ਕਰਾਰਾ ਜਵਾਬ
21 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਅਵਿਜੀਤ ਪਾਠਕ ਦਾ ਲੇਖ ‘ਅਨਪੜ੍ਹ ਲੋਕਾਂ ਬਾਰੇ ਗ਼ਲਤ ਬਿਆਨੀਆ ਬਣਾਉਣ ਦਾ ਯਤਨ’ ਪੜ੍ਹਿਆ। ਲੇਖਕ ਕੇਂਦਰੀ ਗ੍ਰਹਿ ਮੰਤਰੀ ਨੂੰ ਕਰਾਰਾ ਜਵਾਬ ਦੇ ਸਕਿਆ ਹੈ। ਅਨਪੜ੍ਹ ਹੋਣਾ ਗੁਨਾਹ ਨਹੀਂ ਹੈ, ਅਨਪੜ੍ਹਤਾ ਨੂੰ ਹੱਲਾਸ਼ੇਰੀ ਦੇਣਾ ਗੁਨਾਹ ਵੀ ਹੈ ਅਤੇ ਜੁਰਮ ਵੀ। ਵਿੱਦਿਆ ਪ੍ਰਾਈਵੇਟ ਖੇਤਰ ਦੇ ਹਵਾਲੇ ਕਰ ਕੇ ਸਰਕਾਰ ਵਿੱਦਿਆ ਨੂੰ ਆਮ ਨਾਗਰਿਕ ਦੀ ਪਹੁੰਚ ਤੋਂ ਬਾਹਰ ਕਰਕੇ ਖ਼ੁਦ ਅਨਪੜ੍ਹਤਾ ਵਧਾ ਰਹੀ ਹੈ।
ਜਗਰੂਪ ਸਿੰਘ, ਲੁਧਿਆਣਾ
ਰੇਡੀਓ ਦੀਆਂ ਯਾਦਾਂ
20 ਅਕਤੂਬਰ ਨੂੰ ਡਾ. ਮਨਜੀਤ ਸਿੰਘ ਬੱਲ ਦਾ ਮਿਡਲ ‘ਪੰਚਾਇਤ ਵਾਲਾ ਰੇਡੀਓ’ ਖ਼ੂਬ ਰਿਹਾ। ਇਹ ਰੇਡੀਓ ਦਾ ਇਤਿਹਾਸ ਦੱਸਣ ਵਾਲਾ ਸੀ। ਪੰਜ ਦਹਾਕੇ ਪਹਿਲਾਂ ਸਾਡੇ ਵਿਹੜੇ ਵਿਚ ਵੀ ਵੱਡੇ ਬਜ਼ੁਰਗ ਅਤੇ ਮਾਵਾਂ ਆ ਕੇ ਬਹਿ ਜਾਂਦੇ ਸਨ ਅਤੇ ਰੇਡੀਓ ’ਤੇ ਪ੍ਰਸਾਰਿਤ ਖ਼ਬਰਾਂ ਅਤੇ ਦੂਜੇ ਪ੍ਰੋਗਰਾਮ ਬੜੇ ਚਾਅ ਨਾਲ ਸੁਣਦੇ ਸਨ।
ਅਨਿਲ ਕੌਸ਼ਿਕ, ਕਿਉੜਕ (ਕੈਥਲ, ਹਰਿਆਣਾ)
ਦਰਵੇਸ਼
19 ਅਕਤੂਬਰ ਦੇ ਅੰਕ ਵਿਚ ਬਲਵਿੰਦਰ ਗਰੇਵਾਲ ਦਾ ਲੇਖ ‘ਨੇਕੀ ਦਾ ਵਿਸਮਾਦ’ ਲੋਕਾਂ ਨੂੰ ਸਮਰਪਿਤ ਦਰਵੇਸ਼ ਸਿਆਸਤਦਾਨ ਰਾਜਿੰਦਰ ਸਿੰਘ ਪੱਪੂ ਨੂੰ ਮਹਿਜ਼ ਸ਼ਰਧਾਂਜਲੀ ਨਹੀਂ ਸੀ ਸਗੋਂ ਉਸ ਦੀ ਜ਼ਿੰਦਗੀ ਦੀਆਂ ਕਦਰਾਂ-ਕੀਮਤਾਂ ਦੀਆਂ ਮਹੱਤਵਪੂਰਨ ਤਹਿਆਂ ਫਰੋਲਣ ਵਾਲਾ ਹੈ। ਆਧੁਨਿਕ ਦੌਰ ਵਿਚ ਕਿਸੇ ਦੇ ਔਗੁਣਾਂ ਦੀ ਪਰਦਾਪੋਸ਼ੀ ਕਰਨ ਲਈ ਉਸ ਦੇ ਨਾਂ ਨਾਲ ‘ਦਰਵੇਸ਼’ ਵਿਸ਼ੇਸ਼ਣ ਵਰਤ ਲਿਆ ਜਾਂਦਾ ਹੈ, ਜਿਵੇਂ ਦਰਵੇਸ਼ ਸਿਆਸਤਦਾਨ, ਦਰਵੇਸ਼ ਲੇਖਕ ਆਦਿ ਜਿਸ ਨਾਲ ਇਸ ਸ਼ਬਦ ਦੇ ਅਰਥ ਹੀ ਬਦਲ ਜਾਂਦੇ ਹਨ। ਸਮਾਜ ਦੇ ਸਾਰੇ ਵਰਗਾਂ ਵਿਚ ਭਾਵੇਂ ਗਿਣਤੀ ਵਿਚ ਘੱਟ ਹੀ ਹੋਣ ਪਰ ਸੱਚਮੁੱਚ ਦੇ ਦਰਵੇਸ਼ ਹੁੰਦੇ ਜ਼ਰੂਰ ਹਨ।
ਗੁਰਦਿਆਲ ਦਲਾਲ, ਦੋਰਾਹਾ (ਲੁਧਿਆਣਾ)
(2)
ਬਲਵਿੰਦਰ ਗਰੇਵਾਲ ਦਾ ਰਜਿੰਦਰ ਸਿੰਘ ਪੱਪੂ ਬੂਥਗੜ੍ਹ ਬਾਰੇ ਲੇਖ ‘ਨੇਕੀ ਦਾ ਵਿਸਮਾਦ!’ ਪੜ੍ਹਿਆ। ਸੱਚ ਹੀ ਨੇਕੀ ਦੇ ਵਿਸਮਾਦ ਨੂੰ ਪੜ੍ਹ ਕੇ ਸੱਚ ਦੇ ਰਾਹ ਤੁਰਦੇ ਲੋਕਾਂ ਨੂੰ ਹੌਸਲਾ ਤੇ ਉਤਸ਼ਾਹ ਮਿਲਦਾ ਹੈ।
ਰਾਜਵਿੰਦਰ ਰੌਂਤਾ, ਮੋਗਾ
ਅੱਖਾਂ ਖੋਲ੍ਹੀਆਂ
18 ਅਕਤੂਬਰ ਦੇ ਤਜਿੰਦਰ ਦੇ ਲੇਖ ‘ਫਾਸਟ ਫ਼ੈਸ਼ਨ: ਕੱਪੜਿਆਂ ਦੀ ਅੰਨ੍ਹੀ ਭਗਤੀ ਤੋਂ ਪਾਰ ਦੇਖਦਿਆਂ’ ਨੇ ਫਾਸਟ ਫ਼ੈਸ਼ਨ ਅਤੇ ਕੱਪੜਾ ਮਿੱਲਾਂ ਦੀ ਅੰਦਰਲੀ ਤਰਸਯੋਗ ਹਾਲਤ ਤੋਂ ਪਰਦਾ ਚੁੱਕ ਕੇ ਅੱਖਾਂ ਖੋਲ੍ਹ ਦਿੱਤੀਆਂ ਕਿ ਕਿਵੇਂ ਅਮੀਰ ਲੋਕ ਫ਼ੈਸ਼ਨ ਵਜੋਂ ਦੋ ਚਾਰ ਵਾਰੀ ਪੈਂਟ ਕਮੀਜ਼ ਪਾ ਕੇ ਸੁੱਟ ਦਿੰਦੇ ਹਨ ਪਰ ਦੇਖਿਆ ਜਾਏ ਤਾਂ ਇਕ ਕਮੀਜ਼ ਪੈਂਟ ਲਈ 10 ਟਨ ਪਾਣੀ ਦੀ ਖ਼ਪਤ ਹੋ ਜਾਂਦੀ ਹੈ। ਇਨ੍ਹਾਂ ਕਾਰਖਾਨਿਆਂ ਵਿਚ ਜੋ ਹਜ਼ਾਰਾਂ ਮਜ਼ਦੂਰ ਕੰਮ ਕਰਦੇ ਹਨ, ਉਨ੍ਹਾਂ ਦਾ ਕਿਵੇਂ ਸੋਸ਼ਣ ਹੁੰਦਾ ਹੈ! ਲੇਖ ਵਿਚ ਪੇਸ਼ ਹਾਲਾਤ ਬੜੇ ਹੌਲਨਾਕ ਹਨ।
ਜਸਬੀਰ ਕੌਰ, ਅੰਮ੍ਰਿਤਸਰ
ਮਨ ਦਾ ਸੰਦੂਕ
ਹਰਪ੍ਰੀਤ ਕੌਰ ਘੜੂੰਆਂ ਦੀ ਰਚਨਾ ‘ਮਨ ਦਾ ਸੰਦੂਕ’ (18 ਅਕਤੂਬਰ) ਵਿਚ ਲੋਪ ਹੋ ਰਹੇ ਪੁਰਾਣੇ ਸਭਿਆਚਾਰ ਵਿਚੋਂ ਪਿੰਡਾਂ ਵਿਚ ਖੇਡੇ ਜਾਂਦੇ ਡਰਾਮਿਆਂ ਦਾ ਮਹੱਤਵ ਦੱਸਿਆ ਹੈ। ਡਰਾਮੇ ਕਰਕੇ ਕੁੜੀਆਂ ਆਪਣੀਆਂ ਸਾਥਣਾਂ ਨੂੰ ਮਿਲ ਜਾਂਦੀਆਂ ਸਨ ਅਤੇ ਇਹ ਸਮਾਜਿਕ ਸਾਂਝ ਵਧਾਉਂਦੇ ਸਨ। ਡਰਾਮਿਆਂ ਤੋਂ ਬੱਚਿਅ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਸੀ।
ਨਵਜੀਤ ਕੌਰ, ਸੁਲਤਾਨਪੁਰ (ਮਾਲੇਰਕੋਟਲਾ)
ਕਪਾਹ ਦੀਆਂ ਫੁੱਟੀਆਂ
16 ਅਕਤੂਬਰ ਨੂੰ ਡਾ. ਲਖਵੀਰ ਸਿੰਘ ਨਾਮਧਾਰੀ ਦਾ ਸਤਰੰਗ ਪੰਨੇ ’ਤੇ ਛਪਿਆ ਲੇਖ ‘ਚਿੱਟੀਆਂ ਕਪਾਹ ਦੀਆਂ ਫੁੱਟੀਆਂ’ ਪੜ੍ਹ ਕੇ ਇਉਂ ਲੱਗਿਆ ਜਿਵੇਂ ਸਾਡੀਆਂ ਲੋਕ ਬੋਲੀਆਂ/ਬੁਝਾਰਤਾਂ ਵੀ ਪੰਜਾਬੀ ਸਾਹਿਤ ਦੀਆਂ ਕਪਾਹ ਦੀਆਂ ਫੁੱਟੀਆਂ ਹੀ ਹਨ। ਯਾਦ ਆਇਆ, ਆਪਣੇ ਲੁਧਿਆਣੇ ਜ਼ਿਲ੍ਹੇ ਦਾ ਅਲੂਣਾ ਪੱਲਾ ਪਿੰਡ ਜਿੱਥੇ ਬਚਪਨ ਵਿਚ ਅਸੀਂ ਕਪਾਹ ਤੇ ਨਰਮੇ ਦੇ ਖੇਤਾਂ ਵਿਚ ‘ਰੋੜਾਂ’ ਤੋਂ ਜੰਮੇ ਬੂਟਿਆਂ ਵਿਚੋਂ ਚਿੱਟੀ ਕਪਾਹ ਦੀਆਂ ਫੁੱਟੀਆਂ ਦੇਖਦੇ ਸੀ। ਨਾਲ ਦੇ ਘਰ ਦੀ ਕਿਸਾਨੀ ਨਾਲ ਸਬੰਧਿਤ ਬੇਬੇ ਹੱਥਾਂ ਨਾਲ ਵੇਲਣੇ ਤੇ ਫੁੱਟੀਆਂ ਵਿਚੋਂ ਰੂੰ ਕੱਢਦੀ ਅੱਖਾਂ ਸਾਹਮਣੇ ਆ ਗਈ। ਅੱਜ ਉਹ ਖੇਤ ਧਾਨ ਦੀ ਫ਼ਸਲ ਨਾਲ ਵਟ ਗਏ ਹਨ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਮਾਪੇ ਅਤੇ ਮਾਹੌਲ
15 ਅਕਤੂਬਰ ਨੂੰ ਰਿਪਨਜੋਤ ਕੌਰ ਸੋਨੀ ਬੱਗਾ ਦਾ ਮਿਡਲ ‘ਮਾਹੌਲ’ ਬਹੁਤ ਕੁਝ ਬਿਆਨ ਕਰਦਾ ਹੈ। ਲੇਖ ਵਿਚ ਮਾਂ ਪਿਓ ਦੀ ਆਪਣੇ ਬੱਚਿਆਂ ਪ੍ਰਤੀ ਕੀ ਜ਼ਿੰਮੇਵਾਰੀ ਹੋਵੇ, ਕਿਵੇਂ ਘਰ ਦੇ ਵਿਗੜੇ ਮਾਹੌਲ ਤੋਂ ਬੱਚਿਆਂ ਨੂੰ ਦੂਰ ਰੱਖਣਾ ਹੈ, ਬਾਰੇ ਸੁਚੱਜੇ ਢੰਗ ਨਾਲ ਦੱਸਿਆ ਗਿਆ ਹੈ।
ਜਸਵੰਤ ਸਿੰਘ ਢੀਂਡਸਾ, ਖਰੜ (ਮੁਹਾਲੀ)
ਵੰਡੀਆਂ ਪਾਉਣ ਦੀ ਕੋਸ਼ਿਸ਼
21 ਅਕਤੂਬਰ ਦੇ ਨਜ਼ਰੀਆ ਪੰਨੇ ਉੱਤੇ ਹਮੀਰ ਸਿੰਘ ਨੇ ਆਪਣੇ ਲੇਖ ‘ਕਿਸਾਨ ਅੰਦੋਲਨ ਵਿਚ ਮੁੜ ਵੰਡੀਆਂ ਪਾਉਣ ਦੀ ਕੋਸ਼ਿਸ਼’ ਵਿਚ ਸੱਚ ਲਿਖਿਆ ਹੈ। ਸਰਕਾਰਾਂ ਅਤੇ ਕੁਝ ਹੋਰ ਧਿਰਾਂ ਭਾਵੇਂ ਇਸ ਅੰਦੋਲਨ ਨੂੰ ਫੇਲ੍ਹ ਕਰਨ ਲਈ ਕਈ ਹਥਕੰਡੇ ਅਪਣਾ ਰਹੀਆਂ ਹਨ, ਫਿਰ ਵੀ ਇਹ ਅੰਦੋਲਨ ਸ਼ਾਂਤੀਪੂਰਨ ਤਰੀਕੇ ਨਾਲ ਤੇ ਪੂਰੇ ਜੋਸ਼ ਨਾਲ ਅੱਗੇ ਵਧ ਰਿਹਾ ਹੈ। ਅਸਲ ਵਿਚ ਸਰਕਾਰ ਖੇਤੀ ਕਾਨੂੰਨ ਪਾਸ ਕਰਕੇ ਕਸੂਤੀ ਸਥਿਤੀ ਵਿਚ ਉਲਝ ਗਈ ਹੈ ਤੇ ਹੁਣ ਉਹ ਇਸ ਅੰਦੋਲਨ ਦੀ ਦਿਸ਼ਾ ਬਦਲ ਕੇ ਆਪਣਾ ਬਚਾਅ ਕਰਨਾ ਚਾਹੁੰਦੀ ਹੈ।
ਜਗਦੇਵ ਸਿੰਘ ਝੱਲੀ, ਪਿੰਡ ਚੌਕੀਮਾਨ (ਲੁਧਿਆਣਾ)