ਮਾਤ ਭਾਸ਼ਾ ਅਤੇ ਪੰਜਾਬ
17 ਸਤੰਬਰ ਦੇ ਨਜ਼ਰੀਆ ਪੰਨੇ ’ਤੇ ‘ਸਿੱਖਣ ਦੀ ਮੰਦਹਾਲੀ ਬਨਾਮ ਭਾਸ਼ਾ ਦੀ ਚੋਣ’ ਲੇਖ ਪੜ੍ਹਿਆ। ਇਸ ਲੇਖ ਅਨੁਸਾਰ ਸੰਸਾਰ ਬੈਂਕ ਨੇ ਮਾਤ ਭਾਸ਼ਾ ਨੂੰ ਸਿੱਖਣ ਦਾ ਮਾਧਿਅਮ ਬਣਾਉਣ ’ਤੇ ਜ਼ੋਰ ਦਿੱਤਾ ਹੈ ਪਰ ਸੰਸਾਰ ਬੈਂਕ ਦੀ ਇਸ ਦਲੀਲ ਦੇ ਉਲਟ ਪੰਜਾਬ ਵਿਚ ਮਾਤ ਭਾਸ਼ਾ ਪੰਜਾਬੀ ਨੂੰ ਅਣਗੌਲਿਆਂ ਕਰਦੇ ਹੋਏ ਸਿੱਖਿਆ ਢਾਂਚੇ ਵਿਚ ਸਿਰਫ਼ ਤੇ ਸਿਰਫ਼ ਅੰਗਰੇਜ਼ੀ ਉੱਤੇ ਹੀ ਜ਼ੋਰ ਦਿੱਤਾ ਜਾਂਦਾ ਹੈ। ਇਸ ਦਾ ਨਤੀਜਾ ਇਹ ਹੈ ਕਿ ਬੱਚੇ ਨਾ ਮਾਤ ਭਾਸ਼ਾ ’ਚ ਪਰਪੱਕ ਹੁੰਦੇ ਹਨ ਤੇ ਨਾ ਹੀ ਉਹ ਅੰਗਰੇਜ਼ੀ ਨੂੰ ਸਹੀ ਮਾਇਨਿਆਂ ਵਿਚ ਸਿੱਖਣ ਦੇ ਯੋਗ ਬਣਦੇ ਨੇ। ਇਸ ਲਈ ਬੜਾ ਜ਼ਰੂਰੀ ਹੈ ਕਿ ਸਿੱਖਿਆ ਅਤੇ ਸਿੱਖਣ ਦੇ ਇਸ ਬਹੁਪੱਖੀ ਵਰਤਾਰੇ ਨੂੰ ਮਾਤ ਭਾਸ਼ਾ ਵਿਚ ਲਾਗੂ ਕੀਤਾ ਜਾਵੇ ਤਾਂ ਕਿ ਬੱਚੇ ਅਸਰਦਾਰ ਢੰਗ ਨਾਲ ਸਿੱਖਿਆ ਪ੍ਰਾਪਤ ਕਰ ਸਕਣ।
ਗੁਰਸ਼ਰਨ ਸਿੰਘ ਨੱਤ, ਬੱਸੀਆਂ (ਲੁਧਿਆਣਾ)
ਹੈਰਾਨੀ ਵਾਲੀ ਹੈਰਾਨੀ
23 ਸਤੰਬਰ ਦੇ ਤੀਜੇ ਪੰਨੇ ’ਤੇ ‘ਫੂਲਕਾ ਨੇ ਜਥੇਦਾਰ ਨੂੰ ਵਿਵਾਦਮਈ ਬਿਆਨ ਬਾਰੇ ਲਿਖੀ ਚਿੱਠੀ’ ਵਿਚ ਐਡਵੋਕੇਟ ਐੱਚਐੱਸ ਫੂਲਕਾ ਵੱਲੋਂ ਅਕਾਲ ਤਖ਼ਤ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਦੇ ਬਿਆਨ ਬਾਰੇ ਪ੍ਰਗਟਾਈ ਹੈਰਾਨੀ ਵੀ ਹੈਰਾਨੀ ਵਾਲੀ ਲੱਗਦੀ ਹੈ। ਜਥੇਦਾਰ ਨੇ ਆਪਣੇ ਬਿਆਨ ਵਿਚ ਸਿਰਫ਼ ਇਹੀ ਆਖਿਆ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਭਾਵੇਂ ਹਿੰਦੂ ਬਣੇ, ਭਾਵੇਂ ਸਿੱਖ ਜਾਂ ਕੋਈ ਹੋਰ ਪਰ ਉਹ ਪਹਿਲਾਂ ਚੰਗਾ ਇਨਸਾਨ ਹੋਣਾ ਚਾਹੀਦਾ ਹੈ। ਇਸ ਵਿਚ ਨਾ ਕੋਈ ਵੰਡੀਆਂ ਪਾਉਣ ਵਾਲੀ ਗੱਲ ਹੈ ਤੇ ਨਾ ਹੀ ਭਾਈਚਾਰਕ ਸਾਂਝ ਨੂੰ ਸੱਟ ਮਾਰਨ ਵਾਲੀ। ਫੂਲਕਾ ਜੀ ਤਾਂ ਸਗੋਂ ਖ਼ੁਦ ਜਥੇਦਾਰ ਦੇ ਬਿਆਨ ਨੂੰ ਵਿਵਾਦਮਈ ਬਣਾ ਰਹੇ ਹਨ। ਅਜਿਹੀ ਸੌੜੀ ਸਿਆਸਤ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਮਨੋਹਰ ਸਿੰਘ ਸੱਗੂ, ਧੂਰੀ (ਸੰਗਰੂਰ)
ਸਹੂਲਤਾਂ ਤੋਂ ਸੱਖਣੇ
22 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਲੇਖ ‘ਨਾ-ਬਰਾਬਰੀ ਦੇ ਦੌਰ ਵਿਚ ਵਧਦੇ ਚੋਣ ਵਾਅਦੇ’ ਵਿਚ ਡਾ. ਸ ਸ ਛੀਨਾ ਨੇ ਆਰਥਿਕ ਹਾਲਤ ਬਾਰੇ ਚਾਨਣਾ ਪਾਇਆ ਹੈ। ਦਰਅਸਲ ਭਗਤ ਸਿੰਘ ਅਤੇ ਆਜ਼ਾਦੀ ਦੇ ਹੋਰ ਸ਼ਹੀਦਾਂ ਦੇ ਸੁਫ਼ਨੇ ਪੂਰੇ ਨਹੀਂ ਹੋ ਸਕੇ ਕਿਉਂਕਿ ਸਾਡੇ ਮੁਲਕ ਨੂੰ ਸੱਚੇ ਸੁੱਚੇ ਨੇਤਾ ਹੀ ਨਹੀਂ ਮਿਲੇ। ਦੇਸ਼ ਦੀ ਜ਼ਿਆਦਾਤਰ ਆਬਾਦੀ ਅੱਜ ਵੀ ਮੁਢਲੀਆਂ ਸਹੂਲਤਾਂ ਤੋਂ ਸੱਖਣੀ ਹੈ।
ਜਗਦੇਵ ਸਿੰਘ ਝੱਲੀ, ਪਿੰਡ ਚੌਕੀਮਾਨ (ਲੁਧਿਆਣਾ)
ਸੋਹਣ ਸਿੰਘ ਸੀਤਲ ਬਾਰੇ
22 ਸਤੰਬਰ ਨੂੰ ਪ੍ਰੋ. ਸਤਿੰਦਰਬੀਰ ਸਿੰਘ ਨੰਦਾ ਦਾ ਸੋਹਣ ਸਿੰਘ ਸੀਤਲ ਬਾਰੇ ਲੇਖ ਪੜ੍ਹਿਆ। ਲੇਖਕ ਨੇ ਬਹੁਪੱਖੀ ਸ਼ਖ਼ਸੀਅਤ ਸੀਤਲ ਦੇ ਹਰ ਪੱਖ ਨੂੰ ਉਤਸ਼ਾਹਿਤ ਕੀਤਾ, ਉਨ੍ਹਾਂ ਦੀਆਂ ਲਿਖਤਾਂ ਬਾਰੇ ਦੱਸ ਪਾਈ ਪਰ ਉਨ੍ਹਾਂ ਦੀ ਤਜਰਬਿਆਂ ਭਰੀ ਰਚਨਾ ਸਵੈਜੀਵਨੀ ‘ਵੇਖੀ ਮਾਣੀ ਦੁਨੀਆ’ ਦਾ ਜ਼ਿਕਰ ਪਤਾ ਨਹੀਂ ਕਿਉਂ ਨਹੀਂ ਕੀਤਾ।
ਸੋਹਣ ਸਿੰਘ ਕੇਸਰਵਾਲੀਆ, ਕੇਸਰਸਿੰਘਵਾਲਾ (ਬਠਿੰਡਾ)
(2)
ਪ੍ਰੋ. ਜਤਿੰਦਰਬੀਰ ਸਿੰਘ ਨੰਦਾ ਦਾ ਲੇਖ ‘ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸੋਹਣ ਸਿੰਘ ਸੀਤਲ’ ਜਾਣਕਾਰੀ ਭਰਪੂਰ ਸੀ। ਢਾਡੀ ਕਲਾ ਅਤੇ ਪੰਜਾਬੀ ਸਾਹਿਤ ਵਿਚ ਜਿਹੜੀਆਂ ਮੱਲਾਂ ਸੋਹਣ ਸਿੰਘ ਸੀਤਲ ਨੇ ਮਾਰੀਆਂ, ਉਹ ਕਿਸੇ ਹੋਰ ਦੇ ਹਿੱਸੇ ਨਹੀਂ ਆਈਆਂ।
ਹਰਜਿੰਦਰ ਸਿੰਘ, ਭਗੜਾਣਾ (ਫਤਿਹਗੜ੍ਹ ਸਾਹਿਬ)
ਚੁਣੌਤੀਆਂ ਦਾ ਸਾਹਮਣਾ
20 ਸਤੰਬਰ ਦਾ ਸੰਪਾਦਕੀ ‘ਪੰਜਾਬ ਦਾ ਨਵਾਂ ਮੁੱਖ ਮੰਤਰੀ’ ਦਿਲਚਸਪ ਸੀ। ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਗੇ ਕਾਫ਼ੀ ਚੁਣੌਤੀਆਂ ਹਨ, ਦੇਖਣਾ ਇਹ ਹੈ ਕਿ ਉਹ ਇਨ੍ਹਾਂ ਦਾ ਟਾਕਰਾ ਕਿਸ ਤਰ੍ਹਾਂ ਕਰਦੇ ਹਨ ਅਤੇ ਕਿਸ ਤਰ੍ਹਾਂ ਹੱਲ ਕੱਢਦੇ ਹਨ।
ਮੇਘ ਰਾਜ ਜੋਸ਼ੀ, ਪਿੰਡ ਗੁੰਮਟੀ (ਬਰਨਾਲਾ)
ਜ਼ਮੀਰ ਬੋਲਦੀ ਹੈ…
20 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਛਪਿਆ ਦਰਸ਼ਨ ਸਿੰਘ ਦਾ ਲੇਖ ‘ਜ਼ਮੀਰ ਦੀ ਆਵਾਜ਼’ ਵਧੀਆ ਲੱਗਿਆ। ਹਰ ਸ਼ਖ਼ਸ ਦੀ ਜ਼ਮੀਰ ਇਕ ਨਾ ਇਕ ਦਿਨ ਅੰਦਰੋਂ ਬੋਲਦੀ ਹੀ ਹੈ; ਬਾਹਰੋਂ ਭਾਵੇਂ ਉਹ ਕਿਹੋ ਜਿਹੀਆਂ ਵੀ ਗੱਲਾਂ ਕਰਦਾ ਹੋਵੇ, ਉਸ ਦੇ ਅੰਦਰ ਕੀ ਕੀ ਖਿਆਲ ਚੱਲਦੇ ਹਨ, ਇਹ ਉਸ ਨੂੰ ਖ਼ੁਦ ਨੂੰ ਪਤਾ ਹੀ ਹੁੰਦਾ ਹੈ ਅਤੇ ਇਸ ਤੋਂ ਬਚਿਆ ਨਹੀਂ ਜਾ ਸਕਦਾ। ਇਹ ਲਗਾਤਾਰ ਤੁਹਾਡਾ ਪਿੱਛਾ ਕਰਦੀ ਹੈ।
ਬਲਵਿੰਦਰ ਸਿੰਘ, ਕੋਟਕਪੂਰਾ
ਬਰਾਦਰੀ ਬਾਰੇ
20 ਸਤੰਬਰ ਦੇ ਸਫ਼ਾ ਚਾਰ ਉੱਤੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਰੇ ਖ਼ਬਰ ਵਿਚ ਉਨ੍ਹਾਂ ਨੂੰ ‘ਰਮਦਾਸੀਆ ਭਾਈਚਾਰੇ’ ਵਿਚੋਂ ਲਿਖਿਆ ਗਿਆ ਹੈ। ਸਰਕਾਰੀ ਗਜ਼ਟ ਵਿਚ ਇਸ ਭਾਈਚਾਰੇ ਦਾ ਪੂਰਾ ਨਾਮ ‘ਰਾਮਦਾਸੀਆ ਸਿੱਖ’ ਹੈ। 1975 ਤਕ ਇਸ ਭਾਈਚਾਰੇ ਦੇ ਲੋਕਾਂ ਨੂੰ ਦਿੱਤੇ ਜਾਂਦੇ ਜਾਤੀ ਪ੍ਰਮਾਣ-ਪੱਤਰ ਵਿਚ ‘ਰਾਮਦਾਸੀਆ ਸਿੱਖ’ ਹੀ ਲਿਖਿਆ ਜਾਂਦਾ ਸੀ ਜੋ ਬਾਅਦ ਵਿਚ ਸਿਰਫ਼ ‘ਰਾਮਦਾਸੀਆ’ ਲਿਖਣਾ ਸ਼ੁਰੂ ਹੋ ਗਿਆ। ਸਿੱਖ ਰਹੁ-ਰੀਤਾਂ ਨੂੰ ਪ੍ਰਨਾਈ ਇਸ ਬਰਾਦਰੀ ਦੇ ਕੁਝ ਸਾਬਕਾ ਅਫ਼ਸਰਾਂ ਨੇ ਜੱਦੋਜਹਿਦ ਕਰਕੇ ਮੁੜ ਸਿੱਖ ਸ਼ਬਦ ਸ਼ਾਮਲ ਕਰਵਾਇਆ ਸੀ।
ਤਰਲੋਚਨ ਸਿੰਘ ਦੁਪਾਲਪੁਰ, ਕੈਲੀਫੋਰਨੀਆ (ਯੂਐੱਸਏ)