ਪੁਖਤਾ ਕਦਮ
25 ਨਵੰਬਰ ਨੂੰ ਪਹਿਲੇ ਸਫੇ ਤੇ ਖ਼ਬਰ ਪੜ੍ਹੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ 150 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਸਰਕਾਰ ਭਰੇਗੀ। ਮੁੱਖ ਮੰਤਰੀ ਨੇ ਯੂਨੀਵਰਸਿਟੀ ਦੀ ਸਾਲਾਨਾ ਸਰਕਾਰੀ ਗਰਾਂਟ ਵੀ ਦੁੱਗਣੀ ਤੋਂ ਜਿ਼ਆਦਾ ਕਰ ਦਿੱਤੀ ਹੈ। ਇਹ ਸਿੱਖਿਆ ਦੇ ਖੇਤਰ ਦਾ ਸਹੀ ਤੇ ਪੁਖਤਾ ਕਦਮ ਹੈ।
ਪਰਮਪਾਲ ਕੌਰ, ਜਲੰਧਰ
ਸਾਂਝੀਵਾਲਤਾ ਦੀ ਜਿੱਤ
20 ਨਵੰਬਰ ਦਾ ਸੰਪਾਦਕੀ ‘ਸਾਂਝੀਵਾਲਤਾ ਦੀ ਜਿੱਤ’ ਕਿਸਾਨਾਂ ਦੇ ਬੇਮਿਸਾਲ ਅੰਦੋਲਨ ਲਈ ਸਲਾਮ ਹੈ। ਅੰਦੋਲਨ ਨੂੰ ਖਾਲਿਸਤਾਨੀ, ਮਾਓਵਾਦੀ, ਅਤਿਵਾਦੀ ਅਤੇ ਪ੍ਰਧਾਨ ਮੰਤਰੀ ਨੇ ਤਾਂ ਅੰਦੋਲਨਜੀਵੀ ਕਹਿ ਕੇ ਸਿਖਰ ਲਾ ਦਿੱਤੀ ਸੀ। ਉਂਜ ਪ੍ਰਧਾਨ ਮੰਤਰੀ ਨੂੰ ਇਹ ਕਾਨੂੰਨ ਵਾਪਸ ਲੈਣ ਦੀ ਮਜਬੂਰੀ ਪਿੱਛੇ ਸਹੀ ਕਾਰਨ ਫਰਵਰੀ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਾਰ ਦਾ ਖ਼ਤਰਾ ਸੀ। ਜੇ ਪ੍ਰਧਾਨ ਮੰਤਰੀ ਨੂੰ ਚੋਣਾਂ ਦਾ ਫਿਕਰ ਨਾ ਹੁੰਦਾ ਤਾਂ ਉਹ ਅਜਿਹੇ ਅੰਦੋਲਨਾਂ ਨੂੰ ਨਜ਼ਰ-ਅੰਦਾਜ਼ ਕਰ ਦਿੰਦਾ। ਇਸ ਬਾਰੇ ਖਬਰਦਾਰ ਰਹਿਣ ਦੀ ਲੋੜ ਹੈ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
(2)
20 ਨਵੰਬਰ ਦੇ ਸੰਪਾਦਕੀ ‘ਸਾਂਝੀਵਾਲਤਾ ਦੀ ਜਿੱਤ’ ਅਤੇ ਹਮੀਰ ਸਿੰਘ ਦੇ ਲੇਖ ‘ਕਿਸਾਨ ਅੰਦੋਲਨ ਦੀਆਂ ਅਗਲੀਆਂ ਜ਼ਿੰਮੇਵਾਰੀਆਂ’ ਨੇ ਕਿਸਾਨੀ ਸੰਘਰਸ਼ ਦੇ ਬਿਰਤਾਂਤ, ਇਸ ਦੀ ਅਹਿਮੀਅਤ ਦੀ ਗੱਲ ਕਰਦੇ ਹੋਏ ਭਵਿੱਖ ਦੀਆਂ ਜ਼ਿੰਮੇਵਾਰੀਆਂ ਦੀ ਗੱਲ ਕੀਤੀ ਹੈ। ਸੱਚਮੁੱਚ ਕਿਸਾਨਾਂ ਨੇ ਇਸ ਸੰਘਰਸ਼ ਰਾਹੀਂ ਇਤਿਹਾਸ ਸਿਰਜ ਦਿੱਤਾ ਹੈ। ਹੁਣ ਕਿਸਾਨਾਂ ਨੂੰ ਕਾਰਪੋਰੇਟੀ ਹਮਲੇ ਤੋਂ ਬਚਣ ਲਈ ਸਹਿਕਾਰੀ ਸੁਸਾਇਟੀਆਂ ਰਾਹੀਂ ਆਪਣੀ ਉਪਜ ਦਾ ਭਾਅ ਤੈਅ ਕਰਨ ਦੇ ਰਾਹ ਪੈਣਾ ਚਾਹੀਦਾ ਹੈ।
ਦਰਸ਼ਨ ਸਿੰਘ ਭੁੱਲਰ, ਬਠਿੰਡਾ
ਪਿੰਡ ਦਾ ਗੇੜਾ
12 ਨਵੰਬਰ ਦੇ ਅੰਕ ਵਿਚ ਅਵਤਾਰ ਸਿੰਘ ਬਿਲਿੰਗ ਦਾ ਮਿਡਲ ‘ਮਿੱਟੀ ਨਾਲ ਇਕਮਿਕ’ ਪੜ੍ਹਦਿਆਂ ਮੈਂ ਮਨ ਹੀ ਮਨ ਸੱਤਰ ਸਾਲ ਪਹਿਲਾਂ ਵਾਲੇ ਆਪਣੇ ਪਿੰਡ ਦੇ ਘਰਾਂ, ਖੇਤਾਂ ਅਤੇ ਜੂਹਾਂ ਦੇ ਗੇੜੇ ਕੱਢ ਆਇਆ। ਮੀਂਹ ਹਨੇਰੀ ਦੀ ਭਵਿੱਖਬਾਣੀ ਜੋ ਪੰਛੀਆਂ ਦੀਆਂ ਹਰਕਤਾਂ, ਹਵਾਵਾਂ ਦੇ ਰੁਖ਼ ਦੇਖ ਕੇ ਕੀਤੀ ਜਾਂਦੀ ਸੀ, ਸੱਚ ਹੁੰਦੀ ਸੀ। ਮੇਰੀ ਨਾਨੀ ਅੱਧੀ ਰਾਤ ਵੇਲੇ ਸ਼ਿਵਾਲਿਕ ਦੀਆਂ ਪਹਾੜੀਆਂ ਵੱਲ ਲਿਸ਼ਕਦੀ ਬਿਜਲੀ, ਪੱਛਮ ਜਾਂ ਪੂਰਬ ਵੱਲ ਚੱਲਦੀਆਂ ਹਵਾਵਾਂ ਤੋਂ ਅੰਦਾਜ਼ਾ ਲਾ ਕੇ ਆਪਣੀ ਸੋਟੀ ਚੁੱਕ ਬਾਹਰਲੇ ਡੰਗਰਾਂ ਵਾਲੇ ਕੋਠੇ ਆ ਕੇ, ਹਾਕਾਂ ਮਾਰ ਮਾਰ ਸਾਨੂੰ ਸੁੱਤਿਆਂ ਨੂੰ ਮੀਂਹ ਤੋਂ ਪਹਿਲਾਂ ਹੀ ਜਗਾ ਦਿੰਦੀ ਸੀ। ਹੁਣ ਦੇ ਮੌਸਮ ਵਿਭਾਗ ਨੂੰ ਮੀਂਹ ਹਨੇਰੀ ਆਉਣ ਦਾ ਇੰਨਾ ਪਤਾ ਨਹੀਂ ਹੁੰਦਾ, ਜਿੰਨਾ ਉਨ੍ਹਾਂ ਵੇਲਿਆਂ ਵਿਚ ਸਿੱਧੇ ਸਾਦੇ ਲੋਕਾਂ ਨੂੰ ਹੁੰਦਾ ਸੀ। ਲੇਖਕ ਨੇ ਜੋ ਨਿੱਕੇ ਨਿੱਕੇ ਵਹਿਮਾਂ ਭਰਮਾਂ ਬਾਰੇ ਲਿਖਿਆ ਹੈ, ਉਨ੍ਹਾਂ ਦਾ ਵੀ ਖ਼ਾਸ ਪਿਛੋਕੜ ਹੁੰਦਾ ਸੀ।
ਗੁਰਦਿਆਲ ਦਲਾਲ, ਦੋਰਾਹਾ (ਲੁਧਿਆਣਾ)
(2)
ਅਵਤਾਰ ਸਿੰਘ ਬਿਲਿੰਗ ਨੇ ‘ਮਿੱਟੀ ਨਾਲ ਇਕਮਿਕ’ (12 ਨਵੰਬਰ) ਵਿਚ ਸੱਚੇ-ਸੁੱਚੇ, ਸਾਦਗ਼ੀ ਅਤੇ ਕੁਦਰਤੀ ਵਰਤਾਰਿਆਂ ਨਾਲ ਜੁੜੇ ਲੋਕਾਂ ਦੀ ਮਨੋਦਸ਼ਾ ਨੂੰ ਬਿਆਨ ਕੀਤਾ ਹੈ। ਉਦੋਂ ਮਿੱਟੀ ਨਾਲ ਜੁੜੇ ਲੋਕ ਰੁੱਤਾਂ, ਪੰਛੀਆਂ ਤੇ ਕੀਟ-ਪਤੰਗਿਆਂ ਦੀ ਹਰਕਤ ਦੇਖ ਕੇ ਆਸਾਨੀ ਨਾਲ ਬਦਲਾਓ ਦੀ ਭਵਿੱਖਬਾਣੀ ਕਰ ਲੈਂਦੇ ਸਨ।
ਮਨਿੰਦਰਜੀਤ ਕੌਰ, ਪਿੰਡ ਮਹਿਲਾਂਵਾਲਾ (ਅੰਮ੍ਰਿਤਸਰ)
(3)
ਅਵਤਾਰ ਸਿੰਘ ਬਿਲਿੰਗ ਨੇ ਮਿਡਲ ‘ਮਿੱਟੀ ਨਾਲ ਇਕਮਿਕ’ ਵਿਚ ਕੁਦਰਤ ਨਾਲ ਜੁੜੀ ਲੋਕ ਸਮਝ ਪੇਸ਼ ਕੀਤੀ ਹੈ। ਅਸਲ ਵਿਚ ਕੁਦਰਤ ਨਾਲ ਜੁੜਨਾ ਹੀ ਵਿਗਿਆਨਕ ਹੋਣਾ ਹੈ। ਇਹੀ ਕਾਰਨ ਹੈ ਕਿ ਕੁਦਰਤ ਨਾਲ ਜੁੜੇ ਲੋਕਾਂ ਦੇ ਲਾਏ ਅਗਾਊਂ ਅਨੁਮਾਨ 100 ਫ਼ੀਸਦੀ ਸਹੀ ਹੁੰਦੇ ਹਨ।
ਹਰਵਿੰਦਰ ਸਿੰਘ ਰੋਡੇ, ਪਿੰਡ ਰੋਡੇ (ਮੋਗਾ)
ਵਾਤਾਵਰਨ ਖ਼ਰਾਬੀ
9 ਨਵੰਬਰ ਦੇ ਨਜ਼ਰੀਏ ਅੰਕ ਵਿਚ ਡਾ. ਗੁਰਿੰਦਰ ਕੌਰ ਦਾ ਲੇਖ ‘ਗਲਾਸਗੋ ਕਾਨਫ਼ਰੰਸ’ ਪੜ੍ਹ ਕੇ ਅਹਿਸਾਸ ਹੋਇਆ ਕਿ ਦਿਨੋ ਦਿਨ ਧਰਤੀ ਦਾ ਵਾਤਾਵਰਨ ਖ਼ਰਾਬ ਹੋ ਰਿਹਾ ਹੈ। ਕਾਨਫ਼ਰੰਸ ਆਫ਼ ਪਾਰਟੀਜ਼ ਵਿਚ ਬਹੁਤ ਹੀ ਕਮੀਆਂ ਰਹੀਆਂ, ਕੁਝ ਦੇਸ਼ਾਂ ਦੇ ਪ੍ਰਤੀਨਿਧੀ ਇਸ ਵਿਚ ਸ਼ਾਮਿਲ ਹੀ ਨਹੀਂ ਹੋਏ ਤੇ ਕੁਝ ਵੱਲੋਂ ਕੀਤੇ ਗਏ ਫ਼ੈਸਲੇ ਪਰਵਾਨ ਨਹੀਂ ਕੀਤੇ ਗਏ। ਹੁਣ ਵਾਤਾਵਰਨ ਬਾਰੇ ਠੋਸ ਫ਼ੈਸਲੇ ਕਰਨ ਦੀ ਲੋੜ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਬਰਬਾਦੀ ਤੋਂ ਬਚ ਸਕਣ।
ਜਸਦੀਪ ਕੌਰ, ਲੁਧਿਆਣਾ
(2)
ਡਾ. ਗੁਰਿੰਦਰ ਕੌਰ ਦੇ ਲੇਖ ‘ਗਲਾਸਗੋ ਕਾਨਫ਼ਰੰਸ’ ਵਿਚ ਵੱਖ ਵੱਖ ਦੇਸ਼ਾਂ ਵਿਚ ਕੀਤੀਆਂ ਕਾਨਫ਼ਰੰਸਾਂ ਕਿਸੇ ਵੀ ਸਿੱਟੇ ’ਤੇ ਨਹੀਂ ਪਹੁੰਚੀਆਂ ਪਰ ਇਨ੍ਹਾਂ ਕਾਨਫ਼ਰੰਸਾਂ ਦਾ ਮੁੱਦਾ ਬੜਾ ਅਹਿਮ ਹੈ। ਵਾਤਾਵਰਨ ਵਿਚ ਜ਼ਹਿਰੀਲੀਆਂ ਗੈਸਾਂ ਦੀ ਕਟੌਤੀ ਕਰਨਾ ਹੁਣ ਜ਼ਰੂਰੀ ਹੈ ਤਾਂ ਕਿ ਕੁਦਰਤੀ ਆਫ਼ਤਾਂ ਨੂੰ ਰੋਕਿਆ ਜਾ ਸਕੇ।
ਰਮਨਜੋਤ ਕੌਰ (ਥੂਹੀ)
ਹਰਜੀਤ ਅਟਵਾਲ ਦੇ ਲੇਖ
ਹਰਜੀਤ ਅਟਵਾਲ ਦੇ ਲੇਖ ਜਾਣਕਾਰੀ ਭਰਪੂਰ ਅਤੇ ਦਿਲਚਸਪ ਹੁੰਦੇ ਹਨ। ਲੰਡਨ ਦੀ ਸ਼ਾਨ: ਲੰਡਨ ਆਈ, ਲੇਖਕਾਂ ਦਾ ਮੱਕਾ ਸਟਰੈਟਫੋਰਡ ਅਤੇ ਲੰਡਨ ਦੇ ਖਾਨਾਬਦੋਸ਼ ਪੜ੍ਹ ਕੇ ਵੰਨਗੀ ਦਾ ਪਤਾ ਲਗਦਾ ਹੈ।
ਗੁਰਮੀਤ ਸਿੰਘ ਚੀਮਾ, ਈਮੇਲ
ਬਾਜ਼ਾਰ, ਦਵਾਈਆਂ ਤੇ ਸਿਹਤ ਦਾ ਰਿਸ਼ਤਾ
10 ਨਵੰਬਰ ਦੇ ਲੇਖ ‘ਬਾਜ਼ਾਰ, ਦਵਾਈਆਂ ਤੇ ਸਿਹਤ ਦਾ ਰਿਸ਼ਤਾ’ ਵਿਚ ਡਾ. ਸ਼ਿਆਮ ਸੁੰਦਰ ਦੀਪਤੀ ਨੇ ਦਵਾ ਕੰਪਨੀਆਂ ਬਾਬਤ ਜਾਣਕਾਰੀ ਸਾਂਝੀ ਕੀਤੀ ਹੈ। ਲੋਕ ਸਿਹਤ ਬਾਰੇ ਦਿਨੋ-ਦਿਨ ਜਾਗਰੂਕ ਹੋ ਰਹੇ ਹਨ ਤੇ ਸਮੇਂ ਸਮੇਂ ਸਿਰ ਟੈਸਟ ਵਗੈਰਾ ਵੀ ਕਰਵਾਉਂਦੇ ਹਨ ਪਰ ਖ਼ਾਸ ਸਕੀਮ ਅਧੀਨ ਬਿਮਾਰੀ ਦੀ ਮਾਪ-ਦੰਡ ਸੀਮਾ ਹੀ ਘਟਾ ਦਿੱਤੀ ਜਾਂਦੀ ਹੈ; ਸਿੱਟੇ ਵਜੋਂ ਜ਼ਿਆਦਾ ਤੋਂ ਜ਼ਿਆਦਾ ਲੋਕ ਬਿਮਾਰੀਆਂ ਦੇ ਘੇਰੇ ਵਿਚ ਆ ਜਾਂਦੇ ਹਨ ਤੇ ਡਰਦੇ ਮਾਰੇ ਦਵਾਈਆਂ ਤੇ ਡਾਕਟਰਾਂ ਦਾ ਸਹਾਰਾ ਲੈਣ ਲੱਗਦੇ ਹਨ। ਸਰਕਾਰਾਂ ਨੂੰ ਇਸ ਬਾਰੇ ਸੁਚੇਤ ਹੋਣ ਦੀ ਲੋੜ ਹੈ ਅਤੇ ਲੋਕਾਂ ਨੂੰ ਸਿਹਤ ਸੇਵਾਵਾਂ ਮੁਫ਼ਤ ਦੇ ਕੇ ਦਵਾ ਕੰਪਨੀਆਂ ਦਾ ਗ਼ਲਬਾ ਵੀ ਤੋੜਨਾ ਚਾਹੀਦਾ ਹੈ।
ਜਗਦੇਵ ਸਿੰਘ ਝੱਲੀ, ਪਿੰਡ ਚੌਕੀਮਾਨ (ਲੁਧਿਆਣਾ)