ਧਰਮਿੰਦਰ ਸ਼ਾਹਿਦ ਖੰਨਾ
ਜਦ ਬਿਰਹੋਂ ਦਾ ਮੌਸਮ
ਅੰਤਿਮ ਸਾਹਾਂ ਉੱਤੇ ਆਵੇਗਾ
ਖ਼ੁਸ਼ੀਆਂ ਦੇ ਵਿੱਚ ਮੇਰੇ ਮਨ ਦਾ
ਅੰਬਰ ਕਿੱਕਲੀ ਪਾਵੇਗਾ
ਸਾਹਾਂ ਦੀ ਸਰਗਮ ਤੇ ਨਗ਼ਮੇਂ
ਫਿਰ ਛੋਹੇ ਨੇ ਸੱਧਰਾਂ ਨੇ
ਹੁਣ ਤਾਂ ਦਿਲ ਦਾ ਕੋਨਾ ਕੋਨਾ
ਨੱਚੇਗਾ ਮੁਸਕਾਵੇਗਾ
ਮੇਰਿਆਂ ਖ਼ੁਆਬਾਂ ਨੂੰ ਕਹਿੰਦਾ ਸੀ
ਵਾ ਦਾ ਬੁੱਲਾ ਸੁਣਿਐ ਮੈਂ
ਕਹਿੰਦਾ ਏਸ ਵਰ੍ਹੇ ਦਾ ਸਾਵਣ
ਚਿਰ ਦੀ ਪਿਆਸ ਬੁਝਾਵੇਗਾ
ਚਹੁੰ ਨੈਣਾਂ ਨੇ ਦੋ ਰੂਹਾਂ ਨੂੰ
ਇਕਮਿਕ ਜਿਸ ਪਲ ਕਰ ਦਿੱਤਾ
ਖ਼ੁਸ਼ਬੂਆਂ ਦੇ ਨਾਲ ਚੁਫ਼ੇਰਾ
ਖ਼ੁਦ-ਬ-ਖ਼ੁਦ ਭਰ ਜਾਵੇਗਾ
ਕਲੀਆਂ ਭੌਰੇ ਫੁੱਲ ਪਰਿੰਦੇ
ਖੀਵੇ ਹੋ ਹੋ ਜਾਵਣਗੇ
ਚੰਨ ਵਰਗੇ ਮੁਖੜੇ ਦਾ ਸ਼ਾਹਿਦ
ਜਦ ਕੋਈ ਗੀਤ ਬਣਾਵੇਗਾ।
ਸੰਪਰਕ: 99144-00151
* * *
ਲੋਹੜੀ
ਜਗਜੀਤ ਸਿੰਘ ਲੱਡਾ
ਗੱਜ ਵੱਜ ਧੀਆਂ ਦੀ ਮਨਾਓ ਲੋਹੜੀ।
ਪਰ ਸੋਚ ਵੀ ਚੰਗੀ ਕਰ ਲਓ ਥੋੜ੍ਹੀ।
ਰੋਜ਼ ਰੋਜ਼ ਖ਼ਬਰਾਂ ਰੂਹ ਕੰਬਾਉਂਦੀਆਂ,
ਮੂੰਹ ਕਾਲੇ ਵਾਲੀਆਂ ਨੇ ਆਉਂਦੀਆਂ,
ਦੇਖੀਏ ਕਿਸੇ ਦੀ ਨਿੱਤ ਧੌਣ ਮਰੋੜੀ।
ਸੋਚ ਸੁਧਾਰੋ ਫੇਰ ਜਚੂਗੀ ਲੋਹੜੀ।
ਘਰੇ ਵੀ ਬੇਟੀਆਂ ਨਹੀਓਂ ਮਹਿਫ਼ੂਜ਼,
ਕੰਜਕਾਂ ਬਣਾ ਕੇ ਉਂਝ ਰਹੇ ਹਾਂ ਪੂਜ,
ਪੇਟੋਂ ਕੱਢ ਕੱਢ ਸੂਏ ਜਾਈਏ ਰੋੜ੍ਹੀ।
ਸੋਚ ਸੁਧਾਰੋ ਫੇਰ ਜਚੂਗੀ ਲੋਹੜੀ।
ਕਿੰਨੀਆਂ ਹੀ ਘਰਾਂ ‘ਚ ਪੋਚੇ ਫੇਰਨ,
ਪੜ੍ਹਨੋਂ ਹਟਣ ‘ਤੇ ਬਹੁਤ ਹੰਝੂ ਕੇਰਨ,
ਇਨ੍ਹਾਂ ਦੀ ਹਰ ਗੱਲ ਜਾਂਦੀ ਹੈ ਮੋੜੀ।
ਸੋਚ ਸੁਧਾਰੋ ਫੇਰ ਜਚੂਗੀ ਲੋਹੜੀ।
ਭਾਵੇਂ ਹੁਣ ਮਾਪੇ ਪੁੱਤਾਂ ਵਾਂਗ ਪਾਲਣ,
‘ਲੱਡੇ’ ਧੀ ਲਈ ਬੜੇ ਜੱਫਰ ਜਾਲਣ,
ਪਰ ਜੱਗ ‘ਤੇ ਐਸੀ ਕੋਈ ਹੀ ਜੋੜੀ।
ਸੋਚ ਸੁਧਾਰੋ ਫੇਰ ਜਚੂਗੀ ਲੋਹੜੀ।
ਸੰਪਰਕ: 98555-31045
* * *
ਇਬਾਦਤ
ਅਮਰਜੀਤ ਸਿੰਘ ਫ਼ੌਜੀ
ਇਸ਼ਕ, ਇਬਾਦਤ, ਪਿਆਰ ਮੁਹੱਬਤ
ਇਹ ਫੱਕਰਾਂ ਦੇ ਗਹਿਣੇ
ਤੂੰ ਵੀ ਪਾ ਲੈ ਜਿੰਦ ਮੇਰੀਏ
ਲੱਗ ਸਿਆਣਿਆਂ ਦੇ ਕਹਿਣੇ
ਹੁਸਨ, ਜਵਾਨੀ, ਨਖਰੇ ਸ਼ਖਰੇ
ਸਦਾ ਨਾਲ ਨਹੀਂ ਰਹਿਣੇ
ਕੋਠੀਆਂ, ਕਾਰਾਂ, ਦੌਲਤ, ਬੰਗਲੇ
ਆਖ਼ਰ ਛੱਡਣੇ ਪੈਣੇ
ਭੁੱਲ ਜਾ ਲੋਕੀਂ ਕੀ ਆਖਣਗੇ
ਸਿੱਖ ਲੈ ਮਿਹਣੇ ਸਹਿਣੇ
ਛੱਡ ਉੱਚਿਆਂ ਦੀ ਯਾਰੀ ਅੜੀਏ
ਰੱਖ ਨੀਵਿਆਂ ਸੰਗ ਬਹਿਣੇ
ਮੈਂ ਬੁਰੀ, ਮੈਥੋਂ ਸਭ ਚੰਗੀਆਂ
ਦਿਲ ‘ਚ ਵਸਾ ਲੈ ਭੈਣੇ
ਸਮਾਂ ਬੀਤਦਾ ਜਾਵੇ ‘ਫ਼ੌਜੀ’ ਦੇ,
ਆਖੇ ਲੱਗ ਸ਼ੁਦੈਣੇ।
ਸੰਪਰਕ: 95011-27033
* * *
ਧਰਤੀ ਵੱਲ ਵੇਖਦਾ
ਰਣਜੀਤ ਆਜ਼ਾਦ ਕਾਂਝਲਾ
ਉਮਰ ਹੰਢਾਕੇ ਬਾਪੂ ਧਰਤੀ ਵੱਲ ਵੇਖਦਾ!
ਗੁਜ਼ਰ ਗਏ ਰੰਗਲੇ ਬਚਪਨ ਨੂੰ ਟੋਲਦਾ!
ਕਮਾਈ ਕਰਦਿਆਂ ਜਵਾਨੀ ਗੁਜ਼ਰ ਗਈ,
ਕਦੇ ਧਰਤੀ ਨੂੰ ਗਿੱਠਾਂ ਨਾਲ ਸੀ ਮੇਚਦਾ!
ਬਚਪਨ ਬੀਤਿਆ ਜਵਾਨੀ ‘ਚ ਪੈਰ ਪਾਏ,
ਕੁਝ ਨਾ ਜਾਣ ਸਕੇ ਲਿਖੇ ਓਹਦੇ ਲੇਖ ਦਾ!
ਜ਼ਿੰਦਗੀ ਦੀ ਸ਼ਾਮ ਆਈ ਨੇੜੇ ਹੈ ਜਾਪਦੀ,
ਮੁੜ ਘੁੜ ਹੁਣ ਉਹ ਅੱਗਾ ਪਿੱਛਾ ਦੇਖਦਾ!
ਮੈਲ਼ੇ ਕੁਚੈਲ਼ੇ ਬਸਤਰਾਂ ਨਾਲ ਤਨ ਕੱਜਿਐ,
ਫਟੀ ਪੱਗੜੀ ਦਾ ਮੁਚਿਆ ਸ਼ਮ੍ਹਲਾ ਵੇਖਦਾ!
ਬੁਢਾਪੇ ਦਾ ਸਮਾਂ ਕੱਢਣਾ ਔਖਾ ਹੈ ਕਿੰਨਾ?
ਮਨ ‘ਚ ਏਸੇ ਪ੍ਰਸ਼ਨ ਦਾ ਹੀ ਉੱਤਰ ਖੋਜਦਾ!
ਅੱਜ ਰੋਟੀ ਤੋਂ ਵੀ ਆਤੁਰ ਹੋਇਆ ਝੂਰਦਾ,
ਅੰਤਲੇ ਸਮੇਂ ਨੂੰ ਪ੍ਰਾਣੀ ਕਿੰਝ ਪਿਆ ਸੋਚਦਾ!
ਐ ਦਾਤਾ ਬੁਢਾਪੇ ਵਿੱਚ ਕਿਸੇ ਨੂੰ ਰੋਲੀ ਨਾ,
ਚਲਦੇ ਸਰੀਰ ਦਾ ਨਬਿੇੜਾ ਕਰਨਾ ਲੋਚਦਾ!
ਛੱਡ ‘ਅਜ਼ਾਦ’ ਫ਼ਿਕਰ ਕਰਨਾ ਏਸ ਦੇਹ ਦਾ,
ਲਤਾੜੀ ਹੋਈ ਮਿੱਟੀ ‘ਚੋਂ ਅਕਸ ਹੈ ਦੇਖਦਾ?
ਸੰਪਰਕ: 094646-97781
* * *
ਬੇ-ਵਕਤੇ ਮੀਂਹ ਨਾਲ
ਗਗਨਦੀਪ ਸਿੰਘ ਬੁਗਰਾ
ਕਦੇ ਬੇਵਕਤੇ ਮੀਂਹ ਨਾਲ
ਫ਼ਸਲਾਂ ਨਹੀਂ ਝੂੰਮਦੀਆਂ,
ਪੱਤੇ ਨਹੀਂ ਹੱਸਦੇ,
ਤੇ ਖੇੜੇ ਨਹੀਂ ਮੌਲਦੇ।
ਬਹੁਤ ਕੁਝ ਬਦਲ ਜਾਂਦਾ
ਬੇਵਕਤੇ ਮੀਂਹ ਨਾਲ।
ਖੇਤਾਂ ‘ਚ ਰੁਦਨਮਈ ਪੌਣ ਵਗਦੀ ਹੈ,
ਸਿਆੜਾਂ ‘ਚ ਵੈਣ ਉੱਗਦੇ ਨੇ,
ਹਉਕੇ ਵੱਟੋ-ਵੱਟ ਤੁਰਦੇ ਨੇ,
ਸੁੱਕ ਜਾਂਦੀ ਹੈ ਚਾਵਾਂ ਦੀ ਵੱਤਰ,
ਤੇ ਘੇਰ ਲੈਂਦੀ ਹੈ ਵੇਦਨਾ ਦੀ ਲੰਬੀ ਔੜ।
ਕਣੀਆਂ ਨਾਲ ਹੰਝੂਆਂ ਦੀ ਝੜੀ ਵੀ ਲੱਗਦੀ ਹੈ,
ਤੇ ਕਿਤੇ ਕਿਤੇ ਖ਼ੁਦਕੁਸ਼ੀਆਂ ਵੀ ਪੁੰਗਰ ਆਉਂਦੀਆਂ ਨੇ।
ਬੜਾ ਕੁਝ ਬਦਲ ਜਾਂਦੈ,
ਬੇਵਕਤੇ ਮੀਂਹ ਨਾਲ।
ਸੰਪਰਕ: 98149-19299
* * *
ਸਰਦੀ ਦਾ ਮੌਸਮ ਹੈ ਆਇਆ
ਬਲਵਿੰਦਰ ਬਾਲਮ ਗੁਰਦਾਸਪੁਰ
ਗਰਮੀ ਧਰਤੀ ਦੇ ਵਿੱਚ ਲੁਕ ਗਈ।
ਲੂ ਵਾਲੀ ਵੀ ਟਹਿਣੀ ਝੁਕ ਗਈ।
ਠੰਢੀ ਵਾਅ ਨੇ ਘੇਰਾ ਪਾਇਆ।
ਸਰਦੀ ਦਾ ਹੈ ਮੌਸਮ ਆਇਆ…
ਨਾਲ ਬਹਾਰਾਂ ਗੁਲਸ਼ਨ ਹੱਸਿਆ।
ਖੁਸ਼ਬੂਆਂ ਦਾ ਕਣ-ਕਣ ਹੱਸਿਆ।
ਵਿਹੜਾ ਫੁੱਲਾਂ ਨਾਲ ਸਜਾਇਆ।
ਸਰਦੀ ਦਾ ਹੈ ਮੌਸਮ ਆਇਆ…
ਬਰਫ਼ਾਂ ਵਾਲੀ ਰਾਣੀ ਵਾਲਾ।
ਨਿਰਮਲ ਸੁੱਚੇ ਪਾਣੀ ਵਾਲਾ।
ਦਰਿਆਵਾਂ ਨੇ ਹਾਰ ਬਣਾਇਆ।
ਸਰਦੀ ਦਾ ਹੈ ਮੌਸਮ ਆਇਆ…
ਝਰਨੇ ਚਾਂਦੀ ਵਾਂਗਰ ਲਿਸ਼ਕੇ।
ਦੂਰ ਕਿਸੇ ਪਰਬਤ ਤੋਂ ਖਿਸਕੇ।
ਕੁਦਰਤ ਦੂਧੀਆ ਰੰਗ ਮਿਲਾਇਆ।
ਸਰਦੀ ਦਾ ਹੈ ਮੌਸਮ ਆਇਆ…
ਅੰਬਰ ਦੇ ਵਿੱਚ ਰੂਪ ਨਿਰਾਲਾ।
ਕਾਲੇ-ਕਾਲੇ ਬੱਦਲਾਂ ਵਾਲਾ।
ਰਿਮਝਿਮ ਨੇ ਸੰਗੀਤ ਸੁਣਾਇਆ।
ਸਰਦੀ ਦਾ ਹੈ ਮੌਸਮ ਆਇਆ…
ਠੰਢੀਆਂ ਚੀਜ਼ਾਂ ਖਾਓ ਨਾ।
ਠੰਢੇ ਕੱਪੜੇ ਪਾਓ ਨਾ।
ਬਾਲਮ ਨੇ ਸਭ ਨੂੰ ਸਮਝਾਇਆ
ਸਰਦੀ ਦਾ ਹੈ ਮੌਸਮ ਆਇਆ…।
ਸੰਪਰਕ: 98156-25409
* * *