ਕਿਰਤੀਆਂ ਲਈ ਲੜਾਈ
30 ਨਵੰਬਰ ਨੂੰ ਜਸਵੰਤ ਚਾਹਲ ਮੱਤੀ ਦਾ ਲੇਖ ‘ਮੁਜਾਰਾ ਲਹਿਰ ਦੇ ਬਾਨੀ ਧਰਮ ਸਿੰਘ ਫੱਕਰ ਨੂੰ ਯਾਦ ਕਰਦਿਆਂ’ ਪੜ੍ਹਿਆ। ਪਤਾ ਲੱਗਿਆ ਕਿ ਮਰਹੂਮ ਧਰਮ ਸਿੰਘ ਫੱਕਰ ਨੇ ਕਿਸ ਤਰ੍ਹਾਂ ਲੋਕਾਂ ਨੂੰ ਜ਼ਮੀਨ ਅਤੇ ਬਣਦੇ ਹੱਦ ਸਮੇਂ ਦੀ ਹਕੂਮਤ ਨਾਲ ਸੰਘਰਸ਼ ਕਰਕੇ ਲੈ ਕੇ ਦਿੱਤੇ। ਉਨ੍ਹਾਂ ਹੋਰ ਲਹਿਰਾਂ ਵਿਚ ਵੀ ਹਿੱਸਾ ਲਿਆ ਤੇ ਸੰਘਰਸ਼ ਦਾ ਰਾਹ ਚੁਣ ਕੇ ਲੋਕਾਂ ਦੇ ਲੋਕ ਨਾਇਕ ਬਣੇ। ਉਂਜ ਅੱਜ ਦੇਸ਼ ਅੰਦਰ ਕਰੋੜਾਂ ਲੋਕ ਭੂਮੀ ਤੋਂ ਸੱਖਣੇ ਹਨ, ਕੀ ਉਨ੍ਹਾਂ ਲਈ ਵੀ ਕੋਈ ਧਰਮ ਸਿੰਘ ਫੱਕਰ ਦੁਬਾਰਾ ਜਨ ਲਵੇਗਾ?
ਮਨਮੋਹਨ ਸਿੰਘ, ਨਾਭਾ
ਦਲ-ਬਦਲੀ
2 ਦਸੰਬਰ ਦੇ ਸੰਪਾਦਕੀ ‘ਸਿਰਸਾ ਦੀ ਦਲ-ਬਦਲੀ’ ਨੇ ਅੱਜ ਦੀ ਸਿਆਸਤ ਅਤੇ ਮਨੁੱਖੀ ਸੋਚ ’ਤੇ ਚਾਨਣਾ ਪਾਇਆ ਹੈ। ਸਿਆਸੀ ਪਾਰਟੀਆਂ ਅਤੇ ਮਨੁੱਖ ਆਪਣੇ ਸਿਧਾਂਤਾਂ ਨੂੰ ਤਿਲਾਂਜਲੀ ਦੇ ਕੇ ਨਿੱਜ ਲਈ ਕਿਸੇ ਵੀ ਹੱਦ ਤਕ ਜਾਣ ਲਈ ਤਿਆਰ ਹਨ। ਇਕ ਪਾਰਟੀ ਅਤੇ ਉਸ ਦੇ ਨੇਤਾ ਦੂਜੀ ਪਾਰਟੀ ਤੇ ਉਸ ਦੇ ਨੇਤਾਵਾਂ ਨੂੰ ਸੱਭਿਅਕ ਹੱਦ ਲੰਘ ਕੇ ਭੰਡਦੇ ਹਨ ਪਰ ਜਦ ਦੂਜੀ ਪਾਰਟੀ ਦਾ ਕੋਈ ਨੇਤਾ ਦਲ-ਬਦਲੀ ਕਰ ਕੇ ਪਹਿਲੀ ਪਾਰਟੀ ਵਿਚ ਆ ਜਾਂਦਾ ਹੈ ਤਾਂ ਪਾਕ ਪਵਿੱਤਰ ਹੋ ਜਾਂਦਾ ਹੈ। ਵੋਟਾਂ ਨਾਲ ਚੁਣੇ ਹੋਏ ਵਿਅਕਤੀ ਨਿੱਜੀ ਹਾਸਲ ਲਈ ਪਾਰਟੀ ਬਦਲ ਲੈਂਦੇ ਹਨ ਪਰ ਉਸ ਦੇ ਵੋਟਰਾਂ ਦਾ ਕੀ ਕਸੂਰ ਜਿਨ੍ਹਾਂ ਨੇ ਉਸ ਦੀ ਪਹਿਲੀ ਪਾਰਟੀ ਕਾਰਨ ਉਸ ਨੂੰ ਵੋਟਾਂ ਪਾਈਆਂ ਸਨ?
ਇੰਜ. ਹਰਭਜਨ ਸਿੰਘ ਸਿੱਧੂ, ਬਠਿੰਡਾ
ਧੀਰ ਸ਼ਤਾਬਦੀ ਸਮਾਗਮ
2 ਦਸੰਬਰ ਨੂੰ ਨਜ਼ਰੀਆ ਪੰਨੇ ਉੱਤੇ ਉਘੇ ਲਿਖਾਰੀ ਸੰਤੋਖ ਸਿੰਘ ਧੀਰ ਬਾਰੇ ਨਵਤੇਜ ਕੌਰ ਦਰਸ਼ੀ ਦਾ ਲੇਖ ਪੜ੍ਹਿਆ ਜੋ ਉਨ੍ਹਾਂ ਦੀ ਜਨਮ ਸ਼ਤਾਬਦੀ ਬਾਰੇ ਸੀ। ਵਾਕਈ ਧੀਰ ਜੀ ਵਰਗਾ ਹੋਰ ਕੋਈ ਲਿਖਾਰੀ ਨਹੀਂ। ਉਨ੍ਹਾਂ ‘ਸਵੇਰ ਹੋਣ ਤੱਕ’ ਅਤੇ ‘ਕੋਈ ਇਕ ਸਵਾਰ’ ਵਰਗੀਆਂ ਅਮਰ ਕਹਾਣੀਆਂ ਲਿਖੀਆਂ। ਪੰਜਾਬੀ ਸਾਹਿਤ ਜਗਤ ਉਨ੍ਹਾਂ ਦਾ ਸਦਾ ਰਿਣੀ ਰਹੇਗਾ।
ਜਸਵੰਤ ਸੇਖੋਂ, ਜਲੰਧਰ
ਪੰਜਾਬ ਵਿਚ ਧਰੁਵੀਕਰਨ!
30 ਨਵੰਬਰ ਦੇ ਸੰਪਾਦਕੀ ‘ਵੋਟਾਂ ਦਾ ਧਰੁਵੀਕਰਨ’ ਵਿਚ ਤ੍ਰਿਪੁਰਾ ਦੀਆਂ ਨਗਰ ਨਿਗਮ ਚੋਣਾਂ ਅਤੇ ਯੂਪੀ, ਉਤਰਾਖੰਡ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹੋ ਰਹੇ ਵੋਟਾਂ ਦੇ ਧਰੁਵੀਕਰਨ ਬਾਰੇ ਲਿਖਿਆ ਹੈ। ਇਹ ਦੇਸ਼ ਅਤੇ ਸਮਾਜ ਲਈ ਗ਼ਲਤ ਰੁਝਾਨ ਹੈ ਪਰ ਲਿਖਤ ਵਿਚ ਪੰਜਾਬ ਦਾ ਜ਼ਿਕਰ ਨਹੀਂ। ਇਕ ਸਮਾਜ ਦਾ ਨਾਮ ਲੈ ਕੇ ਮੁੱਖ ਮੰਤਰੀ ਜਾਂ ਉੱਪ ਮੁੱਖ ਮੰਤਰੀ ਐਲਾਨਣਾ ਕੀ ਧਰੁਵੀਕਰਨ ਨਹੀਂ? ਕੀ ਯੋਗ ਹੁੰਦਿਆਂ ਵੀ ਕਿਸੇ ਨੂੰ ਧਰਮ ਕਾਰਨ ਮੁੱਖ ਮੰਤਰੀ ਦੀ ਦੌੜ ’ਚੋਂ ਬਾਹਰ ਕਰਨਾ ਧਰੁਵੀਕਰਨ ਨਹੀਂ ? ਮੁੱਖ ਮੰਤਰੀ ਦਾ ਚਿਹਰਾ ਐਲਾਨਣ ਤੋਂ ਵੀ ਪਹਿਲਾਂ ਇਹ ਦੱਸਣਾ ਕਿ ਉਹ ‘ਫਲਾਣੇ’ ਧਰਮ ਦਾ ਹੋਵੇਗਾ, ਕੀ ਧਰੁਵੀਕਰਨ ਨਹੀਂ?
ਰਾਵਿੰਦਰ ਫਫੜੇ, ਈਮੇਲ
ਗ਼ਲਤੀ ਦੁਹਰਾਈ
30 ਨਵੰਬਰ ਦੇ ਅੰਕ ਵਿਚ ਖੇਤੀ ਕਾਨੂੰਨਾਂ ਦੀ ਵਾਪਸੀ ਬਾਰੇ ਸੰਪਾਦਕੀ ਪੜ੍ਹਿਆ। ਸਹੀ ਹੈ ਕਿ ਕੇਂਦਰ ਸਰਕਾਰ ਨੇ ਕਾਨੂੰਨ ਲਾਗੂ ਕਰਨ ਵੇਲੇ ਜੋ ਗ਼ਲਤੀ ਕੀਤੀ ਸੀ, ਉਹ ਗ਼ਲਤੀ ਕਾਨੂੰਨ ਵਾਪਸੀ ਵੇਲੇ ਦੁਹਰਾਈ ਹੈ। ਅਸਲ ਵਿਚ ਸਰਕਾਰ ਬਹਿਸ ਤੋਂ ਭੱਜ ਰਹੀ ਹੈ।
ਐਡਵੋਕੇਟ ਕੰਵਲਜੀਤ ਸਿੰਘ ਕੁਟੀ, ਬਠਿੰਡਾ
ਉਡੀਕ
26 ਨਵੰਬਰ ਨੂੰ ਕੁਲਮਿੰਦਰ ਕੌਰ ਦਾ ਮਿਡਲ ‘ਉਮਰਾਂ ਜੇਡ ਉਡੀਕ’ ਪੜ੍ਹਿਆ। ਦਿਲਾਂ ਦੀ ਡੂੰਘਾਈ ਵਿਚ ਉੱਤਰਨ ਵਾਲਾ ਲੇਖ ਸੀ। ਧਨ ਦੌਲਤ ਕਮਾਉਣ ਲਈ ਅਸੀਂ ਆਪਣੀ ਜਨਮ ਭੂਮੀ ਅਤੇ ਰਿਸ਼ਤੇ ਨਾਤਿਆਂ, ਮਾਪਿਆਂ ਨੂੰ ਛੱਡ ਜਾਂਦੇ ਹਾਂ। ਫਿਰ ਵੀ ਧੀਆਂ ਦਾ ਚਿਤਾ ਨੂੰ ਅਗਨੀ ਦੇਣਾ ਸਾਡੇ ਸਮਾਜ ਦਾ ਅਗਾਂਹ ਵੱਲ ਪੁੱਟਿਆ ਕਦਮ ਹੈ।
ਅਨਿਲ ਕੌਸ਼ਿਕ, ਕਿਉੜਕ (ਕੈਥਲ, ਹਰਿਆਣਾ)
ਸਹੀ ਅਗਵਾਈ
20 ਨਵੰਬਰ ਦਾ ਸੰਪਾਦਕੀ ‘ਸਾਂਝੀਵਾਲਤਾ ਦੀ ਜਿੱਤ’ ਪੜ੍ਹਿਆ। ਪਹਿਲੀ ਗੱਲ ਤਾਂ ਇਹ ਕਿ ਅੰਦੋਲਨ ਦੀ ਸਫ਼ਲਤਾ ਕਿਸਾਨ ਜਥੇਬੰਦੀਆਂ ਦੀ ਏਕਤਾ ਅਤੇ ਉਨ੍ਹਾਂ ਦੇ ਨੇਤਾਵਾਂ ਦੀ ਸਮਝ ਅਤੇ ਠਰ੍ਹੰਮੇ ਕਾਰਨ ਹੀ ਸੰਭਵ ਹੋ ਸਕੀ ਹੈ। ਇਸ ਅੰਦੋਲਨ ਨੇ ਬਹੁਤ ਸਾਰੀਆਂ ਨਵੀਆਂ ਪਿਰਤਾਂ ਪਾਈਆਂ ਹਨ। ਸਾਬਤ ਹੋ ਗਿਆ ਹੈ ਕਿ ਲੋਕ ਸਥਾਪਿਤ ਸਿਆਸੀ ਪਾਰਟੀਆਂ ਵੱਲ ਦੇਖੇ ਬਿਨਾ ਵੀ ਆਪਣੇ ਲਈ ਨਵੇਂ ਟੀਚੇ ਸਿਰਜ ਸਕਦੇ ਹਨ ਅਤੇ ਪ੍ਰਾਪਤ ਵੀ ਕਰ ਸਕਦੇ ਹਨ। ਸ਼ਰਤ ਇਹ ਹੈ ਕਿ ਅਜਿਹੇ ਅੰਦੋਲਨਾਂ ਦੀ ਅਗਵਾਈ ਕਰਨ ਵਾਲੇ ਅਵਾਮ ਦੀ ਨਜ਼ਰ ਵਿਚੋਂ ਪਾਕ ਸਾਫ਼ ਹੋਣ। ਸਰਕਾਰਾਂ ਤਾਂ ਅੰਦਲਨ ਕੁਚਲਣ ਲਈ ਹਮੇਸ਼ਾ ਹੀ ਬਹੁਤ ਸਾਰੀਆਂ ਚਾਲਾਂ ਚੱਲਦੀਆਂ ਰਹਿੰਦੀਆਂ ਹਨ ਪਰ ਕਿਸਾਨ ਆਗੂਆਂ ਅਤੇ ਅੰਦੋਲਨਕਾਰੀਆਂ ਦੇ ਧੀਰਜ ਅਤੇ ਹਿੰਮਤ ਨੇ ਮੌਕੇ ਦੇ ਹੁਕਮਰਾਨਾਂ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ। ਇਸ ਤੋਂ ਪਹਿਲਾਂ 18 ਨਵੰਬਰ ਨੂੰ ਦਰਸ਼ਨ ਸਿੰਘ ਦਾ ਮਿਡਲ ‘ਭਰੋਸੇ ਦੀ ਬਹਾਲੀ’ ਦਿਲ ਨੂੰ ਟੁੰਬ ਗਿਆ।
ਬਿਕਰਮਜੀਤ ਸਿੰਘ, ਪਟਿਆਲਾ
ਦੀਦਾਰ ਦੇ ਦੀਦਾਰ
20 ਨਵੰਬਰ ਨੂੰ ਸੁਖਵਿੰਦਰ ਸਿੰਘ ਮੁੱਲਾਂਪੁਰ ਦਾ ਲੇਖ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਗੀਤਕਾਰ ਦੀਦਾਰ ਸੰਧੂ ਬਾਰੇ ਛਪਿਆ ਸੀ; ਪੜ੍ਹ ਕੇ ਲੱਗਾ ਜਿਵੇਂ ਸੱਚਮੁੱਚ ਹੀ ਦੀਦਾਰ ਦੇ ਦੀਦਾਰ ਹੋ ਗਏ ਹੋਣ। ਉਹਦੇ ਗੀਤਾਂ ਦੀਆਂ ਤਰਜ਼ਾਂ ਕੰਨਾਂ ਵਿਚ ਗੂੰਜਣ ਲੱਗੀਆਂ: ਨਾ ਮਾਰ ਜ਼ਾਲਮਾਂ ਵੇ, ਧੀ ਦਾ ਦਰਦ, ਫਾਟਕ ਕੋਟਕਪੂਰੇ ਦਾ ਤੇ ਹੋਰ ਗੀਤ ਅਜੇ ਵੀ ਕਿਤੇ ਨਾ ਕਿਤੇ ਸੁਣ ਜਾਂਦੇ ਹਨ।
ਲਖਵਿੰਦਰ ਸ਼ਰੀਂਹ ਵਾਲਾ, ਫਿਰੋਜ਼ਪੁਰ
ਅਹਿਮਕਾਨਾ ਬਿਆਨ
ਪ੍ਰਧਾਨ ਮੰਤਰੀ ਜੋ ਪ੍ਰਧਾਨ ਸੇਵਕ ਕਹਾ ਕੇ ਵਧੀਕ ਖੁਸ਼ ਹੁੰਦੇ ਹਨ, ਨੇ ਸਹੁੰ ਚੁੱਕਣ ਬਾਅਦ ਦੱਸਿਆ ਕਿ ਉਹ ਚਾਹ ਬਣਾਉਂਦੇ ਹੁੰਦੇ ਸਨ ਜਿਸ ਕਰਕੇ ਉਨ੍ਹਾਂ ਨੂੰ ‘ਚਾਏ ਵਾਲਾ’ ਕਿਹਾ ਜਾਂਦਾ ਸੀ। ਪਿਛਲੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਚਿਕਨ ਦੇ ਪਤੀਲੇ ਵਿਚ ਕੜਛਾ ਮਾਰਨ ਲੱਗੇ, ਸੁਖਬੀਰ ਸਿੰਘ ਬਾਦਲ ਜਲੇਬੀਆਂ ਤਲਣ ਲੱਗੇ ਅਤੇ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਦੀ ਬਿਜਲੀ ਦੇ ਖੰਭੇ ਉੱਪਰ ਚੜ੍ਹ ਕੇ ਫਿਊਜ਼ ਲਾਉਣ ਲੱਗਦੇ ਹਨ, ਕਦੀ ਦੱਸਦੇ ਹਨ ਕਿ ਉਹ ਰੱਸੇ ਵਿਚ ਨਾਗਵਲ ਪਾ ਲੈਂਦੇ ਹਨ, ਮੱਝ ਨਾ ਪਸਮੇ ਤਾਂ ਟੀਕਾ ਲਾ ਕੇ ਧਾਰ ਚੋ ਲੈਂਦੇ ਹਨ। ਇਹ ਸਾਰੇ ਲੀਡਰ ਝੂਠ ਨਹੀਂ ਬੋਲਦੇ, ਐਲਾਨੇ ਗਏ ਕੰਮ ਇਨ੍ਹਾਂ ਨੂੰ ਆਉਂਦੇ ਹੋਣਗੇ ਪਰ ਇਹ ਵੀ ਤਾਂ ਸਾਬਤ ਕਰਨ ਕਿ ਰਾਜ ਕਰਨਾ ਆਉਂਦਾ ਹੈ ਜਿਸ ਵਾਸਤੇ ਇਹ ਲੋਕਾਂ ਨੇ ਚੁਣੇ ਹਨ। ਇਕ ਵਾਰ ਡਾ. ਜੋਗਿੰਦਰ ਸਿੰਘ ਪੁਆਰ (ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਮੇਰੇ ਵਿਭਾਗ ਗੁਰੂ ਗੋਬਿੰਦ ਸਿੰਘ ਭਵਨ ਦਾ ਦੌਰਾ ਕਰਨ ਆਏ। ਆਉਂਦਿਆਂ ਸਾਰ ਗੁਸਲਖਾਨਿਆਂ ਵਿਚ ਜਾ ਵੜੇ ਤੇ ਸਫ਼ਾਈ ਸੇਵਕ ਤਲਬ ਕਰਕੇ ਕਹਿੰਦੇ–ਮੈਂ ਇੰਗਲੈਂਡ ਵਿਚ ਪੰਜ ਸਾਲ ਗੁਸਲਖਾਨਿਆਂ ਦੀ ਸਫ਼ਾਈ ਕਰਦਾ ਰਿਹਾ ਸਾਂ। ਜਿਸ ਮਕਾਨ ਵਿਚ ਸਫ਼ਾਈ ਕਰ ਆਉਂਦਾ, ਉਹ ਮਾਲਕ ਮਕਾਨ ਫਿਰ ਕਿਸੇ ਹੋਰ ਨੂੰ ਸਫ਼ਾਈ ਨਹੀਂ ਕਰਨ ਦਿੰਦਾ ਸੀ। ਮੈਨੂੰ ਲੱਗਾ, ਇਹ ਬੰਦਾ ਬਣਿਆ ਹੀ ਸਫ਼ਾਈ ਕਰਨ ਵਾਸਤੇ ਸੀ, ਬਾਕੀ ਖਲਜਗਣ ਐਵੇਂ ਇਸ ਦੇ ਗਲ ਪੈ ਗਿਆ। ਇਹੋ ਪ੍ਰਭਾਵ ਲੀਡਰਾਂ ਦੇ ਬਿਆਨਾਂ ਤੋਂ ਪੈਂਦਾ ਹੈ। ਜਿਹੜੇ ਕੰਮ ਇਨ੍ਹਾਂ ਨੂੰ ਆਉਂਦੇ ਹਨ, ਉਹੋ ਕਰਿਆ ਕਰਨ।
ਡਾ. ਹਰਪਾਲ ਸਿੰਘ ਪਨੂੰ, ਪਟਿਆਲਾ