ਗ਼ਜ਼ਲ
ਉਸ ਲਈ ਦਿਲ ਦਾ ਮਹਿਲ ਸਜਾਣਾ ਹੁੰਦਾ ਹੈ।
ਜਿਸ ਨੂੰ ਦਿਲ ਦੇ ਵਿੱਚ ਵਸਾਣਾ ਹੁੰਦਾ ਹੈ।
ਮਾਂ ਦੇ ਅੱਗੇ ਸੀਸ ਨਿਵਾਣਾ ਹੁੰਦਾ ਹੈ,
ਕੁਝ ਨਾ ਦੇ ਕੇ ਸਭ ਕੁਝ ਪਾਣਾ ਹੁੰਦਾ ਹੈ।
ਅਪਣੀ ਅੱਖ ਚੋਂ ਡਿਗਦੇ ਹੰਝੂ ਗਿਣ ਗਿਣ ਕੇ,
ਹਿਜਰ ਦਾ ਔਖਾ ਸਮਾਂ ਲੰਘਾਣਾ ਹੁੰਦਾ ਹੈ।
ਝੂਠੇ ਯਾਰ ਤੇ ਫੇਰ ਭਰੋਸਾ ਕਰ ਲੈਣਾ,
ਮੂਰਖ ਖ਼ੁਦ ਨੂੰ ਆਪ ਬਨਾਣਾ ਹੁੰਦਾ ਹੈ।
ਮੁੜ ਮੁੜ ਅਪਣੀ ਮਹਬਿੂਬਾ ਦਾ ਨਾਂ ਲੈਕੇ,
ਅਪਣਾ ਅਪਣਾ ਸਾਹ ਮਹਿਕਾਣਾ ਹੁੰਦਾ ਹੈ।
ਘੱਲੇਗੀ ਜਿਸ ਪਾਸੇ ਉਦ੍ਹੀ ਕਮਾਨ ਉਹਨੂੰ,
ਤੀਰ ਨੇ ਓਸੇ ਪਾਸੇ ਜਾਣਾ ਹੁੰਦਾ ਹੈ।
ਤੇਰੇ ਬਿਨਾਂ ਬਹਾਰ ਵੀ ਪਤਝੜ ਹੈ ‘ਪੰਛੀ’,
ਮੌਸਮ ਤੇਰੇ ਨਾਲ ਸੁਹਾਣਾ ਹੁੰਦਾ ਹੈ।
ਸੰਪਰਕ: 94170-91668
ਜੇਲ੍ਹ
ਮੈਂ
ਜੇਲ੍ਹ ਵਿਚ ਜੰਮੀ ਹਾਂ
ਕੱਦ ਮੱਧਰਾ ਹੈ
ਸੋਚਾਂ ਵਿਚ ਲੰਮੀ ਹਾਂ
ਇੱਥੇ ਉੱਚੀਆਂ ਉੱਚੀਆਂ ਕੰਧਾਂ ਨੇ
ਨਿੱਕੀਆਂ ਨਿੱਕੀਆਂ ਸੋਚਾਂ ਵਿਚ
ਚਿਣੀਆਂ ਹੋਈਆਂ
ਮੇਰਾ ਬਾਪੂ
ਇੱਥੋਂ ਦਾ ਜੇਲ੍ਹਰ ਐ
ਤੇ ਮੇਰੀ ਮਾਂ
ਮੇਰੀ ਅਧਿਆਪਕਾ
ਜੋ ਮੈਨੂੰ ਬੰਦ ਆਜ਼ਾਦੀ ਦਾ
ਪਾਠ ਪੜ੍ਹਾਉਂਦੀ ਹੈ
ਵੀਰਾ?
ਵੀਰਾ ਤਾਂ ਬਰੀ ਹੈ
ਬਸ ਮੈਨੂੰ ਮੇਰੀ
ਜ਼ਮਾਨਤ ਦੀ ਉਡੀਕ ਹੈ
ਕਿਉਂਕਿ ਮੈਂ
ਜੇਲ੍ਹ ਵਿਚ ਜੰਮੀ ਹਾਂ
ਕੱਦ ਮੱਧਰਾ ਹੈ
ਸੋਚਾਂ ਵਿਚ ਲੰਮੀ ਹਾਂ
ਬਾਪੂ ਦੀ ਜਿੰਨੀ ਉੱਚੀ ਦਹਾੜ
ਮੈਂ ਸੁਣਦੀ ਹਾਂ
ਮੇਰੇ ਬੋਲ
ਮੇਰੇ ਜ਼ਿਹਨ ਵਿਚ
ਓਨੇ ਡੂੰਘੇ ਬੀਜੇ ਜਾਂਦੇ
ਉਹਦੇ ਮੱਥੇ ਦੀ
ਤਿਉੜੀ ਦੇ
ਸਵਾਲੀਆ ਚਿੰਨ੍ਹ ਤੋਂ
ਸਹਿਮ ਜਾਂਦੀ ਹਾਂ ਮੈਂ
ਕਦੇ ਕਦੇ ਇਹ ਚਿੰਨ੍ਹ
ਸਮੁੰਦਰੀ ਲਹਿਰਾਂ ਵਾਂਗ
ਵਹਿਣ ਲੱਗਦਾ
ਤੇ ਸ਼ਾਂਤ ਹੋ ਜਾਂਦਾ
ਮਾਂ ਦੇ ਸੁਭਾਅ ਵਾਂਗ
ਵੀਰੇ ਦਾ ਬੇਪਰਵਾਹ ਖੁੱਲ੍ਹਾਪਣ
ਹੈ ਉਹਦਿਆਂ ਪੈਰਾਂ ਵਿੱਚ
ਤੇ ਮੇਰੀ ਆਜ਼ਾਦੀ?
ਮੇਰੀ ਆਜ਼ਾਦੀ ਮੇਰੇ ਖ਼ਿਆਲਾਂ ਵਿਚ
ਇਸ ਜੇਲ੍ਹ ਦਾ ਦਰਵਾਜ਼ਾ
ਬਹੁਤਾ ਵੱਡਾ ਤਾਂ ਨਹੀਂ
ਪਰ
ਦਰਵਾਜ਼ੇ ਉਪਰ ਲੱਗੀਆਂ
ਇੱਜ਼ਤ ਨਾਂ ਦੇ ਕਿੱਲ
ਜ਼ਖ਼ਮੀ ਕਰ ਦਿੰਦੇ
ਅਕਸਰ ਮੇਰੇ ਸੁਪਨਿਆਂ ਨੂੰ
ਮੈਂ ਬਿਮਾਰ ਹੋਏ
ਜਜ਼ਬਾਤ ਨੂੰ
ਬੁੱਕਲ ਵਿੱਚ ਲੈ ਕੇ
ਬੈਠ ਜਾਂਦੀ ਹਾਂ
ਚੁੱਪ ਦਾ ਸਹਾਰਾ ਲੈ ਕੇ
ਕਿਉਂਕਿ ਮੈਂ
ਜੇਲ੍ਹ ਵਿਚ ਜੰਮੀ ਹਾਂ
ਕੱਦ ਮੱਧਰਾ ਹੈ
ਸੋਚਾਂ ਵਿਚ ਲੰਮੀ ਹਾਂ
ਸਮਾਜ ਨਾਮਕ ਪਹਿਰਾਵੇ ਵਿਚ
ਲਿਪਟੀ ਮੇਰੀ ਮਾਂ
ਤੇ ਉਹਦੇ ਪੈਰਾਂ ਦੀਆਂ ਝਾਂਜਰਾਂ
ਆਪਣੇ ਸ਼ੋਰ ਨਾਲ
ਖ਼ਬਰਦਾਰ ਕਰਦੀਆਂ
ਫੋਕੇ ਰੀਤੀ ਰਿਵਾਜਾਂ
ਰਿਸ਼ਤੇ ਨਾਤਿਆਂ
ਕਰਮਾਂ ਧਰਮਾਂ
ਤੇ ਇੱਜ਼ਤਾਂ ਸ਼ਰਮਾਂ
ਵਿਚ ਫਸੇ ਰਹਿਣ ਲਈ
ਝਾਂਜਰਾਂ ਦਾ ਸ਼ੋਰ ਹੈ
ਬੜਾ ਮੂੰਹ ਜ਼ੋਰ ਹੈ
ਪਰ
ਮਾਂ ਦੇ ਬੋਲਾਂ ਦਾ ਸ਼ੋਰ
ਕਿਉਂ ਨਹੀਂ?
ਕਿਸ ਗੱਲ ’ਤੇ ਮਾਣ ਕਰਦਾ
ਮੇਰਾ ਬਾਪੂ
ਤੇ ਪੜ੍ਹਿਆ ਲਿਖਿਆ
ਅਨਪੜ੍ਹ ਵੀਰਾ
ਮੈਂ
ਕਿਸ ਗੱਲ ਦੀ ਸਜ਼ਾ
ਕੱਟ ਰਹੀ ਹਾਂ
ਕਿਉਂਕਿ ਮੈਂ
ਜੇਲ੍ਹ ਵਿਚ ਜੰਮੀ ਹਾਂ
ਕੱਦ ਮੱਧਰਾ ਹੈ
ਸੋਚਾਂ ਵਿਚ ਲੰਮੀ ਹਾਂ
ਇੱਥੇ ਉੱਚੀਆਂ ਉੱਚੀਆਂ ਕੰਧਾਂ ਨੇ
ਨਿੱਕੀਆਂ ਨਿੱਕੀਆਂ ਸੋਚਾਂ ਵਿਚ
ਚਿਣੀਆਂ ਹੋਈਆਂ।