ਅਸਮਾਨ ਨੂੰ ਟਾਕੀਆਂ
17 ਦਸੰਬਰ ਨੂੰ ਵਿਪਨ ਜਲਾਲਾਬਾਦੀ ਦਾ ਮਿਡਲ ‘ਸੱਜਣ ਵਾਲੀ ਗੱਲ’ ਪੜ੍ਹਿਆ। ਜਿਵੇਂ ਜਿਵੇਂ ਵੋਟਾਂ ਦਾ ਵੇਲਾ ਨੇੜੇ ਆ ਰਿਹਾ ਹੈ, ਜਣਾ-ਖਣਾ ਆਪਣੇ ਆਪ ਨੂੰ ਉਮੀਦਵਾਰ ਸਮਝਣ ਲੱਗ ਪਿਆ ਹੈ। ਅਸੀਂ ਪੰਜਾਬ ਵਿਚ ਆਹ ਕਰ ਦਿਆਂਗੇ, ਅਹੁ ਕਰਕੇ ਦਿਖਾਵਾਂਗੇ; ਇਹ ਲੋਕ ਅਸਮਾਨ ਨੂੰ ਟਾਕੀਆਂ ਲਾਉਂਦੇ ਫਿਰਦੇ ਹਨ। ਹਰ ਪਾਰਟੀ ਦੇ ਨੁਮਾਇੰਦੇ ਝੂਠ ਦੇ ਪੁਲੰਦੇ ਖੋਲ੍ਹ ਕੇ ਲੋਕਾਂ ਨੂੰ ਭਰਮਾਉਂਦੇ ਫਿਰਦੇ ਹਨ। ਇਨ੍ਹਾਂ ਵਿਚੋਂ ਕਿਸੇ ਨੇ ਵੀ ਪੰਜਾਬ ਦਾ ਭਲਾ ਨਹੀਂ ਕਰਨਾ।
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ, ਮਮਦੋਟ (ਫਿਰੋਜ਼ਪੁਰ)
(2)
‘ਸੱਜਣ ਵਾਲੀ ਗੱਲ’ (ਵਿਪਨ ਜਲਾਲਾਬਾਦੀ) ਦਾ ਲੇਖ ਵਧੀਆ ਲੱਗਿਆ। ਲਿਖਿਆ ਹੈ ਕਿ ਆਗੂਆਂ ਦੇ ਝੂਠ ਬਾਰੇ ਲੋਕਾਂ ਨੂੰ ਸਮਝ ਆ ਰਹੀ ਹੈ ਪਰ ਨਹੀਂ; ਅਜੇ ਲੋਕ ਦਲ ਬਦਲੂ ਬਣ ਰਹੇ ਹਨ। ਇਸ ਲਈ ਸਾਰਿਆਂ ਨੂੰ ਇਨ੍ਹਾਂ ਸਾਰੀਆਂ ਪਾਰਟੀਆਂ ਨੂੰ ਛੱਡ ਕੇ ‘ਨੋਟਾ’ ਦਾ ਬਟਨ ਦਬਾਉਣਾ ਚਾਹੀਦਾ ਹੈ।
ਰਮਨਦੀਪ ਕੌਰ, ਭਗਤਾ ਭਾਈਕਾ
ਮਨਮਰਜ਼ੀ
17 ਦਸੰਬਰ ਦਾ ਸੰਪਾਦਕੀ ‘ਜਮਹੂਰੀਅਤ ਦਾ ਤਕਾਜ਼ਾ’ ਪੜ੍ਹਿਆ। ਕੇਂਦਰ ਸਰਕਾਰ ਮਨਮਰਜ਼ੀ ਕਰ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਟੈਨੀ ਆਪਣਾ ਰਸੂਖ ਪਹਿਲਾਂ ਵਾਂਗ ਹੀ ਵਰਤ ਰਹੇ ਹਨ, ਹਾਲਾਂਕਿ ਲਖੀਮਪੁਰ ਖੀਰੀ ਵਾਲੇ ਕੇਸ ਵਿਚ ਉਨ੍ਹਾਂ ਦਾ ਪੁੱਤਰ ਜੇਲ੍ਹ ਵਿਚ ਹੈ। ਸੱਤਾਧਾਰੀ ਭਾਜਪਾ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਸਭ ਕੁਝ ਕਰ ਰਹੀ ਹੈ।
ਗੁਰਨਾਮ ਸਿੰਘ ਸੇਖੋਂ, ਜਲੰਧਰ
ਸਫਲਤਾ ਅਤੇ ਸਿਆਸਤ
15 ਦਸੰਬਰ ਨੂੰ ਟੀਐੱਨ ਨੈਨਾਨ ਦਾ ਲੇਖ ਅੱਖਾਂ ਖੋਲ੍ਹਣ ਵਾਲਾ ਹੈ। ਅਸੀਂ ਪੱਛਮ ਵਿਚ ਸਫਲਤਾ ਦੇ ਝੰਡੇ ਗੱਡਣ ਵਾਲੇ ਭਾਰਤੀਆਂ ਬਾਰੇ ਖੁਸ਼ ਹੁੰਦੇ ਹਾਂ ਪਰ ਇਸ ਸਫਲਤਾ ਪਿਛਲੀ ਸਿਆਸਤ ਬਾਰੇ ਕਦੀ ਗੌਰ ਹੀ ਨਹੀਂ ਕਰਦੇ।
ਗੁਰਜੰਟ ਮਾਨ, ਮੁਕਤਸਰ
ਇਨਸਾਨੀ ਜਜ਼ਬੇ
10 ਦਸੰਬਰ ਦੇ ਨਜ਼ਰੀਆ ਪੰਨੇ ’ਤੇ ਸ਼ਿਵੰਦਰ ਕੌਰ ਦਾ ਲੇਖ ‘ਹੁਨਰ ਦਾ ਮਾਣ’ ਇਨਸਾਨ ਦੇ ਜਜ਼ਬਿਆਂ ਅਤੇ ਭਾਵਨਾਵਾਂ ਨੂੰ ਵਧੀਆ ਢੰਗ ਨਾਲ ਬਿਆਨ ਕਰ ਗਿਆ। ਮਜ਼ਦੂਰ ਤਬਕੇ ਦੀ ਔਰਤ, ਹੌਸਲੇ ਅਤੇ ਸਿਰੜ ਨਾਲ ਕਿਰਤ ਕਮਾਈ ਕਰਦਿਆਂ ਆਪਣੇ ਪਤੀ ਦੇ ਨਸ਼ਈ ਹੋਣ ਦਾ ਸੰਤਾਪ ਝੱਲਦਿਆਂ ਵੀ ਔਰਤ ਸ਼ਕਤੀਕਰਨ ਦੀ ਮਿਸਾਲ ਬਣੀ। ਬੱਚਿਆਂ ਨੂੰ ਪੜ੍ਹਾਉਣਾ ਤੇ ਰਹਿਣ ਲਈ ਟਿਕਾਣਾ ਬਣਾ ਲੈਣ ਵਰਗੇ ਸੁਫ਼ਨੇ ਪੂਰੇ ਕੀਤੇ। ਆਪਣੀ ਪ੍ਰਤਿਭਾ ਰਾਹੀਂ ਮਜ਼ਦੂਰ ਤੋਂ ਮਿਸਤਰੀ ਬਣ ਜਾਣਾ ਔਰਤ ਵਰਗ ਨੂੰ ਉਤਸ਼ਾਹਿਤ ਕਰਦਾ ਹੈ।
ਕੁਲਮਿੰਦਰ ਕੌਰ, ਮੁਹਾਲੀ
ਸੁਫ਼ਨੇ ਦਾ ਸਫ਼ਰ
3 ਦਸੰਬਰ ਨੂੰ ਹੀਰਾ ਸਿੰਘ ਭੂਪਾਲ ਦਾ ਮਿਡਲ ‘ਸੁਫ਼ਨੇ ਦਾ ਸਫ਼ਰ’ ਪੜ੍ਹਿਆ। ਲੇਖਕ ਨੇ ਪ੍ਰੋ. ਪਾਲ ਸਿੰਘ ਸਿੱਧੂ ਬਾਰੇ ਜੋ ਗੱਲਾਂ ਦਰਜ ਕੀਤੀਆਂ, ਉਹ ਵਿਲੱਖਣ ਤੇ ਦੂਰਦਰਸ਼ੀ ਅਧਿਆਪਕ ਹੋਣ ਦਾ ਪ੍ਰਤੱਖ ਪ੍ਰਮਾਣ ਹੈ। ਡਾਕਟਰ ਸਿੱਧੂ ਵਰਗੀਆਂ ਸ਼ਖ਼ਸੀਅਤਾਂ ਆਏ ਵਿਚ ਲੂਣ ਬਰਾਬਰ ਹਨ।
ਸਨੀ ਧਾਲੀਵਾਲ, ਵਿਨੀਪੈਗ (ਕੈਨੇਡਾ)
ਸਿਆਸੀ ਜਾਗਰੂਕਤਾ
ਕਹਿੰਦੇ ਹਨ, ਸਵਰਗ ਦੇਖਣ ਲਈ ਆਪ ਮਰਨਾ ਪੈਂਦਾ ਹੈ; ਇਹ ਗੱਲ ਕਿਸਾਨ ਅੰਦੋਲਨ ਨੇ ਸਾਬਤ ਕਰ ਦਿੱਤੀ ਹੈ। ਪੰਜਾਬ ਤੋਂ ਸ਼ੁਰੂ ਹੋਈ ਕ੍ਰਾਂਤੀ ਦੀ ਇਸ ਚੰਗਿਆੜੀ ਨੇ ਪੂਰੇ ਦੇਸ਼ ਵਿਚ ਜਾਗਰੂਕਤਾ ਦਾ ਚਾਨਣ ਕਰ ਦਿੱਤਾ ਹੈ। ਅੱਜ ਕਿਸਾਨ ਅੰਦੋਲਨ ਭਾਵੇਂ ਮੁਲਤਵੀ ਕਰ ਦਿੱਤਾ ਗਿਆ ਹੈ ਪਰ ਕਿਸਾਨ ਜਥੇਬੰਦੀਆਂ ਦਬਾਓ ਸਮੂਹ ਦੇ ਰੂਪ ਵਿਚ ਭਵਿੱਖ ਵਿਚ ਵੀ ਸਾਹਮਣੇ ਆਉਂਦੀਆਂ ਰਹਿਣਗੀਆਂ। ਅਜੇ ਬਹੁਤ ਸਾਰੇ ਮੁੱਦੇ ਉਸੇ ਤਰ੍ਹਾਂ ਨੇ ਜਿਵੇਂ ਨਸ਼ੇ, ਬੇਰੁਜ਼ਗਾਰੀ, ਸਰਕਾਰ ਦੇ ਲਾਰੇ, ਝੂਠੇ ਚੋਣ ਮਨੋਰਥ ਪੱਤਰ, ਮਾਫੀਆ ਅਤੇ ਹੋਰ ਬਹੁਤ ਕੁਝ ਬਾਕੀ ਹੈ। ਇਹ ਸਭ ਸਮਾਜਿਕ ਅਤੇ ਸਿਆਸੀ ਸੁਧਾਰ ਲਈ ਸਮਾਜਿਕ ਦਬਾਓ ਸਮੂਹ ਦੀ ਲੋੜ ਹੈ ਜਿਸ ਨੂੰ ਸਾਡੇ ਕਿਸਾਨ ਅੰਦੋਲਨ ਨੇ ਜਨਮ ਦੇ ਦਿੱਤਾ ਹੈ। ਆਮ ਲੋਕਾਂ ਅੰਦਰ ਸਿਆਸੀ ਜਾਗਰੂਕਤਾ ਲਿਆਉਣ ਵਿਚ ਕਿਸਾਨ ਅੰਦੋਲਨ ਨੇ ਵੱਡੀ ਭੂਮਿਕਾ ਅਦਾ ਕੀਤੀ ਹੈ।
ਗੁਰਪਾਲ ਸਿੰਘ, ਈਮੇਲ
ਤੇਲ ਅਤੇ ਮਹਿੰਗਾਈ
ਕੇਂਦਰ ਸਰਕਾਰ ਨੇ ਭਾਵੇਂ ਪੈਟਰੋਲ ਤੇ ਡੀਜ਼ਲ ਕੀਮਤਾਂ ਘਟਾਈਆਂ ਪਰ ਮਹਿੰਗਾਈ ਨੂੰ ਫਰਕ ਨਹੀਂ ਪਿਆ ਸਗੋਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਹੋਰ ਵਧੀਆਂ ਹਨ। ਮੁਲਕ ਦੀ ਆਰਥਿਕਤਾ ਦਾ ਹਾਲ ਇਹ ਹੈ ਕਿ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਲਗਾਤਾਰ ਹੇਠਾਂ ਆ ਰਹੀ ਹੈ। ਇਸ ਕਰਕੇ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲਣ ਦੀ ਸੰਭਾਵਨਾ ਘੱਟ ਹੀ ਹੈ। ਮਹਿੰਗਾਈ ਨੂੰ ਠੱਲ੍ਹਣ ਦੇ ਮਾਮਲੇ ਵਿਚ ਸਰਕਾਰ ਨਾਕਾਮ ਰਹੀ ਹੈ।
ਐੱਸਕੇ ਖੋਸਲਾ, ਚੰਡੀਗੜ੍ਹ
ਅੰਦੋਲਨ ਦੀ ਆਵਾਜ਼
10 ਦਸੰਬਰ ਦਾ ਸੰਪਾਦਕੀ ‘ਕਿਸਾਨ ਅੰਦੋਲਨ ਦੀ ਫਤਿਹ’ ਆਜ਼ਾਦੀ ਤੋਂ ਬਾਅਦ ਦੇ 75 ਸਾਲਾਂ ਵਿਚ ਪਹਿਲੀ ਵਾਰ ਵਾਪਰੇ ਸ਼ਾਂਤਮਈ ਅੰਦੋਲਨ ਤੇ ਇਸ ਦੀ ਜਿੱਤ ਮਗਰੋਂ ਕਿਸਾਨ ਮੋਰਚੇ ਤੇ ਕਾਰਪੋਰੇਟ ਅਤੇ ਫ਼ਿਰਕੂ ਸਿਆਸਤ ਨਾਲ ਚੱਲ ਰਹੀ ਸਰਕਾਰ ਨੂੰ ਹਟਾਉਣ ਦੀ ਜ਼ਿੰਮੇਵਾਰੀ ਦੀ ਗੱਲ ਵੀ ਕਰਦਾ ਹੈ। ਇਹ ਅੰਦੋਲਨ ਬਹੁਤ ਕੁਝ ਕਹਿ ਗਿਆ ਹੈ। ਲੜਾਈ ਸ਼ਾਂਤਮਈ ਅਤੇ ਧਰਮ ਨਿਰਪੱਖਤਾ ਦੇ ਸਿਧਾਂਤ ਨਾਲ ਹੀ ਜਿੱਤੀ ਜਾ ਸਕਦੀ ਹੈ। ਇਹ ਅੰਦੋਲਨ ਕੇਵਲ ਜਜ਼ਬਾਤੀ ਪੱਧਰ ਤਕ ਨਾ ਰਹਿਕੇ 21ਵੀਂ ਸਦੀ ਦੇ ਭਾਰਤੀ ਲੋਕ ਰਾਜ ਦੀ ਮਜ਼ਬੂਤੀ ਲਈ ਮਸ਼ਾਲ ਦਾ ਕੰਮ ਕਰੇਗਾ। ਇਹ ਆਉਣ ਵਾਲੇ ਸਮਿਆਂ ਲਈ ਪਿਓਂਦ ਚੜ੍ਹਾਉਣ ਵਾਲੀ ਘਟਨਾ ਹੈ। ਇਸ ਅੰਦੋਲਨ ਵਿਚ ਸ਼ਹੀਦ ਭਗਤ ਸਿੰਘ ਦੀ ਦ੍ਰਿੜ੍ਹਤਾ ਅਤੇ ਗਾਂਧੀ ਦੀ ਅਹਿੰਸਾ ਦਾ ਸੁੰਦਰ ਸੁਮੇਲ ਸੀ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ