ਸ਼ਰਧਾਂਜਲੀ ਅਤੇ ਸੰਘਰਸ਼
ਪ੍ਰੋ. ਪ੍ਰੀਤਮ ਸਿੰਘ ਨੇ ਨਜ਼ਰੀਆ ਪੰਨੇ ’ਤੇ ਪ੍ਰੋ. ਸ਼ੀਲਾ ਭੱਲਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਪਣੇ ਲੇਖ ‘ਪ੍ਰੋ. ਸ਼ੀਲਾ ਭੱਲਾ ਨੂੰ ਯਾਦ ਕਰਦਿਆਂ’ ਵਿਚ ਅਧਿਆਪਕ-ਵਿਦਿਆਰਥੀ ਰਿਸ਼ਤੇ ਦੀ ਸੂਖ਼ਮ ਸਾਂਝ ਦਾ ਪ੍ਰਗਟਾਵਾ ਕਰਦਿਆਂ ਜਿਸ ਤਰ੍ਹਾਂ ਹੋ ਚੀ ਮਿੰਨ ਦਾ ਜ਼ਿਕਰ ਕੀਤਾ ਹੈ, ਉਸ ਤੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਵਿਚ ਵੀਅਤਨਾਮੀ ਆਗੂ ਦੀ ਹਰਮਨਪਿਆਰਤਾ ਦਾ ਪਤਾ ਲੱਗਦਾ ਹੈ। ਲਿਖਾਰੀ ਨੇ ਜਿਸ ਤਰ੍ਹਾਂ ਪ੍ਰੋ. ਸ਼ੀਲਾ ਭੱਲਾ ਦੀਆਂ ਖੇਤੀ ਬਾਰੇ ਲੱਭਤਾਂ ਨੂੰ ਅਜੋਕੇ ਕਿਸਾਨੀ ਸੰਘਰਸ਼ ਨਾਲ ਜੋੜ ਕੇ ਪ੍ਰਸੰਗਕ ਸਿੱਧ ਕੀਤਾ ਹੈ, ਇਸ ਨਾਲ ਇਹ ਮਹਿਜ਼ ਸ਼ਰਧਾਂਜਲੀ ਨਾ ਹੋ ਕੇ ਮੁਕੰਮਲ ਲੇਖ ਹੋ ਨਬਿੜਿਆ ਹੈ।
ਗੁਰਬਾਜ ਸਿੰਘ ਬਰਾੜ, ਸਰੀ (ਕੈਨੇਡਾ)
(2)
ਪ੍ਰੋ. ਪ੍ਰੀਤਮ ਸਿੰਘ ਨੇ ਆਪਣੇ ਅਧਿਆਪਕ ਰਹੇ ਪ੍ਰੋਫ਼ੈਸਰ ਸ਼ੀਲਾ ਭੱਲਾ ਬਾਰੇ ਲਿਖੀ ਸ਼ਰਧਾਂਜਲੀ ਬੜੀ ਦਿਲ ਟੁੰਬਵੀਂ ਲੱਗੀ। ਵੱਡੇ ਅਦਾਰਿਆਂ ’ਚ ਕੰਮ ਕਰਦੇ ਹੋਣ ਦੇ ਬਾਵਜੂਦ ਆਮ ਲੋਕਾਂ ਦੇ ਹੱਕਾਂ ਵਾਸਤੇ ਲੜਦੇ ਰਹਿਣ ਵਾਲੇ ਲੋਕ ਆਮ ਨਹੀਂ ਮਿਲਦੇ। ਇਹੋ ਜਿਹੇ ਇਨਸਾਨ ਦਾ ਅਧਿਆਪਕ ਹੋਣਾ ਸੋਨੇ ’ਤੇ ਸੁਹਾਗੇ ਵਾਂਗ ਹੈ। ਇਹੋ ਜਿਹਾ ਅਧਿਆਪਕ ਸਚਮੁੱਚ ਕਿਸਮਤ ਵਾਲੇ ਵਿਦਿਆਰਥੀਆਂ ਨੂੰ ਹੀ ਮਿਲਦਾ ਹੈ। ਅਗਾਂਹ ਪ੍ਰੋਫੈਸਰ ਸ਼ੀਲਾ ਭੱਲਾ ਨੂੰ ਚੰਗੇ ਵਿਦਿਆਰਥੀ ਮਿਲੇ, ਉਹ ਵੀ ਭਾਗਾਂ ਵਾਲੇ ਸਨ।
ਮਾਸਟਰ ਦਿਲਬਾਗ ਸਿੰਘ, ਪਿੰਡ ਹਰੀ ਕੇ ਕਲਾਂ (ਮੁਕਤਸਰ)
(3)
ਪ੍ਰੋ. ਪ੍ਰੀਤਮ ਸਿੰਘ ਦਾ ਪ੍ਰੋ. ਸ਼ੀਲਾ ਭੱਲਾ ਬਾਰੇ ਲੇਖ ਪੜ੍ਹਿਆ। ਅਜਿਹੀਆਂ ਨੇਕ ਸ਼ਖ਼ਸੀਅਤਾਂ, ਕਾਬਿਲ ਅਧਿਆਪਕ ਅਤੇ ਆਮ ਲੋਕਾਂ ਦੇ ਮਸਲਿਆਂ ਬਾਰੇ ਆਵਾਜ਼ ਉਠਾਉਣ ਦੇ ਤੁਰ ਜਾਣ ਦਾ ਘਾਟਾ ਕਦੇ ਪੂਰਾ ਨਹੀਂ ਹੁੰਦਾ। ਇਸੇ ਕਰਕੇ ਅਜਿਹੀਆਂ ਸ਼ਖ਼ਸੀਅਤਾਂ ਬਾਰੇ ਗੱਲਾਂ ਹੁੰਦੀਆਂ ਅਤੇ ਫਿਰ ਅਗਾਂਹ ਤੁਰਦੀਆਂ ਹਨ।
ਬਲਵਿੰਦਰ ਗਿੱਲ, ਈਮੇਲ
ਧਰਮ ਤਬਦੀਲੀ ਵਿਰੋਧੀ ਕਾਨੂੰਨ
14 ਸਤੰਬਰ ਨੂੰ ਪ੍ਰੇ੍ਮ ਚੌਧਰੀ ਨੇ ਆਪਣੇ ਲੇਖ ‘ਧਰਮ ਤਬਦੀਲੀ ਵਿਰੋਧੀ ਕਾਨੂੰਨ ਬਰਾਬਰੀ ਦੇ ਹੱਕ ਦੀ ਉਲੰਘਣਾ’ ਵਿਚ ਬਿਲਕੁਲ ਦਰੁਸਤ ਕਿਹਾ ਹੈ। ਜੇ ਕੋਈ ਮਰਜ਼ੀ ਨਾਲ ਕਿਸੇ ਦੂਜੇ ਧਰਮ ਵਿਚ ਸ਼ਾਦੀ ਕਰਵਾਉਣੀ ਚਾਹੁੰਦਾ ਹੈ ਤਾਂ ਇਸ ਵਿਚ ਬੁਰਾਈ ਹੀ ਕੀ ਹੈ ਸਗੋਂ ਇਸ ਨਾਲ ਤਾਂ ਧਰਮਾਂ ਵਿਚ ਏਕਤਾ ਬਣਦੀ ਹੈ। ਅਸਲ ਵਿਚ ਧਰਮਾਂ ਕਰਕੇ ਹੀ ਸਮਾਜ ਵਿਚ ਵੰਡੀਆਂ ਪੈਂਦੀਆਂ ਹਨ। ਹਾਂ, ਜਬਰੀ ਧਰਮ ਬਦਲਣਾ ਜ਼ਰੂਰ ਜੁਰਮ ਹੈ।
ਜਸਬੀਰ ਕੌਰ, ਅੰਮ੍ਰਿਤਸਰ
ਬੱਚੇ ਦੇ ਬੋਲ
13 ਸਤੰਬਰ ਦਾ ਮਿਡਲ ‘ਬੱਚੇ ਦੇ ਬੋਲ’ (ਲਿਖਾਰੀ ਵਿਜੈ ਕੁਮਾਰ) ਪੜ੍ਹਿਆ। ਸਚਮੁੱਚ ਬੱਚੇ ਬਹੁਤ ਸ਼ਰਮਿੰਦਗੀ ਮਹਿਸੂਸ ਕਰਦੇ ਹਨ, ਜਦੋਂ ਕਲਾਸ ਵਿਚੋਂ ਬੁਲਾ ਕੇ ਉਹ ਵਰਦੀ ਜਾਂ ਕਿਤਾਬਾਂ ਫੜੀ ਵਾਪਸ ਆਉਂਦੇ ਹਨ। ਉਂਜ ਵੀ ਪੜ੍ਹਨ ਵੇਲੇ ਵਰਦੀ ਜ਼ਰੂਰੀ ਨਹੀਂ।
ਦਵਿੰਦਰ ਕੌਰ, ਈਮੇਲ
(2)
ਹੱਡਬੀਤੀ ਪੜ੍ਹ ਕੇ ਜਿੱਥੇ ਵਿਦਿਆਰਥੀ ਦੀ ਅਣਖ ’ਤੇ ਮਾਣ ਹੋਇਆ, ਉੱਥੇ ਸਰਦੇ-ਪੁੱਜਦੇ ਲੋਕਾਂ ਦੀ ਭਿਖਾਰੀ ਮਾਨਸਿਕਤਾ ਬਾਰੇ ਵੀ ਸੋਚਣ ਨੂੰ ਮਜਬੂਰ ਕੀਤਾ ਹੈ।
ਸੁਖਜਿੰਦਰ ਸਿੰਘ, ਈਮੇਲ
ਉਤਰਾਅ-ਚੜ੍ਹਾਅ
10 ਸਤੰਬਰ ਨੂੰ ਜਗਦੀਸ਼ ਕੌਰ ਮਾਨ ਦੀ ਰਚਨਾ ‘ਆਪਣਿਆਂ ਦੀ ਛਾਂ’ ਨੇ ਧੁਰ ਅੰਦਰ ਤਕ ਝੰਜੋੜ ਕੇ ਰੱਖ ਦਿੱਤਾ। ਜ਼ਿੰਦਗੀ ਵਿਚ ਬੜੇ ਉਤਰਾਅ-ਚੜ੍ਹਾਅ ਆਉਂਦੇ ਨੇ, ਜੇ ਦੁੱਖ ਵੇਲੇ ਆਪਣੇ, ਆਪਣਿਆਂ ਨਾਲ ਖੜ੍ਹ ਜਾਣ ਤਾਂ ਦੁਖੀ ਬੰਦਾ ਬੜੀ ਰਾਹਤ ਮਹਿਸੂਸ ਕਰਦਾ ਹੈ।
ਅਮਰਜੀਤ ਮੱਟੂ ਭਰੂਰ (ਸੰਗਰੂਰ)
(3)
ਜਗਦੀਸ਼ ਕੌਰ ਮਾਨ ਦੀ ਰਚਨਾ ‘ਆਪਣਿਆਂ ਦੀ ਛਾਂ’ ਬਹੁਤ ਕੁਝ ਸੋਚਣ ਲਈ ਮਜਬੂਰ ਕਰਦੀ ਹੈ। ਇਕ-ਦੂਜੇ ਦਾ ਸਹਾਰਾ ਬਣ ਕੇ ਇਸ ਸਮਾਜ ਨੂੰ ਵਧੀਆ ਅਤੇ ਰਹਿਣਯੋਗ ਬਣਾਇਆ ਜਾ ਸਕਦਾ ਹੈ। ਇਉਂ ਨਫ਼ਰਤਾਂ ਦੀ ਹਨੇਰੀਆਂ ਵੀ ਠੱਲ੍ਹੀਆਂ ਜਾ ਸਕਦੀਆਂ ਹਨ।
ਸੁਖਵੰਤ ਕੌਰ, ਜਲੰਧਰ
ਖੇਤਰੀ ਭਾਸ਼ਾਵਾਂ ਦੀ ਤਰੱਕੀ
ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸਾਰੀਆਂ ਖੇਤਰੀ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਬਾਰੇ ਬਿਆਨ ਸ਼ਲਾਘਾਯੋਗ ਹੈ। ਇਸ ਪ੍ਰਸੰਗ ਗ੍ਰਹਿ ਮੰਤਰੀ ਨੂੰ ਇਹ ਬੇਨਤੀ ਹੈ ਕਿ ਪੰਜਾਬੀ ਭਾਸ਼ਾ ਨੂੰ ਵੀ ਇਹ ਮਾਣ ਬਖ਼ਸ਼ਿਆ ਜਾਵੇ ਅਤੇ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਵਿਚ ਇਸ ਨੂੰ ਦੂਜੀ ਮੁੱਖ ਜ਼ਬਾਨ ਦਾ ਦਰਜਾ ਦਿੱਤਾ ਜਾਵੇ। ਸਰਕਾਰ ਸਿਰਫ਼ ਬਿਆਨ ਦੇਣ ਤਕ ਹੀ ਸੀਮਤ ਨਾ ਰਹਿ ਕੇ ਇਨ੍ਹਾਂ ਬਿਆਨਾਂ ਨੂੰ ਅਮਲੀ ਜਾਮਾ ਵੀ ਪਹਿਨਾਏ ਤਾਂ ਜੋ ਖੇਤਰੀ ਭਾਸ਼ਾਵਾਂ ਦੀ ਉਨਤੀ ਹੋ ਸਕੇ।
ਭਾਈ ਅਸ਼ੋਕ ਸਿੰਘ ਬਾਗੜੀਆਂ, ਚੰਡੀਗੜ੍ਹ