ਪਰਮਜੀਤ ਢੀਂਗਰਾ
ਮੁਲਾਕਾਤਾਂ ਵੱਖ ਵੱਖ ਖੇਤਰਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਦੇ ਸੁਪਨਿਆਂ, ਸੋਚਾਂ, ਸਮਕਾਲੀ ਸਰੋਕਾਰਾਂ ਤੇ ਉਨ੍ਹਾਂ ਦੀ ਜ਼ਿੰਦਗੀ ਦੇ ਅਨੁਭਵ, ਕਰਮ ਖੇਤਰ ਤੇ ਸਮਕਾਲੀ ਸੰਕਟਾਂ ਬਾਰੇ ਉਨ੍ਹਾਂ ਦੇ ਵਿਚਾਰਾਂ ਨਾਲ ਸਬੰਧਿਤ ਹੁੰਦੀਆਂ ਹਨ। ਬਹੁਤ ਸਾਰੇ ਅਖ਼ਬਾਰ, ਮੈਗਜ਼ੀਨ ਅਤੇ ਵੈੱਬ ਚੈਨਲ ਅਜਿਹੀਆਂ ਮੁਲਾਕਾਤਾਂ ਲੜੀਵਾਰ ਪੇਸ਼ ਕਰ ਰਹੇ ਹਨ। ਇਸੇ ਸੰਦਰਭ ਵਿਚ ਤਰਸੇਮ ਦੁਆਰਾ ਉੱਘੇ ਕਵੀ ਮਨਮੋਹਨ ਦੀਆਂ ਮੁਲਾਕਾਤਾਂ ਨੂੰ ‘ਵਾਰਤਾ’ (ਕੀਮਤ: 250 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਨਾਂ ਹੇਠ ਸੰਪਾਦਤ ਕੀਤਾ ਗਿਆ ਹੈ। ਮੁਲਾਕਤੀ ਹਨ: ਉਮਿੰਦਰ ਜੌਹਲ, ਦਿਲਜੀਤ ਸਿੰਘ ਬੇਦੀ, ਗੁਲ ਚੌਹਾਨ, ਮੁਨੀਸ਼ ਕੁਮਾਰ, ਜਗਦੀਪ ਸਿੱਧੂ, ਰਵੀ ਰਵਿੰਦਰ, ਅਮਰਜੀਤ ਘੁੰਮਣ ਤੇ ਤਰਸੇਮ। ਇਹ ਮੁਲਾਕਾਤਾਂ ਇਨ੍ਹਾਂ ਵਿਦਵਾਨਾਂ ਨੇ ਵੱਖ ਵੱਖ ਕੀਤੀਆਂ ਹਨ। ਬਹੁਤੀਆਂ ਦਾ ਸੰਦਰਭ ਮਨਮੋਹਨ ਦੀਆਂ ਵੱਖ ਵੱਖ ਸਮੇਂ ਦੀਆਂ ਕਾਵਿ ਪੁਸਤਕਾਂ ਹਨ। ਮੁਲਾਕਾਤੀ ਵੱਖ ਵੱਖ ਹੋਣ ਕਰਕੇ ਬਹੁਤ ਥਾਵਾਂ ’ਤੇ ਪ੍ਰਸ਼ਨਾਂ ਤੇ ਉਤਰਾਂ ਵਿਚ ਦੁਹਰਾਅ ਵੀ ਹੋਇਆ ਹੈ।
ਇਨ੍ਹਾਂ ਮੁਲਾਕਾਤਾਂ ਵਿਚ ਸਭ ਤੋਂ ਪਹਿਲੀ ਗੱਲ ਜੋ ਧਿਆਨ ਖਿੱਚਦੀ ਹੈ: ਕਵਿਤਾ ਦੀ ਪਰਿਭਾਸ਼ਾ, ਪ੍ਰਕਿਰਤੀ, ਲੱਛਣ ਅਤੇ ਕਾਵਿ ਜੁਗਤਾਂ। ਮਨਮੋਹਨ ਇਕ ਕਵੀ ਹੀ ਨਹੀਂ, ਆਲੋਚਕ ਤੇ ਚਿੰਤਕ ਵੀ ਹੈ। ਉਹਦੇ ਕੋਲ ਇਸ ਗੱਲ ਦਾ ਅਨੁਭਵ ਹੈ ਕਿ ਕਵਿਤਾ ਕੀ ਹੈ ਜਾਂ ਕੀ ਹੁੰਦੀ ਹੈ ਜਾਂ ਕੀ ਹੋਣੀ ਚਾਹੀਦੀ ਹੈ। ਇਸੇ ਕਰਕੇ ਉਹ ਕਵਿਤਾ ਦੇ ਮਰਮ ਬਾਰੇ ਭਾਵਪੂਰਤ ਟਿੱਪਣੀਆਂ ਕਰਦਾ ਹੈ। ਬਹੁਤ ਥੋੜ੍ਹੇ ਕਵੀ ਹੁੰਦੇ ਹਨ ਜੋ ਮੁਹੱਬਤ ਨੂੰ ਇਕ ਕਾਵਿ ਵਜੋਂ ਪੇਸ਼ ਕਰਦੇ ਹਨ। ਉਨ੍ਹਾਂ ਲਈ ਕਵਿਤਾ ਮੁਹੱਬਤ ਵਾਂਗ ਹੁੰਦੀ ਹੈ ਤੇ ਮੁਹੱਬਤ ਕਵਿਤਾ ਵਾਂਗ। ਮਨਮੋਹਨ ਅਜਿਹਾ ਹੀ ਕਵੀ ਹੈ।
ਕਵਿਤਾ ਅਤੇ ਵਿਚਾਰਧਾਰਾ ਦਾ ਰਿਸ਼ਤਾ ਬੜਾ ਡੂੰਘਾ ਹੈ। ਵਿਚਾਰਧਾਰਾ ਕਵਿਤਾ ਅੰਦਰ ਰਮੀ ਹੋਈ ਨਜ਼ਰ ਆਉਣੀ ਚਾਹੀਦੀ ਹੈ ਨਾ ਕਿ ਉਸ ਉਪਰ ਥੋਪੀ ਹੋਈ। ਇਸ ਬਾਰੇ ਮਨਮੋਹਨ ਕਹਿੰਦਾ ਹੈ: ‘ਵਿਚਾਰਧਾਰਾ ਕਵਿਤਾ ਦੇ ਮੱਥੇ ’ਤੇ ਨਹੀਂ ਲਿਖੀ ਹੁੰਦੀ। ਇਹ ਤਾਂ ਕਵਿਤਾ ਵਿਚ ਨਿਹਿਤ ਲੇਖਕ ਦੀ ਦ੍ਰਿਸ਼ਟੀ ਵਿਚ ਜਾਗ ਰਹੀ ਹੁੰਦੀ ਹੈ। ਮੇਰੀ ਜਾਚੇ ਕਵਿਤਾ ’ਚ ਵਿਚਾਰਧਾਰਾ ਦੀ ਝੰਡਾਬਰਦਾਰੀ ਕਵਿਤਾ ਨੂੰ ਜਿੱਥੇ ਅਕਵਿਤਾ ਬਣਾਉਂਦੀ ਹੈ ਓਥੇ ਵਿਚਾਰਧਾਰਾ ਨੂੰ ਵੀ ਮਾਰਦੀ ਹੈ। ਕਵੀ ਤਾਂ ਇਸ ਪ੍ਰਕਿਰਿਆ ’ਚ ਆਪੇ ਹੀ ਮਰ ਜਾਂਦਾ ਹੈ।’ ਏਸੇ ਕਰਕੇ ਪੰਜਾਬੀ ਵਿਚ ਕਵਿਤਾ ਦਾ ਘਾਣ ਹੋਇਆ ਹੈ, ਪਰ ਮਨਮੋਹਨ ਇਸ ਪੱਖੋਂ ਸੁਚੇਤ ਕਵੀ ਹੈ। ਉਹਨੇ ਸਿੱਧੇ ਸਪਸ਼ਟ ਰੂਪ ਵਿਚ ਕੋਈ ਵਿਚਾਰਧਾਰਕ ਲੇਬਲ ਆਪਣੇ ਆਪ ਉਪਰ ਨਹੀਂ ਚਿਪਕਾਇਆ।
ਪੰਜਾਬੀ ਵਿਚ ਸਮਕਾਲੀ ਕਵਿਤਾ ਵੱਡੇ ਸੰਕਟ ਦਾ ਸ਼ਿਕਾਰ ਹੈ। ਉਹੀ ਕਵਿਤਾ ਮਕਬੂਲ ਹੁੰਦੀ ਹੈ ਜੋ ਸਮਾਜਿਕ ਸਰੋਕਾਰਾਂ ਨਾਲ ਤਨਾਓ ਸਿਰਜਦੀ ਹੈ, ਸਮਕਾਲੀ ਸਥਿਤੀਆਂ ’ਤੇ ਵਿਅੰਗ ਕਰਦੀ ਹੈ ਤੇ ਕਾਵਿ ਭਾਸ਼ਾ ਰਾਹੀਂ ਪਾਠਕ ਨੂੰ ਝੰਜੋੜਦੀ ਹੈ। ਮਨਮੋਹਨ ਅੱਜ ਦੀ ਕਵਿਤਾ ਦੇ ਸੰਕਟ ਦਾ ਪ੍ਰਮੁੱਖ ਕਾਰਨ ਪ੍ਰਮਾਣਕਤਾ ਦੀ ਘਾਟ ਨੂੰ ਮੰਨਦਾ ਹੈ। ਉਹਦਾ ਕਥਨ ਹੈ: ‘ਸਮਕਾਲੀ ਕਵਿਤਾ ਦਾ ਸੰਕਟ ਪ੍ਰਮਾਣਕਤਾ ਦਾ ਅਭਾਵ ਹੈ, ਅਨੁਭਵ ਦੀ ਪ੍ਰਮਾਣਕਤਾ ਦਾ ਇਹੋ ਸੰਕਟ ਸਮਕਾਲੀ ਕਵੀ ਨੂੰ ਅਭਿਆਸੀ ਹੋਣ ਤੋਂ ਰੋਕਦਾ ਹੈ। ਲਿਖਣ ਤੇ ਸਿਰਜਣ ’ਚ ਵੀ ਅੰਤਰ ਹੈ। ਸਮਕਾਲੀ ਕਵਿਤਾ ਬਹੁਤੀ ਲਿਖੀ ਜਾ ਰਹੀ ਹੈ, ਸਿਰਜੀ ਨਹੀਂ। ਸਿਰਜਣਾ ਲਿਖਣ ਤੋਂ ਵੱਧ ਪਾਰਗਾਮੀ ਤੇ ਅਧਿਆਤਮੀ ਹੁੰਦੀ ਹੈ। ਅੱਜ ਦੀ ਕਵਿਤਾ ਇਸੇ ਲਈ ਪਾਠਕ ਨੂੰ ਕਿਤੇ ਲੈ ਕੇ ਨਹੀਂ ਜਾਂਦੀ। ਪਾਠਕ ਇਸ ’ਚੋਂ ਆਪਣਾ ਆਪ ਪਹਿਚਾਣਦਾ ਨਹੀਂ। ਇਹ ਸਾਡੇ ਸਮਿਆਂ ਦੀ ਤ੍ਰਾਸਦੀ ਹੈ।’
ਦੋ ਚੀਜ਼ਾਂ ਹੋਰ ਕਵਿਤਾ ਲਈ ਬੜੀਆਂ ਮਾਅਨੇ ਰੱਖਦੀਆਂ ਹਨ। ਇਕ ਹੈ ਕਾਵਿ ਵਿਧਾ ਦੀ ਪਛਾਣ, ਦੂਸਰੀ ਹੈ ਕਾਵਿ ਭਾਸ਼ਾ। ਬਹੁਤੀ ਵਾਰੀ ਕਵੀ ਕਵਿਤਾ ਨੂੰ ਸਿਰਫ਼ ਸ਼ਬਦ ਜਾਲ ਮੰਨ ਕੇ ਕਵਿਤਾ ਦਾ ਨਿਰਾਦਰ ਕਰਦੇ ਹਨ। ਕਵਿਤਾ ਵਿਚਲੀ ਸੂਖ਼ਮਤਾ ਨੂੰ ਸਮਝਣ ਲਈ ਉਚਿਤ ਭਾਸ਼ਾ ਦਾ ਗਿਆਨ ਬੜਾ ਜ਼ਰੂਰੀ ਹੈ। ਕਾਵਿ ਭਾਸ਼ਾ ਨੂੰ ਕਿਸੇ ਕਾਵਿ ਦੀ ਆਤਮਾ ਮੰਨਿਆ ਜਾਂਦਾ ਹੈ।
ਕਾਵਿ ਵਿਧੀ ਵੀ ਮਹੱਤਵਪੂਰਨ ਮਸਲਾ ਹੈ। ਹਰ ਕਵੀ ਕੋਲ ਕਵਿਤਾ ਦੀ ਪੇਸ਼ਕਾਰੀ ਲਈ ਆਪਣੇ ਮਾਪਦੰਡ ਹੁੰਦੇ ਹਨ। ਉਹ ਅਨੁਭਵ ਦੇ ਸਿਖਰ ਵਿਚੋਂ ਹੀ ਕਵਿਤਾ ਤਲਾਸ਼ਦਾ ਹੈ। ਕਵਿਤਾ ਦੀ ਤਲਾਸ਼ ਦਾ ਕੋਈ ਨਿਸ਼ਚਿਤ ਸਮਾਂ ਨਹੀਂ ਹੁੰਦਾ। ਕਾਵਿ ਅਨੁਭਵ ਜਦੋਂ ਕਾਵਿ ਛਿਣ ਵਿਚ ਪ੍ਰਗਟ ਹੁੰਦਾ ਹੈ ਤਾਂ ਉਹ ਆਪਣੀ ਵਿਧੀ ਆਪ ਤਲਾਸ਼ਦਾ ਹੈ। ਕਵਿਤਾ ਮਨੁੱਖੀ ਕਾਲ ਵਿਚ ਨਹੀਂ ਸਗੋਂ ਕਾਵਿ ਕਾਲ ਵਿਚ ਫੈਲਦੀ ਹੈ। ਇਸ ਲਈ ਖਿਆਲ, ਚਿੰਤਨ ਅਨੁਭਵ ਵਿਚ ਕਸ਼ੀਦ ਹੋ ਕੇ ਕਾਵਿਕਤਾ ਵਿਚ ਢਲਦੇ ਹਨ। ਮਨਮੋਹਨ ਇਸ ਬਾਰੇ ਕਹਿੰਦਾ ਹੈ: ‘ਕਵਿਤਾ ਦੀ ਮੂਲ ਵਿਧੀ ਦ੍ਰਿਸ਼ਕਾਰੀ ਹੈ, ਸ਼ਬਦਾਂ ਰਾਹੀਂ ਦ੍ਰਿਸ਼ ਚਿਤਰਣ। ਕਵਿਤਾ ’ਚ ਦ੍ਰਿਸ਼ ਰਾਹੀਂ ਕਾਵਿ-ਬਿਰਤਾਂਤ ਦਾ ਚਿਤਰਣ ਹੁੰਦੈ। ਜਿਸ ਕਵਿਤਾ ’ਚ ਦ੍ਰਿਸ਼ ਨਹੀਂ ਹੁੰਦੇ ਉਹ ਅਮੂਰਤ ਸ਼ਬਦਕਾਰੀ ਹੋ ਜਾਂਦੀ ਹੈ ਜਿਸ ਨਾਲ ਕਵਿਤਾ ਤੇ ਚਿੰਤਨ ’ਚ ਫ਼ਰਕ ਨਹੀਂ ਰਹਿੰਦਾ। ਚਿੰਤਨ ਜਾਂ ਦਰਸ਼ਨ ਜਾਂ ਵਿਚਾਰ ਜਦੋਂ ਇਸ ਦ੍ਰਿਸ਼ ਦੀ ਭਾਸ਼ਾ ਰਾਹੀਂ ਵਿਅਕਤ ਹੁੰਦੈ ਤਾਂ ਇਹ ਸਮੂਰਤ ਹੁੰਦੈ। ਇਸ ਕਰਕੇ ਇਹ ਸਿਰਫ਼ ਚਿੰਤਨ ਜਾਂ ਖਿਲਾਅ ਨਹੀਂ ਬਲਕਿ ਕਵਿਤਾ ਹੁੰਦੈ। ਵਰਤਮਾਨ ਪੰਜਾਬੀ ਕਵਿਤਾ ਦਾ ਬਹੁਤਾ ਸੰਕਟ ਹੈ ਕਿ ਇਸ ’ਚੋਂ ਦ੍ਰਿਸ਼ ਤੇ ਬਿਰਤਾਂਤ ਗ਼ੈਰਹਾਜ਼ਰ ਹਨ।’
ਕਵਿਤਾ ਵਿਚ ਅਗਲੀ ਗੱਲ ਸ਼ੈਲੀ ਦੀ ਕੀਤੀ ਜਾ ਸਕਦੀ ਹੈ। ਹਰ ਲੇਖਕ ਆਪਣੀ ਸ਼ੈਲੀ ਰਾਹੀਂ ਹੀ ਸਾਹਿਤ ਵਿਚ ਵਿਲੱਖਣ ਪਛਾਣ ਦਾ ਧਾਰਨੀ ਬਣਦਾ ਹੈ। ਮਨਮੋਹਨ ਆਪਣੀਆਂ ਕਿਤਾਬਾਂ ਦੇ ਵਿਲੱਖਣ ਨਾਵਾਂ, ਵੱਖਰੀ ਕਾਵਿ ਭਾਸ਼ਾ ਤੇ ਨਿਵੇਕਲੀ ਸ਼ੈਲੀ ਕਰਕੇ ਆਪਣੀ ਪਛਾਣ ਸਥਾਪਤ ਕਰਦਾ ਹੈ। ਸ਼ੈਲੀ ਬਾਰੇ ਉਹ ਖ਼ੁਦ ਲਿਖਦਾ ਹੈ: ‘ਹਰ ਰਚਨਾਕਾਰ ਦੀ ਸਮਾਂ ਪਾ ਕੇ ਪਹਿਚਾਣ ਯੋਗ ਸ਼ੈਲੀ ਬਣ ਜਾਂਦੀ ਹੈ। ਪੰਜਾਬੀ ਤੇ ਹੋਰ ਭਾਸ਼ਾਵਾਂ ਵਿਚ ਵੀ ਕਈ ਮਹਾਨ ਸ਼ੈਲੀਕਾਰ ਹੋਏ ਨੇ। ਇਹ ਲੰਮੀ ਸਿਰਜਣ ਪ੍ਰਕਿਰਿਆ ਦਾ ਹਿੱਸਾ ਹੁੰਦੈ। ਅਸਲ ’ਚ ਸ਼ੈਲੀ ਸਥਾਪਨ ’ਚ ਪਾਠਕਾਂ ਦੀ ਵੀ ਵੱਡੀ ਭੂਮਿਕਾ ਰਹੀ ਏ। ਅਕਸਰ ਪੰਜਾਬੀ ਲੇਖਕਾਂ ਨੂੰ ਸ਼ਿਕਾਇਤ ਰਹਿੰਦੀ ਏ ਕਿ ਪੰਜਾਬੀ ’ਚ ਪਾਠਕ ਨਹੀਂ। ਮੈਨੂੰ ਇਹ ਕਮੀ ਕਦੀ ਮਹਿਸੂਸ ਨਹੀਂ ਹੋਈ। ਦੂਜਾ ਕਈ ਲੇਖਕਾਂ ਦੀਆਂ ਸਤਰਾਂ ਮੇਰੀ ਕਵਿਤਾ ’ਚ ਆ ਜਾਂਦੀਆਂ ਨੇ। ਮੈਨੂੰ ਇਹ ਸਹਿਜ ਭਾ ਤਾਂ ਯਾਦ ਨਹੀਂ। ਬਹੁਤ ਜ਼ਿਆਦਾ ਪੜ੍ਹਣ ਤੇ ਸਦਾ ਹੀ ਸਾਹਿਤ ਦੇ ਅੰਗ ਸੰਗ ਰਹਿਣ ਕਾਰਨ ਕੋਈ ਭਾਵ ਜਾਂ ਪ੍ਰਗਟਾਵਾ ਅਚੇਤ ਤੁਹਾਡੀ ਸ਼ੈਲੀ ਦਾ ਅੰਗ ਬਣ ਜਾਂਦੈ।’’
ਕਵਿਤਾ ਵਿਚ ਸਪੇਸ ਦੀ ਵੱਡੀ ਮਹੱਤਤਾ ਹੈ। ਕਵਿਤਾ ਨੇ ਜਦੋਂ ਅਰਥ ਸੰਚਾਰ ਕਰਨਾ ਹੁੰਦੈ ਤਾਂ ਉਹਦੇ ਕੋਲ ਸ਼ਬਦ ਹੁੰਦੇ ਨੇ ਪਰ ਕੀ ਸ਼ਬਦਾਂ ਦੇ ਅਰਥ ਉਂਜ ਹੀ ਪ੍ਰਾਪਤ ਹੋ ਜਾਂਦੇ ਹਨ ਜਿਵੇਂ ਕਵੀ ਨੇ ਲਿਖੇ ਜਾਂ ਚਿਤਵੇ ਹੁੰਦੇ ਹਨ? ਸ਼ਾਇਦ ਨਹੀਂ। ਇਸ ਕਰਕੇ ਕਿਹਾ ਜਾਂਦਾ ਹੈ ਕਿ ਕਵਿਤਾ ਵਿਚ ਸ਼ਬਦਾਂ ਨੂੰ ਅਰਥ ਦਿੱਤੇ ਜਾਂਦੇ ਹਨ ਤੇ ਇਹ ਵਿਸ਼ੇਸ਼ ਸੰਦਰਭ ਤੇ ਸਥਿਤੀ ਵਿਚ ਹੀ ਅਰਥ ਸੰਚਾਰਦੇ ਹਨ। ਸ਼ਬਦ ਦਾ ਆਪਣਾ ਕੋਈ ਅਰਥ ਨਹੀਂ ਹੁੰਦਾ। ਕਵੀ ਸ਼ਬਦ ਵਿਚ ਜਦੋਂ ਅਰਥ ਸੱਤਾ ਸਿਰਜਦਾ ਹੈ ਤਾਂ ਉਹ ਪਰਾਹੇ ਜਾਂਦੇ ਹਨ। ਇਹ ਪਰਾਹਨ ਕਵਿਤਾ ਦਾ ਮਹੱਤਵਪੂਰਨ ਅੰਗ ਹੈ। ਕਵਿਤਾ ਵਿਚ ਸਪੇਸ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਮਨਮੋਹਨ ਲਿਖਦਾ ਹੈ: ‘ਪਾਠ ’ਚ ਸਪੇਸ ਦੀ ਵੱਡੀ ਮਹੱਤਤਾ ਹੈ ਕਵਿਤਾ ਵਿਚ ਖਾਸ ਕਰਕੇ। ਕਵਿਤਾ ਬੋਲਦਿਆਂ ਜਾਂ ਪੜ੍ਹਦਿਆਂ ਸਪੇਸ ਵੀ ਅਰਥਾਂ ਦੇ ਨਿਰਮਾਣ ’ਚ ਰੋਲ ਅਦਾ ਕਰਦੀ ਹੈ। ਇਸ ਵਿਚ ਸਥੱਗਨ ਸ਼ਾਮਲ ਹੁੰਦੈ। ਅਰਥ ਸਪੇਸ ਕਾਰਨ ਮੁਲਤਵੀ ਹੋਣ ਲੱਗਦੇ ਹਨ। ਸਪੇਸ ਨੂੰ ਕਿਸੇ ਫੈਸ਼ਨ ਵਾਂਗ ਨਹੀਂ ਸਗੋਂ ਇਕ ਕਰਾਫਟ, ਸ਼ਿਲਪ ਵਾਂਗ ਵਰਤਣਾ ਚਾਹੀਦਾ ਹੈ। ਪਰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸਪੇਸ ਕਵਿਤਾ ਦੀ ਥਾਂ ਨਹੀਂ ਲੈ ਸਕਦੀ। ਸਪੇਸ ਤਾਂ ਕਵਿਤਾ ’ਚ ਅਰਥਾਂ ਨੂੰ ਸਪਲੀਮੈਂਟ ਕਰਦੀ ਹੈ, ਬਹੁਤੇ ਕਵੀ ਸਪੇਸ ਦੀ ਵਰਤੋਂ ਬਿਨਾ ਕਿਸੇ ਤਰਕ ਜਾਂ ਲੋੜ ਤੋਂ ਕਰਦੇ ਨੇ। ਏਸੇ ਕਰਕੇ ਅਰਥਾਂ ਦੇ ਸੰਚਾਰ ਵਿਚ ਰੁਕਾਵਟ ਪੈਂਦੀ ਹੈ। ਕਵਿਤਾ ’ਚ ਸ਼ਬਦ ਤੇ ਸਪੇਸ ਜੈੱਨ ਦੀ ਯਿਨ ਯਾਨ ਊਰਜਾ ਵਾਂਗ ਨੇ। ਦੋਵੇਂ ਊਰਜਾਵਾਂ ਇਕ ਦੂਜੇ ਨਾਲ ਜੁੜੀਆਂ ਨੇ। ਇਕ ਦੂਜੇ ’ਚੋਂ ਨਿਰਮਤ ਹੁੰਦੀਆਂ ਨੇ ਤੇ ਇਕ ਦੂਜੇ ਨੂੰ ਨਿਰਮਤ ਕਰਦੀਆਂ ਨੇ ਅਤੇ ਇਹ ਊਰਜਾਵਾਂ ਲਗਾਤਾਰ ਗਤੀ ’ਚ ਰਹਿੰਦੀਆਂ ਨੇ। ਇਕ ਦਾਇਰੇ ’ਚ ਸਪੇਸ ਤੇ ਸ਼ਬਦ ਦਾ ਸਬੰਧ ਇਸ ਲਈ ਕਹਿ ਸਕਦੇ ਹਾਂ ਪੂਰਕੀ ਹੈ, ਸਪਲੀਮੈਂਟਰੀ ਹੈ, ਇਨ੍ਹਾਂ ’ਚ ਇਕ ਬਰੀਕ, ਮਹੀਨ, ਲਤੀਫ਼। ਸੰਤੁਲਨ ਬਹੁਤ ਜ਼ਰੂਰੀ ਹੈ। ਹੌਲੀ ਹੌਲੀ ਇਸ ਕਰਾਫਟ ਦੀ ਸਮਝ ਆਉਣ ਲੱਗਦੀ ਹੈ।’
ਹਰ ਕਵਿਤਾ ਦਾ ਸਿਰਜਣ ਛਿਣ ਜਲੌਅ ਵਾਂਗ ਹੁੰਦਾ ਹੈ। ਕਵੀ ਕਿਲ ਕੇ ਕਵਿਤਾ ਨਹੀਂ ਲਿਖ ਸਕਦਾ। ਰਚਨਹਾਰੀ ਸ਼ਕਤੀ ਟੁੱਟਦੇ ਤਾਰੇ ਵਾਂਗ ਪ੍ਰਗਟ ਹੁੰਦੀ ਹੈ ਤੇ ਪ੍ਰਭਾਵ ਛੱਡ ਕੇ ਅਲੋਪ ਹੋ ਜਾਂਦੀ ਹੈ। ਸਿਰਜਨਾ ਦਾ ਪਲ ਉਸ ਲੀਕ ਵਰਗਾ ਹੁੰਦਾ ਹੈ। ਇਹ ਚਕਾਚੌਂਧ ਕਈ ਵਾਰ ਅਨੰਤ ਸਮਿਆਂ ਵਿਚ ਫੈਲੀ ਨਜ਼ਰ ਆਉਂਦੀ ਹੈ ਤੇ ਕਦੇ ਪਲਕ ਝਪਕਦੇ ਸਿਰਜਨਾ ਦਾ ਪਹਿਰਨ ਬਣ ਜਾਂਦੀ ਹੈ। ਇਸ ਪ੍ਰਥਾਏ ਮਨਮੋਹਨ ਕਹਿੰਦਾ ਹੈ – ਕਵਿਤਾ ਸਿਰਜਣਾ ਦੀ ਆਮਦ ਨੂੰ ਕਿਸੇ ਪਰਿਭਾਸ਼ਾ ਵਿਚ ਨਹੀਂ ਬੰਨ੍ਹਿਆ ਜਾ ਸਕਦਾ। ਹਰ ਕਵਿਤਾ ਦੀ ਆਉਣ ਵਿਧੀ ਭਿੰਨ ਹੁੰਦੀ ਹੈ। ਕਦੀ ਕੋਈ ਖਿਆਲ ਵਰ੍ਹਿਆਂਬੱਧੀ ਤੁਹਾਡੇ ਮਨ ’ਚ ਘਰ ਕਰੀ ਬੈਠਾ ਰਹਿੰਦਾ ਹੈ ਅਤੇ ਕਿਸੇ ਮਾਕੂਲ ਮੌਕੇ ਪੂਰਨ ਰੂਪ ਵਿਚ ਪ੍ਰਗਟ ਹੋ ਜਾਂਦਾ ਹੈ। ਕਦੇ ਕਦੇ ਕੋਈ ਅਧੂਰਾ ਵਿਚਾਰ ਅਚਾਨਕ ਸੰਪੂਰਨਤਾ ਦਾ ਰੂਪ ਲੈ ਲੈਂਦਾ। ਹਰ ਕਵਿਤਾ ਆਪਣੀ ਭਾਸ਼ਾ ਤੇ ਸ਼ਿਲਪ ਨਾਲ ਲੈ ਕੇ ਆਉਂਦੀ ਹੈ। ਓਵੇਂ ਹੀ ਹਰ ਕਵਿਤਾ ਦਾ ਆਮਦ ਢੰਗ ਵੀ ਆਪਣੀ ਤਰ੍ਹਾਂ ਦਾ ਵਿਕੋਲਿਤਰਾ ਹੁੰਦਾ ਹੈ।
ਕਵਿਤਾ ਤੋਂ ਇਲਾਵਾ ਇਨ੍ਹਾਂ ਵਾਰਤਾਵਾਂ ਵਿਚ ਨਾਵਲ ‘ਨਿਰਵਾਣ’ ਬਾਰੇ ਵੀ ਕਈ ਗੱਲਾਂ ਕੀਤੀਆਂ ਗਈਆਂ ਹਨ। ਨਾਵਲ ਦੀ ਅਨੁਭਵ ਯਾਤਰਾ, ਇਹਦੀ ਚਿੰਤਨੀ ਸੁਰ, ਇਹਦੀ ਰੂਪ ਵਿਧਾ ਤੇ ਇਸ ਦੇ ਲਿਖਣ ਪਿੱਛੇ ਕਾਰਨਾਂ ਨੂੰ ਵੀ ਪੇਸ਼ ਕੀਤਾ ਗਿਆ ਹੈ।
ਇਨ੍ਹਾਂ ਮੁਲਾਕਾਤਾਂ ਵਿਚ ਉਸ ਨੇ ‘ਨਿਰਵਾਣ’ ਨਾਵਲ ਦੀ ਸਿਰਜਣਾ ਪਿੱਛੇ ਵਿਸਥਾਰ ਨਾਲ ਲਿਖਿਆ ਹੈ। ਇਸੇ ਨਾਵਲ ’ਤੇ ਉਹਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ ਸੀ। ਇਸ ਦੀ ਲਿਖਣ ਇੱਛਾ ਪਿੱਛੇ ਉਹਦਾ ਸਵੈ ਕਥਨ ਹੈ: ‘ਨਿਰਵਾਣ ਨਾਵਲ ’ਚ ਮੈਂ ਆਪਣੇ ਜੀਵਨ ਦੇ ਅਨੁਭਵਾਂ ਤੇ ਵਰਤਾਰਿਆਂ ਨੂੰ ਸਮਝ ਤੇ ਅਮਲ ਦੀ ਪੱਧਰ ’ਤੇ ਨਜਿੱਠਣ ਦਾ ਯਤਨ ਕੀਤਾ ਹੈ। ਨਾਵਲ ਲਿਖਣ ਤੋਂ ਪਹਿਲਾਂ ਮੈਂ ਇਨ੍ਹਾਂ ਮਸਲਿਆਂ ਬਾਰੇ ਭੌਤਿਕ ਅਤੇ ਅਭੌਤਿਕ ਗਿਆਨ ਪਰੰਪਰਾਵਾਂ ਨੂੰ ਸਮਝ ਕੇ ਇਕ ਕਥਾਨਕ ਉਸਾਰਿਆ ਤੇ ਉਸ ਕਥਾਨਕ ਦੇ ਢਾਂਚੇ ਵਿਚ ਕਥਾ ਦਾ ਨਿਰਮਾਣ ਆਪਣੇ ਆਪ ਹੁੰਦਾ ਗਿਆ। ਆਖ਼ਰ ਇਹੋ ਸਾਰ ਨਿਕਲਦਾ ਹੈ ਕਿ ਸਮਝਾਂ, ਸੋਚਾਂ ਹੀ ਅੰਤਿਮ ਸੱਚ ਨਹੀਂ ਹੁੰਦੀਆਂ, ਸੱਚ ਤਾਂ ਕਿਤੇ ਹੋਰ ਹੈ ਉਸ ਨੂੰ ਜਾਣਨਾ ਹੀ ਸੱਚ ਹੈ। ਨਾਵਲ ਲਿਖਣ ਵੇਲੇ ਮੈਂ ਬੁੱਧ ਦੇ ਫਲਸਫ਼ੇ ਦੇ ਨਾਲ-ਨਾਲ ਭਾਰਤੀ ਦਰਸ਼ਨ ਤੇ ਗਿਆਨ ਸ਼ਾਸਤਰ ਨੂੰ ਆਪਣੀਆਂ ਅੰਦਰਲੀਆਂ ਜਿਗਿਆਸਾਵਾਂ ਦੇ ਜਵਾਬ ਲੱਭਣ ਲਈ ਪੜ੍ਹਦਾ। ਵੇਦਾਂਤ ’ਚ ਉਪਨਿਸ਼ਦਾਂ ਤੇ ਪੁਰਾਣਾਂ ਦਾ ਅਧਿਐਨ ਕਰਦਾ। ਮਿਥਿਹਾਸ ਇਤਿਹਾਸ ਨੂੰ ਫਰੋਲਦਾ ਮੈਂ ਹੋਰ ਪੜ੍ਹਦਾ। ਧਾਰਨਾਵਾਂ ਧਿਆਉਂਦਾ। ਸਮਾਧੀ ਲਾਉਂਦਾ। ਧਿਆਨ ਯੋਗ ਦੀ ਭਾਲ ਕਰਦਾ। ਹੋਰ ਭਟਕਦਾ। ਫਿਰ ਧਿਆਨ ਦੀ ਸ਼ਰਨ ਲੈਂਦਾ। ਫਿਰ ਭਟਕਦਾ। ਇਸ ਭਟਕਣ ਨਾਲ ਨਿਰਵਾਣ ਦੀ ਸਿਰਜਣਾ ਹੋਰ ਤੀਬਰ ਹੁੰਦੀ ਜਾਂਦੀ।
ਚਿੰਤਨੀ ਵਿਆਖਿਆ ਵਾਲੀ ਵਾਰਤਕ ਬਾਰੇ ਵੀ ਕਈ ਗੱਲਾਂ ਕੀਤੀਆਂ ਹਨ। ਅਨੁਵਾਦ ਤੇ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ ਹਨ। ਨਾਲ ਨਾਲ ਇਕ ਲੇਖਕ ਤੇ ਖੋਜੀ ਵਜੋਂ ਕੀਤੇ ਕਾਰਜਾਂ ਨੂੰ ਵੀ ਪੇਸ਼ ਕੀਤਾ ਹੈ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਇਹ ਵਾਰਤਾਵਾਂ ਇਕ ਲੇਖਕ ਦੀ ਲੇਖਣੀ ਨਾਲ ਸੰਬੰਧਤ ਹਨ ਅਤੇ ਲੇਖਕ ਦੀ ਅਨੁਭਵ ਯਾਤਰਾ ਦਾ ਪਰਤੌ ਹਨ। ਪਾਠਕ ਇਨ੍ਹਾਂ ਨੂੰ ਪੜ੍ਹਣ ਤੋਂ ਬਾਅਦ ਨਿਸ਼ਚੇ ਹੀ ਆਪਣੇ ਆਪ ਨੂੰ ਗਿਆਨ ਦੇ ਸਫ਼ਰ ਦਾ ਕਾਵਿਕ ਪਾਂਧੀ ਸਮਝ ਸਕਦਾ ਹੈ।
ਸੰਪਰਕ: 94173-58120