ਸਮੇਂ ਦੀ ਮੰਗ
12 ਅਕਤੂਬਰ ਦੇ ਸੰਪਾਦਕੀ ‘ਵਧ ਰਹੀ ਹਿੰਸਾ’ ਅਤੇ ‘ਦਲਿਤਾਂ ਵਿਰੁੱਧ ਅਪਰਾਧ’ ਜਿੱਥੇ ਕੇਂਦਰੀ ਰਾਜ ਪ੍ਰਬੰਧ ਦੇ ਬਾਵਜੂਦ ਜੰਮੂ ਕਸ਼ਮੀਰ ’ਚ ਵਧ ਰਹੀ ਹਿੰਸਾ ਅਤੇ ਦੇਸ਼ ਦੇ ਵੱਖ ਵੱਖ ਰਾਜਾਂ ਅੰਦਰ ਦਲਿਤਾਂ ’ਤੇ ਹੋ ਰਹੇ ਅੱਤਿਆਚਾਰ ’ਤੇ ਚਿੰਤਾ ਪ੍ਰਗਟਾਉਂਦੇ ਹਨ, ਉੱਥੇ ਜੰਮੂ ਕਸ਼ਮੀਰ ਵਿਚ ਲੋਕਤੰਤਰੀ ਪ੍ਰਕਿਰਿਆ ਬਹਾਲ ਕਰਕੇ ਸਿਆਸੀ ਸਰਗਰਮੀਆਂ ਦੀ ਪੂਰਨ ਰੂਪ ’ਚ ਖੁੱਲ੍ਹ ਦੇਣ ਅਤੇ ਦੇਸ਼ ਅੰਦਰ ਦਲਿਤਾਂ ਨਾਲ ਹੋ ਰਹੇ ਧੱਕੇ ਨੂੰ ਸਖ਼ਤੀ ਨਾਲ ਰੋਕਣ ਦੀ ਮੰਗ ਕਰਦੇ ਹਨ। ਸਮੇਂ ਦੀ ਮੰਗ ਹੈ ਕਿ ਸੱਤਾਧਾਰੀਆਂ ਨੂੰ ਸਿਆਸੀ ਲਾਹਾ ਲੈਣ ਦੇ ਢੌਂਗ ਕਰਨ ਦੀ ਬਜਾਇ ਸਗੋਂ ਅਮਲੀ ਰੂਪ ਵਿਚ ਲੋਕ ਭਲਾਈ ਨੀਤੀਆਂ ਲਾਗੂ ਕਰਨੀਆਂ ਚਾਹੀਦੀਆਂ ਹਨ।
ਮਨੋਹਰ ਸਿੰਘ ਸੱਗੂ, ਧੂਰੀ
ਕਿਸਾਨਾਂ ਦਾ ਦਬਾਅ
9 ਅਕਤੂਬਰ ਦੇ ਸੰਪਾਦਕੀ ‘ਅਮਲ ਵਿਚ ਕੁਝ ਵੀ ਨਹੀਂ’ ਰਾਹੀਂ ਉੱਤਰ ਪ੍ਰਦੇਸ਼ ਸਰਕਾਰ ਤੇ ਪੁਲੀਸ ਨੂੰ ਸੁਪਰੀਮ ਕੋਰਟ ਵੱਲੋਂ ਪਈਆਂ ਝਾੜਾਂ ਬਾਰੇ ਵਿਸਥਾਰ ਨਾਲ ਦੱਸਿਆ ਹੈ। ਆਮ ਵਿਅਕਤੀ ਲਈ ਕਾਨੂੰਨ ਸਖ਼ਤ ਹੈ, ਰਾਜ ਭਾਗ ਨੂੰ ਚਿੰਬੜੇ ਲੋਕਾਂ ਤੇ ਉਨ੍ਹਾਂ ਦੇ ਵਿਗੜੇ ਕਾਕਿਆਂ ਲਈ ਉਹੀ ਕਾਨੂੰਨ ਬਹੁਤ ਸਾਰੀਆਂ ਢਿੱਲਾਂ ਦੇ ਦਿੰਦੇ ਹਨ। ਸੰਪਾਦਕੀ ’ਚ ਸਹੀ ਗੱਲ ਕਹੀ ਹੈ ਕਿ ਦੋਸ਼ੀਆਂ ਵਿਰੁੱਧ ਕਾਰਵਾਈ ਕਰਵਾਉਣ ਲਈ ਕਿਸਾਨਾਂ ਨੂੰ ਹੋਰ ਦਬਾਅ ਬਣਾਉਣਾ ਪਵੇਗਾ। ਕਿਸਾਨ ਜਥੇਬੰਦੀਆਂ ਤੇ ਜਮਹੂਰੀ ਤਾਕਤਾਂ ਦੀ ਇਕਜੁੱਟਤਾ ਜ਼ਰੂਰੀ ਹੈ।
ਅਮਰਜੀਤ ਸਨ੍ਹੇਰਵੀ, ਜ਼ੀਰਾ
ਲਖੀਮਪੁਰ ਕਾਂਡ ਅਤੇ ਸਿਆਸਤ
9 ਅਕਤੂਬਰ ਨੂੰ ਸਬਾ ਨਕਵੀ ਦਾ ਲੇਖ ‘ਲਖੀਮਪੁਰ ਹੱਤਿਆਕਾਂਡ ਤੇ ਯੂਪੀ ਦਾ ਸਿਆਸੀ ਬਿਰਤਾਂਤ’ ਪੜ੍ਹਿਆ। ਘਟਨਾਵਾਂ ਅਤੇ ਹਾਲਾਤ ਬਾਰੇ ਵਧੀਆ ਜਾਣਕਾਰੀ ਦਿੱਤੀ ਗਈ ਹੈ ਪਰ ਇਕ ਗੱਲ ਹਜ਼ਮ ਨਹੀਂ ਹੋ ਰਹੀ ਜੋ ਲਿਖੀ ਹੈ ਕਿ ‘ਪਿਛਲੇ ਦਿਨੀਂ ਜਿਹੜਾ ਖ਼ੂਨੀ ਕਾਂਡ ਵਾਪਰਿਆ, ਉਸ ਨੂੰ ਲੈ ਕੇ ਭਾਜਪਾ ਪ੍ਰੇਸ਼ਾਨ ਹੈ’। ਦੇਖਿਆ ਜਾਵੇ ਤਾਂ ਅਜਿਹੀਆਂ ਵਾਰਦਾਤਾਂ ਕਰਵਾਉਣਾ ਤੇ ਭੜਕਾਊ ਬਿਆਨਬਾਜ਼ੀ ਕਰਨਾ ਭਾਜਪਾ ਦੀ ਨੀਤੀ ਦਾ ਹਿੱਸਾ ਹੈ। ਇਸ ਨੇ ਆਪਣੀ ਨਵੀਂ ਬਣਾਈ ਕਾਰਜਕਾਰਨੀ ਵਿਚੋਂ ਉਨ੍ਹਾਂ ਆਗੂਆਂ ਨੂੰ ਬਾਹਰ ਕਰ ਦਿੱਤਾ ਜਿਨ੍ਹਾਂ ਨੇ ਸਿੱਧੇ-ਅਸਿੱਧੇ ਢੰਗ ਨਾਲ ਕਿਸਾਨਾਂ ਦੇ ਮਸਲੇ ਹੱਲ ਕਰਨ ਲਈ ਕਿਹਾ ਸੀ।
ਪਵਨ ਕੁਮਾਰ ਕੌਸ਼ਲ, ਦੋਰਾਹਾ
ਸਰਕਾਰੀ ਨੌਕਰੀ
9 ਅਕਤੂਬਰ ਨੂੰ ਨਜ਼ਰੀਆ ਪੰਨੇ ਉੱਤੇ ਪ੍ਰੀਤਮਾ ਦੋਮੇਲ ਦੀ ਰਚਨਾ ‘ਸਵਾਲ-ਦਰ-ਸਵਾਲ’ ਪੜ੍ਹੀ। ਇਹ ਜਾਣ ਕੇ ਬੜਾ ਦੁੱਖ ਲੱਗਿਆ ਕਿ ਅਧਿਆਪਕ ਵੀ ਪਟਵਾਰ ਮਹਿਕਮੇ ਵਾਂਗ ਆਪਣਾ ਕੰਮ ਬੇਰੁਜ਼ਗਾਰ ਕਾਰਿੰਦਿਆਂ ਤੋਂ ਕਰਵਾਉਣ ਲੱਗੇ ਸਨ। ਸਰਕਾਰੀ ਨੌਕਰੀ ਜ਼ਿੰਦਾਬਾਦ!
ਕਰਨਲ ਗੁਰਦੇਵ ਸਿੰਘ, ਬਠਿੰਡਾ
ਢੁੱਕਵਾਂ ਜਵਾਬ
8 ਅਕਤੂਬਰ ਨੂੰ ਸਵਰਾਜਬੀਰ ਵੱਲੋਂ ਸੁਪਰੀਮ ਕੋਰਟ ਦੇ ਜੱਜ ਨੂੰ ਸੰਬੋਧਿਤ ਹੋ ਕੇ ਲਿਖੀ ਲਿਖਤ ‘ਇਹ ਸਾਡੀ ਫ਼ਿਤਰਤ ਨਹੀਂ!’ ਵੇਲੇ ਸਿਰ ਦਿੱਤਾ ਗਿਆ ਢੁੱਕਵਾਂ ਜਵਾਬ ਹੈ। ਇਹ ਜਵਾਬ ਕਿਸੇ ਕਾਨੂੰਨ ਜਾਂ ਤਕਨੀਕੀ ਨੁਕਤੇ ਨਾਲੋਂ ਜ਼ਿਆਦਾ ਸੰਘਰਸਸ਼ੀਲ ਕਿਸਾਨੀ ਦੀ ਸੁੱਚੀ ਭਾਵਨਾ ਨੂੰ ਬੁਲੰਦ ਕਰਦਾ ਹੈ। ਲੋਕਾਂ ਦੀ ਅਜਿਹੀ ਭਾਵਨਾ ਹੀ ਕਾਨੂੰਨਾਂ ਦਾ ਤੇ ਜਮਹੂਰੀਅਤ ਦਾ ਹਕੀਕੀ ਆਧਾਰ ਹੁੰਦਾ ਹੈ। ਲੋਕਾਂ ਦੀ ਅਜਿਹੀ ਬੁਲੰਦ ਭਾਵਨਾ ਹੀ ਜਮਹੂਰੀਅਤ ਸਿਰਜਣਾ ਦਾ ਅਮਲ ਹੈ।
ਪਾਵੇਲ ਕੁੱਸਾ, ਈਮੇਲ
ਸਹੀ ਸਮੇਂ ’ਤੇ ਸਹੀ ਕਾਰਵਾਈ
8 ਅਕਤੂਬਰ ਦਾ ਸੰਪਾਦਕੀ ‘ਸੁਪਰੀਮ ਕੋਰਟ ਦਾ ਦਖ਼ਲ’ ਪੜ੍ਹਿਆ। ਲਖੀਮਪੁਰ ਖੀਰੀ ਵਿਚ ਜੋ ਕੁਝ ਕਿਸਾਨਾਂ ਨਾਲ ਹੋਇਆ, ਨਿੰਦਣਯੋਗ ਹੈ। ਸੁਪਰੀਮ ਕੋਰਟ ਨੇ ਇਸ ਬਾਰੇ ਸਹੀ ਸਮੇਂ ’ਤੇ ਸਹੀ ਕਾਰਵਾਈ ਕੀਤੀ ਹੈ। ਸੰਪਾਦਕੀ ਦੀਆਂ ਇਹ ਸਤਰਾਂ ‘ਕੋਈ ਵੀ ਸਮਝਦਾਰ ਇਨਸਾਨ ਲੋਕਾਂ ਦੇ ਇਕੱਠ ਵਿਚੋਂ ਇੰਨੀ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਕੇ ਨਹੀਂ ਲੰਘੇਗਾ, ਜਦ ਤਕ ਉਸ ਨੇ ਕੋਈ ਭਿਅੰਕਰ ਕਾਰਾ ਕਰਨ ਦਾ ਇਰਾਦਾ ਨਾ ਕਰ ਲਿਆ ਹੋਵੇ’ ਇਸ ਪੂਰਨ ਸੱਚ ਦਾ ਨਿਚੋੜ ਹੈ। ਸੁਪਰੀਮ ਕੋਰਟ ਦਾ ਦਖ਼ਲ ਇਹ ਸਵਾਲ ਵੀ ਖੜ੍ਹਾ ਕਰਦਾ ਹੈ ਕਿ ਕੀ ਸਾਡੇ ਦੇਸ਼ ਵਿਚ ਕਾਨੂੰਨੀ ਪ੍ਰਕਿਰਿਆ ਇੰਨੀ ਕਮਜ਼ੋਰ ਤੇ ਜਰਜਰੀ ਹੋ ਚੁੱਕੀ ਹੈ ਕਿ ਅਜਿਹੇ ਸੰਵੇਦਨਸ਼ੀਲ ਕੇਸ ਵਿਚ ਸੁਪਰੀਮ ਕੋਰਟ ਨੂੰ ਖ਼ੁਦ ਦਖ਼ਲ ਦੇਣਾ ਪੈ ਰਿਹਾ ਹੈ। ਇਸੇ ਦਿਨ ਨਜ਼ਰੀਆ ਪੰਨੇ ’ਤੇ ਸੁਖਦੇਵ ਸਿੰਘ ਮਾਨ ਦਾ ਵਿਚਕਾਰਲਾ ਲੇਖ ‘ਬੁੱਢਾ ਸੀਰੀ’ ਪੰਜਾਬੀ ਸਭਿਆਚਾਰ ਤੇ ਵਿਰਸੇ ਦਾ ਬਿਰਤਾਂਤ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸਮੂਹਿਕ ਪਰਿਵਾਰ ਹੀ ਦੁਨੀਆ ਵਿਚ ਰਹਿਣ ਦਾ ਸਹੀ ਤਰੀਕਾ ਹੈ।
ਰਮੇਸ਼ਵਰ ਸਿੰਘ, ਪਟਿਆਲਾ
ਭਲੇ ਵੇਲਿਆਂ ਦੀ ਗੱਲ
8 ਅਕਤੂਬਰ ਨੂੰ ਨਜ਼ਰੀਆ ਪੰਨੇ ’ਤੇ ਸੁਖਦੇਵ ਸਿੰਘ ਮਾਨ ਦੀ ਰਚਨਾ ‘ਬੁੱਢਾ ਸੀਰੀ’ ਪੜ੍ਹੀ। ਲੇਖਕ ਨੇ ਜਿੱਥੇ ਜ਼ਬਾਨ ਦੇ ਪੱਕੇ, ਮਿਹਨਤਕਸ਼, ਸੀਰੀ ਨਹਿਰੂ ਦਾ ਜ਼ਿਕਰ ਕੀਤਾ ਹੈ, ਉੱਥੇ ਅਸਤਕਾਲ, ਕੁਆਂਟ ਤੇ ਤੰਗੜ ਵਰਗੇ ਸ਼ਬਦਾਂ ਬਾਰੇ ਵੀ ਜਾਣਕਾਰੀ ਹਾਸਿਲ ਹੋਈ। ਲੇਖਕ ਦੁਆਰਾ ‘ਖਾਰਾ ਦੁੱਧ’ ਤੇ ‘ਮੜ੍ਹੀ ਦਾ ਦੀਵਾ’ ਵਰਗੀਆਂ ਰਚਨਾਵਾਂ ਦਾ ਜ਼ਿਕਰ ਪੜ੍ਹ ਕੇ ਭਲੇ ਵੇਲਿਆਂ ਦੇ ਭਲੇ ਲੋਕਾਂ ਦੀ ਯਾਦ ਆ ਗਈ।
ਇੰਦਰਜੀਤ ਜਵੰਦਾ (ਫਤਿਹਗੜ੍ਹ ਸਾਹਿਬ)
ਲੋਕਤੰਤਰ ਦੀ ਦੁਰਗਤ
14 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਅਸ਼ਵਨੀ ਕੁਮਾਰ ਦਾ ਲੇਖ ਲਗਾਤਾਰ ਕਤਲ ਕੀਤੇ ਜਾ ਰਹੇ ਲੋਕਤੰਤਰ ਦੀ ਮੂੰਹ ਬੋਲਦੀ ਤਸਵੀਰ ਹੈ। ਸੰਸਦ ਅਤੇ ਅਦਾਲਤਾਂ, ਸੱਤਾ ਦੇ ਭਾਰ ਥੱਲੇ ਇਸ ਕਦਰ ਦਬ ਚੁੱਕੀਆਂ ਹਨ ਕਿ ਲੋਕਤੰਤਰੀ ਰਵਾਇਤਾਂ ਮਰ ਰਹੀਆਂ ਹਨ। ਇਸ ਤੋਂ ਪਹਿਲਾਂ 7 ਅਕਤੂਬਰ ਨੂੰ ਰੇਖਾ ਸ਼ਰਮਾ ਦਾ ਲੇਖ ‘ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ’ ਪੜ੍ਹਿਆ। ਲੇਖਕ ਨੇ ਸਹੀ ਕਿਹਾ ਹੈ ਕਿ ਜੇ ਸਰਕਾਰ ਚਾਹੁੰਦੀ ਸੀ ਕਿ ਰਸਤੇ ਨਾ ਰੋਕੇ ਜਾਣ ਤਾਂ ਕਿਸਾਨਾਂ ਨੂੰ ਜੰਤਰ ਮੰਤਰ ’ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਗਈ। ਸੁਪਰੀਮ ਕੋਰਟ ਨੇ ਜਿਹੜੀ ਕਮੇਟੀ ਖੁਦ ਕਾਨੂੰਨਾਂ ਦੀ ਛਾਣਬੀਣ ਲਈ ਬਣਾਈ ਸੀ, ਉਸ ਦੀ ਰਿਪੋਰਟ ਜਨਤਕ ਕਿਉਂ ਨਹੀਂ ਕੀਤੀ ਗਈ? ਕੀ ਇਹ ਰਵੱਈਆ ਕੋਰਟ ਤੇ ਸਰਕਾਰ ਦੀ ਮਿਲੀਭੁਗਤ ਦੀ ਗਵਾਹੀ ਨਹੀਂ ਭਰਦਾ? ਉਸ ਕਮੇਟੀ ਬਾਰੇ ਕਿਸਾਨਾਂ ਦੇ ਸ਼ੱਕ ਨਿਰਮੂਲ ਨਹੀਂ ਸਨ। ਇਸੇ ਦਿਨ ਦਵਿੰਦਰ ਸ਼ਰਮਾ ਦਾ ਲੇਖ ‘ਜੈਵਿਕ ਖੇਤੀ ਅਪਣਾਉਣ ਦਾ ਦਲੇਰਾਨਾ ਫ਼ੈਸਲਾ’ ਖ਼ੂਬ ਸੀ। ਅਸਾਵੇਂ ਅਤੇ ਔਖੇ ਹਾਲਾਤ ਵਿਚ ਵੀ ਸ੍ਰੀ ਲੰਕਾ ਦਾ ਜੈਵਿਕ ਖੇਤੀ ਅਪਣਾਉਣ ਦਾ ਦਲੇਰਾਨਾ ਕਦਮ ਬਾਕੀ ਮੁਲਕਾਂ ਨੂੰ ਵੀ ਅਜਿਹਾ ਕਰਨ ਲਈ ਅਜਿਹਾ ਕਰਨ ਲਈ ਉਤਸ਼ਾਹਿਤ ਕਰੇਗਾ। ਇਸੇ ਦਿਨ ਹੀ ਜਸਵਿੰਦਰ ਸੁਰਗੀਤ ਦਾ ਮਿਡਲ ‘ਬੇਚੈਨ ਹੋਣਾ ਸਿੱਖੋ’ ਵਿਚ ਬੱਚਿਆਂ ਦਾ ਅਹਿਸਾਸ ਭਾਵੁਕ ਕਰਨ ਵਾਲੇ ਅਤੇ ਸੋਚਣ ਲਈ ਮਜਬੂਰ ਕਰਨ ਵਾਲੇ ਹਨ।
ਡਾ. ਤਰਲੋਚਨ ਕੌਰ, ਪਟਿਆਲਾ