ਕਾਂਗਰਸ ਦੀ ਮੁਸ਼ਕਿਲ
27 ਅਕਤੂਬਰ ਦਾ ਸੰਪਾਦਕੀ ‘ਵਿਚਾਰਧਾਰਕ ਲੜਾਈ’ ਪੜ੍ਹਿਆ। ਇਸ ਵਿਚ ਕਾਂਗਰਸ ਦੀ ਦੁਬਿਧਾ ਅਤੇ ਮਾੜੀ ਕਾਰਗੁਜ਼ਾਰੀ ਦਾ ਵਿਸ਼ਲੇਸ਼ਣ ਹੈ। ਕਾਂਗਰਸ ਦਾ ਦੁਖਾਂਤ ਇਹ ਹੈ ਕਿ ਬੀਜੇਪੀ ਸਰਕਾਰ ਉਸ ਦੀਆਂ ਹੀ ਆਰਥਿਕ ਨੀਤੀਆਂ ਨੂੰ ਬੜੀ ਤੇਜ਼ੀ ਨਾਲ ਲਾਗੂ ਕਰ ਰਹੀ ਹੈ। ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਕਾਰਪੋਰੇਟ ਪੱਖੀ ਹੈ; ਡਾ. ਮਨਮੋਹਨ ਸਿੰਘ ਜੋ ਸੰਸਾਰ ਬੈਂਕ ਵਿਚ ਉੱਚੇ ਅਹੁਦੇ ’ਤੇ ਰਹੇ, ਨੂੰ ਅਰਥਚਾਰੇ ਦੀ ਕਮਾਨ ਸੰਭਾਲਣ ਦਾ ਇਹੋ ਕਾਰਨ ਸੀ ਕਿ ਉਹ ਨਵਉਦਾਰਵਾਦੀ ਨੀਤੀਆਂ ਨੂੰ ਚੰਗੀ ਤਰ੍ਹਾਂ ਲਾਗੂ ਕਰ ਸਕਣਗੇ। ਮੋਦੀ ਸਰਕਾਰ ਇਨ੍ਹਾਂ ਨੀਤੀਆਂ ਨੂੰ ਲਾਗੂ ਕਰਨ ਦੇ ਨਾਲ ਨਾਲ ਮੁਲਕ ਵਿਚ ਧਰਮ ਆਧਾਰਿਤ ਵਰਗੀਕਰਨ ਵੀ ਕਰ ਰਹੀ ਹੈ। ਇਸੇ ਕਰਕੇ ਕਾਂਗਰਸ ਨੂੰ ਭਾਜਪਾ ਨੂੰ ਟੱਕਰ ਦੇਣ ਵਿਚ ਮੁਸ਼ਕਿਲ ਆ ਰਹੀ ਹੈ।
ਪਵਨ ਕੁਮਾਰ ਕੌਸ਼ਲ, ਦੋਰਾਹਾ
ਚਾਨਣ ਦੀ ਜਿੱਤ
27 ਅਕਤੂਬਰ ਦੇ ਮਿਡਲ ‘ਚਾਨਣ ਦੀ ਜਿੱਤ’ ਵਿਚ ਮੋਹਨ ਸ਼ਰਮਾ ਨੇ ਇਕ ਪਿੰਡ ਵਿਚ ਨਸ਼ਿਆਂ ਦੇ ਕਹਿਰ ਦੀ ਕਹਾਣੀ ਸੁਣਾਈ ਹੈ ਕਿ ਕਿਸ ਤਰ੍ਹਾਂ ਪਿੰਡ ਨੂੰ ਇਸ ਦਲਦਲ ਵਿਚੋਂ ਕੱਢਣ ਦਾ ਯਤਨ ਕੀਤਾ ਗਿਆ। ਇਸੇ ਦੇ ਨਤੀਜੇ ਵਜੋਂ ਸਬੰਧਿਤ ਪਿੰਡ ਦੇ ਵਸਨੀਕਾਂ ਦੇ ਚਿਹਰਿਆਂ ’ਤੇ ਮੁਸਕਰਾਹਟ ਦਾ ਤੈਰਨਾ ਸੱਚੀ ਹੀ ਉਦਾਸੀ ਦੇ ਹਨੇਰੇ ’ਤੇ ਚਾਨਣ ਦੀ ਜਿੱਤ ਸੀ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
(2)
ਮੋਹਨ ਸ਼ਰਮਾ ਦੀ ਰਚਨਾ ‘ਚਾਨਣ ਦੀ ਜਿੱਤ’ ਪ੍ਰੇਰਨ ਵਾਲੀ ਹੈ। ਜਨਤਾ ਜਦੋਂ ਇਕ ਝੰਡੇ ਥੱਲੇ ਖਲੋ ਕੇ ਤਹੱਈਆ ਕਰ ਲੈਂਦੀ ਹੈ ਤਾਂ ਮੁਸ਼ਕਿਲ ਕੰਮ ਵੀ ਹੱਲ ਕਰ ਲੈਂਦੀ ਹੈ।
ਗੁਰਮੀਤ ਸਿੰਘ, ਵੇਰਕਾ
ਰਾਖਵਾਂਕਰਨ ਦਾ ਟੀਕਾ
26 ਅਕਤੂਬਰ ਦਾ ਸੰਪਾਦਕੀ ‘ਫੈਡਰਲਿਜ਼ਮ ਦਾ ਮੁੱਦਾ’ ਪੜ੍ਹਿਆ ਜਿਸ ਦੇ ਅਖ਼ੀਰ ਵਿਚ ਆਈਐੱਨਏ ਦਾ ਜ਼ਿਕਰ ਕੀਤਾ ਹੈ ਪਰ Investigation ਨੂੰ ਪੰਜਾਬੀ ’ਚ ‘ਸੁਰੱਖਿਆ’ ਲਿਖਿਆ ਹੈ। ਲੰਘੇ ਐਤਵਾਰ ਨਰਿੰਦਰ ਸਿੰਘ ਕਪੂਰ ਦੇ ਲੇਖ ‘ਪ੍ਰੀਖਿਆਵਾਂ ਦੀ ਬਦਲ ਰਹੀ ਤਕਨੀਕ’ ਦੇ ਅਖ਼ੀਰ ਵਿਚ ਰਾਖਵੇਂਕਰਨ ਨੂੰ ਤੂੜੀ ਦੱਸਿਆ ਗਿਆ ਹੈ। ਰਾਖਵਾਂਕਰਨ ਇਸ ਲੇਖ ਦਾ ਵਿਸ਼ਾ ਨਹੀਂ ਸੀ। ਉਂਜ ਵੀ ਰਾਖਵੇਂਕਰਨ ਦੇ ਮੁੱਦੇ ’ਤੇ ਲੇਖਕ ਦੇ ਵੱਖਰੇ ਵਿਚਾਰ ਹੋ ਸਕਦੇ ਹਨ, ਉਸ ਲਈ ਉਹ ਅਲੱਗ ਲੇਖ ਲਿਖੇ ਪਰ ਇਸ ਲੇਖ ’ਚ ਵੱਖੀ ਤੋਂ ਅਜਿਹਾ ਟੀਕਾ ਲਾਉਣਾ ਸੋਭਦਾ ਨਹੀਂ।
ਗੁਰਿੰਦਰਜੀਤ ਸਿੰਘ, ਪਿੰਡ ਮੁਠੱਡਾ ਕਲਾਂ (ਜਲੰਧਰ)
ਸੁਧਾਰ ਦੀ ਲੋੜ
25 ਅਕਤੂਬਰ ਦੇ ਸੰਪਾਦਕੀ ‘ਨਿਆਂ ਪ੍ਰਬੰਧ ’ਚ ਸੁਧਾਰ’ ’ਚ ਸਹੀ ਕਿਹਾ ਹੈ ਕਿ ਨਿਆਂ ਪ੍ਰਬੰਧ ’ਚ ਸੁਧਾਰਾਂ ਦੀ ਲੋੜ ਹੈ।
ਗੁਰਦਿਆਲ ਸਹੋਤਾ, ਲੁਧਿਆਣਾ
ਜਮਹੂਰੀਅਤ ਨੂੰ ਹੁਲਾਰਾ
23 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਜ਼ੋਇਆ ਹਸਨ ਦਾ ਲੇਖ ‘ਲਖੀਮਪੁਰ ਘਟਨਾ ਅਤੇ ਸਮੁੱਚਾ ਸਿਆਸੀ ਬਿਰਤਾਂਤ’ ਕਿਸਾਨੀ ਸੰਘਰਸ਼ ਦੇ ਲੋਕ ਅੰਦੋਲਨ ਬਣ ਜਾਣ ਦਾ ਵਰਨਣ ਹੈ। ਇਹ ਲਾਸਾਨੀ ਕਿਸਾਨ ਅੰਦੋਲਨ ਯਕੀਨੀ ਤੌਰ ’ਤੇ ਜਮਹੂਰੀਅਤ ਨੂੰ ਹੁਲਾਰਾ ਦੇ ਰਿਹਾ ਹੈ। ਇਸੇ ਹੀ ਪੰਨੇ ਦਾ ਸੰਪਾਦਕੀ ‘ਮਾਈਨਰ ਕਹਿਣ ਪਿਛਲੀ ਮਾਨਸਿਕਤਾ’ ਵਿਚ ਭਾਸ਼ਾ ਦਾ ਮੁੱਦਾ ਉਠਾ ਕੇ ਸੂਬਿਆਂ ਨੂੰ ਸੀਬੀਐੱਸਈ ਦੁਆਰਾ ਸਥਾਨਕ ਭਾਸ਼ਾਵਾਂ ਨੂੰ ਗੌਣ/ਅਲਪ ਵਿਸ਼ੇ ਵਜੋਂ ਦੇਖੇ ਜਾਣ ਦਾ ਵਿਰੋਧ ਕਰਨ ਲਈ ਪ੍ਰੇਰਿਆ ਗਿਆ ਹੈ।
ਕੁਲਦੀਪ ਰੋਮਾਣਾ, ਬਠਿੰਡਾ
(2)
ਸੰਪਾਦਕੀ ‘ਮਾਈਨਰ ਕਹਿਣ ਪਿਛਲੀ ਮਾਨਸਿਕਤਾ’ ਵਿਚ ਸਪੱਸ਼ਟ ਹੈ ਕਿ ਭਾਰਤ ਦੇ ਸੰਵਿਧਾਨ ਦੇ ਅੱਠਵੇਂ ਸ਼ਡਿਊਲ ਵਿਚ 22 ਭਾਸ਼ਾਵਾਂ ਹਨ ਜਿਨ੍ਹਾਂ ਵਿਚ ਹਿੰਦੀ ਭਾਸ਼ਾ ਵੀ ਸ਼ਾਮਿਲ ਹਨ। ਇਨ੍ਹਾਂ ਸਾਰੀਆਂ ਭਾਸ਼ਾਵਾਂ ਦਾ ਦਰਜਾ ਬਰਾਬਰ ਹੈ। ਸੀਬੀਐੱਸਈ ਵੱਲੋਂ ਪੰਜਾਬੀ ਭਾਸ਼ਾ ਨੂੰ ਲਘੂ/ਛੋਟਾ/ਅਲਪ ਵਿਸ਼ਾ ਗਰਦਾਨਣ ਪਿੱਛੇ ਬਹੁਗਿਣਤੀਵਾਦੀ ਮਾਨਸਿਕਤਾ ਕੰਮ ਕਰ ਰਹੀ ਹੈ।
ਗੁਰਸੇਵਕ ਮਿੱਠਾ, ਰਾਏਕੋਟ (ਲੁਧਿਆਣਾ)
ਮੁੰਬਈ ਦੇ ਚਿੱਬੜ
23 ਅਕਤੂਬਰ ਦੇ ਮਿਡਲ ਲੇਖ ‘ਚਿੱਬੜਾਂ ਵਾਲੀ ਮਾਈ’ (ਲੇਖਕ ਕੁਲਦੀਪ ਸਿੰਘ ਧਨੌਲਾ) ਪੜ੍ਹ ਕੇ ਮੂੰਹ ਦਾ ਸੁਆਦ ਆਨੰਦਮਈ ਹੋ ਗਿਆ। ਬਚਪਨ ਵਿਚ ਖੇਤ ਜਾ ਕੇ ਅਸੀਂ ਚਿੱਬੜ ਅਤੇ ਗੰਨੇ ਹੀ ਮੰਗਦੇ ਹੁੰਦੇ ਸੀ। ਚਿੱਬੜਾਂ ਦੀ ਚੱਟਣੀ ਸਿਹਤ ਲਈ, ਖ਼ਾਸ ਤੌਰ ’ਤੇ ਪੇਟ ਲਈ ਖ਼ਾਸ ਦਵਾਈ ਵਾਲਾ ਕੰਮ ਕਰਦੀ ਹੈ। ਮੁੰਬਈ ਦੀ ਹਰ ਮੰਡੀ ਵਿਚ ਚਿੱਬੜ ਆਮ ਮਿਲਦੇ ਹਨ ਅਤੇ ਖਰੀਦਣ ਵਾਲੇ ਗਾਹਕਾਂ ਦੀ ਗਿਣਤੀ ਵਧ ਰਹੀ ਹੈ। 23 ਅਕਤੂਬਰ ਨੂੰ ਸਤਰੰਗ ਪੰਨੇ ਉੱਤੇ ਮਨਦੀਪ ਸਿੰਘ ਸਿੱਧੂ ਨੇ ਆਪਣੇ ਲੇਖ ‘ਨ੍ਰਿਤ ਨੂੰ ਜਿਊਣ ਵਾਲੀ ਮਧੂਮਤੀ’ ਵਿਚ ਮਹਾਰਾਸ਼ਟਰ ਦੇ ਜ਼ਿਲ੍ਹੇ ਥਾਣੇ ਨੂੰ ਠਾਣੇ ਬਣਾ ਦਿੱਤਾ। ਨਾਵਾਂ ਥਾਵਾਂ ਦਾ ਤਰਜਮਾ ਕਦੇ ਨਹੀਂ ਕਰੀਦਾ। ਦੂਜੀ ਗੱਲ, ਇਸ ਲੇਖਕ ਦੇ ਸਾਰੇ ਲੇਖਾਂ ਵਿਚ ਉਰਦੂ ਸ਼ਬਦਾਂ ਦੀ ਭਰਮਾਰ ਰਚਨਾ ਨੂੰ ਬੇਸੁਆਦੀ ਬਣਾ ਦਿੰਦੀ ਹੈ। ਇੰਨੇ ਭਾਰੇ ਸ਼ਬਦਾਂ ਵਾਲੇ ਲੇਖ ਨਾ ਛਾਪਿਆ ਕਰੋ।
ਬਰਜਿੰਦਰ ਕੌਰ, ਮੁੰਬਈ