ਪੁਲਾੜੀ ਦੂਰਬੀਨ
ਆਉਂਦੇ ਦਸੰਬਰ ਵਿਚ ਦਾਗ਼ੇ ਜਾਣ ਵਾਲੀ ਜੇਮਜ਼ ਵੈੱਬ ਪੁਲਾੜੀ ਦੂਰਬੀਨ ਬਾਰੇ ਹਰਜੀਤ ਸਿੰਘ ਦਾ ਲੇਖ ‘ਹੱਬਲ ਦੀ ਉਤਰਾਧਿਕਾਰੀ ਜੇਮਜ਼ ਵੈੱਬ ਦੂਰਬੀਨ’ (ਸਤਰੰਗ, 6 ਨਵੰਬਰ) ਪੰਜਾਬੀ ਪਾਠਕਾਂ ਲਈ ਰੌਚਿਕ ਅਤੇ ਗਿਆਨ ਵਧਾਊ ਲੇਖ ਸੀ। ਲੇਖਕ ਨੇ ਉਮਰ ਹੰਢਾ ਚੁੱਕੀ ਹੱਬਲ ਟੈਲੀਸਕੋਪ ਦੀ ਸਮਰੱਥਾ ਨੂੰ ਬੜੇ ਹੀ ਵਿਗਿਆਨਕ ਢੰਗ ਨਾਲ ਸਮਝਾਉਣ ਦਾ ਯਤਨ ਕੀਤਾ ਹੈ ਕਿ ਕਿਵੇਂ ਨਵੀਂ ਦੂਰਬੀਨ ਇਸ ਤੋਂ ਵਧੇਰੇ ਸਮਰੱਥ ਹੋਵੇਗੀ। ਜੇਮਜ਼ ਵੈੱਬ ਮਸ਼ੀਨ ਦਾ ਅਠਾਰਾਂ ਸ਼ਟਕੋਣੀ ਮਿਰਰਾਂ ਨਾਲ ਬਣਾਇਆ ਕੰਪਾਊਂਡ ਮਿਰਰ ਕਈ ਗੁਣਾ ਵਧੇਰੇ ਖੇਤਰਫ਼ਲ ਵਿਚੋਂ ਰੋਸ਼ਨੀ ਇਕੱਤਰ ਕਰੇਗਾ ਅਤੇ ਨਾਲ ਹੀ ਹੁਣ ਦੀ ਦੂਰਬੀਨ ਇਨਫ਼ਰਾ ਰੈੱਡ ਸਪੈਕਟਰਮ ਕਾਬਲੀਅਤ ਕਾਰਨ ਬ੍ਰਹਿਮੰਡ ਦੇ ਧੁਰ ਅੰਦਰੋਂ ਉਪਜੀਆਂ ਤਸਵੀਰਾਂ ਨੂੰ ਜ਼ਿਆਦਾ ਸਪੱਸ਼ਟ ਕਰਕੇ ਦਿਖਾਏਗੀ। ਖ਼ਾਸ ਅਚੰਭੇ ਵਾਲੀ ਗੱਲ ਹੈ ਕਿ ਇਸ ਦੇ 6-7 ਟਨ ਵਜ਼ਨੀ ਅਤੇ ਨਾਜ਼ੁਕ ਸ਼ੀਸ਼ੇ ਨੂੰ ਫੋਲਡ ਕਰ ਕੇ ਪੁਲਾੜ ਵਿਚ ਭੇਜਣਾ, ਖੋਲ੍ਹਣਾ ਅਤੇ ਦਾਗ਼ਣਾ ਹੈ। ਬ੍ਰਹਿਮੰਡ ਦੇ ਰਹਿੰਦੇ ਰਹੱਸ ਵੀ ਹੁਣ ਸਾਕਾਰ ਹੋਣ ਵਾਲੇ ਹਨ ਪਰ ਅਸੀਂ ਅਜੇ ਵੀ ਕਿਸੇ ਰਚਨਾਕਾਰ, ਕਿਸੇ ਰੱਬ, ਕਿਸੇ ਈਸ਼ਵਰ ਨੂੰ ਤਲਾਸ਼ ਰਹੇ ਹਾਂ।
ਪ੍ਰੋ. ਮੋਹਣ ਸਿੰਘ, ਅੰਮ੍ਰਿਤਸਰ
ਕੱਛੂਕੁੰਮਿਆਂ ਦਾ ਸੰਸਾਰ
ਸਤਰੰਗ ਪੰਨੇ ’ਤੇ ਹਰੀ ਕ੍ਰਿਸ਼ਨ ਮਾਇਰ ਦੀ ਕਹਾਣੀ ‘ਕੱਛੂਕੁੰਮਿਆਂ ਦਾ ਟੋਭਾ’ (6 ਨਵੰਬਰ) ਪੜ੍ਹੀ। ਟਰਟਲ ਤੇ ਟਰਟੁਆਇਸ ਬਾਰੇ ਦੱਸਣਾ ਚਾਹੁੰਦਾ ਹਾਂ ਕਿ ਇਹ ਦੋ ਵੱਖਰੀਆਂ ਜਾਤੀਆਂ ਹਨ, ਟਰਟੁਆਇਸ ਦੇ ਪੈਰ ਅਤੇ ਲੱਤਾਂ ਹੁੰਦੀਆਂ ਹਨ ਜਦੋਂ ਕਿ ਟਰਟਲ ਦੇ ਪੈਡਲ ਹੁੰਦੇ ਹਨ, ਕੱਛੂਕੁੰਮੇ ਤਾਜ਼ੇ ਪਾਣੀ ਵਿਚ ਹੁੰਦੇ ਹਨ ਜਦੋਂ ਕਿ ਟਰਟਲ ਸਮੁੰਦਰੀ ਪਾਣੀ ਵਿਚ।
ਕੁਲਜਿੰਦਰ ਸਿੰਘ, ਬਸੀ ਪਠਾਣਾਂ
ਦੀਵਿਆਂ ਦੀ ਕਤਾਰ
30 ਅਕਤੂਬਰ ਦੇ ਸਤਰੰਗ ਪੰਨੇ ’ਤੇ ਮਿੱਟੀ ਦੇ ਦੀਵਿਆਂ ਦੀ ਲੋਅ ਦੇਖ ਕੇ ਮਨ ਪ੍ਰਸੰਨ ਹੋਇਆ। ਇਸ ਰਚਨਾ ਦੇ ਲੇਖਕ ਡਾ. ਪ੍ਰਿਤਪਾਲ ਸਿੰਘ ਮਹਿਰੋਕ ਨੇ ਦੀਵਾਲੀ ਦੇ ਇਤਿਹਾਸ ਅਤੇ ਇਸ ਦੇ ਸੁਨੇਹੇ ਬਾਰੇ ਗੱਲ ਕੀਤੀ ਹੈ। ਕਾਲੀ ਹਨੇਰੀ ਰਾਤ ਨੂੰ ਕਤਾਰਾਂ ਵਿਚ ਜਗਦੇ ਦੀਵੇ ਹਰ ਇਕ ਦਾ ਮਨ ਮੋਹ ਲੈਂਦੇ ਹਨ। ਘਰਾਂ ਦੇ ਬਨੇਰਿਆਂ, ਵਿਹੜਿਆਂ, ਦੁਕਾਨਾਂ ਅਤੇ ਖੇਤਾਂ ਵਿਚ ਜਗਦੇ ਇਹ ਦੀਵੇ ਖੁਸ਼ਹਾਲੀ, ਆਪਸੀ ਸਾਂਝ ਅਤੇ ਕੁਦਰਤ ਨਾਲ ਸੰਤੁਲਨ ਬਣਾ ਕੇ ਚੱਲਣ ਦੀ ਪ੍ਰੇਰਨਾ ਦਿੰਦੇ ਹਨ। ਇਸ ਤਿਉਹਾਰ ਮੌਕੇ ਹਰ ਭਾਰਤਵਾਸੀ ਨੂੰ ਪ੍ਰਦੂਸ਼ਣ ਰਹਿਤ ਅਤੇ ਵਾਤਾਵਰਨ ਪੱਖੀ ਦੀਵਾਲੀ ਮਨਾਉਣ ਦਾ ਹਲਫ਼ ਲੈਣਾ ਚਾਹੀਦਾ ਹੈ। ਆਤਿਸ਼ਬਾਜ਼ੀ, ਚੋਰ ਬਾਜ਼ਾਰੀ ਵਾਲੀਆਂ ਵਸਤੂਆਂ, ਬੇਲੋੜੇ ਦਿਖਾਵੇ ਅਤੇ ਖ਼ਰਚਿਆਂ ਤੋਂ ਗੁਰੇਜ਼ ਕਰਨ ਦੀ ਜ਼ਰੂਰਤ ਹੈ।
ਕੁਲਦੀਪ ਸਿੰਘ ਥਿੰਦ, ਪਿੰਡ ਬਾਰਨਾ (ਕੁਰੂਕਸ਼ੇਤਰ)
ਕਿਰਤੀ ਤਬਕਾ
ਕਰਮਜੀਤ ਕੌਰ ਮੁਕਤਸਰ ਨੇ ਆਪਣੇ ਮਿਡਲ ‘ਚਾਹ ਦੀ ਘੁੱਟ’ (28 ਅਕਤੂਬਰ) ਰਾਹੀਂ ਸਮਾਜ ਦੇ ਆਰਥਿਕ ਤੇ ਪਛੜੇ ਕਿਰਤੀ ਤਬਕੇ ਦੇ ਜੀਵਨ ਸੰਘਰਸ਼ ਦੀ ਦਾਸਤਾਨ ਪੇਸ਼ ਕੀਤੀ ਹੈ। ਦੇਸ਼ ਦੇ ਵਿਕਾਸ ਕਾਰਜਾਂ ਵਿਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਕਿਰਤੀ ਮੁਢਲੀਆਂ ਲੋੜਾਂ ਤੋਂ ਵੀ ਵਾਂਝੇ ਹਨ। ਹਰ ਸਮੇਂ ਵਿਕਾਸ ਦੀਆਂ ਗੱਲਾਂ ਕਰਨ ਵਾਲੇ ਸਾਡੇ ਦੇਸ਼ ਦੇ ਪ੍ਰਧਾਨ ਨੇਤਾ ਇਸ ਵਰਗ ਬਾਰੇ ਵੀ ਵਿਚਾਰ ਕਰ ਲੈਣ।
ਕੁਲਮਿੰਦਰ ਕੌਰ, ਮੁਹਾਲੀ
ਕਰਜ਼ਿਆਂ ਦਾ ਮੱਕੜਜਾਲ
26 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਅਮਨਦੀਪ ਸੰਤਨਗਰ ਦੀ ਰਚਨਾ ‘ਮਾਇਕਰੋ ਫਾਇਨਾਂਸ ਕੰਪਨੀਆਂ ਦਾ ਮੱਕੜਜਾਲ ਅਤੇ ਕਿਰਤੀ ਲੋਕ’ ਸੱਚ ਬਿਆਨ ਕਰਦੀ ਹੈ। ਆਮ ਕਰਕੇ ਜਦੋਂ ਕੰਪਨੀਆਂ ਵਾਲੇ ਕਿਸ਼ਤਾਂ ਭਰਵਾਉਣ ਆਉਂਦੇ ਹਨ ਤਾਂ ਮਾਹੌਲ ਤਣਾਅਪੂਰਨ ਹੋ ਜਾਂਦਾ ਹੈ। ਕਈ ਥਾਈਂ ਤਾਂ ਹਾਲਾਤ ਲੜਾਈ ਝਗੜੇ ਵਾਲੇ ਹੋ ਚੁੱਕੇ ਹਨ। ਲੋਕ ਹੱਦੋਂ ਜ਼ਿਆਦਾ ਵਿਆਜ ਕਰਕੇ ਕਿਸ਼ਤਾਂ ਭਰ ਨਹੀਂ ਸਕਦੇ। ਸਰਕਾਰ ਨੂੰ ਗ਼ਰੀਬਾਂ ਦੇ ਸਾਰੇ ਕਰਜ਼ੇ ਮੁਆਫ਼ ਕਰਨੇ ਚਾਹੀਦੇ ਹਨ।
ਜਗਜੀਤ ਸਿੰਘ, ਈਮੇਲ
ਪਛੜ ਰਿਹਾ ਭਾਰਤ
22 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਡਾ. ਗਿਆਨ ਸਿੰਘ ਦਾ ਲੇਖ ‘ਭਾਰਤ ਵਿਚ ਭੁੱਖਮਰੀ ਅਤੇ ਸਰਕਾਰ ਦੀ ਪਹੁੰਚ’ ਪੜ੍ਹਿਆ। ਇਹ ਚਿੰਤਾ ਵਾਲੀ ਗੱਲ ਹੈ ਕਿ ਭਾਰਤ ਹਰ ਪੱਖੋਂ ਪਛੜ ਰਿਹਾ ਹੈ। ਇਕ ਪਾਸੇ ਸਾਡੇ ਨੇਤਾ ਵਿਸ਼ਵ ਗੁਰੂ ਬਣਨ ਦੀਆਂ ਫੜ੍ਹਾਂ ਮਾਰਦੇ ਨਹੀਂ ਥੱਕਦੇ, ਦੂਜੇ ਪਾਸੇ ਆਬਾਦੀ ਦਾ ਚੌਥਾ ਹਿੱਸਾ ਅੱਧਾ ਭੁੱਖਾ ਤੇ ਅੱਧਾ ਨੰਗਾ ਸੌਣ ਲਈ ਮਜਬੂਰ ਹੈ। ਦੇਸ਼ ਦੇ ਨੇਤਾਵਾਂ ਨੂੰ ਕੁਝ ਕੁ ਕਾਰਪੋਰੇਟ ਘਰਾਣਿਆਂ ਦਾ ਫ਼ਿਕਰ ਹੈ, ਬਾਕੀ ਜਨਤਾ ਦੀ ਕੋਈ ਚਿੰਤਾ ਨਹੀਂ।
ਸੁਖਦੇਵ ਸਿੰਘ ਭੁੱਲੜ, ਸੁਰਜੀਤਪੁਰਾ (ਬਠਿੰਡਾ)
ਬਚਪਨ ਦੀ ਯਾਦ
22 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਰਾਜ ਰਿਸ਼ੀ ਦਾ ਮਿਡਲ ‘ਪੰਜ ਰੁਪਈਏ ’ਚ ਸ਼ਾਹ ਖ਼ਰਚ ਅਤੇ ਮਹਾਂਦਾਨ’ ਪੜ੍ਹ ਕੇ ਸੱਚਮੁੱਚ ਬਚਪਨ ਯਾਦ ਆ ਗਿਆ। ਸੰਨ 1970 ਦੇ ਨੇੜੇ ਤੇੜੇ ਅਤੇ ਉਸ ਤੋਂ ਪਹਿਲਾਂ ਜਨਮੇ ਸਾਰੇ ਹੀ ਸ਼ਹਿਰਾਂ ਵਾਲੇ ਚਟਪਟੇ ਖਾਣ ਪੀਣ ਤੋਂ ਕੋਹਾਂ ਦੂਰ ਸਨ। ਇਸ ਦਾ ਪਹਿਲਾ ਕਾਰਨ ਸ਼ਹਿਰ ਜਾਣ ਦੇ ਮੌਕੇ ਘੱਟ ਹੀ ਸਨ ਤੇ ਘਰਾਂ ਦੀ ਤੰਗੀ ਤੁਰਸ਼ੀ ਵੀ ਵੱਡਾ ਕਾਰਨ ਸੀ।
ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ
ਉਰਦੂ ਸ਼ਬਦਾਂ ਦੀ ਭਰਮਾਰ
ਹਰ ਸ਼ਨਿੱਚਰਵਾਰ ਮਨਦੀਪ ਸਿੰਘ ਸਿੱਧੂ ਦਾ ਕੋਈ ਨਾ ਕੋਈ ਲੇਖ ਛਪਦਾ ਹੈ। ਹਰ ਲੇਖ ਵਿਚ ਉਰਦੂ ਦੇ ਬਹੁਤ ਭਾਰੇ ਸ਼ਬਦ ਵਰਤੇ ਜਾਂਦੇ ਹਨ। ਜਦੋਂ ਪੜ੍ਹਿਆ ਅੱਖਰ ਸਮਝ ਹੀ ਨਾ ਆਇਆ ਤਾਂ ਪੜ੍ਹਨ ਦਾ ਕੀ ਫ਼ਾਇਦਾ? 2 ਅਕਤੂਬਰ ਨੂੰ ਕੇ ਦੀਪ ਅਤੇ 9 ਅਕਤੂਬਰ ਨੂੰ ਆਈ ਐੱਸ ਜੌਹਰ ਬਾਰੇ ਲੇਖ ਛਪੇ ਹਨ। ਕੇ ਦੀਪ ਇੰਨਾ ਵਧੀਆ ਗਾਇਕ ਨਹੀਂ ਸੀ, ਹਾਂ ਆਪਣੀ ਪਤਨੀ ਜਗਮੋਹਣ ਕੌਰ ਜੋ ਉਸ ਦੇ ਨਾਲ ਗਾਉਂਦੀ ਸੀ, ਦਾ ਬਹੁਤ ਵਧੀਆ ਸਕੱਤਰ ਜ਼ਰੂਰ ਸੀ ਪਰ ਲੇਖਕ ਉਨ੍ਹਾਂ ਦੀ ਗਾਇਕੀ ਨੂੰ ਫ਼ਿਲਮਾਂ ਵਿਚੋਂ ਹੀ ਬਾਹਰ ਨਹੀਂ ਕੱਢ ਸਕਿਆ।
ਜੌਹਰ ਵਾਲਾ ਲੇਖ ਗੀਤਾਂ ਦੇ ਜ਼ਿਕਰ ਨਾਲ ਭਰਿਆ ਪਿਆ ਹੈ। ਗੀਤ ਕਿਸ ਨੇ ਲਿਖੇ, ਕਿਸ ਨੇ ਗਾਏ, ਕਿਸ ਨੇ ਪਸੰਦ ਕੀਤੇ, ਇਸ ਦਾ ਜੌਹਰ ਨਾਲ ਕੀ ਸਬੰਧ ਹੋਇਆ? ਉਰਦੂ ਸ਼ਬਦਾਂ ਦੀ ਭਰਮਾਰ ਪੜ੍ਹਨ ਦਾ ਸੁਆਦ ਉਂਜ ਹੀ ਮਾਰ ਦਿੰਦੀ ਹੈ।
ਬਲਜੀਤ ਕੌਰ ਢਿੱਲੋਂ, ਪਿੰਡ ਬਾਗੜੀਆਂ (ਮਲੇਰਕੋਟਲਾ)
ਕਾਲਜੇ ਦੀ ਚੀਸ
6 ਨਵੰਬਰ ਨੂੰ ਸਾਂਵਲ ਧਾਮੀ ਦਾ ਲੇਖ ‘ਰੂਹ ਦੇ ਜ਼ਖ਼ਮ’ ਜੋ ਪਾਕਿਸਤਾਨ ਭਾਰਤ ਵੰਡ ਦੇ ਦੁਖੜਿਆਂ ਬਾਰੇ ਲਿਖਿਆ ਹੈ, ਪੜ੍ਹਦਿਆਂ ਅੱਖਾਂ ਵਿਚੋਂ ਪਾਣੀ ਆਪ ਮੁਹਾਰੇ ਵਹਿ ਤੁਰਿਆ। ਬਹੁਤ ਦਰਦ ਭਰੀ ਕਹਾਣੀ ਹੈ ਇਹ। ਇਸ ਵਰਤਾਰੇ ਨੂੰ ਭਾਵੇਂ ਸੱਤ ਦਹਾਕਿਆਂ ਤੋਂ ਵੱਧ ਸਮਾਂ ਹੋ ਗਿਆ ਪਰ ਉਸ ਦੀ ਚੀਸ ਕਾਲਜੇ ਵਿਚ ਅਜੇ ਵੀ ਪੈਂਦੀ ਹੈ। ਇਸੇ ਦਿਨ ਹਰਜੀਤ ਸਿੰਘ ਦਾ ਲੇਖ ‘ਹੱਬਲ ਦਾ ਉੱਤਰਾਧਿਕਾਰੀ ਜੇਮਜ਼ ਵੈੱਬ ਦੂਰਬੀਨ’ ਪੜ੍ਹਿਆ। ਹੱਬਲ ਦੂਰਬੀਨ ਤੋਂ ਬਾਅਦ ਵੈੱਬ ਦੂਰਬੀਨ ਜੋ ਪੁਲਾੜ ਵਿਚ ਧਰਤੀ ਤੋਂ 15 ਲੱਖ ਕਿਲੋਮੀਟਰ ਦੂਰ ਆਪਣਾ ਕੰਮ ਕਰੇਗੀ, ਵਿਗਿਆਨੀਆਂ ਨੂੰ ਬ੍ਰਹਿਮੰਡ ਬਾਰੇ ਹੋਰ ਜਾਣਕਾਰੀ ਮਿਲੇਗੀ, ਗਿਆਨ ਵਿਚ ਹੋਰ ਵਾਧਾ ਹੋਵੇਗਾ, ਆਸ ਕਰਦੇ ਹਾਂ ਕਿ ਨਵੀਆਂ ਖੋਜਾਂ ਮਨੁੱਖਤਾ ਲਈ ਹੋਰ ਫਾਇਦੇਮੰਦ ਹੋਣਗੀਆਂ।
ਲਖਵਿੰਦਰ ਸ਼ਰੀਂਹ ਵਾਲਾ, ਫਿਰੋਜ਼ਪੁਰ