ਨਫ਼ਰਤ ਦੀ ਨੀਤੀ
3 ਅਕਤੂਬਰ ਦੇ ਮੁੱਖ ਪੰਨੇ ’ਤੇ ਛਪੀਆਂ ਖ਼ਬਰਾਂ ‘ਸਾਰਾ ਕੁਝ ਭਾਜਪਾ ਦੀ ਸਰਪ੍ਰਸਤੀ ਹੇਠ ਹੋਇਆ: ਹਾਰਦਿਕ’ ਅਤੇ ‘ਗੌਡਸੇ ਨੂੰ ਵਡਿਆਉਣ ਵਾਲਿਆਂ ’ਤੇ ਵਰ੍ਹੇ ਵਰੁਣ ਗਾਂਧੀ’ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਮਹਾਤਮਾ ਗਾਂਧੀ ਦਾ ਕਾਤਲ ਨੱਥੂ ਰਾਮ ਗੌਡਸੇ ਆਰਐੱਸਐੱਸ ਕਾਰਕੁਨ ਸੀ। ਹੁਣ ਆਰਐੱਸਐੱਸ ਵਰਕਰਾਂ ਵੱਲੋਂ ‘ਨੱਥੂ ਰਾਮ ਗੌਡਸੇ ਜ਼ਿੰਦਾਬਾਦ’ ਵਰਗੇ ਮਾਰੇ ਨਾਅਰਿਆਂ ਨੇ ਸਪੱਸ਼ਟ ਕਰ ਦਿੱਤਾ ਕਿ ਭਾਜਪਾ ਸ਼ੁਰੂ ਤੋਂ ਹੀ ਫ਼ਿਰਕੂ ਸੋਚ ਅਤੇ ਨਫ਼ਰਤ ਫੈਲਾਉਣ ਦੀ ਧਾਰਨੀ ਹੈ। ਇਸੇ ਪੰਨੇ ਦੀ ਇਕ ਹੋਰ ਅਹਿਮ ਖਬਰ ‘ਕਿਸਾਨਾਂ ਨਾਲ ਮੁੜ ਗੱਲਬਾਤ ਲਈ ਸਰਕਾਰ ਰਾਜ਼ੀ: ਮੋਦੀ’ ਤੋਂ ਪ੍ਰਧਾਨ ਮੰਤਰੀ ਦਾ ਦੋਗ਼ਲਾਪਣ ਜ਼ਾਹਿਰ ਹੋ ਰਿਹਾ ਹੈ। ਇਕ ਪਾਸੇ ਉਹ ਰਸਾਲੇ ਨੂੰ ਦਿੱਤੀ ਇੰਟਰਵਿਊ ਵਿਚ ਖੇਤੀ ਕਾਨੂੰਨਾਂ ’ਚ ਅਸਹਿਮਤੀ ਵਾਲੇ ਨੁਕਤਿਆਂ ’ਤੇ ਕਿਸਾਨਾਂ ਨਾਲ ਮੁੜ ਗੱਲਬਾਤ ਬਾਰੇ ਆਖ ਰਹੇ ਹਨ, ਦੂਜੇ ਪਾਸੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਵਾਲਿਆਂ ਨੂੰ ‘ਬੌਧਿਕ ਬੇਈਮਾਨ’ ਆਖ ਰਹੇ ਹਨ। ਖੇਤੀ ਕਾਨੂੰਨਾਂ ਦੇ ਰੇੜਕੇ ਬਾਰੇ 11 ਗੇੜਾਂ ਦੀ ਗੱਲਬਾਤ ’ਚ ਕਿਸਾਨ ਆਗੂ ਖੇਤੀ ਕਾਨੂੰਨਾਂ ਵਿਚਲੀਆਂ ਕਿਸਾਨ ਮਾਰੂ ਮੱਦਾਂ ਬਾਰੇ ਸਪੱਸ਼ਟ ਕਰ ਚੁੱਕੇ ਹਨ। ਅਜਿਹੀ ਹਾਲਤ ਵਿਚ ਪ੍ਰਧਾਨ ਮੰਤਰੀ ਦਾ ਬਿਆਨ ਲੋਕਾਂ ਨੂੰ ਗੁਮਰਾਹ ਕਰਨ ਤੋਂ ਵੱਧ ਹੋਰ ਕੁਝ ਨਹੀਂ ਆਖਿਆ ਜਾ ਸਕਦਾ।
ਮਨੋਹਰ ਸਿੰਘ ਸੱਗੂ, ਧੂਰੀ (ਸੰਗਰੂਰ)
ਕਾਲਜਾਂ ਦੇ ਹਾਲਾਤ
ਪਹਿਲੀ ਅਕਤੂਬਰ ਨੂੰ ਸਰਕਾਰੀ ਕਾਲਜ ਬਚਾਉ ਮੁਹਿੰਮ ਦੀ ਲੋੜ ਬਾਰੇ ਜੈਪਾਲ ਸਿੰਘ ਦਾ ਲੇਖ ਸਰਕਾਰੀ ਕਾਲਜਾਂ ਵਿਚ ਸਿੱਖਿਆ ਦੀ ਤ੍ਰਾਸਦੀ ਵਾਲੇ ਹਾਲਾਤ ਬਾਖ਼ੂਬੀ ਬਿਆਨ ਕਰਦਾ ਹੈ। ਕਾਲਜ ਵਿਦਿਆਰਥੀਆਂ ਲਈ ਉੱਚ ਸਿੱਖਿਆ ਵੱਲ ਪਹਿਲਾ ਅਤੇ ਮਹੱਤਵਪੂਰਨ ਪੜਾਅ ਹੁੰਦੇ ਹਨ। ਪੰਜਾਬ ਵਿਚ ਕਈ ਅਜਿਹੇ ਸਰਕਾਰੀ ਕਾਲਜ ਹਨ ਜੋ ਸਦੀ ਹੰਢਾਉਣ ਦੇ ਨੇੜੇ ਹਨ ਜਾਂ ਹੰਢਾਅ ਚੁੱਕੇ ਹਨ ਅਤੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਵੱਲ ਇਨ੍ਹਾਂ ਦਾ ਨਿੱਗਰ ਯੋਗਦਾਨ ਹੈ। ਅਫ਼ਸੋਸ ਕਿ ਸਰਕਾਰੀ ਅਣਗਹਿਲੀ, ਵਿੱਤੀ ਸੰਕਟ ਅਤੇ ਅਧਿਆਪਕਾਂ ਦੀ ਘਾਟ ਕਾਰਨ ਅੱਜ ਇਹ ਕਾਲਜ ਸਹਿਕ ਰਹੇ ਹਨ। ਪੰਜਾਬ ਦੀ ਫਿਜ਼ਾ ਵਿਚ ਇਸ ਵੇਲੇ ਸੰਘਰਸ਼ੀ ਰੰਗ ਘੁਲੇ ਹੋਏ ਹਨ ਤੇ ਲੇਖਕ ਨੇ ਇਨ੍ਹਾਂ ਕਾਲਜਾਂ ਅਤੇ ਨਾਲ ਹੀ ਸਟੇਟ ਯੂਨੀਵਰਸਿਟੀਆਂ ਨੂੰ ਬਚਾਉਣ ਲਈ ਸੰਘਰਸ਼ ਦੀ ਇਸੇ ਲਹਿਰ ਨੂੰ ਹੋਰ ਵੱਡਿਆਂ ਕਰਨ ਦਾ ਹੋਕਾ ਬਿਲਕੁੱਲ ਸਹੀ ਦਿੱਤਾ ਹੈ।
ਡਾ. ਨਿਵੇਦਿਤਾ ਸਿੰਘ, ਪਟਿਆਲਾ
(2)
ਜੈਪਾਲ ਸਿੰਘ ਦਾ ਲੇਖ ‘ਸਰਕਾਰੀ ਕਾਲਜ ਬਚਾਉ ਮੁਹਿੰਮ : ਜ਼ੋਰਦਾਰ ਜਨਤਕ ਹਮਾਇਤ ਦੀ ਲੋੜ’ ਪੜ੍ਹਿਆ। ਲੇਖ ਵਿਚ ਪੇਸ਼ ਅੰਕੜੇ ਸੱਚਮੁੱਚ ਹੈਰਾਨ ਕਰਨ ਵਾਲੇ ਹਨ ਕਿ ਕਿਵੇਂ ਸਰਕਾਰਾਂ ਨਵੇਂ ਕਾਲਜ ਤਾਂ ਖੋਲ੍ਹ ਰਹੀਆਂ ਹਨ ਪਰ ਅਧਿਆਪਕਾਂ ਦੀ ਭਰਤੀ ਨਹੀਂ ਕਰ ਰਹੀਆਂ। ਲੱਗਦਾ ਹੈ ਕਿ ਸਰਕਾਰ ਦੀ ਮਨਸ਼ਾ ਸਿੱਖਿਆ ਪ੍ਰਤੀ ਸਹੀ ਨਹੀਂ; ਨਹੀਂ ਤਾਂ ਸਰਕਾਰੀ ਕਾਲਜਾਂ ਦੀ ਹਾਲਤ ਅੱਜ ਇੰਨੀ ਮਾੜੀ ਨਾ ਹੁੰਦੀ।
ਵਿਸ਼ਾਲ ਕੁਮਾਰ, ਈਮੇਲ
ਖਾਨਾਬਦੋਸ਼ਾਂ ਬਾਰੇ ਗੱਲਾਂ
29 ਸਤੰਬਰ ਦੇ ਇੰਟਰਨੈੱਟ ਪੰਨੇ ‘ਪੰਜਾਬੀ ਪੈੜਾਂ’ ਵਿਚ ਹਰਜੀਤ ਅਟਵਾਲ ਦਾ ਲੇਖ ‘ਲੰਡਨ ਦੇ ਖ਼ਾਨਾਬਦੋਸ਼ ਜਿਪਸੀ’ ਦਿਲਚਸਪ ਲੱਗਿਆ। ਹੈਰਾਨੀ ਹੋਈ ਕਿ 11ਵੀਂ ਸਦੀ ਵੇਲੇ ਰਾਜਸਥਾਨ ’ਚੋਂ ਖ਼ਾਨਾਬਦੋਸ਼ ਕਬੀਲੇ ਇੰਗਲੈਂਡ ਜਾ ਕੇ ਵਸ ਗਏ ਸਨ। ਉਹ ਉੱਥੇ ਵੀ ਖ਼ਾਨਾਬਦੋਸ਼ ਬਣ ਕੇ ਹੀ ਰਹਿ ਰਹੇ ਹਨ, ਇੱਥੋਂ ਤਕ ਕਿ ਉਨ੍ਹਾਂ ਦੇ ਜ਼ਿਆਦਾਤਰ ਬੱਚਿਆਂ ਨੇ ਸਕੂਲ ਦਾ ਮੂੰਹ ਵੀ ਨਹੀਂ ਦੇਖਿਆ ਹੁੰਦਾ। ਇਸੇ ਅੰਕ ਵਿਚ ਗੁਰਮਲਕੀਅਤ ਸਿੰਘ ਕਾਹਲੋਂ ਦੀ ਕਹਾਣੀ ‘ਪਸੀਨੇ ਦੀ ਮਹਿਕ’ ਦਿਲ ਨੂੰ ਛੂਹ ਗਈ।
ਰਾਜਨਦੀਪ ਕੌਰ ਮਾਨ, ਈਮੇਲ
ਕੁਰਸੀ ਖਾਤਿਰ
27 ਸਤੰਬਰ ਦੇ ਸੰਪਾਦਕੀ ‘ਨਵਾਂ ਮੰਤਰੀ ਮੰਡਲ’ ਵਿਚ ਸਹੀ ਕਿਹਾ ਹੈ ਕਿ ਨਵਾਂ ਮੰਤਰੀ ਮੰਡਲ ਕੋਈ ਵੀ ਬਣਾ ਦਿਓ ਪਰ ਪੰਜਾਬ ਦੇ ਲੋਕ ਹੁਣ ਮਹਿਸੂਸ ਕਰ ਰਹੇ ਹਨ ਕਿ ਇਹ ਸਭ ਕੁਝ ਕੁਰਸੀ ਲਈ ਹੀ ਹੋ ਰਿਹਾ ਹੈ। ਲੋਕਾਂ ਦੀਆਂ ਮੁਸ਼ਕਿਲਾਂ ਜਿਵੇਂ ਰੇਤ, ਬਜਰੀ ਮਾਫ਼ੀਆ ’ਤੇ ਕੰਟਰੋਲ, ਨਸ਼ਿਆਂ ਦੇ ਫੈਲਾਉ ਨੂੰ ਰੋਕਣ ਲਈ ਅਤੇ ਬੇਰੁਜ਼ਗਾਰੀ ਘਟਾਉਣ ਲਈ ਕਦਮ ਚੁੱਕਣੇ ਪੈਣਗੇ।
ਨਵਜੋਤ ਕੌਰ, ਪਿੰਡ ਖਟੜਾ (ਲੁਧਿਆਣਾ)
ਮਾਸੂਮੀਅਤ ਦੀ ਮਹਿਮਾ
23 ਸਤੰਬਰ ਨੂੰ ਨਜ਼ਰੀਆ ਪੰਨੇ ਉੱਤੇ ਰਾਜਕੁਮਾਰ ਸ਼ਰਮਾ ਦੀ ਰਚਨਾ ‘ਬਿੱਲੇ ਫੜੇ ਗਏ’ ਵਿਚ ਮਾਸੂਮੀਅਤ, ਦਿਲ ਦਰਿਆ, ਭੋਲੇਪਣ ਅਤੇ ਖ਼ੁਰਾਕ ਦੀ ਮਹਿਮਾ ਗਾਈ ਗਈ ਹੈ। ਪਹਿਲਾਂ ਲੋਕ ਮੋਬਾਈਲਾਂ ਦੀ ਥਾਂ ਸਰੀਰਕ ਕਸਰਤ, ਖੇਡਾਂ ਉੱਪਰ ਵਧੇਰੇ ਜ਼ੋਰ ਦਿੰਦੇ ਸਨ ਤਾਂ ਹੀ ਤਾਂ ਉਨ੍ਹਾਂ ਵਿਚ ਮਿਲਵਰਤਣ ਦੀ ਭਾਵਨਾ ਵਧੇਰੇ ਹੁੰਦੀ ਸੀ। ਪੁਰਾਣੇ ਸਮੇਂ ਵਿਚ ਬੱਚਿਆਂ ਦੀ ਚੋਰੀ ਨੂੰ ਹੱਸ ਕੇ ਮੁਆਫ਼ ਕਰ ਦਿੱਤਾ ਜਾਂਦਾ ਸੀ ਪਰ ਹੁਣ ਤਾਂ ਗੱਲ ਪੁਲੀਸ ਤਕ ਪਹੁੰਚ ਜਾਂਦੀ ਹੈ, ਭਾਵੇਂ ਕੋਈ ਬੇਕਸੂਰ ਹੀ ਹੋਵੇ। ਇਸ ਤੋਂ ਪਹਿਲਾਂ 22 ਸਤੰਬਰ ਨੂੰ ਡਾ. ਓਪਿੰਦਰ ਸਿੰਘ ਲਾਂਬਾ ਦੀ ਰਚਨਾ ‘ਦੋ ਪੈਸੇ ਕੀ ਹੰਡੀਆ’ ਪੜ੍ਹੀ ਜਿਸ ਵਿਚ ਪੈਸਿਆਂ ਕਰਕੇ ਬਦਲੇ ਬੰਦੇ ਦੇ ਰੰਗ ਨੂੰ ਦਰਸਾਇਆ ਗਿਆ ਹੈ। 8 ਸਤੰਬਰ ਨੂੰ ਗੱਜਣਵਾਲਾ ਸੁਖਮਿੰਦਰ ਦੀ ਰਚਨਾ ‘ਖੁਰਦੀ ਮਿੱਟੀ ਦਾ ਹੇਰਵਾ’ ਵਿਚ ਅਜਿਹੇ ਲੋਕਾਂ ਬਾਰੇ ਦੱਸਿਆ ਗਿਆ ਹੈ ਜੋ ਮਿੱਟੀ ਵਿਚ ਹੀ ਜੰਮਦੇ ਨੇ ਅਤੇ ਮਿੱਟੀ ਵਿਚ ਹੀ ਮਰਨਾ ਚਾਹੁੰਦੇ ਹਨ। ਮਿੱਟੀ ਦਾ ਮੋਹ ਉਨ੍ਹਾਂ ਨੂੰ ਦੂਰ ਨਹੀਂ ਹੋਣ ਦਿੰਦਾ।
ਨਵਜੀਤ ਕੌਰ, ਸੁਲਤਾਨਪੁਰ (ਮਾਲੇਰਕੋਟਲਾ)
ਕਿਸਾਨ ਸੰਘਰਸ਼
ਕਿਸਾਨ ਸੰਘਰਸ਼ ਨੂੰ ਸ਼ੁਰੂ ਹੋਏ ਨੂੰ ਇਕ ਸਾਲ ਹੋ ਗਿਆ ਹੈ ਪਰ ਕੇਂਦਰ ਸਰਕਾਰ ਦੀ ਅੜੀ ਕਾਰਨ ਅਜੇ ਤਕ ਤਿੰਨ ਖੇਤੀ ਕਾਨੂੰਨ ਰੱਦ ਨਹੀਂ ਹੋਏ ਹਨ। ਕਿਸਾਨ ਵੱਖ ਵੱਖ ਥਾਈਂ ਧਰਨੇ ਲਾ ਰਹੇ ਹਨ ਅਤੇ ਹੋਰ ਐਕਸ਼ਨ ਵੀ ਲਗਾਤਾਰ ਕਰ ਰਹੇ ਹਨ ਪਰ ਸਰਕਾਰ ਇਸ ਸਭ ਨੂੰ ਗੌਲ ਹੀ ਨਹੀਂ ਰਹੀ। ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।
ਹਰਪ੍ਰੀਤ ਕੌਰ, ਤਲਵੰਡੀ ਸਾਬੋ
ਕਿਸਾਨ ਅੰਦੋਲਨ ਨੇ ਕੀ ਵਿਗਾੜਿਆ?
2 ਅਕਤੂਬਰ ਨੂੰ ਪਹਿਲੇ ਪੰਨੇ ਉੱਤੇ ਕਿਸਾਨ ਅੰਦੋਲਨ ਬਾਰੇ ਸੁਪਰੀਮ ਕੋਰਟ ਦੀ ਟਿੱਪਣੀ ਪੜ੍ਹੀ। ਕਿਸਾਨ ਅੰਦੋਲਨ ਨੇ ਦਿੱਲੀ ਸ਼ਹਿਰ ਦਾ ਕੀ ਵਿਗਾੜ ਦਿੱਤਾ ਹੈ ਕਿ ਸੁਪਰੀਮ ਕੋਰਟ ਇਸ ਨੂੰ ਗਲ ਘੁੱਟਣਾ ਆਖ ਰਹੀ ਹੈ? ਕੀ ਸੁਪਰੀਮ ਕੋਰਟ ਨੂੰ ਪਤਾ ਨਹੀਂ ਕਿ ਸੰਵਿਧਾਨ ਅਨੁਸਾਰ ਖੇਤੀ ਰਾਜ ਸੂਚੀ ਵਿਚ ਆਉਂਦਾ ਹੈ, ਕੇਂਦਰੀ ਸੂਚੀ ਵਿਚ ਨਹੀਂ। ਉਂਜ ਵੀ ਕਰੋੜਾਂ ਲੋਕ ਦਿੱਲੀ ਅੰਦਰ ਰਹਿੰਦੇ ਹਨ ਅਤੇ ਲੱਖਾਂ ਹਰ ਰੋਜ਼ ਆਉਂਦੇ ਜਾਂਦੇ ਹਨ; ਜੇ ਸ਼ਰੀਫ਼, ਜ਼ਿੰਮੇਵਾਰ ਦੋ ਸੌ ਜਣੇ ਜੰਤਰ ਮੰਤਰ ਚਲੇ ਜਾਣਗੇ, ਤਾਂ ਕੀ ਲੋਹੜਾ ਆ ਜਾਵੇਗਾ?
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)