ਮਾਤ ਭਾਸ਼ਾ ਅਤੇ ਪੜ੍ਹਾਈ
13 ਦਸੰਬਰ ਨੂੰ ਇਹ ਖ਼ਬਰ ਪੜ੍ਹ ਕੇ ਖੁਸ਼ੀ ਹੋਈ ਕਿ ਫਰਸਟ ਸਟੈੱਪਸ ਇੰਟਰਨੈਸ਼ਨਲ ਸਕੂਲ (ਚੰਡੀਗੜ੍ਹ) ਦੇ ਜੂਨੀਅਰ ਵਿੰਗ ਨੇ ਵਿਦਿਆਰਥੀਆਂ ਲਈ ਪੰਜਾਬੀ ਪੜ੍ਹਨੀ ਲਾਜ਼ਮੀ ਕਰ ਦਿੱਤੀ ਹੈ। ਸਕੂਲ ਸਿੱਖਿਆ ਦੇ ਮੁੱਢਲੇ ਦੌਰ ਵਿਚ ਮਿਆਰੀ ਸਿੱਖਿਆ ਲਈ ਇਹ ਸਲਾਹੁਣ ਵਾਲਾ ਕਦਮ ਹੈ। ਆਹਲਾ ਖੋਜਾਂ ਦੱਸਦੀਆਂ ਹਨ ਕਿ ਮਾਤ ਭਾਸ਼ਾ ਰਾਹੀਂ ਪੜ੍ਹਾਈ ਨਾਲ ਸਿਰਜਣਾ ਅਤੇ ਮੌਲਿਕਤਾ ਮੌਲਦੀਆਂ ਹਨ। ਬੱਚੇ ਹੋਰ ਭਾਸ਼ਾਵਾਂ ਵੀ ਸਿੱਖ ਸਕਦੇ ਹਨ ਪਰ ਦੂਜੀਆਂ ਭਾਸ਼ਾਵਾਂ, ਇਨ੍ਹਾਂ ਦਾ ਸ਼ਬਦ ਭੰਡਾਰ ਮਹਿਜ਼ ਸਿੱਖਿਆ ਹੋਇਆ ਸ਼ਬਦ ਭੰਡਾਰ ਹੁੰਦਾ ਹੈ। ਬੱਚੇ ਆਪਣੇ ਸਹਿਜ ਵਿਚਾਰ ਮਾਤ ਭਾਸ਼ਾ ਵਿਚ ਹੀ ਪ੍ਰਗਟ ਕਰ ਸਕਦੇ ਹਨ। ਮੈਂ ਐਕਸਫੋਰਡ ਵਿਚ ਕਈ ਦਹਾਕਿਆਂ ਤਕ ਅੰਡਰ ਗਰੈਜੂਏਟ ਅਤੇ ਪੋਸਟ ਗਰੈਜੂਏਟ ਵਿਦਿਆਰਥੀਆਂ ਨੂੰ ਪੜ੍ਹਾਇਆ ਹੈ। ਮੈਂ ਦੇਖਿਆ ਹੈ ਕਿ ਦੂਜੇ ਮੁਲਕਾਂ ਦੇ ਵਿਦਿਆਰਥੀ ਭਾਵੇਂ ਅੰਗਰੇਜ਼ੀ ਮੀਡੀਅਮ ਸਕੂਲਾਂ ਦੇ ਪੜ੍ਹੇ ਹੋਣ ਪਰ ਅੰਗਰੇਜ਼ ਵਿਦਿਆਰਥੀਆਂ ਦੀ ਅੰਗਰੇਜ਼ੀ ਇਨ੍ਹਾਂ ਵਿਦਿਆਰਥੀਆਂ ਤੋਂ ਬਿਹਤਰ ਹੁੰਦੀ ਹੈ। ਅੰਗਰੇਜ਼ ਵਿਦਿਆਰਥੀਆਂ ਦੀ ਮਾਤ ਭਾਸ਼ਾ ਕਿਉਂਕਿ ਅੰਗਰੇਜ਼ੀ ਹੈ, ਇਸ ਲਈ ਇਹ ਵਿਦਿਆਰਥੀ ਆਪਣੀ ਭਾਸ਼ਾ ਨਾਲ ਕਲੋਲਾਂ ਕਰ ਸਕਦੇ ਹਨ, ਨਵੇਂ ਸ਼ਬਦ ਘੜ ਸਕਦੇ ਹਨ। ਅੱਜ ਦੇ ਸੰਸਾਰ ਵਿਚ ਬੇਸ਼ੱਕ, ਅੰਗਰੇਜ਼ੀ ਭਾਸ਼ਾ ਦੀ ਸਰਦਾਰੀ ਹੈ, ਦੂਜੇ ਮੁਲਕਾਂ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਸਿੱਖਣੀ ਹੀ ਪੈਂਦੀ ਹੈ ਪਰ ਜਿਹੜਾ ਵਿਦਿਆਰਥੀ ਆਪਣੀ ਮਾਤ ਭਾਸ਼ਾ ਵਿਚ ਗੂੜ੍ਹ ਗਿਆਨੀ ਹੈ, ਉਹ ਕੋਈ ਵੀ ਵਿਦੇਸ਼ੀ ਭਾਸ਼ਾ ਵਧੀਆ ਢੰਗ ਨਾਲ ਸਿੱਖ ਸਕਦਾ ਹੈ।
ਪ੍ਰੋ. ਪ੍ਰੀਤਮ ਸਿੰਘ, ਔਕਸਫੋਰਡ (ਯੂਕੇ)
ਸਰਕਾਰਾਂ ਦਾ ਰਵੱਈਆ
14 ਦਸੰਬਰ ਦੀ ਸੰਪਾਦਕੀ ‘ਪੁਲੀਸ ਜ਼ਿਆਦਤੀ ਦਾ ਮਾਮਲਾ’ ਵਿਚ ਵਧੀਕੀਆਂ ਦੇ ਘਟਨਾਕ੍ਰਮ ਨੂੰ ਸਪੱਸ਼ਟ ਸ਼ਬਦਾਂ ਰਾਹੀਂ ਬਿਆਨ ਕੀਤਾ ਹੈ। ਮਾਨਸਾ ਵਿਚ ਪੁਲੀਸ ਅਫ਼ਸਰਾਂ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਉੱਤੇ ਕੀਤਾ ਲਾਠੀਚਾਰਜ ਜਮਹੂਰੀ ਮੁਲਕ ਲਈ ਮੰਦਭਾਗੀ ਘਟਨਾ ਹੈ। ਬੇਰੁਜ਼ਗਾਰਾਂ ਦਾ ਸਰਕਾਰਾਂ ਕੋਲੋਂ ਸ਼ਾਂਤਮਈ ਢੰਗ ਨਾਲ ਰੁਜ਼ਗਾਰ ਮੰਗਣਾ, ਪੀੜਤ ਇਨਸਾਨ ਵੱਲੋਂ ਇਨਸਾਫ਼ ਮੰਗਣਾ, ਕਿਸਾਨਾਂ ਵੱਲੋਂ ਆਪਣੀ ਫ਼ਸਲ ਦਾ ਜਾਇਜ਼ ਮੁੱਲ ਮੰਗਣਾ, ਆਮ ਨਾਗਰਿਕਾ ਵੱਲੋਂ ਸੁਰੱਖਿਅਤ ਮਾਹੌਲ ਮੰਗਣਾ ਕੋਈ ਗੁਨਾਹ ਨਹੀਂ ਕਿ ਸਰਕਾਰ, ਪੁਲੀਸ ਬਲ ਨਾਲ ਦਬਾਉਣ ਦਾ ਹੀਲਾ ਕਰੇ। ਸਰਕਾਰਾਂ ਨੂੰ ਹੁਣ ਆਪਣਾ ਰਵੱਈਆ ਬਦਲਣਾ ਪਵੇਗਾ। ਇਹ ਗੱਲ ਉਨ੍ਹਾਂ ਨੂੰ ਕਿਸਾਨ ਅੰਦੋਲਨ ਦੀ ਜਿੱਤ ਤੋਂ ਸਮਝ ਲੈਣੀ ਚਾਹੀਦੀ ਹੈ। ਇਸ ਤੋਂ ਪਹਿਲਾਂ 10 ਦਸੰਬਰ ਦੇ ਸੰਪਾਦਕੀ ‘ਕਿਸਾਨ ਅੰਦੋਲਨ ਦੀ ਫਤਹਿ’ ਦੀ ਟਿੱਪਣੀ ਐਨ ਦਰੁਸਤ ਹੈ ਕਿ ਕਿਸਾਨ ਅੰਦੋਲਨ ਦੀ ਜਿੱਤ ਸਾਰੇ ਭਾਰਤਵਾਸੀਆਂ, ਖ਼ਾਸ ਕਰਕੇ ਪੰਜਾਬੀਆਂ ਦੀ ਜਿੱਤ ਹੈ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਸੰਘਰਸ਼ ਕਰ ਰਹੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਏਕੇ ਦਾ ਸਿੱਟਾ ਹੀ ਇਹ ਜਿੱਤ ਹੈ।
ਡਾ. ਸੁਖਦੇਵ ਸਿੰਘ ਮਿਨਹਾਸ, ਮੁਹਾਲੀ
ਜਾਣੀਜਾਣ ਪ੍ਰਧਾਨ ਮੰਤਰੀ
13 ਦਸੰਬਰ ਦੇ ਨਜ਼ਰੀਆ ਪੰਨੇ ’ਤੇ ਅਵਿਜੀਤ ਪਾਠਕ ਦਾ ਲੇਖ ‘ਜਾਣੀਜਾਣ ਪ੍ਰਧਾਨ ਮੰਤਰੀ ਅਤੇ ਜਮਹੂਰੀ ਬੁਨਿਆਦ’ ਪੜ੍ਹਿਆ। ਲੇਖਕ ਪ੍ਰਧਾਨ ਮੰਤਰੀ ਦੇ ਜਮਹੂਰੀ ਬੁਨਿਆਦਾਂ ਬਾਰੇ ਵਿਚਾਰਾਂ ਨੂੰ ਵਧੀਆ ਢੰਗ ਨਾਲ ਪੇਸ਼ ਕਰਦਾ ਹੈ। ਕਿਸਾਨ ਅੰਦੋਲਨ ਬਾਰੇ ਪ੍ਰਧਾਨ ਮੰਤਰੀ ਦਾ ਹੈਂਕੜ ਵਾਲਾ ਰਵੱਈਆ ਅਤੇ ਉਨ੍ਹਾਂ ਦੇ ਪ੍ਰਸੰਸਕਾਂ ਤੇ ਟੈਲੀਵਿਜ਼ਨ ਐਂਕਰਾਂ ਦਾ ਝੋਲੀ ਚੁੱਕਣ ਵਾਲਾ ਪੱਖ ਵੀ ਬਾਖ਼ੂਬੀ ਬਿਆਨਿਆ ਹੈ। ਬਿਲਕੁਲ, ਸਾਡੀ ਹੋਂਦ ਕਿਸੇ ਮਸੀਹਾ ਦੀ ਰਹਿਮਦਿਲੀ ਦੀ ਮੁਥਾਜ ਨਹੀਂ ਹੋਣੀ ਚਾਹੀਦੀ।
ਜਗਰੂਪ ਸਿੰਘ, ਲੁਧਿਆਣਾ
ਲਿਖਾਰੀਆਂ ਦੀ ਤਰਜਮਾਨੀ
13 ਦਸੰਬਰ ਦੇ ਪੰਨਾ ਨੰਬਰ 7 ਉੱਤੇ ਦੀਪ ਦਵਿੰਦਰ ਸਿੰਘ ਦਾ ਲੇਖ ‘ਜਿੱਥੋਂ ਪਹੁ ਫੁਟਾਲੇ ਦੀ ਲੋਅ ਦਿਸਦੀ ਹੈ’ ਕਿਸਾਨ ਸੰਘਰਸ਼ ਬਾਰੇ ਲੇਖਕ ਭਾਈਚਾਰੇ ਦੇ ਵਿਚਾਰਾਂ ਦੀ ਤਰਜਮਾਨੀ ਕਰਦਾ ਹੈ। ਦਿੱਲੀ ਦੇ ਬਾਰਡਰਾਂ ਉਤੇ ਉੱਗ ਆਏ ਉਘੜ-ਦੁਘੜੇ, ਕਿਤੋਂ ਨੀਵੇਂ ਕਿਤੋਂ ਉੱਚੇ, ਰੰਗ ਬਰੰਗੀਆਂ ਤ੍ਰਿਪਾਲਾਂ ਵਾਲੇ ਰੈਣ ਬਸੇਰੇ ਜਸਬੀਰ ਭੁੱਲਰ ਦੀਆਂ ਕਹਾਣੀਆਂ ਵਰਗੇ ਹਨ। ਉਨ੍ਹਾਂ ਬਹਾਦਰ ਮਰਦ ਔਰਤਾਂ ਨੇ ਪ੍ਰੋ. ਮੋਹਨ ਸਿੰਘ ਦੀ ਕਵਿਤਾ ‘ਵਾਗਾਂ ਛੱਡਦੇ ਹੰਝੂਆਂ ਵਾਲੀਏ ਨੀ, ਪੈਰ ਧਰਨ ਦੇ ਮੈਨੂੰ ਰਕਾਬ ਉੱਤੇ’ ਦੇ ਅਰਥ ਪਲਟਾ ਦਿੱਤੇ। ਧਰਨਿਆਂ ਵਿਚ ਸ਼ਾਮਿਲ ਹਜ਼ਾਰਾਂ ਔਰਤਾਂ ਦਾ ਜਾਹੋ-ਜਲਾਲ ਰੋਣ-ਧੋਣ ਵਾਲੀਆਂ ਔਰਤਾਂ ਦੀ ਥਾਂ ਸਿਦਕਵਾਨ, ਬਹਾਦਰ ਤੇ ਜਾਗ੍ਰਿਤ ਔਰਤ ਦੇ ਦਰਸ਼ਨ ਕਰਵਾਉਂਦਾ ਹੈ। ਹਵਾ ਵਿਚ ਉੱਠੇ ਉਨ੍ਹਾਂ ਦੇ ਵੱਟੇ-ਮੁੱਕੇ ਹਰ ਜਾਗਦੇ ਜ਼ਮੀਰ ਵਾਲੇ ਇਨਸਾਨ ਨੂੰ ਸੰਘਰਸ਼ ਦਾ ਰਾਹ ਦਿਖਾਉਂਦੇ ਹਨ। ਇਸ ਜਿੱਤ ਦਾ ਜਲੌਅ ਦੇਖ ਕੇ ਲੇਖਕ ਨੂੰ ਵਿਧਾਤਾ ਸਿੰਘ ਤੀਰ ਦੀ ਕਵਿਤਾ ਵੀ ਯਾਦ ਆਈ, ਜਿਸ ਅੱਗੇ ਉਹ ਸਿਰ ਨਿਵਾਉਂਦਾ ਨਜ਼ਰ ਆ ਰਿਹਾ ਹੈ: ‘ਜੁੱਗ ਜੁੱਗ ਜਿਊਣ ਹਾਲੀਆ, ਤੇਰੇ ਬਲਦ ਘੁੰਗਰੂਆਂ ਵਾਲੇ।
ਗੁਰਦਿਆਲ ਦਲਾਲ, ਦੋਰਾਹਾ (ਲੁਧਿਆਣਾ)
ਸਰਕਾਰ ਬਨਾਮ ਬੈਂਕ
13 ਦਸੰਬਰ ਨੂੰ ਪਹਿਲੇ ਸਫ਼ੇ ’ਤੇ ਖ਼ਬਰ ਛਪੀ ਹੈ ਕਿ ਜਮ੍ਹਾਂ ਕਰਤਾਵਾਂ ਦਾ ਬੈਂਕਾਂ ਵਿਚ ਪਿਆ ਪੈਸਾ ਪੰਜ ਲੱਖ ਤਕ ਸੁਰੱਖਿਅਤ ਹੈ। ਇਸ ਦਾ ਮਤਲਬ ਹੈ, ਜੇਕਰ ਕਿਸੇ ਦਾ ਪੰਜਾਹ ਲੱਖ ਰੁਪਿਆ ਬੈਂਕਾਂ ਵਿਚ ਜਮ੍ਹਾਂ ਹੈ, ਬੀਮਾ ਕੰਪਨੀ ਉਸ ਨੂੰ ਪੰਜ ਲੱਖ ਦੇ ਕੇ ਪੱਲਾ ਝਾੜ ਲਵੇਗੀ। ਇਸ ਗੱਲ ਉੱਤੇ ਕੁਝ ਜ਼ਿਆਦਾ ਹੀ ਜ਼ੋਰ ਦਿੱਤਾ ਗਿਆ ਹੈ ਕਿ ਪਹਿਲੀਆਂ ਸਰਕਾਰਾਂ ਵੇਲੇ ਇਹ ਰਾਸ਼ੀ ਇਕ ਲੱਖ ਹੁੰਦੀ ਸੀ। ਇਕ ਖ਼ਬਰ ਹੋਰ ਵੀ ਹੈ ਕਿ ਬੈਂਕਾਂ ਨੂੰ ਪ੍ਰਾਈਵੇਟ ਹੱਥਾਂ ਵਿਚ ਦੇਣਾ ਸਰਕਾਰ ਦੀਆਂ ਤਰਜੀਹਾਂ ਵਿਚੋਂ ਇਕ ਹੈ। 1947 ਤੋਂ ਬਾਅਦ ਅਤੇ ਬੈਂਕਾਂ ਦੇ ਕੌਮੀਕਰਨ ਤੋਂ ਪਹਿਲਾਂ ਕੁਲ 736 ਪ੍ਰਾਈਵੇਟ ਬੈਂਕ ਜਾਂ ਤਾਂ ਫੇਲ੍ਹ ਹੋਏ ਸਨ ਜਾਂ ਉਨ੍ਹਾਂ ਨੂੰ ਕਿਸੇ ਹੋਰ ਬੈਂਕ ਵਿਚ ਰਲਾਉਣਾ ਪਿਆ ਸੀ ਅਤੇ ਕੌਮੀਕਰਨ ਤੋਂ ਬਾਅਦ ਸਿਰਫ਼ 36 ਪ੍ਰਾਈਵੇਟ ਬੈਂਕ ਫੇਲ੍ਹ ਹੋਏ ਹਨ। ਇਸ ਤਰ੍ਹਾਂ 1969 ਤੋਂ ਬਾਅਦ ਕੌਮੀਕਰਨ ਨੇ ਬੈਂਕਾਂ ਨੂੰ ਸਥਿਰਤਾ ਬਖਸ਼ੀ ਹੈ। ਬੈਂਕਾਂ ਦੀ ਸਿਹਤ ਦਾ ਇਹ ਹਾਲ ਹੈ ਕਿ 2014 ਤੋਂ ਬਾਅਦ ਬੈਂਕਾਂ ਦੇ ਐੱਨਪੀਏ ਵਿਚ ਤਿੰਨ ਗੁਣਾ ਇਜ਼ਾਫ਼ਾ ਹੋਇਆ ਹੈ। ਸਰਕਾਰ ਨੂੰ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ ਕਿ ਬੈਂਕਾਂ ਦੇ ਡੁੱਬਣ ਦੀ ਨੌਬਤ ਹੀ ਨਾ ਆਵੇ। ਬੈਂਕਾਂ ਨੂੰ ਪ੍ਰਾਈਵੇਟ ਹੱਥਾਂ ਵਿਚ ਦੇਣ ਵਾਲਾ ਕਦਮ ਇਸ ਸਮੱਸਿਆ ਦਾ ਕਤੱਈ ਹੱਲ ਨਹੀਂ।
ਜਗਦੇਵ ਸ਼ਰਮਾ ਬੁਗਰਾ, ਧੂਰੀ
ਸੁਫ਼ਨੇ ਅਤੇ ਮੰਜ਼ਿਲ
3 ਦਸੰਬਰ ਨੂੰ ਡਾ. ਹੀਰਾ ਸਿੰਘ ਭੂਪਾਲ ਦਾ ਮਿਡਲ ‘ਸੁਫ਼ਨੇ ਦਾ ਸਫ਼ਰ’ ਪੜ੍ਹਿਆ। ਮੈਂ ਅਤੇ ਡਾ. ਹੀਰਾ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਪਹਿਲੇ ਦਿਨ ਤੋਂ ਹੀ ਇਕੱਠੇ ਰਹੇ ਹਾਂ। ਹੋਸਟਲ ਵਿਚ ਸਾਡਾ ਕਮਰਾ ਵੀ ਆਹਮੋ-ਸਾਹਮਣੇ ਸੀ। ਕਈ ਵਾਰ ਅਸੀਂ ਆਲੇ ਦੁਆਲੇ ਦੇ ਪ੍ਰਭਾਵ ਹੇਠ ਆ ਕੇ ਆਪਣੀ ਮੰਜ਼ਿਲ ਤੋਂ ਭਟਕ ਜਾਂਦੇ ਹਾਂ ਪਰ ਅਜਿਹੇ ਵੇਲੇ ਡਾ. ਪਾਲ ਸਿੰਘ ਸਿੱਧੂ ਵਰਗੇ ਗੁਰੂ ਹਨੇਰੇ ਰਾਹਾਂ ਵਿਚ ਸਾਡੇ ਰਾਹ ਦਸੇਰੇ ਬਣ ਸਾਨੂੰ ਚੰਗੀ ਜਗ੍ਹਾ ’ਤੇ ਪਹੁੰਚਾ ਦਿੰਦੇ ਹਨ।
ਗੁਰਮਿੰਦਰ ਸਿੰਘ ਚਹਿਲ, ਵਿਨੀਪੈਗ (ਕੈਨੇਡਾ)