ਪਰਮਜੀਤ ਢੀਂਗਰਾ
ਕਿਸੇ ਵੀ ਭਾਸ਼ਾ ਵਿਚ ਵਿਗਿਆਨ ਦੀ ਗੱਲ ਕਰਨੀ ਸ਼ੁਭ ਸ਼ਗਨ ਹੁੰਦਾ ਹੈ ਕਿਉਂਕਿ ਇਸ ਨਾਲ ਭਾਸ਼ਾ ਅਮੀਰ ਹੁੰਦੀ ਹੈ। ਵਿਗਿਆਨਕ ਗਿਆਨ ਦਾ ਪਾਸਾਰ ਹੁੰਦਾ ਹੈ ਤੇ ਨਵੇਂ ਨਵੇਂ ਤਕਨੀਕੀ ਸ਼ਬਦ ਤੇ ਸੰਕਲਪ ਉਸ ਭਾਸ਼ਾ ਵਿਚ ਨਵੀਆਂ ਸੰਭਾਵਨਾਵਾਂ ਪੈਦਾ ਕਰਦੇ ਹਨ। ਜਦੋਂ ਅਸੀਂ ਵਿਗਿਆਨ ਨੂੰ ਪੰਜਾਬੀ ਵਿਚ ਪੜ੍ਹਾਉਣ ਦੀਆਂ ਗੱਲਾਂ ਕਰਦੇ ਹਾਂ ਤਾਂ ਸਭ ਤੋਂ ਪਹਿਲਾ ਸੁਆਲ ਇਹ ਪੈਦਾ ਹੁੰਦਾ ਹੈ ਕਿ ਸਾਡੇ ਕੋਲ ਵਿਗਿਆਨ ਦਾ ਕਿਹੜਾ ਅਤੇ ਕਿਹੋ ਜਿਹੀ ਸਮਰੱਥਾ ਵਾਲਾ ਸਾਹਿਤ ਹੈ। ਅਸੀਂ ਬੱਚਿਆਂ ਵਿਚ ਵਿਗਿਆਨ ਦੀ ਪੜ੍ਹਾਈ ਆਪਣੀ ਭਾਸ਼ਾ ਵਿਚ ਕਰਨ ਦੀ ਇੱਛਾ ਪੈਦਾ ਕਰਨੀ ਹੈ ਤਾਂ ਸਾਨੂੰ ਵਿਗਿਆਨਕ ਕਿਤਾਬਾਂ ਦੀ ਵੱਡੀ ਲੋੜ ਮਹਿਸੂਸ ਹੁੰਦੀ ਹੈ। ਹੱਥਲੀ ਕਿਤਾਬ ‘ਬ੍ਰਹਿਮੰਡ ਦੀ ਕਹਾਣੀ ਸਟੀਫਨ ਹਾਕਿੰਗ ਦੀ ਜ਼ੁਬਾਨੀ’ (ਲੇਖਕ: ਹਰੀਸ਼ ਜੈਨ; ਕੀਮਤ: 300 ਰੁਪਏ; ਯੂਨੀਸਟਾਰ ਬੁਕਸ, ਮੁਹਾਲੀ-ਚੰਡੀਗੜ੍ਹ) ਇਸ ਲੋੜ ਨੂੰ ਬੜੀ ਸ਼ਿੱਦਤ ਨਾਲ ਪੂਰਿਆਂ ਕਰਦੀ ਹੈ। ਆਇੰਸਟਾਈਨ ਤੋਂ ਬਾਅਦ ਵਿਗਿਆਨ ਦੇ ਖੇਤਰ ਵਿਚ ਸਟੀਫਨ ਹਾਕਿੰਗ ਉੱਘਾ ਵਿਗਿਆਨੀ ਹੈ। ਉਹਨੇ ਪਹਿਲੀ ਵਾਰ ਪੁਲਾੜ ਦੇ ਸਿਆਹ ਸੁਰਾਖ਼ਾਂ (ਬਲੈਕ ਹੋਲਜ਼) ਤੋਂ ਪਰਦਾ ਚੁੱਕਿਆ ਤੇ ਬ੍ਰਹਿਮੰਡ ਦੇ ਕਈ ਰਹੱਸਾਂ ਬਾਰੇ ਨਵੇਂ ਇੰਕਸ਼ਾਫ ਕੀਤੇ।
ਉਹਦਾ ਜਨਮ 8 ਜਨਵਰੀ 1942 ਨੂੰ ਆਕਸਫੋਰਡ ਵਿਚ ਹੋਇਆ। ਉਹ ਸ਼ੁਰੂ ਤੋਂ ਹੀ ਵਿਲੱਖਣ ਪ੍ਰਤਿਭਾ ਦਾ ਮਾਲਕ ਸੀ। ਸਿਧਾਂਤਕ ਭੌਤਿਕ ਵਿਗਿਆਨ ਤੇ ਬ੍ਰਹਿਮੰਡੀ ਵਿਗਿਆਨ ਵਿਚ ਉਹਦੀਆਂ ਲੱਭਤਾਂ ਨੇ ਵਿਗਿਆਨੀਆਂ ਨੂੰ ਇਸ ਪਾਸੇ ਪ੍ਰੇਰਿਤ ਕੀਤਾ। ਉਹਦੀ ਕਿਤਾਬ ‘ਏ ਬਰੀਫ ਹਿਸਟਰੀ ਆਫ ਟਾਈਮ’ ਸਾਢੇ ਚਾਰ ਵਰ੍ਹਿਆਂ ਤੋਂ ਵੀ ਵਧੇਰੇ ਸਮੇਂ ਤੱਕ ‘ਦਿ ਸੰਡੇ ਟਾਇਮ’ ਦੀ ਸਭ ਤੋਂ ਵੱਧ ਵਿਕਣ ਵਾਲੀਆਂ ਕਿਤਾਬਾਂ ਦੀ ਸੂਚੀ ਵਿਚ ਸ਼ੁਮਾਰ ਰਹੀ। 1963 ਵਿਚ ਉਹ ਮੋਟਰ ਨਿਊਰੋਨ ਦੀ ਘਾਤਕ ਬਿਮਾਰੀ ਦਾ ਸ਼ਿਕਾਰ ਹੋ ਗਿਆ। ਉਦੋਂ ਡਾਕਟਰਾਂ ਨੇ ਐਲਾਨ ਕਰ ਦਿੱਤਾ ਸੀ ਕਿ ਉਹ ਜਾਂ ਤਾਂ ਜਲਦੀ ਮਰ ਜਾਏਗਾ ਜਾਂ ਫਿਰ ਸਾਰੀ ਜ਼ਿੰਦਗੀ ਕਿਸੇ ’ਤੇ ਨਿਰਭਰ ਰਹੇਗਾ।
1963 ਵਿਚ ਉਹਦੀ ਪ੍ਰੇਮਕਾ ਜੇਨ ਬੇਰਿਲ ਨੇ ਇਹ ਜਾਣਦਿਆਂ ਕਿ ਉਹ ਘਾਤਕ ਬਿਮਾਰੀ ਦੀ ਜਕੜ ਵਿਚ ਆ ਗਿਆ ਹੈ, ਵਿਆਹ ਕਰਾਉਣ ਦਾ ਫ਼ੈਸਲਾ ਕਰ ਲਿਆ। ਉਹਨੇ ਤਿੰਨ ਦਹਾਕਿਆਂ ਤੱਕ ਦਿਨ ਰਾਤ ਇਕ ਕਰਕੇ ਸਟੀਫਨ ਦੀ ਜ਼ਿੰਦਗੀ ਨੂੰ ਮੌਤ ਵੱਲ ਜਾਣ ਤੋਂ ਰੋਕੀ ਰੱਖਿਆ। ਇਸ ਦੌਰਾਨ ਭਾਵੇਂ ਉਹ ਸਟੀਫਨ ਦੇ ਤਿੰਨ ਬੱਚਿਆਂ ਦੀ ਮਾਂ ਬਣੀ, ਪਰ ਉਹਨੇ ਆਪਣੀ ਜ਼ਿੰਦਗੀ ਦਾ ਹਰ ਪਲ, ਆਪਣੀ ਹੋਂਦ ਤੇ ਸੁਪਨਿਆਂ ਨੂੰ ਉਸ ਤੋਂ ਕੁਰਬਾਨ ਕਰ ਦਿੱਤਾ। 14 ਜਨਵਰੀ 2018 ਨੂੰ ਇਹ ਮਹਾਨ ਵਿਗਿਆਨੀ ਆਪਣੀ ਬਿਮਾਰੀ ਤੇ ਬ੍ਰਹਿਮੰਡੀ ਰਹੱਸਾਂ ਨਾਲ ਜੂਝਦਾ ਇਸ ਦੁਨੀਆ ਤੋਂ ਰੁਖ਼ਸਤ ਹੋ ਗਿਆ।
ਬ੍ਰਹਿਮੰਡ ਦੀ ਖੋਜ ਕਿਸੇ ਨਾ ਕਿਸੇ ਰੂਪ ਵਿਚ ਅਰਸਤੂ ਦੇ ਵੇਲਿਆਂ ਤੋਂ ਸ਼ੁਰੂ ਹੋ ਗਈ ਸੀ। ਅਰਸਤੂ ਨੇ 340 ਈਸਾ ਪੂਰਵ ਵਿਚ ਆਪਣੀ ਕਿਤਾਬ ‘ਔਨ ਦਿ ਹੈਵਨਜ਼’ ਵਿਚ ਆਪਣੇ ਵਿਸ਼ਵਾਸ ਨੂੰ ਦ੍ਰਿੜ ਕਰਾਉਂਦਿਆਂ ਦੋ ਦਲੀਲਾਂ ਦਿੱਤੀਆਂ ਸਨ ਕਿ ਧਰਤੀ ਪਲੇਟ ਵਾਂਗ ਚਪਟੀ ਹੋਣ ਦੀ ਬਜਾਏ ਗੇਂਦ ਵਾਂਗ ਗੋਲ ਹੈ। ਪਹਿਲਾਂ ਤਾਂ ਉਹਨੇ ਇਸ ਸਮਝ ਨੂੰ ਪੁਖਤਾ ਕੀਤਾ ਕਿ ਚੰਦਰਮਾ ਦੇ ਗ੍ਰਹਿਣ ਧਰਤੀ ਦੇ ਸੂਰਜ ਤੇ ਚੰਦਰਮਾ ਦੇ ਵਿਚਕਾਰ ਆ ਜਾਣ ਕਰਕੇ ਵਾਪਰਦੇ ਹਨ। ਧਰਤੀ ਦਾ ਪਰਛਾਵਾਂ ਚੰਦਰਮਾ ’ਤੇ ਹਮੇਸ਼ਾਂ ਗੋਲ ਹੁੰਦਾ ਹੈ ਤੇ ਇਹ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਧਰਤੀ ਚਪਟੀ ਨਹੀਂ ਸਗੋਂ ਗੋਲ ਹੈ।
ਦੂਜਾ ਯੂਨਾਨੀ ਲੋਕਾਂ ਨੂੰ ਇਸ ਗੱਲ ਦਾ ਗਿਆਨ ਸੀ ਕਿ ਧਰੂ ਤਾਰੇ ਨੂੰ ਉਨ੍ਹਾਂ ਦੀਆਂ ਲੰਮੀਆਂ ਯਾਤਰਾਵਾਂ ਦੌਰਾਨ ਦੱਖਣ ਦਿਸ਼ਾ ਵਿਚ ਦੇਖਣ ਵੇਲੇ ਆਕਾਸ਼ ਨੀਵਾਂ ਨਜ਼ਰ ਆਉਂਦਾ ਹੈ ਜਦੋਂਕਿ ਉੱਤਰ ਵਿਚ ਇਸ ਤੋਂ ਵੱਖਰਾ। ਮਿਸਰ ਤੇ ਯੂਨਾਨ ਵਿਚ ਧਰੂ ਤਾਰੇ ਦੀ ਇਸ ਸਥਿਤੀ ਤੋਂ ਅਰਸਤੂ ਨੇ ਧਰਤੀ ਦੇ ਗਿਰਦ ਦਾ ਅੰਦਾਜ਼ਾ ਲਾਇਆ ਜੋ ਉਸ ਅਨੁਸਾਰ 4 ਲੱਖ ਸਟੇਡੀਆ ਸੀ।
ਇਸੇ ਤਰ੍ਹਾਂ ਦੀ ਇਕ ਹੋਰ ਦਲੀਲ ਦਿੱਤੀ ਜਾਂਦੀ ਹੈ ਕਿ ਜੇ ਧਰਤੀ ਗੋਲ ਨਹੀਂ ਤਾਂ ਦੁਮੇਲ ’ਤੇ ਮੇਲ੍ਹਦੇ ਆਉਂਦੇ ਜਹਾਜ਼ਾਂ ਤੋਂ ਪਹਿਲਾਂ ਬਾਦਬਾਨ ਹੀ ਕਿਉਂ ਨਜ਼ਰ ਆਉਂਦੇ ਹਨ, ਉਨ੍ਹਾਂ ਦੇ ਬਾਕੀ ਹਿੱਸੇ ਪਿੱਛੋਂ ਕਿਉਂ ਦਿਖਾਈ ਦੇਂਦੇ ਹਨ। ਉਦੋਂ ਅਰਸਤੂ ਦਾ ਇਹ ਮੱਤ ਸੀ ਕਿ ਧਰਤੀ ਆਪਣੀ ਥਾਂ ’ਤੇ ਸਥਿਰ ਹੈ। ਸੂਰਜ, ਚੰਦਰਮਾ ਤੇ ਹੋਰ ਗ੍ਰਹਿ ਗੋਲਾਕਾਰ ਪੰਧ ’ਤੇ ਇਸ ਦੇ ਆਲੇ-ਦੁਆਲੇ ਚੱਕਰ ਕੱਟਦੇ ਹਨ।
ਇਹ ਅਸਲ ਵਿਚ ਖਗੋਲ ਬਾਰੇ ਮੁੱਢਲੀ ਜਾਣਕਾਰੀ ਸੀ ਜਿਸ ਨੇ ਮਨੁੱਖ ਨੂੰ ਪੁਲਾੜ ਬਾਰੇ ਹੋਰ ਜਾਣਨ ਦੀ ਸੂਝ ਵੀ ਦਿੱਤੀ ਤੇ ਖੋਜ ਲਈ ਉਕਸਾਇਆ ਵੀ। ਸਟੀਫਨ ਨੂੰ ਬ੍ਰਹਿਮੰਡ ਹਮੇਸ਼ਾਂ ਧੂਹ ਪਾਉਂਦਾ ਰਿਹਾ। ਬਿਮਾਰੀ ਦੇ ਬਾਵਜੂਦ ਉਹ ਇਸ ਦੀਆਂ ਪਰਤਾਂ ਇਕ ਇਕ ਕਰਕੇ ਫੋਲਦਾ ਰਿਹਾ। ਕਈਆਂ ਨੇ ਇਹ ਵੀ ਕਹਿ ਦਿੱਤਾ ਕਿ ਉਹ ਰੱਬ ਦੇ ਘਰ ਵੱਲ ਕਦਮ ਪੁੱਟ ਰਿਹਾ ਹੈ ਤੇ ਇਸ ਵਿਚੋਂ ਉਹਦੇ ਹੱਥ ਕੁਝ ਨਹੀਂ ਲੱਗਣ ਵਾਲਾ। ਉਹਦਾ ਮੱਤ ਸੀ ਕਿ ਰੱਬ ਕਿਤੇ ਵੀ ਨਹੀਂ ਇਹ ਸਿਰਫ਼ ਮਨੁੱਖ ਦੇ ਡਰ ਵਿਚੋਂ ਪੈਦਾ ਹੋਇਆ ਭਰਮ ਹੈ ਤੇ ਮਨੁੱਖ ਐਵੇਂ ਹੀ ਸਾਰੀ ਜ਼ਿੰਦਗੀ ਇਸ ਭਰਮ ਦੇ ਲੇਖੇ ਲਾ ਦਿੰਦਾ ਹੈ ਜਦੋਂਕਿ ਬ੍ਰਹਿਮੰਡ ਤੇ ਧਰਤੀ ਨੂੰ ਸਮਝ ਕੇ ਜ਼ਿੰਦਗੀ ਨੂੰ ਸ਼ਾਨਦਾਰ ਬਣਾਉਣਾ ਹੀ ਸਭ ਤੋਂ ਵੱਡੀ ਸਿਆਣਪ ਤੇ ਸਮਝਦਾਰੀ ਹੈ।
ਪੁਲਾੜ ਬਾਰੇ ਹੁਣ ਤੱਕ ਜੋ ਖੋਜਾਂ ਹੋ ਚੁੱਕੀਆਂ ਹਨ ਉਨ੍ਹਾਂ ਨੇ ਸਾਨੂੰ ਇਹ ਸਮਝ ਦਿੱਤੀ ਕਿ ਸਾਡੀ ਆਕਾਸ਼ਗੰਗਾ ਕੋਈ ਕਰੋੜਾਂ-ਅਰਬਾਂ ਆਕਾਸ਼ਗੰਗਾਵਾਂ ਵਿਚੋਂ ਇਕ ਹੈ ਜਿਨ੍ਹਾਂ ਨੂੰ ਅਸੀਂ ਆਧੁਨਿਕ ਦੂਰਬੀਨਾਂ ਨਾਲ ਹੀ ਦੇਖ ਸਕਦੇ ਹਾਂ। ਹਰ ਆਕਾਸ਼ਗੰਗਾ ਵਿਚ ਲੱਖਾਂ ਮਿਲੀਅਨ ਤਾਰੇ ਹਨ। ਸਾਡੀ ਆਕਾਸ਼ਗੰਗਾ ਲਗਪਗ ਇਕ ਲੱਖ ਪ੍ਰਕਾਸ਼ ਵਰ੍ਹੇ ਵੱਡੀ ਹੈ ਅਤੇ ਹੌਲੀ ਹੌਲੀ ਘੁੰਮ ਰਹੀ ਹੈ। ਇਸ ਦੀਆਂ ਚੱਕਰਦਾਰ ਬਾਹਵਾਂ ਵਿਚ ਤਾਰੇ ਇਸ ਦੇ ਕੇਂਦਰ ਦੇ ਆਲੇ-ਦੁਆਲੇ ਹਰ ਦਸ ਕਰੋੜ ਵਰ੍ਹਿਆਂ ਵਿਚ ਇਕ ਚੱਕਰ ਕੱਟਦੇ ਹਨ। ਸਾਡਾ ਪੀਲਾ ਸੂਰਜ ਔਸਤ ਆਕਾਰ ਦਾ ਸਾਧਾਰਨ ਕਿਸਮ ਦਾ ਇਕ ਤਾਰਾ ਹੈ ਜੋ ਆਕਾਸ਼ਗੰਗਾ ਦੀ ਇਕ ਚੱਕਰਦਾਰ ਬਾਂਹ ਦੇ ਬਾਹਰੀ ਕਿਨਾਰੇ ’ਤੇ ਟਿਕਿਆ ਹੋਇਆ ਹੈ।
ਪਹਿਲਾਂ ਸਿਆਹ ਸੁਰਾਖ਼ਾਂ (ਬਲੈਕ ਹੋਲਜ਼) ਬਾਰੇ ਕਿਹਾ ਜਾਂਦਾ ਸੀ ਕਿ ਇਹ ਇਕ ਪਿਘਲੇ ਲਾਵੇ ਦੀ ਗੇਂਦ ਵਰਗਾ ਹੋਣਾ ਚਾਹੀਦਾ ਹੈ ਤੇ ਪਿਘਲੇ ਲਾਵੇ ਵਰਗੇ ਤਰਲ ਦੀ ਗੇਂਦ ਦੇ ਉਦਾਹਰਣ ਨਾਲ ਇਹ ਤਾਂ ਮੰਨਣਾ ਪਵੇਗਾ ਕਿ ਇਕ ਘੁੰਮਦੇ ਹੋਈ ਸ਼ੈਅ ਦੇ ਢਹਿਢੇਰੀ ਹੋਣ ਤੋਂ ਪੈਦਾ ਹੋਏ ਸਿਆਹ ਸੁਰਾਖ਼ ਪੂਰਨ ਰੂਪ ਵਿਚ ਗੋਲ ਨਹੀਂ ਹੋ ਸਕਦੇ। ਇਸ ਮਨੌਤ ਨੂੰ ਸਿੱਧ ਕਰਨ ਦਾ ਬੀੜਾ ਹਾਕਿੰਗ ਤੇ ਉਹਦੇ ਸਾਥੀਆਂ ਨੇ ਚੁੱਕਿਆ। ਖੋਜ ਤੋਂ ਬਾਅਦ ਉਹਨੇ ਸਾਬਿਤ ਕਰ ਦਿੱਤਾ ਕਿ ਸਥਾਈ ਘੁੰਮਦੇ ਸਿਆਹ ਸੁਰਾਖ਼ ਦੀ ਇਕ ਸਮਿਟਰੀ ਧੁਰੀ ਹੁੰਦੀ ਹੈ। ਵਿਗਿਆਨ ਦੇ ਇਤਿਹਾਸ ਵਿਚ ਇਹ ਇਕ ਚਮਤਕਾਰ ਸੀ ਕਿ ਸਿਆਹ ਸੁਰਾਖ਼ਾਂ ਬਾਰੇ ਕੋਈ ਵੱਡਾ ਸਿਧਾਂਤ ਹੋਂਦ ਵਿਚ ਆਇਆ।
ਸਿਆਹ ਸੁਰਾਖ਼ਾਂ ਦੇ ਖੇਤਰਫਲ, ਇਸ ਦੀ ਰੇਡੀਏਸ਼ਨ, ਇਸ ਵਿਚ ਹੁੰਦੇ ਵਿਸਫੋਟ, ਪ੍ਰਾਇਮਾਰਡੀਅਲ ਸਿਆਹ ਸੁਰਾਖ਼ਾਂ ਦੀ ਭਾਲ ਤੇ ਹੋਰ ਬਹੁਤ ਸਾਰੇ ਭੇਤਾਂ ਨੂੰ ਵਿਗਿਆਨੀਆਂ ਨੇ ਦੁਨੀਆ ਸਾਹਮਣੇ ਖੋਲ੍ਹਿਆ ਤੇ ਬ੍ਰਹਿਮੰਡੀ ਲੀਲ੍ਹਾ ਦੇ ਅਦਭੁੱਤ ਸੰਸਾਰ ਦੀ ਖੋਜ ਕੀਤੀ। ਬ੍ਰਹਿਮੰਡ ਦੀ ਉਤਪਤੀ ਤੇ ਭਵਿੱਖ, ਸਮੇਂ ਦੀ ਦਿਸ਼ਾ ਤੇ ਹੋਰ ਕਈ ਸਿਧਾਂਤਾਂ ਨੂੰ ਹਾਕਿੰਗ ਦੀ ਇਸ ਕਿਤਾਬ ਵਿਚ ਬੜੇ ਸੌਖੇ ਸ਼ਬਦਾਂ ਵਿਚ ਬਿਆਨ ਕੀਤਾ ਹੈ।
ਭੌਤਿਕ ਵਿਗਿਆਨ ਦੇ ਸਿਧਾਂਤ ਭੂਤਕਾਲ ਤੇ ਭਵਿੱਖ ਵਿਚ ਅੰਤਰ ਨਹੀਂ ਕਰਦੇ। ਹਾਕਿੰਗ ਦਾ ਟਾਈਮ ਸਿਧਾਂਤ ਵੀ ਬੜਾ ਦਿਲਚਸਪ ਹੈ। ਆਮ ਜ਼ਿੰਦਗੀ ਵਿਚ ਸਮੇਂ ਦੀ ਅਗਾਂਹ ਤੇ ਪਿਛਾਂਹ ਦੀ ਦਿਸ਼ਾ ਵੱਲ ਗਤੀ ਵਿਚ ਵੱਡਾ ਫ਼ਰਕ ਹੈ। ਮੰਨ ਲਓ ਕਿ ਪਾਣੀ ਦਾ ਭਰਿਆ ਕੱਪ ਮੇਜ਼ ਤੋਂ ਡਿੱਗ ਕੇ ਚਕਨਾਚੂਰ ਹੋ ਜਾਂਦਾ ਹੈ। ਜੇ ਇਸ ਦੀ ਫਿਲਮ ਬਣਾਈ ਗਈ ਹੋਵੇ ਤਾਂ ਤੁਸੀਂ ਇਸ ਨੂੰ ਦੇਖ ਕੇ ਦੱਸ ਸਕਦੇ ਹੋ ਕਿ ਫਿਲਮ ਅਗਾਂਹ ਜਾਂ ਪਿਛਾਂਹ ਨੂੰ ਜਾ ਰਹੀ ਹੈ। ਜੇ ਤੁਸੀਂ ਫਿਲਮ ਨੂੰ ਪਿਛਾਂਹ ਨੂੰ ਚਲਾਓਗੇ ਤਾਂ ਟੁਕੜੇ ਫਰਸ਼ ਤੋਂ ਉੱਠ ਕੇ ਮੁੜ ਜੁੜ ਕੇ ਪੂਰਾ ਕੱਪ ਬਣ ਜਾਣਗੇ। ਤੁਸੀਂ ਸ਼ਰਤੀਆ ਕਹਿ ਦਿਓਗੇ ਕਿ ਫਿਲਮ ਪਿਛਾਂਹ ਵੱਲ ਜਾ ਰਹੀ ਹੈ ਕਿਉਂਕਿ ਆਮ ਜ਼ਿੰਦਗੀ ਵਿਚ ਅਜਿਹਾ ਨਹੀਂ ਵਾਪਰਦਾ। ਟੁੱਟੇ ਕੱਪ ਦੇ ਨਾ ਜੁੜਣ ਬਾਰੇ ਜੋ ਸਪਸ਼ਟੀਕਰਨ ਦਿੱਤਾ ਜਾਂਦਾ ਹੈ, ਉਹ ਇਸ ਵਿਹਾਰ ਦਾ ਥਰਮੋਡਾਇਨੈਮਿਕਸ ਦੇ ਦੂਜੇ ਸਿਧਾਂਤ ਰਾਹੀਂ ਨਿਸ਼ੇਧ ਕੀਤੇ ਜਾਣਾ ਹੈ। ਇਸ ਸਿਧਾਂਤ ਦਾ ਮੰਣਨਾ ਹੈ ਕਿ ਬੇਤਰਤੀਬੀ ਐਂਟਰੋਪੀ ਸਦਾ ਸਮੇਂ ਨਾਲ ਵਧਦੀ ਜਾਏਗੀ।
ਅਜਿਹੀਆਂ ਕਿਤਾਬਾਂ ਜਾਦੂਮਈ ਪ੍ਰਭਾਵ ਵਾਲੀਆਂ ਹੁੰਦੀਆਂ ਹਨ ਤੇ ਪਾਠਕ ਨੂੰ ਉਸ ਅਸਗਾਹ ਸੰਸਾਰ ਵੱਲ ਲੈ ਜਾਂਦੀਆਂ ਹਨ ਜੋ ਕਲਪਨਾ ਤੋਂ ਵੀ ਪਰ੍ਹੇ ਹੈ। ਲੇਖਕ ਨੇ ਜਿਵੇਂ ਪੰਜਾਬੀ ਵਿਚ ਇਹਦੀ ਪੇਸ਼ਕਾਰੀ ਕੀਤੀ ਹੈ ਉਹਦਾ ਪੰਜਾਬੀ ਪਾਠਕ ਸੁਆਗਤ ਕਰਨਗੇ। ਅੱਜਕੱਲ੍ਹ ਦੀ ਪੀੜ੍ਹੀ ਨੂੰ ਹਾਕਿੰਗ ਬਾਰੇ ਜਾਣਨ ਦੀ ਬੜੀ ਉਤਸੁਕਤਾ ਹੈ ਕਿਉਂਕਿ ਉਹਨੇ ਜਿਹੋ ਜਿਹੀ ਮਸ਼ੀਨੀ ਜ਼ਿੰਦਗੀ ਜਿਊਂਦਿਆਂ ਵਿਗਿਆਨ ਤੇ ਪੁਲਾੜ ਬਾਰੇ ਖ਼ਾਸ ਤੌਰ ਉੱਤੇ ਜੋ ਨਵੀਆਂ ਲੱਭਤਾਂ ਪੇਸ਼ ਕੀਤੀਆਂ ਉਨ੍ਹਾਂ ਨੇ ਇਕ ਨਵੀਂ ਪ੍ਰੇਰਨਾ ਦਿੱਤੀ ਹੈ। ਇਹ ਕਿਤਾਬ ਨਿਸ਼ਚੇ ਹੀ ਪਾਠਕਾਂ ਨੂੰ ਉਸ ਅਦਭੁੱਤ ਸੰਸਾਰ ਵਿਚ ਲੈ ਜਾਏਗੀ ਜਿਸ ਦਾ ਉਹ ਨੰਗੀ ਅੱਖ ਨਾਲ ਪੁਲਾੜ ਨੂੰ ਦੇਖ ਕੇ ਅੰਦਾਜ਼ਾ ਨਹੀਂ ਲਾ ਸਕਦੇ।
ਸੰਪਰਕ: 94173-58120