ਗ਼ਜ਼ਲ
ਹਰੀ ਸਿੰਘ ਸੰਧੂ
ਤੂੰ ਕਿਉਂ ਮੇਰੀਆਂ ਲੱਤਾਂ ਤੋੜੇਂ, ਮੈਂ ਕਿਉਂ ਭੰਨਾਂ ਬਾਹਵਾਂ ਨੂੰ।
ਤੇਰਾ ਮੇਰਾ ਖ਼ੂਨ ਇਕ ਹੈ, ਪੁੱਛ ਸੋਹਣਿਆਂ ਮਾਵਾਂ ਨੂੰ।
ਮੂਰਖ਼ ਬਣਾਕੇ ਇਨ੍ਹਾਂ ਲੋਕਾਂ, ਕਰਤਾ ਅੱਡੋ ਅੱਡ ਸੀ ਸਾਨੂੰ,
ਆਪ ਬੈਠਗੇ ਕੁਰਸੀ ਉੱਤੇ, ਅਸੀਂ ਰੋਂਦੇ ਰਹੇ ਨਿਆਵਾਂ ਨੂੰ।
ਪੱਥਰ ਚੁਗ ਚੁਗ ਰੋਟੀ ਖਾਧੀ, ਲੂਣ ਆਚਾਰ ਗੰਢੇ ਨਾਲ,
ਸਾਰੀ ਉਮਰਾ ਇਹ ਕੰਮ ਕੀਤਾ, ਭੁੱਲਾਂ ਕਦੀ ਨਾ ਥਾਵਾਂ ਨੂੰ।
ਲੂਣ ਹਰਾਮੀ ਲੀਡਰ ਅਜੋਕੇ, ਮੈਂ ਕਿਉਂ ਕਰਾਂ ਸਲਾਮਾਂ ਜੀ,
ਮੇਰਾ ਵੱਸ ਚੱਲੇ ਮੈਂ ਦੱਸਾਂ, ਇਹ ਨਾ ਬਖ਼ਸ਼ਣ ਮਾਵਾਂ ਨੂੰ।
ਮੰਦਰ ਮਸਜਿਦ ਗੁਰਦੁਆਰੇ, ਇਹ ਤਾਂ ਸਭ ਦੇ ਸਾਂਝੇ ਨੇ,
ਸਾਨੂੰ ਕਿਹੜਾ ਰੋਕ ਸਕੇਗਾ, ਸਾਂਝੇ ਭੈਣ ਭਰਾਵਾਂ ਨੂੰ।
ਰੇਤਾ ਸੀਮਿੰਟ ਬਜਰੀ ਖਾ ਗਏ, ਤਾਹੀਂ ਅੱਜਕੱਲ੍ਹ ਫੁੱਲੇ ਨੇ,
ਸੀ ਬੀ ਆਈ ਆ ਕੇ ਫੜ ਲੈ, ਚੁਣ ਚੁਣ ‘ਵੱਡੇ’ ਨਾਵਾਂ ਨੂੰ।
ਮੱਤ ਮਾਰ ਲਈ ਕੁਰਸੀ ਸਾਡੀ, ਹਰ ਥਾਂ ਇਕ ਲੀਡਰ ਨੇ,
ਲੀਡਰ ਸਾਧ ਚੋਰ ਬਥੇਰੇ, ਕਰੋ ਦੂਰ ਇਨ੍ਹਾਂ ਕਾਵਾਂ ਨੂੰ।
ਹਿੰਦੂ ਸਿੱਖ ਧਰਮਾਂ ਵਿੱਚ ਵੰਡੇ, ਮੁਸਲਮਾਨ ਵੀ ਵਿਚੇ ਨੇ,
‘ਸੰਧੂ’ ਕਹੇ ਮੇਰਾ ਦੇਸ਼ ਨਾ ਵੰਡੋ, ਨਾ ਮਾਰੋ ਸਾਡੇ ਚਾਵਾਂ ਨੂੰ।
ਸੰਪਰਕ: 98774-76161
* * *
ਥੋੜ੍ਹਾ ਥੋੜ੍ਹਾ
ਡਾ. ਆਤਮਾ ਸਿੰਘ ਗਿੱਲ
ਪੈ ਗਿਆ ਅੰਬੀਆਂ ਨੂੰ ਬੂਰ ਥੋੜ੍ਹਾ ਥੋੜ੍ਹਾ।
ਹੋ ਗਏ ਨੇ ਸਾਥੋਂ ਉਹ ਦੂਰ ਥੋੜ੍ਹਾ ਥੋੜ੍ਹਾ।
ਕੂਕਦੀਆਂ ਕੋਇਲਾਂ ਅੰਬੀਆਂ ਦੇ ਬੂਟਿਆਂ ’ਤੇ,
ਸਾਡੇ ਵੱਲ ਤੱਕਦੀਆਂ ਘੂਰ ਥੋੜ੍ਹਾ ਥੋੜ੍ਹਾ।
ਉੱਚੀਆਂ ਹਵਾਵਾਂ ਵਿਚ ਉੱਡਦੇ ਨੇ ਉਹ ਹੁਣ,
ਹੋ ਗਿਆ ਏ ਉਨ੍ਹਾਂ ਨੂੰ ਗਰੂਰ ਥੋੜ੍ਹਾ ਥੋੜ੍ਹਾ।
ਖ਼ੁਦਾ ਦੀ ਕਸਮ ਕਦੇ ਗ਼ਮ ਭੁੱਲੇ ਜਾਂਦੇ ਨਹੀਂ,
ਬਿਰਹਾ ਸਤਾਊਗੀ ਜ਼ਰੂਰ ਥੋੜ੍ਹਾ ਥੋੜ੍ਹਾ।
ਸੁਣੀ ਜਾਂ ਖ਼ਬਰ ਬੇਵਫਾਈ ਵਾਲੀ ਉਨ੍ਹਾਂ ਦੀ,
ਦਿਲ ਸਾਡਾ ਹੋ ਗਿਆ ਸੀ ਚੂਰ ਥੋੜ੍ਹਾ ਥੋੜ੍ਹਾ।
ਉਨ੍ਹਾਂ ਉੱਤੇ ਐਵੇਂ ਇਲਜ਼ਾਮ ਲਾਈ ਜਾਂਦੇ ਹਾਂ,
ਸਾਡਾ ਵੀ ਤਾਂ ਹੋਣਾ ਏ ਕਸੂਰ ਥੋੜ੍ਹਾ ਥੋੜ੍ਹਾ।
ਸੰਪਰਕ: 98788-83680
* * *
ਆਸ ਮੁਕੰਮਲ ਕਰਦੇ ਰੱਬਾ
ਜੁਗਲ ਕਿਸ਼ੋਰ
ਆਸ ਮੁਕੰਮਲ ਕਰਦੇ ਰੱਬਾ,
ਐਸਾ ਮੇਰਾ ਪੰਜਾਬ ਹੋਵੇ,
ਦਿਲ ਦੇ ਵਿਚ ਹੋਵੇ ਸ਼ਰਧਾ,
ਹੱਥਾਂ ਵਿਚ ਕਿਤਾਬ ਹੋਵੇ।
ਦੇਖਾਂ ਤਾਂ ਥਾਂ-ਥਾਂ ਲੱਭੇ,
ਗਲੀਆਂ ਵਿੱਚ ਰੌਣਕ ਜਹੀ,
ਘਰ-ਘਰ ਵਿੱਚ ਲੱਗੇ ਦੇਖਾਂ,
ਕਿਸਮਾਂ ਦੇ ਬੂਟੇ ਕਈ,
ਆਪਣੀ ਆਪਣੀ ਰਿਆਸਤ ਦਾ,
ਹਰ ਕੋਈ ਨਵਾਬ ਹੋਵੇ,
ਦਿਲ ਦੇ ਵਿੱਚ ਹੋਵੇ ਸ਼ਰਧਾ,
ਹੱਥਾਂ ਵਿੱਚ ਕਿਤਾਬ ਹੋਵੇ।
ਬਜ਼ੁਰਗਾਂ ਦੀ ਮੰਜੀ ਹਰ ਇੱਕ,
ਘਰ ਦੇ ਵਿੱਚ ਢੱਠੀ ਹੋਵੇ,
ਸਭਨਾਂ ਦੇ ਖਿੜੇ ਬੁੱਲ੍ਹਾਂ ’ਤੇ,
ਮਾਂ-ਬੋਲੀ ਮਿੱਠੀ ਹੋਵੇ,
ਵੱਡਿਆਂ ਦੀ ਖ਼ਿਦਮਤ ਕਰਨਾ,
ਹਰ ਇੱਕ ਦਾ ਸੁਭਾਅ ਹੋਵੇ,
ਦਿਲ ਦੇ ਵਿੱਚ ਹੋਵੇ ਸ਼ਰਧਾ,
ਹੱਥਾਂ ਵਿੱਚ ਕਿਤਾਬ ਹੋਵੇ।
ਮਾਂ ਬਾਪ ਦੀ ਇੱਜ਼ਤ ਖਾਤਰ,
ਕੰਮ ਐਸੇ ਕਰਦੇ ਹੋਈਏ,
ਭੈਣਾਂ ਦੀ ਰੱਖਿਆ ਖਾਤਰ,
ਮੌਤ ਨਾਲ ਲੜਦੇ ਹੋਈਏ,
ਆਪਣੇ-ਆਪਣੇ ਕਰਮਾਂ ਦਾ,
ਹਰ ਕੋਲ ਹਿਸਾਬ ਹੋਵੇ,
ਦਿਲ ਦੇ ਵਿੱੱਚ ਹੋਵੇ ਸ਼ਰਧਾ,
ਹੱਥਾਂ ਵਿੱਚ ਕਿਤਾਬ ਹੋਵੇ।
ਪਿੱਪਲ ਦੇ ਹੇਠਾਂ ਬਹਿ ਕੇ,
ਨਾਵਲ ਜਹੇ ਪੜ੍ਹਦੇ ਹੋਈਏ,
ਹਰ ਇੱਕ ਦੇ ਜਜ਼ਬਾਤਾਂ ਦੀ ,
ਕਦਰ ਭੀ ਕਰਦੇ ਹੋਈਏ,
‘ਜੁਗਲ’ ਦੇ ਮਨ ਵਿਚ ਬੈਠਾ,
ਬ੍ਰਹਿਮੰਡ ਦਾ ਜਨਾਬ ਹੋਵੇ,
ਦਿਲ ਦੇ ਵਿੱਚ ਹੋਵੇ ਸ਼ਰਧਾ,
ਹੱਥਾਂ ਵਿੱਚ ਕਿਤਾਬ ਹੋਵੇ।
ਆਸ ਮੁਕੰਮਲ ਕਰਦੇ ਰੱਬਾ,
ਐਸਾ ਮੇਰਾ ਪੰਜਾਬ ਹੋਵੇ,
ਦਿਲ ਦੇ ਵਿੱਚ ਹੋਵੇ ਸ਼ਰਧਾ,
ਹੱਥਾਂ ਵਿੱਚ ਕਿਤਾਬ ਹੋਵੇ॥
ਸੰਪਰਕ: 73474-38626
* * *
ਫੋਨ ਦੀ ਮਨਾਹੀ
ਗਗਨਦੀਪ ਸਿੰਘ ਬੁਗਰਾ
ਮੈਂ ਅਧਿਆਪਕ ਹਾਂ,
ਮੈਨੂੰ ਸਕੂਲ ਵਿੱਚ ਫੋਨ ਵਰਤਣ ਦੀ ਸਖ਼ਤ ਮਨਾਹੀ ਹੈ।
ਮੈਂ ਰੋਜ਼ ਬੱਚਿਆਂ ਦੀ ਹਾਜ਼ਰੀ ਫੋਨ ’ਤੇ ਭੇਜਣੀ ਹੁੰਦੀ ਹੈ
ਮਿਡ ਡੇਅ ਮੀਲ ਦਾ ਮੈਸੇਜ ਵੀ।
ਕਈ ਤਰ੍ਹਾਂ ਦੇ ਪਰੋਫਾਰਮੇ, ਗੂਗਲ ਲਿੰਕ,
ਫੋਨ ’ਤੇ ਮੰਗਵਾਏ ਜਾਂਦੇ ਨੇ ਮੈਥੋਂ।
ਕਈ ਕੋਰਸ ਵੀ ਫੋਨ ’ਤੇ ਹੀ ਕਰਵਾਏ ਜਾਂਦੇ ਨੇ।
ਪਰ ਫੋਨ ਵਰਤਣ ਦੀ ਮਨਾਹੀ ਹੈ,
ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਹੈ ਨਾ!
‘‘ਓ ਭਾਈ ਦੇਖ ਲਿਆ ਕਰੋ ਫੋਨ, ਕਿੰਨੇ ਚਿਰ ਦੇ ਡਾਕ ਮੰਗਦੇ ਹਾਂ’’
ਮੈਂ ਫਟਾਫਟ ਭੇਜਦਾ ਹਾਂ ਤੇ ਫੋਨ ਬੰਦ ਕਰਦਾ ਹਾਂ,
ਮਨਾਹੀ ਜੋ ਹੈ।
‘‘ਵੋਟਾਂ ਦੇ ਅੰਕੜੇ ਨ੍ਹੀਂ ਭੇਜੇ ਹਾਲੇ?’’
ਦਫ਼ਤਰੋਂ ਫੋਨ ਸੀ।
‘‘ਭੇਜਦਾਂ ਸਰ, ਹੁਣੇ ਭੇਜਦਾਂ ਜੀ।’’
ਈ-ਪੰਜਾਬ, ਐਜੂਕੇਅਰ, ਦੀਕਸ਼ਾ, ਕੈਨਵਾ, ਇਨਸ਼ਾਟ
ਮੇਰੇ ਵੱਲ ਦੇਖ ਕੇ ਖਚਰੀ ਹਾਸੀ ਹੱਸਦੇ ਨੇ…
ਫੋਨ ਦੀ ਮਨਾਹੀ ਜੁ ਹੈ।
‘‘ਕੰਪਿਊਟਰ ਆਏ ਨੇ ਨਵੇਂ,
ਫੋਨ ਤੋਂ ਵਾਈ ਫਾਈ ਲਾ ਕੇ ਚਲਾ ਲਿਓ।’’
‘‘ਹਾਂ ਬਈ ਕਾਕਾ ਫੋਨ ਕਿਉਂ ਵਰਤਿਆ ਕਲਾਸ ’ਚ?’’
‘‘ਸਰ, ਬੱਚਿਆਂ ਦੇ ਘਰੋਂ ਫੋਨ ਸੀ।’’
‘‘ਪੜ੍ਹਾ ਲਿਆ ਕਰੋ, ਫੋਨ ’ਤੇ ਨਾ ਲੱਗੇ ਰਿਹਾ ਕਰੋ।’’
‘‘ਸਵੇਰ ਦੀ ਸਲਾਈਡ ਕਰਵਾਤੀ ਸੀ ਫੋਨ ਤੋਂ?’’
‘‘ਨਾਲ਼ੇ ਜ਼ੂਮ ਮੀਟਿੰਗ ਟੈਮ ’ਤੇ ਜੌਇਨ ਕਰਿਆ ਕਰੋ।’’
ਅਧਿਕਾਰੀ ਦੀ ਗੱਡੀ ਸਕੂਲੋਂ ਬਾਹਰ ਹੁੰਦੀ ਹੈ।
ਅਚਾਨਕ ਵਟਸਐਪ ਮੈਸੇਜ ’ਤੇ ਸਰਕਾਰੀ ਚਿੱਠੀ ਆਉਂਦੀ ਹੈ,
ਜਕਦਾ ਜਕਦਾ ਦੇਖਦਾ ਹਾਂ
ਲਿਖਿਆ ਸੀ ‘‘ਸਕੂਲ ਵਿੱਚ ਫੋਨ ਦੇਖਣਾ ਮਨ੍ਹਾਂ ਹੈ।’’
ਸੰਪਰਕ: 98149-19299
* * *
ਮੈਂ ਮਿੱਟੀ ਦੀ ਡਲੀ
ਹਰਮਨਪ੍ਰੀਤ ਸਿੰਘ
ਮੈਂ ਮਿੱਟੀ ਦੀ ਡਲੀ,
ਮੀਂਹ ਦੀ ਕਿਣ-ਮਿਣ ’ਚ ਮੱਠੀ-ਮੱਠੀ ਖੁਸ਼ਬੋ ਪਈ ਵੰਡਦੀ ਹਾਂ।
ਮੈਂ ਮਿੱਟੀ ਦੀ ਡਲੀ,
ਕਿਤੇ ਪਏ ਬੀਜ ਨੂੰ ਪੁੰਗਰਨ ਦਾ ਗੁਰ ਪਈ ਦੱਸਦੀ ਹਾਂ।
ਮੈਂ ਮਿੱਟੀ ਦੀ ਡਲੀ,
ਭਾਰੀ ਭਰਕਮ ਚੰਮ ਦੇ ਬੂਟਾਂ ਥੱਲਿਉਂ ਵੀ ਮੁਸਕਰਾ ਪੈਂਦੀ ਹਾਂ।
ਮੈਂ ਮਿੱਟੀ ਦੀ ਡਲੀ,
ਸੋਗਮਈ ਹੋਣ ’ਤੇ ਵੀ ਕਦੀ ਸੋਗ ਨਾ ਮਨਾਉਂਦੀ ਹਾਂ।
ਕਿਉਂਕਿ…
ਮੈਂ ਤਾਂ ਹਾਂ ਮਿੱਟੀ ਦੀ ਡਲੀ, ਮੈਂ ਤਾਂ ਹਾਂ ਮਿੱਟੀ ਦੀ ਡਲੀ।
ਸੰਪਰਕ: 98550-10005
* * *
ਮਹਿਕਾਂ
ਇਰਸ਼ਾਦ ਅਲੀ ਖਾਨ
ਡੁੱਬਦੇ ਮਾਰਚ ’ਚ ਉੱਗਦੇ ਪੱਤਿਆਂ ਨੂੰ ਵੇਖ,
ਰੂਹਾਂ ਦੇ ਦਰਵਾਜ਼ਿਆਂ ’ਤੇ ਮਹਿਕਾਂ ਆਉਂਦੀਆਂ ਨੇ।
ਰਾਹੀਆਂ ਦੇ ਪੈਰ ਸੁੱਕੇ ਪੱਤਿਆਂ ਦਾ ਸ਼ੋਰ ਕਰਦੇ ਨੇ,
ਬਹੁਤਿਆਂ ਦੀਆਂ ਵਾਟਾਂ ਸੋਚਾਂ ’ਚ ਲੰਘਦੀਆਂ ਨੇ।
ਦਿਲ ਦੇ ਸਕੂਨ ਨੂੰ ਪੈੜਾਂ ਦੀਵਾਨੇ ਭੌਰ ਕਰਦੇ ਨੇ,
ਮੱਧਮ ਜਿਹਾ ਰੰਗ ਸੂਹਾ ਰਾਹਾਂ ਉੱਤੇ ਛਾਇਆ ਹੁੰਦਾ।
ਜਿਉਂ ਕਿਸੇ ਵਲੀ ਮੁਰਸ਼ਦ ਨੇ ਡੇਰਾ,
ਦਿਲ ਕਿਸੇ ਦੇ ਅੰਦਰ ਲਾਇਆ ਹੁੰਦਾ।
ਸਾਰੇ ਦਿਨ ਦੀ ਥਕਾਵਟ ਜਦ ਚਿੜੀਆਂ,
ਚਹਿਕ ਚਹਿਕ ਕੇ ਲਾਹੁੰਦੀਆਂ ਨੇ,
ਫਿਰ ਰੂਹਾਂ ਦੇ ਦਰਵਾਜ਼ਿਆਂ ’ਤੇ
ਮਹਿਕਾਂ ਆਉਂਦੀਆਂ ਨੇ।
* * *
ਬੇਕਸੂਰ ਰੱਬ
ਸਾਹਿਬ ਸਿੰਘ ਸ਼ੱਬੀ
ਸਬਰ ਬੰਦੇ ’ਚ ਆਪ ਹੈ ਨ੍ਹੀਂ,
ਓਹਨੂੰ ਪਾਉਣ ਲਈ ਕੋਈ ਦਿਲ ’ਚ ਖ਼ੁਆਬ ਹੈ ਨ੍ਹੀਂ,
ਫਲ ਦੀ ਉਡੀਕ ਬੇਸਬਰੀ ਨਾਲ ਕਰਦਾ,
ਬੰਦਾ ਰੱਬ ਨੂੰ ਕਸੂਰਵਾਰ ਦੱਸਦਾ।
ਐਬ ਗੁਨਾਹ ਲੱਖਾਂ ਦਿਲ ਵਿੱਚ ਪਾਲੀ ਫਿਰੇ
ਮਾਪਿਆਂ ਦੀ ਸੇਵਾ ਬੰਦਾ ਦਿਲੋਂ ਟਾਲੀ ਫਿਰੇ,
ਮੰਦਿਰ ਮਸੀਤਾਂ ਵਿੱਚ ਫਿਰੇ ਰਗੜਦਾ ਨੱਕ
ਓਥੇ ਮਿਲਣਾ ਨੀ ਰੱਬ ਇਹ ਤੇਰੇ ਮਨ ਦਾ ਏ ਸ਼ੱਕ,
ਅਕਲ ਦੀ ਗੱਲ ਜੇ ਕਰਦੇ ਨੇ ਮਾਪੇ
ਪਾਗਲਾਂ ਦੇ ਵਾਂਗੂੰ ਉੱਚੀ ਉੱਚੀ ਹੱਸਦਾ।
ਫਲ ਦੀ ਉਡੀਕ ਬੰਦਾ ਬੇਸਬਰੀ ਨਾਲ ਕਰਦਾ
ਬੰਦਾ ਰੱਬ ਨੂੰ ਕਸੂਰਵਾਰ ਦੱਸਦਾ।
ਲੋਕ ਮਿਹਨਤ ਘੱਟ, ਜ਼ਿਆਦਾ ਕਰਦੇ ਨੇ ਸਾੜਾ
ਤਾਹੀਓਂ ਲਿਖ ਬੈਠਾ ਸੱਚ ‘ਸ਼ੱਬੀ’ ਸਵਾੜਾ
ਜੋ ਲਾਂਡਰਾਂ ਦੇ ਕੋਲ ਵੱਸਦਾ
ਫਲ ਦੀ ਉਡੀਕ ਬੇਸਬਰੀ ਨਾਲ ਕਰਦਾ,
ਬੰਦਾ ਰੱਬ ਨੂੰ ਕਸੂਰਵਾਰ ਦੱਸਦਾ।
ਸੰਪਰਕ: 99148-72622