ਸਰਹੱਦੀ ਪੱਟੀ ਦੇ ਲੋਕ
8 ਦਸੰਬਰ ਨੂੰ ਨਜ਼ਰੀਆ ਪੰਨੇ ਉੱਤੇ ਜਗਰੂਪ ਸਿੰਘ ਸੇਖੋਂ ਦਾ ਲੇਖ ‘ਸਰਹੱਦੀ ਪੱਟੀ ਦੇ ਵਸਨੀਕਾਂ ਦੀ ਮੁਸ਼ਕਿਲਾਂ’ ਪੜ੍ਹਿਆ। ਉਨ੍ਹਾਂ ਪੂਰੇ ਵਿਸਥਾਰ ਨਾਲ ਇਸ ਅਣਗੌਲੇ ਅਤੇ ਅਹਿਮ ਮਸਲੇ ਬਾਰੇ ਚਾਨਣਾ ਪਾਇਆ ਹੈ। ਉਨ੍ਹਾਂ ਦਾ ਇਹ ਕਹਿਣਾ ਬਿਲਕੁਲ ਸਹੀ ਹੈ ਕਿ ਜਿੰਨੀ ਦੇ ਤੱਕ ਭਾਰਤ ਅਤੇ ਪਾਕਿਸਤਾਨ ਵਿਚਕਾਰ ਸੁਖਾਵੇਂ ਸਬੰਧ ਨਹੀਂ ਬਣ ਜਾਂਦੇ, ਇਨ੍ਹਾਂ ਲੋਕਾਂ ਦੀ ਹੋਣੀ ਇਸੇ ਤਰ੍ਹਾਂ ਹਵਾ ਵਿਚ ਲਟਕਦੀ ਰਹੇਗੀ ਅਤੇ ਇਨ੍ਹਾਂ ਨੂੰ ਸਹੂਲਤਾਂ ਤੋਂ ਬਗੈਰ ਹੀ ਜੀਵਨ ਬਸਰ ਕਰਨ ਲਈ ਮਜਬੂਰ ਹੋਣਾ ਪਵੇਗਾ। ਮਾੜੀ ਗੱਲ ਇਹ ਹੈ ਕਿ ਦੋਹਾਂ ਪਾਸਿਆਂ ਦੀਆਂ ਸਰਕਾਰਾਂ ਨੇੜੇ ਆਉਣ ਦਾ ਯਤਨ ਵੀ ਨਹੀਂ ਕਰਦੀਆਂ ਹਾਲਾਂਕਿ ਵਪਾਰ ਪੱਖੋਂ ਦੋਹਾਂ ਪਾਸਿਆਂ ਦੇ ਲੋਕਾਂ ਨੂੰ ਫਾਇਦਾ ਹੋਣਾ ਹੈ।
ਜਸਵੰਤ ਸਿੰਘ ਘੁੰਨਸ, ਪਟਿਆਲਾ
ਸਿਹਤ ਮੁੱਦੇ
9 ਦਸੰਬਰ ਨੂੰ ਨਜ਼ਰੀਆ ਪੰਨੇ ਉੱਤੇ ਡਾ. ਸ਼ਿਆਮ ਸੁੰਦਰ ਦੀਪਤੀ ਦਾ ਲੇਖ ‘ਪੰਜਾਬ ਦੇ ਸਿਹਤ ਮੁੱਦੇ ਕੀ ਹੋਣ’ ਪੜ੍ਹਿਆ। ਉਨ੍ਹਾਂ ਸਹੀ ਮੌਕੇ ’ਤੇ ਸਹੀ ਮੁੱਦਾ ਛੇੜਿਆ ਹੈ। ਉਂਜ ਮਸਲਾ ਇਹ ਹੈ ਕਿ ਕਿਸੇ ਵੀ ਸਿਆਸੀ ਧਿਰ ਦੀ ਅਜਿਹੇ ਮੁੱਦਿਆਂ ਨੂੰ ਸੰਬੋਧਨ ਹੋਣ ਦੀ ਇੱਛਾ ਸ਼ਕਤੀ ਹੀ ਨਹੀਂ ਹੈ। ਤਕਰੀਬਨ ਸਾਰੀਆਂ ਧਿਰਾਂ ਚੋਣ ਸਿਆਸਤ ਦੁਆਲੇ ਦੀ ਸਿਆਸਤ ਕਰਦੀਆਂ ਹਨ। ਜਦੋਂ ਤੱਕ ਸਿਆਸਤ ਦੇ ਕੇਂਦਰ ਵਿਚ ਲੋਕ ਨਹੀਂ ਆਉਂਦੇ, ਸਿਆਸਤ ਵਿਚ ਸਿਫ਼ਤੀ ਤਬਦੀਲੀ ਸ਼ਾਇਦ ਅਸੰਭਵ ਹੀ ਹੈ। ਇਸ ਲਈ ਲੋਕਾਂ ਨੂੰ ਇਸ ਪਾਸੇ ਤੋਰਨ ਲਈ ਬੁੱਧੀਜੀਵੀਆਂ ਨੂੰ ਅੱਗੇ ਵਧ ਕੇ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਰਮਣੀਕ ਸਿੰਘ ਚਾਹਲ, ਮਾਨਸਾ
ਵੋਟਾਂ ਦੀ ਸਿਆਸਤ
8 ਦਸੰਬਰ ਦਾ ਸੰਪਾਦਕੀ ‘ਭਾਵਨਾਤਮਕ ਸਿਆਸਤ’ ਪੜ੍ਹਨ ਤੋਂ ਸਾਫ਼ ਹੁੰਦਾ ਹੈ ਕਿ ਦੇਸ਼ ਅੰਦਰ ਭਾਰਤੀ ਜਨਤਾ ਪਾਰਟੀ ਵੱਲੋਂ ਆਪਣਾ ਵੋਟ ਬੈਂਕ ਮਜ਼ਬੂਤ ਕਰਨ ਲਈ ਮੁੱਦਿਆਂ ਤੋਂ ਹਟ ਕੇ ਕੀਤੀ ਜਾ ਰਹੀ ਧਰਮ ਆਧਾਰਿਤ ਰਾਜਨੀਤੀ ਦੇਸ਼ ਦੀ ਭਾਈਚਾਰਕ ਸਾਂਝ ਲਈ ਖ਼ਤਰਨਾਕ ਸਾਬਿਤ ਹੋ ਸਕਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਕਿਸਾਨੀ ਸੰਘਰਸ਼ ਨੇ ਜਿੱਥੇ ਦੇਸ਼ ਦੇ ਲੋਕਾਂ ਅੰਦਰ ਨਵੀਂ ਜਾਗ੍ਰਿਤੀ ਪੈਦਾ ਕੀਤੀ ਹੈ, ਉੱਥੇ ਵੱਖ ਵੱਖ ਧਰਮਾਂ ਤੇ ਜਾਤਾਂ ਦੇ ਲੋਕਾਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨ ਲਈ ਵੀ ਪ੍ਰੇਰਿਆ ਹੈ। ਉੱਧਰ, ਭਾਜਪਾ ਆਪਣੇ ਹਿੰਦੂਤਵੀ ਏਜੰਡੇ ਦੀ ਪ੍ਰਾਪਤੀ ਅਤੇ ਸੱਤਾ ’ਚ ਬਣੇ ਰਹਿਣ ਦੀ ਲਾਲਸਾ ਤਹਿਤ ਦੇਸ਼ ਦੀ ਭਾਈਚਾਰਕ ਸਾਂਝ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।
ਮਨੋਹਰ ਸਿੰਘ ਸੱਗੂ, ਧੂਰੀ (ਸੰਗਰੂਰ)
ਵਲਗਣ ਵਾਲੇ ਅਧਿਆਪਕ
ਗੁਰਦੀਪ ਸਿੰਘ ਢੁੱਡੀ ਦੀ ਲਿਖਤ ‘ਵਲਗਣ ਵਾਲੇ ਅਧਿਆਪਕ’ (8 ਦਸੰਬਰ) ਵਿਚ ਦਰਜ ਗੱਲ ਹੈਰਾਨੀਜਨਕ ਅਤੇ ਅਚੰਭੇ ਵਾਲੀ ਹੈ। ਸਿਆਣੇ ਕਹਿੰਦੇ ਨੇ ਕਿ ਬੱਚੇ ਦੇਸ਼ ਦਾ ਸਰਮਾਇਆ ਹੁੰਦੇ ਹਨ ਪਰ ਜਦੋਂ ਅਧਿਆਪਕ ਹੀ ਵਰਣ ਵੰਡ ਵਿਵਸਥਾ ਭਾਵ ਊਚ ਨੀਚ ਜਾਂ ਫਿਰ ਅਮੀਰ ਗ਼ਰੀਬ ਵਾਲੇ ਪਾੜੇ ਵਿਚ ਗ੍ਰਸਤ ਹੋਣਗੇ ਤਾਂ ਇਸ ਦੇਸ਼ ਦਾ ਭਵਿੱਖ ਕੀ ਹੋਵੇਗਾ? ਉਨ੍ਹਾਂ ਆਪਣੇ ਤਜਰਬੇ ਤੋਂ ਜਾਣੂ ਕਰਵਾਉਂਦਿਆਂ ਸਿੱਖਿਆ ਦੇ ਖੇਤਰ ਵਿਚ ਅਧਿਆਪਕਾਂ ਵਿਚ ਵਧ ਰਹੀ ਫ਼ੋਕੀ ਸ਼ੁਹਰਤ ਦਾ ਜ਼ਿਕਰ ਵੀ ਕੀਤਾ ਹੈ।
ਮਨਮੋਹਨ ਸਿੰਘ, ਨਾਭਾ
(2)
ਜਾਤ ਦਾ ਕੋਹੜ ਸਾਡੇ ਸਮਾਜ ਨੂੰ ਖਾ ਰਿਹਾ ਹੈ। ਗੁਰਦੀਪ ਸਿੰਘ ਢੁੱਡੀ ਨੇ ਆਪਣੇ ਮਿਡਲ ‘ਵਲਗਣ ਵਾਲੇ ਅਧਿਆਪਕ’ (8 ਦਸੰਬਰ) ਵਿਚ ਜਿਨ੍ਹਾਂ ਅਧਿਆਪਕਾਂ ਬਾਰੇ ਖੁਲਾਸਾ ਕੀਤਾ ਹੈ, ਉਹ ਸਮਾਜ ਨੂੰ ਕੀ ਸੇਧ ਦੇ ਸਕਦੇ ਹਨ? ਇਸੇ ਕਰਕੇ ਹੀ ਤਾਂ ਅਸੀਂ ਲਗਾਤਾਰ ਨਿਘਾਰ ਦੀ ਖਾਈ ਵਿਚ ਡਿੱਗ ਰਹੇ ਹਾਂ।
ਕੁਲਵੰਤ ਕੌਰ, ਜਲੰਧਰ
ਅਸਲੀ ਰਿਸ਼ਤਾ
6 ਦਸੰਬਰ ਨੂੰ ਗੁਰਦਿਆਲ ਦਲਾਲ ਦਾ ਮਿਡਲ ‘ਰਿਸ਼ਤਾ’ ਪੜ੍ਹਿਆ। ਪਤੀ-ਪਤਨੀ ਸੰਸਾਰੀ ਗੱਡੀ ਦੇ ਦੋ ਪਾਵੇ ਹਨ। ਘਰ ਦੀ ਸੁੱਖ ਸਾਂਦ ਲਈ ਉਨ੍ਹਾਂ ਵਿਚਕਾਰ ਮੇਲ ਜੋਲ ਜ਼ਰੂਰੀ ਹੈ। ਜ਼ਿੰਦਗੀ ਦੋ ਦੋ ਮੁਸਾਫ਼ਿਰਾਂ ਦਾ ਬੁਢਾਪੇ ਦਾ ਸਮਾਂ ਵਧੀਆ ਤਰੀਕੇ ਨਾਲ ਗੁਜ਼ਰ ਜਾਂਦਾ ਹੈ। ਜ਼ਿੰਦਗੀ ਦੇ ਅੰਤਲੇ ਪੜਾਅ ਦੇ ਨਾਟਕ ਦੀ ਅਦਾਕਾਰੀ ਸੱਚੇ ਰਿਸ਼ਤੇ ਦੀ ਮਨਮੋਹਣੀ ਮਹਿਕ ਵਾਂਗ ਆਲੇ ਦੁਆਲੇ ਦਾ ਵਾਤਾਵਰਨ ਸੁਨਹਿਰਾ ਬਣਾਉਂਦੀ ਹੈ। ਇਸ ਤੋਂ ਪਹਿਲਾਂ 3 ਦਸੰਬਰ ਨੂੰ ਹੀਰਾ ਸਿੰਘ ਭੂਪਾਲ ਦਾ ਮਿਡਲ ‘ਸੁਫ਼ਨੇ ਦਾ ਸਫ਼ਰ’ ਸਿੱਖਿਆ ਦੇਣ ਵਾਲਾ ਸੀ। ਮਨੁੱਖ ਨੂੰ ਆਪਣੀ ਮੰਜ਼ਿਲ ਹਾਸਿਲ ਕਰਨ ਲਈ ਹਿੰਮਤ ਨਹੀਂ ਛੱਡਣੀ ਚਾਹੀਦੀ। ਉਮੀਦਾਂ ਨਾਲ ਚੱਲਣ ਵਾਲੀ ਦੁਨੀਆ ਸਾਰਿਆਂ ਨੂੰ ਜਿਊਣ ਦੀ ਰਾਹ ਦਿਖਾਉਂਦੀ ਹੈ। ਸੁਪਨਿਆਂ ਨੂੰ ਮਿਹਨਤ ਕਰਦੇ ਹੋਏ ਸਫ਼ਲ ਕਰੀਏ ਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਨਾ ਪੁੱਤਰਾਂ ਦਾ ਫਰਜ਼ ਅਤੇ ਕਰਜ਼ ਹੈ।
ਅਨਿਲ ਕੌਸ਼ਿਕ, ਕਿਊੜਕ (ਕੈਥਲ, ਹਰਿਆਣਾ)
(2)
ਗੁਰਦਿਆਲ ਦਲਾਲ ਦਾ ਮਿਡਲ ‘ਰਿਸ਼ਤਾ’ ਬੇਹੱਦ ਖੂਬਸੂਰਤ ਲੱਗਿਆ। ਪੜ੍ਹ ਕੇ ਤਬੀਅਤ ਖ਼ੁਸ਼ ਹੋ ਗਈ। ਪਿਛਲੀ ਉਮਰ ਦੀਆਂ ਨਿੱਕੀਆਂ ਨਿੱਕੀਆਂ ਖ਼ੁਸ਼ੀਆਂ ਅਤੇ ਝੋਰੇ ਸਮਝੋ ਨਾਲੋ-ਨਾਲ ਚੱਲਦੇ ਹਨ। ਪਛਾੜੀ ਦੀ ਇਸ ਉਮਰ ਬਾਰੇ ਲੇਖਕ ਦਾ ਨਜ਼ਰੀਆ ਦਿਲ ਨੂੰ ਟੁੰਬ ਗਿਆ।
ਸਿ਼ਵ ਸਿੰਘ ਬਾਜਵਾ, ਜਲੰਧਰ
ਦਿਲ ਵਿਚ ਜਗ੍ਹਾ
29 ਨਵੰਬਰ ਨੂੰ ਜਸਵਿੰਦਰ ਸੁਰਗੀਤ ਦੀ ਰਚਨਾ ‘ਸਤਰੰਗੀ ਦਿਨ’ ਪੜ੍ਹੀ। ਇਸ ਵਿਚ ਲੇਖਕ ਨੇ ਆਪਣੇ ਕਾਲਜ ਦੇ ਦਿਨਾਂ ਦਾ ਜ਼ਿਕਰ ਵਿਸਥਾਰ ਨਾਲ ਲਿਖਿਆ ਹੈ। ਜਗ੍ਹਾ ਕਿੰਨੀ ਵੀ ਤੰਗ ਹੋਵੇ, ਤੁਹਾਡੇ ਦਿਲ ਵਿਚ ਜਗ੍ਹਾ ਹੋਣੀ ਚਾਹੀਦੀ ਹੈ। ਫਿਰ ਦੇਖਣਾ ਤੁਹਾਡੀ ਜ਼ਿੰਦਗੀ ਲੇਖਕ ਦੇ ਪੇਸ਼ ਕੀਤੇ ਕਿਰਦਾਰ ਵਰਗੀ ਹੋ ਜਾਵੇਗੀ। ਬਚਪਨ ਤੇ ਕਾਲਜ ਵਿਚ ਬਤਾਏ ਦਿਨ ਸੱਚਮੁੱਚ ਕਦੀ ਵੀ ਨਹੀਂ ਭੁੱਲਦੇ। ਇਨਸਾਨ ਨੂੰ ਹਮੇਸ਼ਾ ਖੁਸ਼ ਰਹਿ ਕੇ ਹਰ ਭੀੜ ਦਾ ਮੁਕਾਬਲਾ ਕਰਨਾ ਚਾਹੀਦਾ ਹੈ; ਦੇਖਣਾ, ਤਰੱਕੀ ਕਿਵੇਂ ਤੁਹਾਡਾ ਮੂੰਹ ਚੁੰਮੇਗੀ।
ਗੁਰਮੀਤ ਸਿੰਘ, ਵੇਰਕਾ
ਆਲੋਚਨਾ
17 ਨਵੰਬਰ ਨੂੰ ਸੰਪਾਦਕੀ ‘ਨਿਆਂ-ਅਨਿਆਂ’ ਪੜ੍ਹਿਆ। ਮੋਦੀ ਸਰਕਾਰ ਆਪਣੀ ਪਿੱਠ ਆਪੇ ਥਾਪੜਨ ਵਾਲੀ ਹੈ। ਗ਼ਲਤ ਜਾਂ ਅਧੂਰੇ ਕੰਮ ਵਿਰੋਧੀ ਪਾਰਟੀਆਂ ਸਿਰ ਮੜ੍ਹ ਦਿੰਦੀ ਹੈ, ਚੰਗੇ ਕੰਮ ਸਿਰਫ਼ ਭਾਜਪਾ ਹੀ ਕਰਦੀ ਹੈ। ਭਾਜਪਾ ਨੂੰ ਆਲੋਚਨਾ ਸੁਣਨੀ ਪਸੰਦ ਨਹੀਂ। ਇਸੇ ਦਿਨ ‘ਜ਼ਿੰਮੇਵਾਰ ਕੌਣ’ ਵਿਚ ਜਗਦੀਸ਼ ਕੌਰ ਮਾਨ ਨੇ ਪੰਜਾਬ ਵਿਚ ਵੱਡੀ ਪੱਧਰ ’ਤੇ ਫੈਲੇ ਨਸ਼ਿਆਂ ਦਾ ਮੁੱਦਾ ਉਠਾਇਆ ਹੈ।
ਬਲਬੀਰ ਸਿੰਘ, ਰਾਮਪੁਰਾ ਫੂਲ (ਬਠਿੰਡਾ)