ਗੁਰਬਚਨ ਸਿੰਘ ਭੁੱਲਰ
ਜਦੋਂ ਲੇਖਕ ਬਣ ਕੇ ਕੁਝ ਲਿਖੀਂਦਾ ਹੈ ਜਾਂ ਪਾਠਕ ਬਣ ਕੇ ਕੁਝ ਪੜ੍ਹੀਂਦਾ ਹੈ, ਹਜ਼ਾਰਾਂ ਸਾਲ ਪਹਿਲਾਂ ਦੇ ਉਹ ਪੁਰਖੇ ਯਾਦ ਆ ਜਾਂਦੇ ਹਨ ਜੋ ਹੋਰ ਜੀਵ-ਜੰਤੂਆਂ ਵਾਂਗ ਭੁੱਖ-ਤੇਹ, ਡਰ, ਗੁੱਸੇ ਤੇ ਪਿਆਰ ਜਿਹੀਆਂ ਕੁਝ ਭਾਵਨਾਵਾਂ ਜਾਂ ਲੋੜਾਂ ਨੂੰ ਦੱਸਣ ਵਾਲੀਆਂ ਗਿਣਤੀ ਦੀਆਂ ਧੁਨੀਆਂ ਕੱਢਣ ਜਾਣਦੇ ਹੋਣਗੇ। ਮਨੁੱਖ ਦੇ ਮਾਨਸਿਕ ਵਿਕਾਸ ਵਿਚ ਉਹ ਕਿੰਨੀ ਵੱਡੀ ਛਾਲ ਹੋਵੇਗੀ ਜਦੋਂ ਕੁਝ ਧੁਨੀਆਂ ਨੂੰ ਜੋੜ ਕੇ ਵਿਸ਼ੇਸ਼ ਅਰਥ ਵਾਲਾ ਸ਼ਬਦ ਬਣਾਉਣ ਦੀ ਤੇ ਫੇਰ ਉਹਨਾਂ ਹੀ ਧੁਨੀਆਂ ਤੋਂ ਉਹਨਾਂ ਦੀਆਂ ਥਾਂਵਾਂ ਬਦਲ-ਬਦਲ ਕੇ ਜੋੜਦਿਆਂ ਵੱਖ-ਵੱਖ ਅਰਥਾਂ ਵਾਲੇ ਕਈ ਸ਼ਬਦ ਬਣਾਉਣ ਦੀ ਸੂਝ ਮਨੁੱਖ ਦਾ ਹਾਸਲ ਬਣੀ ਹੋਵੇਗੀ! ਉਹ ਹੋਰ ਜੀਵਾਂ ਵਾਂਗ ਰੰਭਣ-ਮਿਆਂਕਣ ਦੀ ਥਾਂ ਬੋਲਣ ਲੱਗਿਆ ਹੋਵੇਗਾ ਅਤੇ ਇਸ ਸਮਰੱਥਾ ਦੇ ਸਹਾਰੇ ਬਾਕੀ ਸਭ ਜੀਵ-ਜੰਤੂਆਂ ਨਾਲੋਂ ਲਗਾਤਾਰ ਵਧਦੀ ਹੋਈ ਵਿੱਥ ਪਾਉਂਦਾ ਗਿਆ ਹੋਵੇਗਾ। ਇਹ ਵਰਤਾਰਾ ਮਨੁੱਖ ਦੇ ਹਨੇਰੇ ਦਿਮਾਗ਼ ਦੀ ਕੋਠੜੀ ਵਿਚ ਦੀਵਾ ਜਗ ਪੈਣ ਵਾਂਗ ਸਿੱਧ ਹੋਇਆ ਹੋਵੇਗਾ। ਧੁਨੀਆਂ ਨੂੰ ਸ਼ਬਦਾਂ ਵਿਚ ਜੋੜਨ ਦਾ ਫੁਰਨਾ ਸੁੱਝਣ ਤੋਂ ਲੈ ਕੇ ਨਵੀਆਂ-ਨਵੀਆਂ ਧੁਨੀਆਂ ਸੋਚਣ ਤੇ ਉਹਨਾਂ ਤੋਂ ਲੋੜ ਅਨੁਸਾਰ ਨਵੇਂ-ਨਵੇਂ ਸ਼ਬਦ ਜੋੜਨ ਨਾਲ ਗੁਜ਼ਾਰੇ ਜੋਗੀ ਬੋਲੀ ਸਿਰਜਣ ਵਿਚ ਕਿੰਨਾ ਸਮਾਂ ਤੇ ਕਿੰਨੀਆਂ ਪੀੜ੍ਹੀਆਂ ਦਾ ਕਿੰਨਾ ਦਿਮਾਗ਼ੀ ਜ਼ੋਰ ਲੱਗਿਆ ਹੋਵੇਗਾ, ਇਹ ਅੰਦਾਜ਼ਾ ਲਾਉਣਾ ਔਖਾ ਨਹੀਂ।
ਏਨਾ ਹੀ ਇਤਿਹਾਸ-ਸਿਰਜਕ ਕਿਸੇ ਦਾ ਪਹਿਲੀ ਵਾਰ ਇਹ ਸੋਚਣਾ ਹੋਵੇਗਾ ਕਿ ਬੋਲਾਂ ਨੂੰ ਬੋਲਣ ਵਾਲੇ ਤੇ ਸੁਣਨ ਵਾਲੇ ਤੱਕ ਜਾਂ ਵੱਧ ਤੋਂ ਵੱਧ ਵੀ ਉਹਨਾਂ ਦੇ ਸਿੱਧੇ ਸੰਪਰਕ ਵਿਚ ਆਉਣ ਵਾਲਿਆਂ ਤੱਕ ਹੀ ਸੀਮਤ ਨਹੀਂ ਰਹਿ ਜਾਣਾ ਚਾਹੀਦਾ। ਕਿਸੇ ਅਕਲ ਵਾਲੇ ਦਾ ਸੁਪਨਾ ਹੋਵੇਗਾ ਕਿ ਸ਼ਬਦਾਂ ਦੀ ਸਵਾਰੀ ਕਰ ਰਹੀ ਗੱਲ ਨੂੰ ਸਮੇਂ ਤੇ ਸਥਾਨ ਦੀ ਯਾਤਰੀ ਬਣ ਕੇ ਦੋਵਾਂ ਸਫ਼ਰਾਂ ਉੱਤੇ ਦੂਰ ਤੱਕ ਜਾਣਾ ਚਾਹੀਦਾ ਹੈ। ਇਉਂ ਅਣਦਿਸਦੇ ਸ਼ਬਦਾਂ ਨੂੰ ਦਿੱਸਣਜੋਗ ਅੱਖਰ ਮਿਲਣ ਦਾ ਸੁਹਾਵਣਾ ਰਾਹ ਖੁੱਲ੍ਹਿਆ ਹੋਵੇਗਾ। ਜ਼ਾਹਿਰ ਹੈ ਕਿ ਪਹਿਲਾਂ-ਪਹਿਲ ਸਾਡੇ ਉਹਨਾਂ ਪੁਰਖਿਆਂ ਨੂੰ ਸ਼ਬਦਾਂ ਦੀ ਸਾਕਾਰਤਾ ਵਾਸਤੇ ਸੰਭਵ ਤਰੀਕਾ ਮੂਰਤਾਂ ਵਾਹੁਣਾ ਹੀ ਔੜਿਆ ਹੋਵੇਗਾ। ਇਸੇ ਕਰਕੇ ਦੁਨੀਆ-ਭਰ ਵਿਚ ਜਿਥੇ ਕਿਤੇ ਵੀ ਆਦਿ-ਮਾਨਵ ਦੀਆਂ ਗ਼ੁਫ਼ਾਵਾਂ ਮਿਲਦੀਆਂ ਹਨ, ਉਹਨਾਂ ਵਿਚ ਮੂਰਤਾਂ ਵਾਹੀਆਂ ਹੋਈਆਂ ਮਿਲਦੀਆਂ ਹਨ। ਇਹੋ ਮੂਰਤਾਂ ਲੰਮੇ ਸਮੇਂ ਵਿਚ ਅੱਖਰਾਂ ਦਾ ਰੂਪ ਧਾਰਦੀਆਂ ਗਈਆਂ।
ਮੂਰਤ ਦੇ ਅੱਖਰ ਦੀ ਜਨਣੀ ਹੋਣ ਦਾ ਇਕ ਪ੍ਰਮਾਣ ਅੱਜ ਵੀ ਕਈ ਲਿੱਪੀਆਂ ਦਾ ਮੂਰਤਕਾਰੀ ਨਾਲ ਨਾਤਾ ਹੈ। ਮਿਸਾਲ ਵਜੋਂ ਹਾਂਜ਼ੀ ਲਿਪੀ, ਜੋ ਚੀਨੀ, ਜਾਪਾਨੀ, ਕੋਰੀਆਈ ਤੇ ਵੀਅਤਨਾਮੀ, ਆਦਿ ਭਾਸ਼ਾਵਾਂ ਲਈ ਵਰਤੀ ਜਾਂਦੀ ਹੈ, ਮੂਰਤਾਂ ਵਿਚੋਂ ਹੀ ਨਿਕਲੀ ਹੈ। ਉਹਦਾ ਅੱਖਰ ਕਿਸੇ ਇਕ ਧੁਨੀ ਦੀ ਦੱਸ ਨਹੀਂ ਪਾਉਂਦਾ, ਸਗੋਂ ਮੂਰਤ ਵਾਂਗ ਕਿਸੇ ਚੀਜ਼ ਜਾਂ ਵਿਚਾਰ ਨੂੰ ਪਰਗਟਾਉਂਦਾ ਹੋਣ ਕਰਕੇ ਸ਼ਬਦ ਹੁੰਦਾ ਹੈ। ਹਰ ਸ਼ਬਦ ਲਈ ਵੱਖਰਾ ਅੱਖਰ। ਇਸੇ ਕਰਕੇ ਉਹਨਾਂ ਦੀ ਗਿਣਤੀ ਦਾ ਅੰਦਾਜ਼ਾ ਲਗਭਗ 70,000 ਲਾਇਆ ਜਾਂਦਾ ਹੈ। ਚੀਨ ਵਿਚ ਪੜ੍ਹਿਆ-ਲਿਖਿਆ ਮੰਨੇ ਜਾਣ ਵਾਸਤੇ 3,000 ਤੋਂ 5,000 ਅੱਖਰੀ ਸ਼ਬਦ ਤਾਂ ਆਉਣੇ ਹੀ ਚਾਹੀਦੇ ਹਨ। ਵਿਦਵਾਨ ਤੇ ਭਾਸ਼ਾ-ਗਿਆਤਾ ਬਣਨ ਲਈ ਕਿੰਨੇ ਹਜ਼ਾਰ ਅੱਖਰੀ ਸ਼ਬਦ ਆਉਣੇ ਚਾਹੀਦੇ ਹਨ, ਇਹ ਤੁਸੀਂ ਸੋਚ ਲਵੋ! ਚੀਨ ਦੀ ਕਹਾਵਤ ਹੈ, ਚੀਨੀ ਪੜ੍ਹਨੀ-ਲਿਖਣੀ ਸਿੱਖਣ ਵਾਸਤੇ ਸਾਰੀ ਉਮਰ ਵੀ ਘੱਟ ਹੈ!
ਖ਼ੈਰ, ਆਪਾਂ ਆਪਣੇ ਵੱਲ ਆਈਏ। ਕਿੰਨੀ ਸਮਝਦਾਰੀ ਦੀ, ਕਿੰਨੀ ਕਲਪਨਾ ਦੀ ਤੇ ਕਿੰਨੀ ਘਾਲਨਾ ਦੀ ਲੋੜ ਪਈ ਹੋਵੇਗੀ ਆਪਣੀ ਹਰ ਧੁਨੀ ਨੂੰ ਵੱਖਰਾ ਅੱਖਰ ਦੇਣ ਵਾਸਤੇ! ਇਹ ਅੱਖਰ ਹੀ ਸੀ ਜਿਸ ਨੇ ਵਣਵਾਸੀ ਮਨੁੱਖ ਨੂੰ ਗਿਆਨ ਦਾ ਮਾਰਗ ਦਿਖਾ ਕੇ ਸਮਾਜਕ ਮਨੁੱਖ ਬਣਨ ਵੱਲ ਤੋਰਿਆ। ਅੱਖਰ ਤੋਂ ਪਹਿਲਾਂ ਓਨੀਆਂ ਕੁ ਗੱਲਾਂ ਦੂਜੀ ਪੀੜ੍ਹੀ ਤੱਕ ਪੁਜਦੀਆਂ ਸਨ ਜਿੰਨੀਆਂ ਕੁ ਪਹਿਲੀ ਪੀੜ੍ਹੀ ਆਪਣੇ ਚੇਤੇ ਵਿਚੋਂ ਉਹਦੇ ਹਵਾਲੇ ਕਰ ਸਕਦੀ ਸੀ ਤੇ ਅੱਗੋਂ ਉਹ ਉਸ ਵਿਚੋਂ ਜਿੰਨਾ ਕੁ ਆਪਣੇ ਚੇਤੇ ਵਿਚ ਵਸਾ ਸਕਦੀ ਸੀ। ਅੰਦਾਜ਼ਾ ਲਾਓ, ਮਨੁੱਖੀ ਚਿੰਤਨ-ਮੰਥਨ ਦਾ ਕਿੰਨਾ ਕੁਝ ਅੱਖਰ ਦੀ ਅਣਹੋਂਦ ਕਾਰਨ ਗੁਆਚਦਾ ਰਿਹਾ ਹੋਵੇਗਾ! ਅੱਖਰ ਨੇ ਇਹ ਹੱਦਾਂ ਤੋੜ ਦਿੱਤੀਆਂ ਤੇ ਮਨੁੱਖੀ ਮਨ ਵਾਸਤੇ ਅਸਲੋਂ ਨਵੀਆਂ ਸੰਭਾਵਨਾਵਾਂ ਖੋਲ੍ਹ ਦਿੱਤੀਆਂ। ਇਸੇ ਕਰਕੇ ਤਾਂ ਕਿਹਾ ਹੈ- ਅੱਖਰ ਅੱਖਰ ਬੋਲਦਾ! ਅੱਖਰ ਨੇ ਗੱਲ ਭੂਗੋਲਿਕ ਪੱਖੋਂ ਵੀ ਦੂਰ ਭੇਜਣੀ ਤੇ ਸਮੇਂ ਦੇ ਪੱਖੋਂ ਵੀ ਦੁਰੇਡੇ ਭਵਿੱਖ ਤੱਕ ਪੁਜਦੀ ਕਰਨੀ ਸੰਭਵ ਬਣਾ ਦਿੱਤੀ।
ਜੇ ਅੱਖਰ ਨੂੰ ਗਰਾਮੋਫੋਨ ਰਿਕਾਰਡ ਦਾ ਵੱਡਾ ਭਰਾ ਕਹਿ ਲਿਆ ਜਾਵੇ, ਇਹ ਗ਼ਲਤ ਨਹੀਂ। ਆਵਾਜ਼ ਨੂੰ ਮਸ਼ੀਨ ਦੀ ਮਦਦ ਨਾਲ ਫੜ-ਬੰਨ੍ਹ ਕੇ ਦੁਬਾਰਾ ਪੈਦਾ ਕਰ ਲੈਣ ਦਾ ਵਿਚਾਰ ਅਮਰੀਕੀ ਵਿਗਿਆਨੀ ਥਾਮਸ ਅਲਵਾ ਐਡੀਸਨ (1847-1931) ਨੂੰ ਸੁੱਝਿਆ। 1877 ਦੀ ਗੱਲ ਹੈ, ਉਹਨੇ ਰਿਕਾਰਡਿੰਗ ਮਸ਼ੀਨ ਤੇ ਤਵਾ ਤਿਆਰ ਕਰ ਲਏ ਅਤੇ ਪੰਜ-ਚਾਰ ਦੋਸਤਾਂ ਦੀ ਹਾਜ਼ਰੀ ਵਿਚ ਆਪਣੀ ਆਵਾਜ਼ ਭਰ ਕੇ ਸੂਈ ਤਵੇ ਉੱਤੇ ਰੱਖੀ। ਉਹਦਾ ਸਾਹ ਤਾਂ ਰੁਕਣਾ ਹੀ ਹੋਇਆ, ਉਥੇ ਹਾਜ਼ਰ ਹੋਰਾਂ ਦਾ ਵੀ ਰੁਕ ਗਿਆ। ਐਡੀਸਨ ਦੇ ਹੁਣੇ-ਹੁਣੇ ਬੋਲੇ ਸ਼ਬਦ ਜਦੋਂ ਤਵੇ ਨੇ ਹੂਬਹੂ ਸੁਣਾ ਦਿੱਤੇ, ਸਭ ਦੀ ਖ਼ੁਸ਼ੀ ਤੇ ਹੈਰਾਨੀ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ।
ਪਹਿਲੀ ਵਾਰ ਅੱਖਰ ਵਾਹੁਣ ਵਾਲੇ ਸਾਡੇ ਵਡੇਰਿਆਂ ਦਾ ਚਾਅ ਵੀ ਸਾਂਭਿਆਂ ਸੰਭਦਾ ਨਹੀਂ ਹੋਣਾ। ਜਿਵੇਂ ਤਵਾ ਜਾਂ ਉਸ ਦੇ ਅਜੋਕੇ ਵਿਕਸਿਤ ਰੂਪ ਦੇਸ-ਕਾਲ ਦੀ ਵਿੱਥ ਵਾਲੇ ਸਰੋਤੇ ਨੂੰ ਉਸ ਵਿਚ ਪਹਿਲਾਂ ਤੋਂ ਭਰੀ ਹੋਈ ਆਵਾਜ਼ ਹੂਬਹੂ ਸੁਣਾ ਦਿੰਦੇ ਹਨ, ਬਹੁਤ ਪਹਿਲਾਂ ਤੋਂ ਅੱਖਰ ਵੀ ਸ਼ਬਦਾਂ ਤੇ ਵਾਕਾਂ ਦਾ ਰੂਪ ਧਾਰ ਕੇ ਇਹੋ ਕਾਰਜ ਕਰਦੇ ਆਏ ਹਨ। ਮੈਂ ਇਸ ਸਮੇਂ ਇਥੇ ਜੋ ਕੁਝ ਲਿਖ ਰਿਹਾ ਹਾਂ, ਇਹਨੂੰ ਜਦੋਂ ਸਥਾਨ ਦੀ ਵਿੱਥ ਉੱਤੇ ਕਿਤੇ ਵੀ ਜਾਂ ਸਮੇਂ ਦੀ ਵਿੱਥ ਉੱਤੇ ਕਦੋਂ ਵੀ ਬੈਠਾ ਕੋਈ ਪਾਠਕ ਪੜ੍ਹੇਗਾ, ਉਸ ਤੱਕ ਉਹੋ ਗੱਲ ਪਹੁੰਚ ਜਾਵੇਗੀ ਜੋ ਮੈਂ ਇਸ ਅੱਖਰ-ਸਮੂਹ ਦੇ ਮੂੰਹ ਵਿਚ ਪਾਈ ਹੈ। ਅੱਖਰ ਹੀ ਸਾਨੂੰ ਲੇਖਕਾਂ-ਪਾਠਕਾਂ ਨੂੰ ਇਕ ਦੂਜੇ ਨਾਲ ਜੋੜਦਾ ਹੈ।
ਆਪਣੇ ਤੋਂ ਵੱਡਿਆਂ ਦੀਆਂ ਲਿਖਤਾਂ ਪੜ੍ਹਨਾ ਮੇਰੇ ਲਈ ਕੁਝ ਨਾ ਕੁਝ ਸਿਖਦੇ ਰਹਿਣ ਵਾਸਤੇ ਜ਼ਰੂਰੀ ਸੀ। ਉਹਨਾਂ ਰਾਹ-ਦਿਖਾਵਿਆਂ ਲਈ ਮਨ ਵਿਚ ਬਹੁਤ ਸਤਿਕਾਰ ਰਿਹਾ ਤੇ ਹੁੰਗਾਰੇ ਵਜੋਂ ਉਹਨਾਂ ਦਾ ਨਿੱਘਾ ਪਿਆਰ ਮਿਲਿਆ। ਹਾਣੀਆਂ ਨੇ ਤਾਂ ਇਕ ਦੂਜੇ ਦੀਆਂ ਲਿਖਤਾਂ ਨਾਲ ਲਗਾਤਾਰ ਜੁੜੇ ਹੀ ਰਹਿਣਾ ਹੁੰਦਾ ਹੈ ਤੇ ਇਹ ਸਾਂਝ ਸਾਹਿਤ ਦੀ ਡਗਰ ਉੱਤੇ ਉਹਨਾਂ ਦਾ ਮੋਢੇ ਨਾਲ ਮੋਢਾ ਜੋੜ ਕੇ ਤੁਰਨਾ ਸੁਭਾਵਿਕ ਬਣਾ ਦਿੰਦੀ ਹੈ। ਐਲਬਰਟ ਕਾਮੂ ਕਹਿੰਦਾ ਹੈ, ‘‘ਮੇਰੇ ਮੂਹਰੇ ਹੋ ਕੇ ਨਾ ਤੁਰ, ਮੈਂ ਤੇਰਾ ਪਿਛਲਗ ਨਹੀਂ ਬਣਨਾ। ਮੇਰੇ ਪਿੱਛੇ ਰਹਿ ਕੇ ਨਾ ਤੁਰ, ਮੈਂ ਤੈਨੂੰ ਅਗਵਾਈ ਨਹੀਂ ਦੇ ਸਕਣੀ। ਮੇਰੇ ਬਰਾਬਰ ਤੁਰ, ਮੇਰਾ ਦੋਸਤ ਬਣ!’’ ਆਪਣੇ ਨਾਲੋਂ (ਉਮਰੋਂ) ਛੋਟਿਆਂ ਨਾਲ ਮੋਹ ਦਾ ਰਿਸ਼ਤਾ ਬਣ ਜਾਂਦਾ ਹੈ ਜਦੋਂ ਉਹ ਤੁਹਾਡੀਆਂ ਲਿਖਤਾਂ ਤੋਂ ਕਿਸੇ ਨਾ ਕਿਸੇ ਹੱਦ ਤੱਕ ਉਤਸਾਹੇ ਗਏ, ਪ੍ਰੇਰੇ ਗਏ ਦਸਦੇ ਹਨ ਤੇ ਤੁਹਾਨੂੰ ਉਹਨਾਂ ਦੀਆਂ ਰਚਨਾਵਾਂ ਵਿਚਲੀ ਕਣੀ ਇਹ ਭਰੋਸਾ ਦਿੰਦੀ ਹੈ ਕਿ ਉਹ ਸਾਹਿਤ ਦੀ ਗੱਲ ਨੂੰ ਜ਼ਰੂਰ ਅੱਗੇ ਤੋਰਨਗੇ।
ਅਜਿਹਾ ਵੀ ਹੋ ਜਾਂਦਾ ਹੈ ਕਿ ਕਿਸੇ ਲੇਖਕ ਦੀ ਕੋਈ ਪੁਸਤਕ ਪੜ੍ਹਿਆਂ ਮਨ ਵਿਚ ਆਉਂਦਾ ਹੈ, ਇਹਨੂੰ ਹੋਰ ਲੋਕ ਵੀ ਪੜ੍ਹਨ ਤੇ ਕਲਮ ਉਸ ਬਾਰੇ ਦੱਸਣ ਲਈ ਉਤਾਵਲੀ ਹੋ ਜਾਂਦੀ ਹੈ। ਕਈ ਵਾਰ ਕੋਈ ਮਿੱਤਰ ਖਰੜਾ ਪੜ੍ਹਨ ਲਈ ਆਖਦਾ ਹੈ ਤੇ ਤੁਹਾਡੀ ਰਾਇ ਮੁੱਖ-ਸ਼ਬਦਾਂ ਦਾ ਰੂਪ ਧਾਰ ਲੈਂਦੀ ਹੈ। ਕਿਸੇ ਪੁਸਤਕ ਨੂੰ ਸਬੱਬ-ਵੱਸ ਸੰਪਾਦਨ ਕਰਨਾ ਪੈ ਜਾਂਦਾ ਹੈ ਤੇ ਤੁਸੀਂ ਅਨੇਕ ਰਚਨਾਵਾਂ ਵਿਚੋਂ ਲੰਘਦਿਆਂ ਹਾਸਲ ਹੋਇਆ ਆਪਣਾ ਅਨੁਭਵ ਪਾਠਕਾਂ ਨਾਲ ਸਾਂਝਾ ਕਰਦੇ ਹੋ। ਲਿਖਤ ਵਿਚ ਦਿਲਚਸਪੀ ਜਾਗਦੀ ਹੈ ਤਾਂ ਪਾਠਕ ਲੇਖਕ ਬਾਰੇ ਵੀ ਜਾਣਨਾ ਚਾਹੁੰਦਾ ਹੈ। ਕਲਮਕਾਰਾਂ ਦੀਆਂ ਤੇ ਕਲਮਾਂ ਦੀਆਂ ਕਰਨੀਆਂ ਦੀ ਮਿਲਵੀਂ ਕਥਾ-ਵਾਰਤਾ ਦੀ ਚਾਹ ਸਦਕਾ ਹੀ ਸ਼ਬਦ-ਚਿੱਤਰ ਲਿਖਣ ਦਾ ਰਿਵਾਜ ਪਿਆ।
ਪੰਜਾਬੀ ਦੇ ਸਾਹਿਤਕਾਰਾਂ ਨੂੰ ਮੈਂ ਹਮੇਸ਼ਾ ਇਕ ਪਰਿਵਾਰ ਹੀ ਮੰਨਿਆ-ਆਖਿਆ ਹੈ। ਇਸੇ ਸੋਚ ਸਦਕਾ ਜਿਸ ਨਾਲ ਵੀ ਮੇਲ ਹੋਇਆ, ਉਸੇ ਨਾਲ ਨੇੜਤਾ ਹੋ ਗਈ। ਕਿਸੇ ਨਾਲ ਬਹੁਤੀ, ਕਿਸੇ ਨਾਲ ਥੋੜ੍ਹੀ। ਉਹਨਾਂ ਨੂੰ ਮਨੁੱਖਾਂ ਵਜੋਂ ਵੀ ਜਾਣਿਆ, ਲੇਖਕਾਂ ਵਜੋਂ ਵੀ ਪਛਾਣਿਆ ਤੇ ਉਹਨਾਂ ਦੀਆਂ ਲਿਖਤਾਂ ਨੂੰ ਵੀ ਮਾਣਿਆ। ਕਿਸੇ ਦੀ ਦੂਜਿਆਂ ਨਾਲ ਵਾਕਫ਼ੀ ਦਾ, ਨੇੜਤਾ ਦਾ, ਦੋਸਤੀ ਦਾ ਕੋਈ ਇਕ ਆਧਾਰ ਨਹੀਂ ਹੁੰਦਾ। ਹਾਂ, ਸਾਹਿਤਕ ਸਾਂਝ ਇਕ ਵੱਡਾ ਆਧਾਰ ਬਣਦੀ ਹੈ। ਪੀ. ਜੀ. ਵੋਡਹਾਊਸ ਦਾ ਕਹਿਣਾ ਹੈ, ‘‘ਖ਼ੂਬਸੂਰਤ ਦੋਸਤੀ ਲਈ ਸਾਹਿਤ ਵਿਚ ਸਾਂਝੀ ਰੁਚੀ ਨਾਲੋਂ ਵਧ ਕੇ ਹੋਰ ਕੋਈ ਯਕੀਨੀ ਆਧਾਰ ਨਹੀਂ ਹੋ ਸਕਦਾ।’’ ਤੇ ਇਰਵਿੰਗ ਸਟੋਨ ਵੀ ਇਸੇ ਭਾਵ ਦੀ ਗੱਲ ਕਰਦਾ ਹੈ, ‘‘ਉਹਨਾਂ ਹੀ ਪੁਸਤਕਾਂ ਨੂੰ ਪਿਆਰ ਕਰਨ ਵਾਲਿਆਂ ਦੀ ਦੋਸਤੀ ਨਾਲੋਂ ਛੇਤੀ ਬਣਨ ਵਾਲੀ ਤੇ ਟਿਕਾਊ ਰਹਿਣ ਵਾਲੀ ਦੋਸਤੀ ਹੋਰ ਕੋਈ ਨਹੀਂ ਹੁੰਦੀ।”
ਲਿਖਣਾ ਤਾਂ ਪੁਸਤਕ ‘ਅੱਖਰ ਅੱਖਰ ਬੋਲਦਾ’ ਵਿਚ ਸ਼ਾਮਲ ਸਭਨਾਂ ਦਾ ਸਾਂਝਾ ਗੁਣ ਹੈ ਹੀ, ਧਿਆਨਜੋਗ ਤੱਥ ਇਹ ਹੈ ਕਿ ਉਹ ਕਿੰਨਾ ਕੁਝ ਵੱਖਰਾ-ਵੱਖਰਾ ਲਿਖਦੇ ਹਨ ਤੇ ਉਹਨਾਂ ਵਿਚੋਂ ਕਈ ਤਾਂ ਲਿਖਣ ਦੇ ਨਾਲ-ਨਾਲ ਕਿਸੇ ਹੋਰ ਸਾਹਿਤ-ਸੰਬੰਧਿਤ ਕਲਾ ਦੇ ਮਾਹਿਰ ਬਣ ਕੇ ਵੀ ਸਾਹਮਣੇ ਆਉਂਦੇ ਹਨ। ਕਈ ਨਾਵਲ, ਕਹਾਣੀ, ਕਵਿਤਾ, ਨਾਟਕ, ਆਦਿ ਲਿਖਦੇ ਹਨ। ਕੋਈ ਖੇਡਾਂ ਬਾਰੇ ਲਿਖ ਕੇ ਸਹਿਜ ਮਹਿਸੂਸ ਕਰਦਾ ਹੈ ਤੇ ਕੋਈ ਵਿਗਿਆਨ ਬਾਰੇ ਲਿਖ ਕੇ। ਕੁਝ ਦੀ ਕਲਮ ਸਭਿਆਚਾਰ ਦੇ ਦਰਸ਼ਨ ਕਰਵਾਉਂਦੀ ਹੈ, ਕੁਝ ਇਤਿਹਾਸ ਤੋਂ ਜਾਣੂ ਕਰਵਾਉਂਦੇ ਹਨ ਤੇ ਕੋਈ ਸਫ਼ਰਨਾਮੇ ਰਾਹੀਂ ਸਾਨੂੰ ਘਰ ਬੈਠਿਆਂ ਦੇਸ-ਪਰਦੇਸ ਦੀ ਸੈਰ ਕਰਵਾ ਦਿੰਦੇ ਹਨ। ਕੁਝ ਪੱਤਰਕਾਰ ਹਨ ਤੇ ਕੁਝ ਕਾਲਮ-ਨਵੀਸ ਹਨ। ਕੋਈ ਲੇਖਕ ਹੋਣ ਦੇ ਨਾਲ-ਨਾਲ ਮੰਚ ਉੱਤੇ ਨਾਟਕ ਵੀ ਪੇਸ਼ ਕਰਦੇ ਹਨ ਤੇ ਗਾਉਂਦੇ ਵੀ ਹਨ। ਕੋਈ ਕਲਮ ਨਾਲ ਲੋਕ-ਹਿਤ ਦੀ ਗੱਲ ਕਰਨ ਦੇ ਨਾਲ-ਨਾਲ ਲੋਕ-ਹਿਤੈਸ਼ੀ ਰਾਜਨੀਤੀ ਦੇ ਵੀ ਸਰਗਰਮ ਭਾਈਵਾਲ ਰਹੇ। ਕੁਝ ਸਮੁੰਦਰੋਂ ਪਾਰ ਦੀਆਂ ਉਡਾਰੀਆਂ ਮਾਰ ਕੇ ਪਰਵਾਸੀ ਬਣ ਗਏ। ਉਹ ਸਾਹਿਤ-ਰਚਨਾ ਤੋਂ ਇਲਾਵਾ ਪਰਵਾਸ ਦੀ ਦੱਸ ਪਾਉਂਦੇ ਤੇ ਸੂਹ ਦਿੰਦੇ ਰਹਿੰਦੇ ਹਨ।
ਹੋਰ ਭਾਸ਼ਾਵਾਂ ਵਿਚ ਅੱਖਰ ਦੇ ਸਮਾਨਾਰਥੀ ਸ਼ਬਦਾਂ ਦੇ ਅਰਥਾਂ ਦਾ ਮੈਨੂੰ ਇਲਮ ਨਹੀਂ, ਪਰ ਪੰਜਾਬੀ ਵਿਚ ਸਾਡੇ ਜਿਸ ਪੁਰਖੇ ਨੇ ਇਹਨੂੰ ਅੱਖਰ ਦਾ ਨਾਂ ਦਿੱਤਾ, ਉਹਨੇ ਇਸ ਨੂੰ ਅ-ਖਰ, ਨਾ ਖੁਰਨ ਵਾਲਾ, ਨਸ਼ਟ ਨਾ ਹੋਣ ਵਾਲਾ, ਭਾਵ ਅਮਰ ਆਖਿਆ। ਇਸੇ ਕਰਕੇ ਲੇਖਕ ਦੇ ਨਾ ਰਹਿੰਦਿਆਂ ਵੀ ਅੱਖਰ ਉਹਦੀ ਲਿਖਤ ਨੂੰ ਜਿਉਂਦੀ ਰਖਦੇ ਹਨ! (ਪੁਸਤਕ ਆਰਸੀ ਪਬਲਿਸ਼ਰਜ਼, ਫੋਨ 9811225358 ਨੇ ਛਾਪੀ ਹੈ।)
ਸੰਪਰਕ: 011-42502364