ਸਿੱਖਿਆ ਸਿਸਟਮ
ਪਹਿਲੀ ਅਕਤੂਬਰ ਨੂੰ ਜੈਪਾਲ ਸਿੰਘ ਦਾ ਲੇਖ ‘ਸਰਕਾਰੀ ਕਾਲਜ ਬਚਾਓ ਮੁਹਿੰਮ: ਜ਼ੋਰਦਾਰ ਜਨਤਕ ਹਮਾਇਤ ਦੀ ਲੋੜ’ ਪੜ੍ਹਿਆ। ਲੇਖਕ ਨੇ ਬਿਲਕੁਲ ਸਹੀ ਕਿਹਾ ਹੈ ਕਿ ਹੁਣ ਸਿੱਖਿਆ ਨੂੰ ਬਚਾਉਣ ਲਈ ਕਿਸਾਨ ਅੰਦੋਲਨ ਵਰਗੀ ਲਾਮਬੰਦੀ ਦੀ ਲੋੜ ਹੈ। ਇਸ ਮਾਮਲੇ ਵਿਚ ਸਭ ਤੋਂ ਪਹਿਲਾਂ ਅਧਿਆਪਕ ਜਥੇਬੰਦੀਆਂ ਵਿਚਕਾਰ ਤਾਲਮੇਲ ਜ਼ਰੂਰੀ ਹੈ। ਕਿਸਾਨ ਅੰਦੋਲਨ ਵੀ ਸਾਂਝੀਆਂ ਸਰਗਰਮੀਆਂ ਨਾਲ ਭਖਿਆ ਸੀ।
ਕੁਲਮੀਤ ਸਿੰਘ ਨਾਹਰ, ਪਟਿਆਲਾ
ਭਗਤ ਸਿੰਘ ਅਤੇ ਕਿਤਾਬਾਂ
28 ਸਤੰਬਰ ਨੂੰ ਭਗਤ ਸਿੰਘ ਬਾਰੇ ਗੁਰਦੇਵ ਸਿੰਘ ਸਿੱਧੂ ਤੇ ਹੋਰ ਲੇਖਕਾਂ ਦੇ ਲੇਖ ਪੜ੍ਹੇ। ਭਰਪੂਰ ਜਾਣਕਾਰੀ ਮਿਲੀ ਕਿ ਉਹ ਨਾ ਕੇਵਲ ਇਨਕਲਾਬੀ ਤੇ ਮਾਰਧਾੜ ਕਰਨ ਵਾਲਾ ਸ਼ਖ਼ਸ ਸੀ ਬਲਕਿ ਕੌਮੀ ਤੇ ਕੌਮਾਂਤਰੀ ਮਹਾਨ ਚਿੰਤਕ ਲੇਖਕਾਂ ਦੀਆਂ ਕਿਤਾਬਾਂ ਪੜ੍ਹਨ ਦਾ ਵੀ ਸ਼ੁਕੀਨ ਸੀ। ਉਹ ਦਵਾਰਕਾ ਲਾਇਬਰੇਰੀ ਤੋਂ ਖਾਸ ਤੌਰ ’ਤੇ ਇਤਿਹਾਸਕ ਤੇ ਸਿਆਸਤ ਨਾਲ ਸਬੰਧਤ ਕਿਤਾਬਾਂ ਦਾ ਅਧਿਐਨ ਕਰਦਾ ਸੀ। ਸਭ ਤੋਂ ਵੱਡੀ ਗੱਲ ਉਹ ਨਿਰਾ ਪਾਠਕ ਹੀ ਨਹੀਂ ਸੀ ਬਲਕਿ ਉਹ ਉਨ੍ਹਾਂ ਦੇ ਵਿਚਾਰ ਆਪਣੇ ਉਪਰ ਢਾਲਦਾ ਤੇ ਅਮਲ ਵਿਚ ਲਿਆਉਂਦਾ ਤੇ ਆਪਣੇ ਸਾਥੀਆਂ ਨੂੰ ਪੜ੍ਹਨ ਲਈ ਪ੍ਰੇਰਦਾ ਕਿ ਸਾਮਰਾਜਾਂ ਦੇ ਤਖ਼ਤੇ ਕਿਵੇਂ ਪਲਟਦੇ ਹਨ।
ਜਸਬੀਰ ਕੌਰ, ਅੰਮ੍ਰਿਤਸਰ
(2)
ਗੁਰਦੇਵ ਸਿੰਘ ਸਿੱਧੂ ਦਾ ਲੇਖ ‘ਸ਼ਹੀਦ ਭਗਤ ਸਿੰਘ ਦਾ ਪੁਸਤਕ ਪ੍ਰੇਮ’ ਜਾਣਕਾਰੀ ਭਰਪੂਰ ਸੀ। ਫ਼ਾਂਸੀ ਹੋਣ ਤੋਂ ਸਿਰਫ਼ ਦੋ ਘੰਟੇ ਪਹਿਲਾਂ ਭਗਤ ਸਿੰਘ ਦਾ ਵਕੀਲ ਪ੍ਰਾਣ ਨਾਥ ਮਹਿਤਾ ਉਸ ਨਾਲ ਮੁਲਾਕਾਤ ਕਰਨ ਸਮੇਂ ਉਸ ਲਈ ਪੁਸਤਕ ‘ਕ੍ਰਾਂਤੀਕਾਰੀ ਲੈਨਿਨ’ (ਦਿ ਰੈਵੋਲੂਸ਼ਨਰੀ ਲੈਨਿਨ) ਨਾਲ ਲੈ ਕੇ ਗਿਆ ਸੀ। ਉਸ ਨੇ ਮਹਿਤਾ ਨੂੰ ਇਹ ਕਿਤਾਬ ਲਿਆਉਣ ਲਈ ਪਹਿਲਾਂ ਹੀ ਸੁਨੇਹਾ ਭੇਜਿਆ ਸੀ ਕਿਉਂਕਿ ਭਗਤ ਸਿੰਘ ਇਸ ਕਿਤਾਬ ਦੀ ਅਖ਼ਬਾਰ ’ਚ ਛਪੀ ਸਮੀਖਿਆ ਤੋਂ ਪ੍ਰਭਾਵਿਤ ਹੋਇਆ ਸੀ। ਮਹਿਤਾ ਤੋਂ ਉਸ ਨੂੰ ਪਤਾ ਲੱਗ ਚੁੱਕਾ ਸੀ ਕਿ ਉਸ ਦੀ ਜ਼ਿੰਦਗੀ ਦਾ ਸਮਾਂ ਬਹੁਤ ਥੋੜ੍ਹਾ ਰਹਿ ਗਿਆ ਸੀ, ਤਦ ਵੀ ਉਹ ਕਿਤਾਬ ਪੜ੍ਹਨ ਲੱਗ ਪਿਆ। ਜਦੋਂ ਮਹਿਤਾ ਨੇ ਉਸ ਨੂੰ ਪੁੱਛਿਆ ਕਿ ਉਹ ਕੌਮ ਨੂੰ ਕੋਈ ਸੰਦੇਸ਼ ਦੇਣਾ ਚਾਹੇਗਾ ਤਾਂ ਉਸ ਨੇ ਕਿਤਾਬ ਤੋਂ ਅੱਖਾਂ ਉਤਾਂਹ ਕੀਤੇ ਬਿਨਾ ਹੀ ਕਿਹਾ ਕਿ ‘ਸਾਮਰਾਜ-ਮੁਰਦਾਬਾਦ’ ਤੇ ‘ਇਨਕਲਾਬ-ਜਿੰਦਾਬਾਦ’ ਦੇ ਦੋ ਨਾਅਰੇ ਕੌਮ ਤੱਕ ਪਹੁੰਚਾ ਦੇਣਾ।
ਕੁਲਦੀਪ ਸਿੰਘ, ਯੂਨੀਅਨ ਸਿਟੀ (ਕੈਲੀਫੋਰਨੀਆ, ਅਮਰੀਕਾ)
ਅਣਚਾਹਿਆ ਦਖ਼ਲ
27 ਸਤੰਬਰ ਦਾ ਸੰਪਾਦਕੀ ‘ਨਵਾਂ ਮੰਤਰੀ ਮੰਡਲ’ ਪੜ੍ਹਿਆ। ਇਸ ਚੋਣ ’ਤੇ ਹਾਈਕਮਾਨ ਦੀ ਛਾਪ ਸਪਸ਼ਟ ਹੈ। ਕਾਂਗਰਸ ਹਾਈਕਮਾਨ ਅਤੇ ਸੂਬਾਈ ਆਗੂਆਂ ਨੂੰ ਆਪਣੇ ਕੰਮ ਢੰਗ ਵਿਚ ਤਬਦੀਲੀਆਂ ਲਿਆਉਣੀਆਂ ਪੈਣਗੀਆਂ; ਇਹ ਪ੍ਰਭਾਵ ਨਹੀਂ ਜਾਣਾ ਚਾਹੀਦਾ ਕਿ ਹਾਈਕਮਾਨ ਤੇ ਹੋਰ ਆਗੂ ਮੁੱਖ ਮੰਤਰੀ ਦੇ ਕੰਮਾਂ ’ਚ ਅਣਚਾਹਿਆ ਦਖ਼ਲ ਦੇ ਰਹੇ ਹਨ।
ਗੁਰਸੇਵਕ ਮਿੱਠਾ, ਰਾਏਕੋਟ
ਦਰਸ਼ਨ ਸਿੰਘ ਕੈਨੇਡੀਅਨ ਦੀ ਗੱਲ
25 ਸਤੰਬਰ ਨੂੰ ਅਵਤਾਰ ਸਿੰਘ ਲੰਗੇਰੀ ਦਾ ਲੇਖ ‘ਲੰਗੇਰੀ ਦੀਆਂ ਰਾਹਾਂ ਦੀ ਲੋਅ’ ਪੜ੍ਹ ਕੇ ਮਨ ਬਹੁਤ ਉਦਾਸ ਹੋਇਆ। ਲੇਖਕ ਨੇ ਲੋਕ ਹਿੱਤਾਂ ਦੇ ਪਹਿਰੇਦਾਰ ਦਰਸ਼ਨ ਸਿੰਘ ਕੈਨੇਡੀਅਨ ਬਾਰੇ ਗੱਲ ਕੀਤੀ ਹੈ। ਉਦੋਂ ਹਿੰਦੁੂ ਸਿੱਖ ਭਾਈਚਾਰੇ ਦੀ ਇਕਜੁੱਟਤਾ ਦੇ ਇਸ ਮੁੱਦਈ ਦਾ ਖ਼ੂਨ ਡੁੱਲ੍ਹਿਆ ਸੀ। ਇਸ ਸ਼ਖ਼ਸੀਅਤ ਨੇ ਕੈਨੇਡਾ ’ਚ ਭਾਰਤੀ ਮਜ਼ਦੂਰਾਂ ਨੂੰ ਗੋਰਿਆਂ ਦੇ ਬਰਾਬਰ ਮਜ਼ਦੂਰੀ ਦਿਵਾਉਣ ਲਈ ਘਾਲਣਾ ਘਾਲੀ। ਵਿਧਾਇਕ ਹੁੰਦਿਆਂ ਉਨ੍ਹਾਂ ਆਪਣੇ ਇਲਾਕੇ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਵਿਧਾਨ ਸਭਾ ਵਿਚ ਬੜੇ ਵਿਲੱਖਣ ਤਰੀਕੇ ਨਾਲ ਪੇਸ਼ ਕੀਤਾ ਅਤੇ ਸਭ ਦਾ ਧਿਆਨ ਖਿੱਚਿਆ।
ਕੁਲਦੀਪ ਸਿੰਘ ਥਿੰਦ, ਪਿੰਡ ਬਾਰਨਾ (ਕੁਰੂਕਸ਼ੇਤਰ, ਹਰਿਆਣਾ)
ਬੁਢਾਪੇ ਵਾਲਾ ਪੜਾਅ
ਪਹਿਲੀ ਅਕਤੂਬਰ ਨੂੰ ਸੰਯੁਕਤ ਰਾਸ਼ਟਰ ਵੱਲੋਂ ਬੁੱਢਿਆਂ ਦੇ ਨਾਂ ਨਿਸ਼ਚਿਤ ਕੀਤੇ ਦਿਨ ’ਤੇ ਕੁਲਮਿੰਦਰ ਕੌਰ ਦਾ ਲੇਖ ‘ਚਲਤਾ ਹੂੰ ਅਭੀ ਚਲਤਾ ਹੂੰ’ ਪੜ੍ਹ ਕੇ ਇਕੋ ਸੁਨੇਹਾ ਮਿਲਦਾ ਹੈ ਕਿ ਬੁਢਾਪਾ ਵੀ ਜ਼ਿੰਦਗੀ ਦੇ ਹੋਰ ਪੜਾਵਾਂ ਵਾਂਗ ਇਕ ਪੜਾਅ ਹੈ। ਹਰ ਪੜਾਅ ਦੇ ਰੰਗ ਵੱਖਰੇ ਹੁੰਦੇ ਹਨ। ਇਸ ਤੋਂ ਪਹਿਲਾਂ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ’ਤੇ ਗੁਰਦੇਵ ਸਿੰਘ ਸਿੱਧੂ ਦਾ ਲੇਖ ਦੱਸਦਾ ਹੈ ਕਿ ਭਗਤ ਸਿੰਘ ਗੂੜ੍ਹ ਪੁਸਤਕ ਪ੍ਰੇਮੀ ਸੀ। ਜਿੰਨੀ ਛੋਟੀ ਉਮਰ ਵਿਚ ਉਸ ਨੇ ਜਿਹੜਾ ਵੱਡਾ ਕੱਦ ਹਾਸਲ ਕੀਤਾ, ਉਹ ਹੈਰਾਨ ਕਰਨ ਵਾਲਾ ਹੈ। ਉਹ, ਉਸ ਸਮੇਂ ਦੀ ਵਗ ਰਹੀ ਸਮਾਜਵਾਦੀ ਵਿਚਾਰਧਾਰਾ ਦਾ ਧਾਰਨੀ ਸੀ। ਅਗਾਂਹਵਧੂ ਕਿਤਾਬਾਂ ਮਨੁੱਖ ਦੀ ਸੋਚ ਨੂੰ ਉਸਾਰੂ ਤੇ ਜੁਝਾਰੂ ਬਣਾਉਣ ਵਿਚ ਮਦਦ ਕਰਦੀਆਂ ਹਨ। ਪੰਜਾਬੀਆਂ ਨੂੰ ਭਗਤ ਸਿੰਘ ਦੇ ਇਸ ਗੁਣ ਦੀ ਜ਼ਰੂਰ ਨਕਲ ਕਰਨੀ ਚਾਹੀਦੀ ਹੈ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ