11 ਕੁਇੰਟਲ ਪਿਆਜ਼, ਕਮਾਈ 13 ਰੁਪਏ!
4 ਦਸੰਬਰ ਦੇ ਮੁੱਖ ਪੰਨੇ ’ਤੇ ਲੱਗੀ ਖ਼ਬਰ ‘ਮਹਾਰਾਸ਼ਟਰ ਦੇ ਕਿਸਾਨ ਨੂੰ 11 ਕੁਇੰਟਲ ਪਿਆਜ਼ ਦੀ ਵੇਚ ਤੋਂ 13 ਰੁਪਏ ਦੀ ਕਮਾਈ’ ਪੜ੍ਹ ਕੇ ਦਿਲ ਵਲੂੰਧਰਿਆ ਗਿਆ ਕਿ ਸਾਡਾ ਤੰਤਰ ਕਿਸ ਤਰ੍ਹਾਂ ਕੰਮ ਕਰਦਾ ਹੈ। ਜਿਣਸ ਪੈਦਾ ਕਰਨ ਵਾਲੇ ਨੂੰ ਤਾਂ 1.3 ਪੈਸੇ ਫ਼ੀ ਕਿਲੋ ਹੀ ਮਿਲੇ ਜਦਕਿ ਵੇਚ ਸਮੇਂ ਦੇ ਖ਼ਰਚੇ 1.66 ਪੈਸੇ ਪ੍ਰਤੀ ਕਿਲੋ ਪਾਏ ਗਏ। ਇਨ੍ਹਾਂ ਖ਼ਰਚਿਆਂ ਵਿਚ ਕਿਸਾਨ ਦੀ ਲੇਬਰ, ਜ਼ਮੀਨ ਵਹਾਈ, ਬੀਜ ਬਿਜਾਈ, ਪਾਣੀ, ਰੇਹ ਸਪਰੇ ਦੇ ਖ਼ਰਚੇ ਸ਼ਾਮਿਲ ਨਹੀਂ ਹਨ। ਅਜਿਹੇ ਹਾਲਾਤ ਵਿਚ ਹੀ ਕਿਸਾਨ ਖ਼ੁਦਕੁਸ਼ੀਆਂ ਦੇ ਰਾਹ ਪੈਣ ਲਈ ਮਜਬੂਰ ਹੁੰਦੇ ਹਨ। ਇਸ ਲੁੱਟ ਤੋਂ ਕਿਸਾਨਾਂ ਨੂੰ ਬਚਾਉਣ ਲਈ ਐੱਮਐੱਸਪੀ ਤੇ ਖ਼ਰੀਦ ਕਨੂੰਨ ਦੇ ਸ਼ਿਕੰਜੇ ਅਧੀਨ ਹੀ ਹੋਣੀ ਜ਼ਰੂਰੀ ਹੈ।
ਇੰਜ. ਹਰਭਜਨ ਸਿੰਘ ਸਿੱਧੂ, ਬਠਿੰਡਾ
ਜ਼ਿਆਦਤੀ
7 ਦਸੰਬਰ ਦਾ ਸੰਪਾਦਕੀ ‘ਜਵਾਬਦੇਹੀ ਦੀ ਜ਼ਰੂਰਤ’ ਧਿਆਨ ਮੰਗਦਾ ਹੈ। ਸੁਰੱਖਿਆ ਬਲਾਂ ਲਈ ਕੋਈ ਜ਼ਾਬਤਾ ਨਹੀਂ ਬਣਾਇਆ ਹੋਇਆ, ਇਹ ਅੰਨ੍ਹੇਵਾਹ ਕਾਰਵਾਈਆਂ ਕਰਦੇ ਹਨ। ਦੇਸ਼ ਦਾ ਕੋਈ ਖਿੱਤਾ ਅਜਿਹਾ ਨਹੀਂ ਅਜਿਹਾ ਨਹੀਂ ਜਿੱਥੇ ਆਮ ਨਾਗਰਿਕਾਂ ’ਤੇ ਅਜਿਹੀਆਂ ਜ਼ਿਆਦਤੀਆਂ ਨਾ ਹੁੰਦੀਆਂ ਹੋਣ। ਦੂਜੇ ਬੰਨੇ ਇਹੀ ਸੁਰੱਖਿਆ ਬਲ ਨਸ਼ਾ ਤਸਕਰੀ, ਘੁਸਪੈਠ ਸਮੇਂ ਪਤਾ ਨਹੀਂ ਕਿਉਂ ਅੱਖਾਂ ਮੁੰਦ ਲੈਂਦੇ ਹਨ। ਕੇਂਦਰ ਸਰਕਾਰ, ਸੂਬਿਆਂ ਨੂੰ ਨੱਥ ਪਾਉਣ ਲਈ ਵੀ ਸੁਰੱਖਿਆ ਬਲਾਂ ਦਾ ਇਸਤੇਮਾਲ ਕਰਦੀ ਹੈ। ਕੋਈ ਅਜਿਹਾ ਕੋਡ ਲਾਗੂ ਹੋਣਾ ਚਾਹੀਦਾ ਹੈ ਜਿਸ ਤਹਿਤ ਅਮਨ ਪਸੰਦ ਨਾਗਰਿਕ ਗੜਬੜੀ ਸਮੇਂ ਵੀ ਬੇਖੌਫ਼ ਹੋ ਕੇ ਸੌਂ ਸਕਣ।
ਸਾਗਰ ਸਿੰਘ ਸਾਗਰ, ਬਰਨਾਲਾ
(2)
ਸੰਪਾਦਕੀ ‘ਜਵਾਬਦੇਹੀ ਦੀ ਜ਼ਰੂਰਤ’ ਪੜ੍ਹਿਆ। ਇਹ ਖ਼ੂਨੀ ਸਾਕਾ ਕੋਈ ਪਹਿਲੀ ਵਾਰ ਨਹੀਂ ਵਾਪਰਿਆ ਸਗੋਂ ਕਈ ਦਹਾਕਿਆਂ ਤੋਂ ਆਮ ਲੋਕ ਫ਼ੌਜ ਦੀ ਦਰਿੰਦਗੀ ਦਾ ਸ਼ਿਕਾਰ ਹੋ ਰਹੇ ਹਨ। ਇਸ ਪਿੱਛੇ ਸਰਕਾਰਾਂ ਦ ਹੱਥ ਹੀ ਸਮਝਿਆ ਜਾ ਸਕਦਾ ਹੈ ਜਿਸ ਨੇ ਹੱਕਾਂ ਲਈ ਜੂਝਦੇ ਲੋਕਾਂ ਨੂੰ ਦਬਾਉਣ ਵਾਸਤੇ ਫ਼ੌਜ ਤੇ ਅਰਧ-ਸੈਨਿਕ ਦਲਾਂ ਨੂੰ ਖੁੱਲ੍ਹੇ ਅਧਿਕਾਰ ਦਿੱਤੇ ਹੋਏ ਹਨ।
ਸੁਖਦੇਵ ਸਿੰਘ ਭੁੱਲੜ, ਬਠਿੰਡਾ
ਤੱਥਾਤਮਿਕ ਊਣਤਾਈ
7 ਦਸੰਬਰ ਦੇ ਨਜ਼ਰੀਆ ਪੰਨੇ ਉੱਤੇ ‘ਜਦੋਂ ਨਿਆਂ ਵਿਚ ਅਨਿਆਂ ਹੁੰਦਾ ਹੈ’ (ਲੇਖਕ ਜਸਟਿਸ ਐੱਸਐੱਸ ਸੋਢੀ) ਪੜ੍ਹਿਆ। ਇਸ ਵਿਚ ਇਕ ਤੱਥਾਕਥਿਤ ਊਣਤਾਈ ਹੈ। ਜੋਗਿੰਦਰ ਸਿੰਘ ਆਨੰਦ ਨੂੰ ਮੇਨਕਾ ਗਾਂਧੀ ਦਾ ਛੋਟਾ ਭਰਾ ਲਿਖਿਆ ਹੈ। ਉਹ ਮੇਨਕਾ ਗਾਂਧੀ ਦੇ ਸਕੇ ਚਾਚਾ ਸਨ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਜੁਝਾਰੂ ਸ਼ਖ਼ਸੀਅਤ
7 ਦਸੰਬਰ ਨੂੰ ਡਾ. ਕ੍ਰਿਸ਼ਨ ਕੁਮਾਰ ਰੱਤੂ ਦਾ ਲੇਖ ‘ਪੱਤਰਕਾਰੀ ਦੀ ਨਿਡਰ ਅਵਾਜ਼ ਸੀ ਵਿਨੋਦ ਦੂਆ’ ਪੜ੍ਹਿਆ। ਵਿਨੋਦ ਦੂਆ ਨੂੰ ਆਪਣੀਆਂ ਯੋਗਤਾਵਾਂ ਕਰਕੇ ਬਹੁਤ ਸਾਰੇ ਪੁਰਸਕਾਰ ਅਤੇ ਸਨਮਾਨ ਮਿਲੇ। ਸਚਮੁੱਚ ਉਹ ਨਿਡਰ, ਸਪੱਸ਼ਟਵਾਦੀ ਅਤੇ ਜੁਝਾਰੂ ਸ਼ਖ਼ਸੀਅਤ ਸਨ।
ਪ੍ਰੋ. ਸ਼ਾਮ ਲਾਲ ਕੌਸ਼ਲ, ਰੋਹਤਕ (ਹਰਿਆਣਾ)
ਮੀਡੀਆ ਪਾਬੰਦੀਆਂ
6 ਦਸੰਬਰ ਦਾ ਸੰਪਾਦਕੀ ‘ਸੰਵਾਦ ’ਤੇ ਪਾਬੰਦੀਆਂ’ ਪੜ੍ਹ ਕੇ ਪਤਾ ਲੱਗਿਆ ਕਿ ਸਰਕਾਰ ਦੁਆਰਾ ਕਿਸ ਤਰ੍ਹਾਂ ਲੋਕਤੰਤਰ ਦੇ ਚੌਥੇ ਥੰਮ੍ਹ ਮੀਡੀਆ ’ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਕੋਵਿਡ-19 ਦੇ ਨਾਂ ਹੇਠ ਸੰਸਦ ’ਚ ਲਾਈ ਪਾਬੰਦੀ ਖ਼ਿਲਾਫ਼ ਪੱਤਰਕਾਰ ਭਾਈਚਾਰੇ ਵਜੋਂ ਪਿਛਲੇ ਦਿਨੀਂ ਜਲੂਸ ਕੱਢਿਆ ਗਿਆ। ਸਰਕਾਰ ਵੱਲੋਂ ਜੇਕਰ ਇਹ ਪਾਬੰਦੀਆਂ ਨਾ ਹਟਾਈਆਂ ਤਾਂ ਇਹ ਰਵਾਇਤ ਬਣ ਜਾਵੇਗੀ। ਕਰੋਨਾ ਦੇ ਬਹਾਨੇ ਮੀਡੀਆ ਨੂੰ ਸੰਸਦ ਤੋਂ ਦੂਰ ਕੀਤਾ ਜਾ ਰਿਹਾ ਹੈ।
ਮੇਘ ਰਾਜ ਜੋਸ਼ੀ, ਪਿੰਡ ਗੁੰਮਟੀ (ਬਰਨਾਲਾ)
ਆਬਾਦੀ ਪਰਿਵਰਤਨ
6 ਦਸੰਬਰ ਨੂੰ ਨਜ਼ਰੀਆ ਪੰਨੇ ਉੱਤੇ ਡਾ. ਗੁਰਿੰਦਰ ਕੌਰ ਦਾ ਲੇਖ ‘ਕੀ ਮੁਲਕ ਦੀ ਆਜ਼ਾਦੀ ਵਿਚ ਵਾਧਾ ਰੁਕ ਗਿਆ ਹੈ?’ ਭਾਰਤ ਦੀ ਆਬਾਦੀ ਵਿਚ ਆ ਰਹੇ ਸਾਕਾਰਾਤਮਕ ਪਰਿਵਰਤਨ ਬਾਰੇ ਦੱਸਦਾ ਹੈ। ਲੰਮੇ ਸਮੇਂ ਤੋਂ ਆਬਾਦੀ ਦਾ ਵਧਣਾ ਭਾਰਤ ਲਈ ਸਮੱਸਿਆ ਬਣਿਆ ਹੋਇਆ ਹੈ। ਭਾਰਤ ਵਿਚ ਭੁੱਖਮਰੀ, ਅਨਪੜ੍ਹਤਾ, ਗ਼ਰੀਬੀ, ਬੇਘਰ ਲੋਕ, ਬੇਰੁਜ਼ਗਾਰੀ, ਵਿਦੇਸ਼ਾਂ ਨੂੰ ਜਾਣ ਦਾ ਰੁਝਾਨ ਆਦਿ ਸਿੱਧੇ ਤੌਰ ’ਤੇ ਆਬਾਦੀ ਦੇ ਵਾਧੇ ਨਾਲ ਜੁੜੇ ਹੋਏੇ ਹਨ। ਆਬਾਦੀ ਦੇ ਘਟਣ ਨਾਲ ਇਨ੍ਹਾਂ ਸਮੱਸਿਆਵਾਂ ਨੂੰ ਠੱਲ੍ਹ ਪਾਉਣ ਵਿਚ ਆਸਾਨੀ ਹੋਵੇਗੀ।
ਸੰਜੇ ਖਾਨ ਧਾਲੀਵਾਲ, ਪਟਿਆਲਾ
ਵਿਹਾਰ ਦੀ ਵੰਨ-ਸਵੰਨਤਾ
6 ਦਸੰਬਰ ਨੂੰ ਗੁਰਦਿਆਲ ਦਲਾਲ ਦਾ ਲਿਖਿਆ ਮਿਡਲ ‘ਰਿਸ਼ਤਾ’ ਪੜ੍ਹ ਕੇ ਇਉਂ ਲੱਗਿਆ, ਜਿਵੇਂ ਮੇਰੀ ਭੁੱਖ ਦੀ ਪੂਰਤੀ ਕਰ ਦਿੱਤੀ ਹੋਵੇ। ਨੋਕ ਝੋਕ ਤੇ ਪਿਆਰ ਵਾਲੀ ਜ਼ਿੰਦਗੀ ਹਰ ਕੋਈ ਨਹੀਂ ਜੀਅ ਸਕਦਾ। ਮੈਂ ਆਪਣੀ ਗੱਲ ਕਰਾਂ, ਸਹਿਜੇ ਕਹੀ ਹੋਈ ਗੱਲ ਵੀ ਕਈ ਵਾਰ ਪੁੱਠੀ ਪੈ ਜਾਂਦੀ ਹੈ। ਫਿਰ ਮਨ ਖ਼ਰਾਬ ਹੁੰਦਾ ਹੈ। ਸੋਚੀਦਾ ਹੈ ਕਿ ਹਾਸਾ ਮਖੌਲ ਸਾਡੇ ਵਸ ਦਾ ਨਹੀਂ। ਇਹ ਹਰ ਇਕ ਨੂੰ ਰਾਸ ਨਹੀਂ ਆਉਂਦਾ। ਸੱਚ ਤਾਂ ਇਹ ਹੈ ਕਿ ਮਨੁੱਖੀ ਵਿਹਾਰ ਦੀ ਵੰਨ-ਸਵੰਨਤਾ ਵਿਚ ਹਰ ਜੋੜੀ ਦੇ ਆਪਣੇ ਰੰਗ ਢੰਗ ਹਨ। ਉਨ੍ਹਾਂ ’ਤੇ ਹੀ ਨਿਰਭਰ ਹੈ ਕਿ ਉਹ ਸੰਤੁਲਨ ਬਣਾ ਕੇ ਕਿਵੇਂ ਮਾਣਦੇ ਤੇ ਹੰਢਾਉਂਦੇ ਹਨ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
(2)
ਗੁਰਦਿਆਲ ਦਲਾਲ ਦਾ ਮਿਡਲ ‘ਰਿਸ਼ਤਾ’ ਚੰਗਾ ਲੱਗਿਆ। ਬਹੁਤੇ ਘਰਾਂ ਵਿਚ ਇਹ ਸਮਾਜਿਕ ਵਰਤਾਰਾ ਬਣ ਚੁੱਕਿਆ ਹੈ। ਪਤੀ ਪਤਨੀ ’ਚ ਅਜਿਹੀ ਨੋਕ ਝੋਕ ਉੱਥੇ ਹੁੰਦੀ ਹੈ ਜਿੱਥੇ ਦੋਨਾਂ ਵਿਚਕਾਰ ਨਿੱਘਾ ਸਹਿਚਾਰ ਤੇ ਪਿਆਰ ਹੋਵੇ। ਜੀਵਨ ਵਿਚ ਇਹ ਹੈ ਵੀ ਜ਼ਰੂਰੀ।
ਪਵਨ ਕੁਮਾਰ ਕੌਸ਼ਲ, ਦੋਰਾਹਾ
ਨਵੀਂ ਜਾਣਕਾਰੀ
4 ਦਸੰਬਰ ਦੇ ਸਤਰੰਗ ਵਿਚ ਇਸਰੋ ਵਿਗਿਆਨੀ ਹਰਜੀਤ ਸਿੰਘ ਦਾ ਬਲੈਕ ਹੋਲ ਬਾਰੇ ਬਹੁਤ ਸਾਰੀ ਨਵੀਂ ਜਾਣਕਾਰੀ ਦਿੰਦਾ ਲੇਖ ‘ਅਸੀਮ ਗਰੂਤਾ ਖਿੱਚ ਦਾ ਕੇਂਦਰ ਬਲੈਕ ਹੋਲ’ ਪੜ੍ਹਿਆ। ਪਹਿਲਾਂ ਵੀ ਭਾਵੇਂ ਬਲੈਕ ਹੋਲ ਬਾਰੇ ਕਾਫ਼ੀ ਜਾਣਕਾਰੀ ਸੀ ਤੇ ਮੈਟਰਿਕ ਪੱਧਰ ’ਤੇ ਵਿਦਿਆਰਥੀਆਂ ਨੂੰ ਸਕੂਲ ਵਿਚ ਜਾਣਕਾਰੀ ਦਿੰਦੇ ਰਹੇ ਹਾਂ ਪਰ ਇਹ ਲੇਖ ਪੜ੍ਹ ਕੇ ਪਹਿਲਾ ਗਿਆਨ ਕਾਫ਼ੀ ਅਧੂਰਾ ਲੱਗ ਰਿਹਾ ਹੈ।
ਸੁਰਿੰਦਰ ਸਿੰਘ, ਮੋਗਾ
ਰਵਾਇਤਾਂ ਦੀ ਸਾਂਝ
3 ਦਸੰਬਰ ਨੂੰ ਨਜ਼ਰੀਆ ਪੰਨੇ ’ਤੇ ਨੀਰਾ ਚੰਢੋਕ ਦਾ ਲੇਖ ‘ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ’ ਵਧੀਆ ਲੱਗਾ। ਸਾਡੇ ਦੇਸ਼ ਵਿਚ ਵੱਖ ਵੱਖ ਧਰਮ, ਭਾਸ਼ਾਵਾਂ ਤੇ ਰਸਮ ਰਿਵਾਜ ਹਨ। ਇਸ ਲਈ ਧਰਮ ਨੂੰ ਆਪੋ-ਆਪਣੀਆਂ ਮੰਨਤਾਂ ਤੇ ਭਾਵਨਾਵਾਂ ਤਕ ਹੀ ਸੀਮਤ ਰੱਖਣਾ ਚਾਹੀਦਾ ਹੈ। ਰਾਜਨੀਤੀ ਵਿਚ ਇਸ ਨੂੰ ਭਾਰੂ ਨਹੀਂ ਹੋਣਾ ਦੇਣਾ ਚਾਹੀਦਾ ਕਿਉਂਕਿ ਇਵੇਂ ਫਿਰ ਏਕੀਕਰਨ ਤੇ ਸਾਂਝੀਵਾਲਤਾ ਨਹੀਂ ਰਹਿ ਜਾਂਦੀ।
ਜਸਬੀਰ ਕੌਰ, ਅੰਮ੍ਰਿਤਸਰ