੇ ਪਹੇ-ਪਹੀਆਂ, ਘਰਾਂ ਦੀਆਂ ਕੱਚੀਆਂ ਨਾਲੀਆਂ, ਕੱਚੇ ਘਰ, ਪਿੱਪਲ, ਬਰੋਟੇ, ਟਾਹਲੀਆਂ, ਬੇਰੀਆਂ, ਤੂਤ, ਜਾਮਣ ਪੁਰਾਣੇ ਰਸਮ-ਰਿਵਾਜ ਹੁਣ ਕੁਝ ਵੀ ਨਜ਼ਰ ਨਹੀਂ ਆਉਂਦਾ। ਪਹਿਲਾਂ ਵਰਗੀ ਮੋਹ-ਮੁਹੱਬਤ, ਵੱਡਿਆਂ ਦਾ ਸਤਿਕਾਰ ਬਸ ਨਾ-ਮਾਤਰ ਹੀ ਹੈ।
ਅਮਰਜੀਤ ਮੱਟੂ, ਭਰੂਰ (ਸੰਗਰੂਰ)
ਰਾਹ ਦਾ ਰੋੜਾ
8 ਜਨਵਰੀ ਨੂੰ ਛਪਿਆ ਵਿਕਾਸ ਕਪਿਲਾ ਦਾ ਮਿਡਲ ‘ਕਾਤਲ’ ਝੰਜੋੜਨ ਵਾਲਾ ਹੈ। ਲੇਖਕ ਨੇ ਆਪਣੇ ਪਿੰਡ ਦੇ ਸਕੂਲ, ਅਧਿਆਪਕ ਅਤੇ ਉਨ੍ਹਾਂ ਦੇ ਪੁੱਤਰ ਨਾਲ ਬਿਤਾਏ ਪਲਾਂ ਨੂੰ ਸਾਂਝਾ ਕੀਤਾ ਹੈ। ਸਵੈਮਾਣ ਦੀ ਜ਼ਿੰਦਗੀ ਜਿਊਣ ਵਾਲੇ ਕਵੀ ਦਾ ਉਭਰਨਾ ਅਤੇ ਫਿਰ ਪਤਨ ਹੋਣ ਦੀ ਜੋ ਜਾਣਕਾਰੀ ਇਸ ਰਚਨਾ ਵਿਚ ਹੈ, ਉਦਾਸ ਕਰਨ ਵਾਲੀ ਹੈ। ਸਾਨੂੰ ਕਿਸੇ ਦੇ ਵੀ ਰਾਹ ਦਾ ਰੋੜਾ ਨਹੀਂ ਬਣਨਾ ਚਾਹੀਦਾ।
ਮਨਮੋਹਨ ਸਿੰਘ, ਨਾਭਾ
(2)
ਵਿਕਾਸ ਕਪਿਲਾ ਦੀ ਰਚਨਾ ‘ਕਾਤਲ’ ਸੱਚ ਬਿਆਨ ਕਰਦੀ ਹੈ। ਮੈਂ ਵੀ ਕਾਲਜ ਦੀ ਪੜ੍ਹਾਈ ਦੇ ਵਕਤ ਮਿੰਨੀ ਕਹਾਣੀਆਂ ਤੇ ਕਵਿਤਾਵਾਂ ਲਿਖਦਾ ਹੁੰਦਾ ਸੀ ਜੋ ਇਕ ਹਫ਼ਤਾਵਾਰੀ ਪਰਚੇ ਵਿਚ ਛਪਦੀਆਂ ਹੁੰਦੀਆਂ ਸਨ ਪਰ ਮਜਬੂਰੀਆਂ ਅਤੇ ਕਬੀਲਦਾਰੀ ਨੇ ‘ਕਾਤਲ’ ਦੇ ਪਾਤਰ ਬਦਰੀ ਪ੍ਰਸ਼ਾਦ ਵਾਂਗ ਸਭ ਕੁਝ ਬਦਲ ਦਿੱਤਾ। ਹੁਣ ਸਿਰਫ਼ ਯਾਦਾਂ ਰਹਿ ਗਈਆਂ ਹਨ।
ਜਗਜੀਤ ਸਿੰਘ, ਈਮੇਲ
ਅੰਦੋਲਨ ਦਾ ਸਰਮਾਇਆ
5 ਜਨਵਰੀ ਦੇ ਅੰਕ ਵਿਚ ਸੁੱਚਾ ਸਿੰਘ ਗਿੱਲ ਨੇ ਆਪਣੇ ਲੇਖ ‘ਚੋਣਾਂ ਤੇ ਕਿਸਾਨ ਅੰਦੋਲਨ ਦੇ ਸਮਾਜਿਕ ਸਰਮਾਏ ਦੀ ਸੰਭਾਲ’ ਵਿਚ ਪੰਜਾਬ ਚੋਣਾਂ ਦੇ ਪ੍ਰਸੰਗ ਵਿਚ ਕਿਸਾਨੀ ਅੰਦੋਲਨ ਦੌਰਾਨ ਕਮਾਏ ਏਕਤਾ, ਸਾਂਝੀਵਾਲਤਾ ਅਤੇ ਬਰਾਬਰੀ ਦੇ ਸਰਮਾਏ ਨੂੰ ਸੰਭਾਲਣ ਦੀ ਲੋੜ ਦਾ ਜ਼ਿਕਰ ਕੀਤਾ ਹੈ। ਵੱਖ ਵੱਖ ਜਥੇਬੰਦੀਆਂ ਨੂੰ ਚੋਣਾਂ ਬਾਰੇ ਪਹੁੰਚ ਵਿਚ ਵਖਰੇਵੇਂ ਦੇ ਬਾਵਜੂਦ ਆਪਸੀ ਸਮਝ ਤੇ ਇਤਫ਼ਾਕ ਕਾਇਮ ਰੱਖਣਾ ਚਾਹੀਦਾ ਹੈ। ਜੇ ਅੰਦੋਲਨ ਦੌਰਾਨ ਉਸਰਿਆ ਏਕਾ ਤਿੜਕਦਾ ਹੈ ਤਾਂ ਇਹ ਕਿਵੇਂ ਵੀ ਕਿਸਾਨੀ ਤੇ ਪੰਜਾਬ ਦੇ ਵਡੇਰੇ ਹਿੱਤਾਂ ਵਿਚ ਨਹੀਂ। ਕੁਝ ਇਸ ਤਰ੍ਹਾਂ ਦੀ ਚਿੰਤਾ 7 ਜਨਵਰੀ ਦੇ ਅੰਕ ਵਿਚ ਸਵਰਾਜਬੀਰ ਨੇ ਜ਼ਾਹਿਰ ਕੀਤੀ ਹੈ। ਉਨ੍ਹਾਂ ਅਮਰੀਕੀ ਲੇਖਕ ਜੋਹਨ ਸਟੈਨਬੈਕ ਦੀਆਂ ਸਾਹਿਤਕ ਕਿਰਤਾਂ ਦੇ ਹਵਾਲਿਆਂ ਨਾਲ ਕਿਸਾਨੀ ਅੰਦੋਲਨ ਦੌਰਾਨ ਕੌਮਾਈ ਨੈਤਿਕਤਾ, ਏਕਤਾ ਤੇ ਮਾਣ ਸਨਮਾਨ ਨੂੰ ਸੰਭਾਲਣ ਲਈ ਸੁਚੇਤ ਤੇ ਫ਼ਿਕਰਮੰਦ ਰਹਿਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ।
ਨਿਰਮਲ ਸਿੰਘ ਘੱਲ ਕਲਾਂ, ਈਮੇਲ