ਪਹਿਲੀ ਅਲਗੋਜ਼ਾਵਾਦਕ
4 ਸਤੰਬਰ ਨੂੰ ਸਤਰੰਗ ਪੰਨੇ ’ਤੇ ਦਰਸ਼ਨ ਸਿੰਘ ਸੋਢੀ ਦੀ ਰਚਨਾ ‘ਪਹਿਲੀ ਅਲਗੋਜ਼ਾਵਾਦਕ ਅਨੁਰੀਤ’ ਪੜ੍ਹ ਕੇ ਖੁਸ਼ੀ ਹੋਈ। ਉਹ ਆਪਣੇ ਮਾਪਿਆਂ ਦੇ ਨਾਲ ਨਾਲ ਸਮੁੱਚੇ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦਾ ਮਾਣ ਹੈ।
ਅਮਰਜੀਤ ਮੱਟੂ ਭਰੂਰ (ਸੰਗਰੂਰ)
ਗਿਰਝਾਂ ਬਾਰੇ ਜਾਣਕਾਰੀ
4 ਸਤੰਬਰ ਨੂੰ ਸਤਰੰਗ ਪੰਨੇ ’ਤੇ ਲੇਖ ‘ਵਾਤਾਵਰਨ ਪ੍ਰਣਾਲੀ ਲਈ ਅਹਿਮ ਗਿਰਝਾਂ’ ਜਾਣਕਾਰੀ ਭਰਪੂਰ ਸੀ। ਕੋਈ ਸ਼ੱਕ ਨਹੀਂ ਕਿ ਕੁਦਰਤ ਨੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਅਨੇਕਾਂ ਬੰਦੋਬਸਤ ਕੀਤੇ ਹਨ ਜਿਨ੍ਹਾਂ ਵਿਚ ਗਿਰਝਾਂ ਤੇ ਇੱਲਾਂ ਦੀ ਬਹੁਤ ਮਹੱਤਤਾ ਹੈ। ਇਹ ਪੰਛੀ ਮਰੇ ਹੋਏ ਪਸ਼ੂਆਂ ਦਾ ਮਾਸ ਖਾ ਕੇ ਉਦਰ-ਪੂਰਤੀ ਕਰਦੇ ਹਨ। 35-40 ਸਾਲ ਪਹਿਲਾਂ ਪੰਜਾਬ ਵਿਚ ਲੱਖਾਂ ਦੀ ਗਿਣਤੀ ਵਿਚ ਇੱਲਾਂ ਤੇ ਗਿਰਝਾਂ ਸਨ ਪਰ ਹੌਲੀ ਹੌਲੀ ਇਨ੍ਹਾਂ ਦੀਆਂ ਨਸਲਾਂ ਜਿਵੇਂ ਖ਼ਤਮ ਹੀ ਹੋ ਗਈਆਂ ਹਨ, ਹੱਡਾ-ਰੋੜੀਆਂ ਵਿਚ ਹੁਣ ਕੁੱਤਿਆਂ ਦਾ ਰਾਜ ਹੈ। ਸਰਕਾਰ ਜਾਂ ਵਾਤਾਵਰਨ ਸੰਸਥਾਵਾਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ ਕਿ ਇੱਲਾਂ ਜਾਂ ਗਿਰਝਾਂ ਦੀਆਂ ਨਸਲਾਂ ਨੂੰ ਦੁਬਾਰਾ ਪੰਜਾਬ ਵਿਚ ਵਿਕਸਤ ਕੀਤਾ ਜਾਏ।
ਸੁਖਦੇਵ ਸਿੰਘ ਭੁੱਲੜ, ਸੁਰਜੀਤਪੁਰਾ (ਬਠਿੰਡਾ)
ਜਾਗਰੂਕਤਾ ਦੀਆਂ ਬਾਤਾਂ
4 ਸਤੰਬਰ ਨੂੰ ਨੰਦ ਸਿੰਘ ਮਹਿਤਾ ਦਾ ਮਿਡਲ ‘ਬੂਹੇ ਅੱਗੇ ਇਨਕਲਾਬ’ ਬਹੁਤ ਢੁਕਵਾਂ ਲੱਗਿਆ। ਕਿਸਾਨ ਅੰਦੋਲਨ ਨੇ ਆਮ ਆਦਮੀ ਨੂੰ ਕਾਰਪੋਰੇਟ ਨੀਤੀਆਂ, ਸਰਕਾਰੀ ਚਾਲਾਂ, ਲੋਕ ਸ਼ਕਤੀ ਅਤੇ ਹੋਰ ਅਜਿਹੇ ਬਹੁਤ ਸਾਰੇ ਸ਼ਬਦਾਂ ਦਾ ਜਾਣੂ ਕਰਵਾ ਦਿੱਤਾ ਹੈ।
ਗੁਰਨਾਮ ਸਿੰਘ, ਮੁਹਾਲੀ
ਕਾਹਦੀ ਲੋਕ ਸੇਵਾ !
3 ਸਤੰਬਰ ਨੂੰ ਸੁੱਚਾ ਸਿੰਘ ਗਿੱਲ ਦਾ ਲੇਖ ‘ਮੁਦਰੀਕਰਨ ਤੇ ਸਰਕਾਰੀ ਜਾਇਦਾਦਾਂ ਦੀ ਹੋਣੀ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਸਰਕਾਰ ਜਿਵੇਂ ਕਿਵੇਂ ਸਰਕਾਰੀ ਜਾਇਦਾਦਾਂ ਨਿੱਜੀ ਹੱਥਾਂ ਵਿਚ ਦੇਣਾ ਚਾਹੁੰਦੀ ਹੈ। ਕੇਂਦਰ ਸਰਕਾਰ ‘ਲੋਕ ਸੇਵਾ’ ਦਾ ਧਰਮ ਭੁੱਲ-ਭੁਲਾ ਕੇ ਚਹੇਤਿਆਂ ਨੂੰ ਲਾਭ ਪਹੁੰਚਾਉਣ ਦੇ ਰਾਹ ਪਈ ਹੋਈ ਹੈ। ਨਿੱਜੀਕਰਨ ਨਾ ਲੋਕਾਂ ਅਤੇ ਨਾ ਹੀ ਦੇਸ਼ ਦੇ ਹਿੱਤ ਵਿਚ ਹੈ।
ਸੰਦੀਪ ਕੁਮਾਰ ਸਿੰਗਲਾ, ਬਠਿੰਡਾ
ਮਹਿੰਗਾਈ ਦੀ ਮਾਰ
3 ਸਤੰਬਰ ਦਾ ਸੰਪਾਦਕੀ ‘ਵਧ ਰਹੀ ਮਹਿੰਗਾਈ’ ਅੱਜ ਦੇ ਹਾਲਾਤ ਨੂੰ ਬਿਆਨ ਕਰਦੀ ਹੈ। ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿਚ ਹੁਣ 25 ਰੁਪਏ ਦਾ ਵਾਧਾ ਹੋਇਆ ਹੈ। ਹਰ ਮਹੀਨੇ ਗੈਸ ਸਿਲੰਡਰ ਦੀ ਕੀਮਤ ਵਧ ਰਹੀ ਹੈ। ਖਾਣ ਪੀਣ ਵਾਲੀਆਂ ਹੋਰ ਵਸਤੂਆਂ ਜਿਵੇਂ ਦਾਲਾਂ, ਦੁੱਧ, ਤੇਲ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਆਮ ਲੋਕਾਂ ਲਈ ਦੋ ਸਮੇਂ ਦੀ ਰੋਟੀ ਦਾ ਹੀਲਾ ਕਰਨਾ ਮੁਸ਼ਕਿਲ ਹੋ ਗਿਆ ਹੈ। ਸਰਕਾਰ ਨੂੰ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ।
ਸੰਜੀਵ ਸਿੰਘ ਸੈਣੀ, ਮੁਹਾਲੀ
ਬਦਲਵਾਂ ਵਿਕਾਸ ਮਾਡਲ
3 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਪਾਵੇਲ ਕੁੱਸਾ ਦੇ ਲੇਖ ‘ਪੰਜਾਬ ਚੋਣਾਂ, ਕਿਸਾਨੀ ਸੰਘਰਸ਼ ਤੇ ਵਿਕਾਸ ਮਾਡਲ’ ਵਿਚ ਬੀਤੇ ਦਹਾਕਿਆਂ ਦੇ ਵਿਕਾਸ ਉੱਪਰ ਟਿੱਪਣੀ ਹੈ; ਵਾਕਈ ਅਸੀਂ ਵਿਕਾਸ ਦੀਆਂ ਬੁਲੰਦੀਆਂ ਨੂੰ ਛੋਹ ਲਿਆ ਹੈ ਪਰ ਅਸਲ ਵਿਕਾਸ ਅਜੇ ਬਾਕੀ ਹੈ। ਕਾਰਪੋਰੇਟ ਘਰਾਣਿਆਂ ਦੀ ਅੰਨ੍ਹੀ ਲੁੱਟ ਅਤੇ ਸਰਕਾਰੀ ਅਦਾਰਿਆਂ ਦਾ ਡੁੱਬਣਾ ਤੇ ਨਿੱਜੀਕਰਨ ਦੀ ਤਰਜੀਹ ਨੇ ਪੰਜਾਬ ਅੰਦਰ ਲੋਟੂਆਂ ਨੂੰ ਸ਼ਹਿ ਦਿੱਤੀ ਹੈ। ਲੇਖਕ ਦਾ ਹੋਕਾ ਹੈ ਕਿ ਬਲਦਵੇਂ ਪ੍ਰਬੰਧ ਵਾਲਾ ਮਾਡਲ ਉਸਾਰਿਆ ਜਾਵੇ। ਇਸ ਪਾਸੇ ਸੰਜੀਦਾ ਯਤਨ ਹੋਣੇ ਚਾਹੀਦੇ ਹਨ।
ਸੁਖਵੀਰ ਕੌਰ, ਬਠਿੰਡਾ
ਪ੍ਰੇਰਨਾ ਸ੍ਰੋਤ
3 ਸਤੰਬਰ ਨੂੰ ਮਨਦੀਪ ਕੌਰ ਬਰਾੜ ਦੇ ਲੇਖ ‘ਜ਼ਖ਼ਮੀ ਖੰਭਾਂ ਦੀ ਪਰਵਾਜ਼’ ਤੋਂ ਆਰਥਿਕ ਤੌਰ ’ਤੇ ਅਤੇ ਹੋਰ ਮੁਸ਼ਕਿਲ ਹਾਲਾਤ ਨਾਲ ਲੜ ਕੇ ਅੱਗੇ ਵਧਣ ਦੀ ਪ੍ਰੇਰਨਾ ਮਿਲਦੀ ਹੈ। ਇਸ ਤੋਂ ਪਹਿਲਾਂ ਦੋ ਸਤੰਬਰ ਨੂੰ ਛਪਿਆ ਵਿਕਾਸ ਕਪਿਲਾ ਦਾ ਮਿਡਲ ‘ਕਿੱਸਾ ਦੋ ਰੁਪਏ’ ਦਿਲਚਸਪ ਲਿਖਤ ਹੈ। ‘ਥਾਣੇਦਾਰ ਦੀ ਬਦਲੀ’ (1 ਸਤੰਬਰ) ਵਿਚ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਸਮਾਜ ਵਿਚ ਉੱਚ ਅਹੁਦੇ ਵਾਲੇ ਅਮੀਰ ਲੋਕਾਂ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ।
ਨਵਜੀਤ ਕੌਰ, ਸੁਲਤਾਨਪੁਰ (ਮਲੇਰਕੋਟਲਾ)
ਸੱਚ ’ਤੇ ਪਹਿਰਾ ਦੇਣ ਵਾਲੇ
11 ਅਗਸਤ ਦੇ ਨਜ਼ਰੀਆ ਪੰਨੇ ’ਤੇ ਮਿਡਲ ‘ਤਾਏ ਦੀ ਲੜਾਈ’ ਵਿਚ ਵਿਪਨ ਜਲਾਲਾਬਾਦੀ ਨੇ ਕੌੜ ਸੁਭਾਅ ਵਾਲੇ ਤਾਏ ਨੂੰ ਯਾਦ ਕੀਤਾ ਹੈ। ਦਰਅਸਲ ਮੌਜੂਦਾ ਸਮਾਜ ਵਿਚ ਅਣਖ ਅਤੇ ਸੱਚ ’ਤੇ ਪਹਿਰਾ ਦੇਣ ਵਾਲਿਆਂ ਦੀ ਗਿਣਤੀ ਦਿਨੋ-ਦਿਨ ਘਟ ਰਹੀ ਹੈ। ਸੱਚ ਨੂੰ ਹਰ ਕਿਸੇ ਦੇ ਮੂੰਹ ’ਤੇ ਕਹਿਣ ਲਈ ਜੇਰੇ ਦੀ ਲੋੜ ਹੁੰਦੀ ਹੈ। 31 ਜੁਲਾਈ ਦੇ ਲੇਖ ‘ਔਰਤਾਂ ਦੀ ਸੜਕ ਸੰਸਦ, ਕਿਸਾਨ ਘੋਲ ਅਤੇ ਚੋਣਾਂ’ ਵਿਚ ਨਵਸ਼ਰਨ ਕੌਰ ਨੇ ਕਿਸਾਨ ਸੰਘਰਸ਼ ਵਿਚ ਔਰਤਾਂ ਦੀ ਹਿੱਸੇਦਾਰੀ ਦੀ ਗੱਲ ਕੀਤੀ ਹੈ। ਕੋਈ ਸ਼ੱਕ ਨਹੀਂ ਕਿ ਸਮਾਜ ਦੇ ਹਰ ਖੇਤਰ ਵਿਚ ਇਸਤਰੀਆਂ ਬਰਾਬਰ ਯੋਗਦਾਨ ਪਾ ਰਹੀਆਂ ਹਨ ਪਰ ਅਸਲ ਮਸਲਾ ਇਹ ਹੈ ਕਿ ਸਿਆਸੀ ਢਾਂਚੇ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ ਤੇ ਇਹ ਢਾਂਚਾ ਇੰਨਾ ਖ਼ਰਾਬ ਹੋ ਚੁੱਕਾ ਹੈ ਕਿ ਇਸ ਵਿਚ ਨੇੜ ਭਵਿੱਖ ਵਿਚ ਕੋਈ ਸੁਧਾਰ ਹੁੰਦਾ ਵੀ ਨਜ਼ਰ ਨਹੀਂ ਆ ਰਿਹਾ।
ਜਗਦੇਵ ਸਿੰਘ ਝੱਲੀ, ਪਿੰਡ ਚੌਕੀਮਾਨ (ਲੁਧਿਆਣਾ)
ਕੁਰਬਾਨੀ ਨੂੰ ਸਜਦਾ
5 ਸਤੰਬਰ ਨੂੰ ਪੰਨਾ ਦੋ ਉੱਤੇ ਕੂੜਾ ਚੁੱਕਦੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਵਕੀਲ ਹਰੀ ਓਮ ਜਿੰਦਲ ਦੀ ਖ਼ਬਰ ਪੜ੍ਹੀ। ਇਸ ਸ਼ਖ਼ਸ ਦੀ ਕੁਰਬਾਨੀ ਅੱਗੇ ਸਿਰ ਝੁਕਦਾ ਹੈ। ਉਹ ‘ਏ’ ਫਾਰ ਐੱਪਲ ਦੀ ਬਜਾਇ ਐੱਡਮਿਨਿਸਟਰੇਸ਼ਨ ਅਤੇ ‘ਬੀ’ ਫਾਰ ਬੁਆਇ ਦੀ ਬਜਾਇ ਬਿਊਰੋਕਰੇਸੀ ਵਾਂਗ ਬਾਕੀ ਅੱਖਰਾਂ ਨਾਲ ਬੱਚਿਆਂ ਨੂੰ ਕਿੰਨੇ ਜਾਗਰੂਕ ਕਰਦੇ ਹੋਣਗੇ! ਹੋਰ ਅਧਿਆਪਕ ਵੀ ਇਸ ਤੋਂ ਪ੍ਰੇਰਨਾ ਲੈ ਸਕਣਗੇ। ਅਜਿਹੀਆਂ ਮਿਸਾਲਾਂ ਬੁਢਾਪਾ ਪੈਨਸ਼ਨ, ਮਿਡ-ਡੇ ਮੀਲ, ਮਗਨਰੇਗਾ, ਰਾਸ਼ਨ, ਸਬਸਿਡੀ, ਸੰਕਟ ਪੀੜਤ, ਹੜ੍ਹਾਂ ਤੋਂ ਰਾਹਤ ਦੇ ਮਾਮਲਿਆਂ ਵਿਚ ਵੀ ਬਣਨੀਆਂ ਚਾਹੀਦੀਆਂ ਹਨ।
ਗੁਰਮੁਖ ਸਿੰਘ ਪੋਹੀੜ, ਲੁਧਿਆਣਾ