ਸੁਲੱਖਣ ਸਰਹੱਦੀ
ਮਰਹੂਮ ਮਹਿੰਦਰ ਸਾਥੀ ਪੰਜਾਬੀ ਦਾ ਅਗਾਂਹਵਧੂ ਅਤੇ ਖੱਬੀ ਸੋਚ ਦਾ ਪ੍ਰਬੁੱਧ ਗ਼ਜ਼ਲਗੋ ਹੋ ਗੁਜ਼ਰਿਆ ਹੈ। ਉਸ ਨੇ ਉਮਰ ਭਰ ਲੋਕ ਜਥੇਬੰਦੀਆਂ ਵਿਚ ਸ਼ਮੂਲੀਅਤ ਕੀਤੀ ਅਤੇ ਆਪਣੀ ਸੁਚੱਜੀ ਕਲਮ ਨਾਲ ਜਥੇਬੰਦਕ ਜੋਸ਼ ਭਰਨ ਵਾਲੇ ਸ਼ਿਅਰ ਕਹੇ। ਉਸ ਦੀ ਸ਼ਾਇਰੀ ਵਿਗੜੀ ਹੋਈ ਰਾਜਨੀਤੀ, ਗ਼ਰੀਬੀ ਤੇ ਅਮੀਰੀ ਵਿਚ ਹੋਰ ਪਾੜੇ ਵਧਾਉਂਦੀ ਆਰਥਿਕਤਾ, ਫ਼ਿਰਕੂ ਤੁਅੱਸਬ ਦਾ ਕਰੂਰ ਚਿਹਰਾ ਅਤੇ ਵਿਗੜ ਰਹੇ ਸਭਿਆਚਾਰਕ ਤਾਣੇ-ਬਾਣੇ ’ਤੇ ਸਿੱਧੀ ਉਂਗਲ ਉਠਾਉਂਦੀ ਹੈ। ਉਹ ਉਨ੍ਹਾਂ ਸਾਥੀਆਂ ਵਿਚੋਂ ਹੈ ਜਿਨ੍ਹਾਂ ਨੇ ਤਾਉਮਰ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕੀਤੀ। ਉਸ ਦੇ ਸ਼ਿਅਰਾਂ ਵਿਚ ਲਲਕਾਰ ਅਤੇ ਸਾਥੀਆਂ ਪ੍ਰਤੀ ਜਥੇਬੰਦਕ ਰਿਸ਼ਤੇ ਪੱਕੇ ਰੱਖਣ ਦੀ ਸਹਿਜਤਾ ਹੈ।
ਹਥਲੀ ਪੁਸਤਕ ‘ਸਿਦਕ ਸਵਾਸਾਂ ਸੰਗ’ (ਕੀਮਤ: 395 ਰੁਪਏ; ਸੰਗਮ ਪਬਲੀਕੇਸ਼ਨ, ਪਟਿਆਲਾ) ਵਿਚ ਮਹਿੰਦਰ ਸਾਥੀ ਦੀਆਂ ਨਵੀਆਂ-ਪੁਰਾਣੀਆਂ ਤੇ ਛਪੀਆਂ-ਅਣਛਪੀਆਂ ਚੋਣਵੀਆਂ ਗ਼ਜ਼ਲਾਂ ਹਨ। ਉਸ ਦਾ ਪਹਿਲਾ ਕਾਵਿ ਸੰਗ੍ਰਹਿ ‘ਜਲਾਵਤਨ ਰੁੱਤ ਪਰਤੇਗੀ’ 1990 ਵਿਚ ਪ੍ਰਕਾਸ਼ਿਤ ਹੋਇਆ। ਉਸ ਦਾ ਪਹਿਲਾ ਗ਼ਜ਼ਲ ਸੰਗ੍ਰਹਿ ‘ਜਦੋਂ ਤੱਕ ਰਾਤ ਬਾਕੀ ਹੈ’ 2012 ਵਿਚ, ‘ਦੀਪ ਦਰਪਣ’ ਕਾਵਿ ਸੰਗ੍ਰਹਿ 2016 ਵਿਚ ਤੇ ‘ਪਤਝੜ ਸਦਾ ਨਾ ਰਹਿਣੀ’ ਕਾਵਿ ਸੰਗ੍ਰਹਿ 2019 ਵਿਚ ਪ੍ਰਕਾਸ਼ਿਤ ਹੋਏ। ਹਥਲੇ ਗ਼ਜ਼ਲ ਸੰਗ੍ਰਹਿ ਵਿਚ ਮਹਿੰਦਰ ਸਾਥੀ ਦੀਆਂ ਸਵਾ ਦੋ ਸੌ (225) ਗ਼ਜ਼ਲਾਂ ਹਨ। ਇਹ ਪੁਸਤਕ ਇਸ ਲਈ ਵੀ ਲਾਜਵਾਬ ਹੈ ਕਿਉਂਕਿ ਉਹ ਜਿਹੜੀਆਂ ਗ਼ਜ਼ਲਾਂ ਪੁਸਤਕਾਂ ਵਿਚ ਨਾ ਸ਼ਾਮਲ ਕਰ ਸਕਿਆ ਉਹ ਵੀ ਇਸ ਵਿਚ ਸ਼ਾਮਲ ਹਨ। ਪ੍ਰਕਾਸ਼ਕ ਅਨੁਸਾਰ ਇਸ ਪੁਸਤਕ ਦਾ ਖਰੜਾ ਸ਼ਾਇਰ ਨੇ ਜਿਉਂਦੇ ਜੀਅ ਆਪਣੇ ਹੱਥੀਂ ਤਿਆਰ ਕੀਤਾ ਸੀ ਤੇ ਉਸ ਦੀ ਰੀਝ ਵੀ ਸੀ ਕਿ ਇਹ ਪੁਸਤਕ ਛਪੀ ਹੋਈ ਵੇਖੇ। ਉਸ ਦੀ ਇਹ ਰੀਝ ਜਿਉਂਦੇ ਜੀਅ ਤਾਂ ਪੂਰੀ ਨਾ ਹੋ ਸਕੀ, ਪਰ ਪ੍ਰਕਾਸ਼ਕ ਨੇ ਉਸ ਦਾ ਸੁਪਨਾ ਉਸ ਦੀ ਮੌਤ ਪਿੱਛੋਂ ਪੂਰਾ ਕੀਤਾ।
ਮਹਿੰਦਰ ਸਾਥੀ ਦੀ ਸ਼ਾਇਰੀ ਤਕਰੀਬਨ 50 ਸਾਲਾਂ ਭਾਵ ਅੱਧੀ ਸਦੀ ਦਾ ਸਾਹਿਤਕ ਦਰਪਣ ਇਤਿਹਾਸ ਹੈ। ਇਸ ਅੱਧੀ ਸਦੀ ਵਿਚ ਪੰੰਜਾਬ ਵਿਚ ਹਰੀ ਕ੍ਰਾਂਤੀ, ਚਿੱਟੀ ਕ੍ਰਾਂਤੀ, ਨੀਲੀ ਕ੍ਰਾਂਤੀ, ਨਕਸਲਬਾੜੀ ਲਹਿਰ, ਅਤਿਵਾਦੀ ਦੌਰ, ਰਾਜਨੀਤਿਕ ਐਮਰਜੈਂਸੀ, ਵਿਸ਼ਵੀਕਰਨ, ਬਾਜ਼ਾਰੀਕਰਨ ਅਤੇ ਕਾਰਪੋਰੇਟੀ ਲੁੱਟ ਦਾ ਦੌਰ ਸੀ ਜਿਸ ਨੂੰ ਸਾਥੀ ਨੇ ਪੂਰੇ ਹਸਾਸ ਤੇ ਹੋਸ਼ ਹਵਾਸ ਨਾਲ ਵੇਖਿਆ। ਉਹ ਇਨ੍ਹਾਂ ਦੇ ਹੱਕ ਜਾਂ ਵਿਰੋਧ ਵਿਚ ਸਾਹਿਤ ਵਿਚ ਨਕਸਲਬਾੜੀ ਲਹਿਰ ਅਤੇ ਪੰਜਾਬ ਦੇ ਆਤੰਕੀ ਦੌਰ ਦਾ ਬੜਾ ਵੱਡਾ ਦਖ਼ਲ ਤੇ ਦੌਰ ਰਿਹਾ। ਸਾਥੀ ਦੀ ਖੱਬੀ ਧਿਰ ਨਾਲ ਵੀ ਆਪਣੀ ਲੀਹ ਤੇ ਰਾਹ ਸੀ। ਇਨ੍ਹਾਂ ਸਮਿਆਂ ਵਿਚ ਸਾਹਿਤਕਾਰ ਤੇ ਖ਼ਾਸਕਰ ਕਵਿਤਾ ਕਿੰਜ ਸੋਚਦੀ ਸੀ, ਉਸ ਦੀ ਸਨਦ ਵੀ ਇਸ ਪੁਸਤਕ ਵਿਚ ਹੈ। ਜਦੋਂ ਵਿਸ਼ਵੀਕਰਨ ਦਾ ਮੁੱਦਈ ਹੋ ਕੇ ਕਵਿਤਾ ਵਿਚ ਉੱਤਰ-ਆਧੁਨਿਕਤਾ ਦਾ ਰੰਗ ਆਇਆ ਉਦੋਂ ਵੀ ਸਾਥੀ ਦੇ ਸ਼ਿਅਰਾਂ ਵਿਚ ਇਸ ਦਾ ਪ੍ਰਕੋਪ ਸੀ। ਇਕ ਹਕੀਕੀ ਅਤੇ ਅਮਰ ਰੰਗ ਉਸ ਦੀਆਂ ਗ਼ਜ਼ਲਾਂ ਵਿਚ ਸਦੀਵੀ ਪੇਸ਼ਕਾਰੀ ਦਾ ਸੀ ‘ਮਸ਼ਾਲਾਂ ਬਾਲ ਕੇ ਚੱਲੋ ਜਦੋਂ ਤੱਕ ਰਾਤ ਬਾਕੀ ਹੈ’ ਇਸ ਇਕ ਮਿਸਰੇ ਉੱਤੇ ਲਿਖੀ ਉਸ ਦੀ ਗ਼ਜ਼ਲ ਜੁਝਾਰੂ ਲੋਕਾਂ ਦਾ ਚਾਨਣ ਮੁਨਾਰਾ ਵੀ ਬਣੀ। ਉਸ ਦਾ ਸਿਦਕ ਵੇਖਣ ਵਾਲਾ ਹੈ:
* ਅਸੀਂ ਤਾਂ ਸਿਰਫਿਰੇ ਹਾਂ ਸਿਰ ਕਫ਼ਨ ਬੰਨ੍ਹ ਕੇ ਤੁਰੇ ਹਾਂ ਜੀ,
ਕਿਵੇਂ ਰੋਕੇਗੀ ਸਾਨੂੰ ਜ਼ੁਲਮ ਦੀ ਤਲਵਾਰ ਵੇਖਾਂਗੇ।
* ਨਾ ਸੀ ਸ਼ੌਕ ਸਾਡਾ, ਨਾ ਸਾਡੀ ਸੀ ਆਦਤ,
ਤੇਰੇ ਜ਼ੁਲਮ ਸਾਨੂੰ ਸਿਖਾਈ ਬਗ਼ਾਵਤ।
ਅਸਾਡਾ ਤਾਂ ਇਕ ਸ਼ੌਕ ਬਸ ਵੰਝਲੀ ਸੀ,
ਇਹ ਬੰਦੂਕ ਤਾਂ ਬੇਬਸੀ ਨੇ ਫੜੀ ਹੈ।
ਸਾਥੀ ਉਨ੍ਹਾਂ ਸ਼ਾਇਰਾਂ ਉੱਤੇ ਵੀ ਵਿਅੰਗ ਕਰਦਾ ਹੈ ਜੋ ਗ਼ਜ਼ਲਾਂ-ਨਜ਼ਮਾਂ ਵਿਚ ਤਾਂ ਦੁੱਲੇ ਭੱਟੀ ਬਣਦੇ ਹਨ ਪਰ ਅਕਬਰੀ ਦਿੱਲੀ ਤੋਂ ਤਮਗਿਆਂ ਲਈ ਵੀ ਲਾਲ਼ਾਂ ਕੇਰਦੇ ਹਨ।
ਭਾਵੇਂ ਮਹਿੰਦਰ ਸਾਥੀ ਦੀ ਗ਼ਜ਼ਲ, ਗ਼ਜ਼ਲ ਤਕਨੀਕ ਦੀ ਪੈਰਵੀ ਕਰਦੀ ਹੈ ਅਤੇ ਛੰਦਾਂ, ਬਹਿਰਾਂ, ਕਾਫ਼ੀਏ ਰਦੀਫ਼ ਤੇ ਹੋਰ ਅੰਗਾਂ ਦਾ ਪਾਸ ਰੱਖਦੀ ਹੈ, ਪਰ ਉਸ ਨੇ ਗ਼ਜ਼ਲ ਦੇ ਰਵਾਇਤੀ ਵਿਸ਼ਿਆਂ ਨੂੰ ਜੁਝਾਰੂ ਰੰਗ ਪ੍ਰਦਾਨ ਵੀ ਕੀਤਾ। ਉਸ ਦੀ ਗ਼ਜ਼ਲ ਵਿਚ ਗ਼ਜ਼ਲੀਅਤ ਹੈ, ਦੇਸ਼ ਪ੍ਰਤੀ ਮੋਹ ਤੇ ਜ਼ੁਲਮ ਪ੍ਰਤੀ ਹਿਕਾਰਤ ਹੈ। ਪੁਸਤਕ ਸਾਂਭਣ ਵਾਲੀ ਹੈ।
ਸੰਪਰਕ: 94174-84337