ਅਮੋਲਕ ਸਿੰਘ
ਉੱਚਾ ਲੰਮਾ, ਛੈਲ ਛਬੀਲਾ, ਕਹਿਣੀ ਤੇ ਕਰਨੀ ਦਾ ਪੂਰਾ ਸੁਖਮਿੰਦਰ ਰਾਮਪੁਰੀ ਜਿਵੇਂ ਥਾਪੀ ਮਾਰ ਕੇ ਖੇਡਾਂ ਦੀ ਦੁਨੀਆ ਵਿਚ ਛਾਇਆ ਉਸ ਤੋਂ ਵੀ ਉਚੇਰੀ ਪਰਵਾਜ਼ ਗੀਤਾਂ ਦੇ ਅੰਬਰ ’ਤੇ ਭਰੀ। ਅੰਦਰੋਂ ਬਾਹਰੋਂ ਨਾਰੀਅਲ ਦੇ ਗੁੱਟ ਵਰਗਾ ਸੀ ਉਹ। ਉਸ ਦੀ ਪੰਜਾਬੀ ਸਾਹਿਤ, ਖ਼ਾਸਕਰ ਲੋਕ-ਪੱਖੀ ਪੰਜਾਬੀ ਗੀਤਕਾਰੀ ਅਤੇ ਗਾਇਨ ਖੇਤਰ ਅੰਦਰ ਵਡਮੁੱਲੀ ਦੇਣ ਹੈ।
ਲੋਕਾਂ ਦਾ ਮਹਬਿੂਬ ਖਿਡਾਰੀ ਸੁਖਮਿੰਦਰ ਰਾਮਪੁਰੀ ਇਕ ਦਿਨ ਨਹਿਰੀ ਰੈਸਟ ਹਾਊਸ ਲਾਗੇ ਬਣੇ ਘਾਹ ਪਾਰਕ ਵਿਚ ਹੋ ਰਹੀ ਕਾਵਿ-ਮਹਿਫ਼ਲ ਵਿਚ ਸੰਗਦਾ ਸੰਗਾਉਂਦਾ ਪਿੱਛੇ ਜਿਹੇ ਜਾ ਬੈਠਾ। ਹਰ ਐਤਵਾਰ ਇੱਥੇ ਕਵੀ ਜੁੜਦੇ ਹੋਣ ਬਾਰੇ ਪਤਾ ਲੱਗਣ ’ਤੇ ਉਹਨੇ ਵੀ ਕੁਝ ਸਤਰਾਂ ਲਿਖੀਆਂ: ਦੇਖੀਂ ਕਿਤੇ ਦਿਲ ਲਾ ਨਾ ਬੈਠੀਂ/ ਆਪਣਾ ਆਪ ਗਵਾ ਨਾ ਬੈਠੀਂ। ਉਸ ਨੇ ਇਹ ਸਤਰਾਂ ਆਪਣੇ ਕਵੀ ਚਾਚਾ ਮਹਿੰਦਰ ਰਾਮਪੁਰੀ ਨੂੰ ਦਿਖਾਈਆਂ ਤਾਂ ਉਨ੍ਹਾਂ ਸਖ਼ਤ ਲਹਿਜੇ ਵਿਚ ਕਿਹਾ, ‘‘ਕਵਿਤਾ ਐਹੋ ਜਿਹੀ ਹੁੰਦੀ ਐ?’’ ਸੁਖਮਿੰਦਰ ਦੇ ਮਨ ਮਸਤਕ ’ਤੇ ਚਾਚੇ ਦੇ ਇਨ੍ਹਾਂ ਬੋਲਾਂ ਨੇ ਗੋਲੀ ਨਾਲੋਂ ਵੀ ਗਹਿਰਾ ਅਸਰ ਕੀਤਾ। ਉਹ ਪੜ੍ਹਨ ਅਤੇ ਅਧਿਐਨ ਕਰਨ ਲੱਗਾ। ਉਸ ਦਾ ਕਹਿਣਾ ਸੀ ਕਿ ਉਸ ਪਿੱਛੋਂ 35-40 ਸਾਲ ਮੈਂ ਰਾਤ ਦੇ ਢਾਈ ਵਜੇ ਤੋਂ ਬਾਅਦ ਕਦੇ ਵੀ ਮੰਜੇ ਨਾਲ ਪਿੱਠ ਨਹੀਂ ਲਾਈ। ਮੈਂ ਤੜਕੇ ਉੱਠ ਕੇ ਪੜ੍ਹਨ, ਲਿਖਣ, ਸੈਰ ਅਤੇ ਕਸਰਤ ਕਰਨ ਲੱਗਾ। ਉਸ ਨੂੰ ਸਵੈ-ਮੰਥਨ ਨੇ ਝੰਜੋੜਿਆ ਕਿ ਖੇਡਾਂ ਦੇ ਅਖਾੜੇ ਵਿਚ ਝੰਡੀ ਗੱਡਦੇ ਰਹਿਣਾ ਸਭ ਕੁਝ ਨਹੀਂ। ਜਿਨ੍ਹਾਂ ਡਾਢਿਆਂ ਨੇ ਸਾਡੇ ਮਿਹਨਤਕਸ਼ ਲੋਕਾਂ ਦੀ ਪਿੱਠ ਲੁਆਈ ਹੋਈ ਹੈ ਉਨ੍ਹਾਂ ਤੋਂ ਲੋਕਾਂ ਨੂੰ ਛੁਡਾਉਣ ਲਈ ਸਾਹਿਤ ਦਾ ਚਾਨਣ ਅਤੇ ਲੋਕਾਂ ਦੀ ਜ਼ਿੰਦਗੀ ਦੇ ਗੀਤ ਲਿਖਣਾ ਗਾਉਣਾ ਹੀ ਅਸਲੀ ਖੇਡ ਦਾ ਮੈਦਾਨ ਹੈ।
ਜੁਲਾਈ 1957 ਦੇ ‘ਪ੍ਰੀਤ ਲੜੀ’ ਵਿਚ ਸੁਖਮਿੰਦਰ ਰਾਮਪੁਰੀ ਦੀ ਪਹਿਲੀ ਰਚਨਾ ‘ਪਿਆਰ ਮੇਰੇ ਦੇ ਲੱਖਾਂ ਦੀਵੇ ਬਲ਼ਦੇ ਜਿਵੇਂ ਸਿਤਾਰੇ’ ਛਪੀ। ਸੁਰਜੀਤ ਰਾਮਪੁਰੀ ਅਤੇ ਮਹਿੰਦਰ ਰਾਮਪੁਰੀ ‘ਪ੍ਰੀਤ ਲੜੀ’ ਵਿਚ ਛਪੀ ਕਵਿਤਾ ਪੜ੍ਹ ਕੇ ਸੁਖਮਿੰਦਰ ਰਾਮਪੁਰੀ ਦੇ ਘਰ ਗਏ। ਘਰੋਂ ਪਤਾ ਲੱਗਣ ’ਤੇ ਪੈੜ ਕੱਢਦਿਆਂ ਸੁਖਮਿੰਦਰ ਨੂੰ ਨਹਿਰ ਦੇ ਪੁਲ ’ਤੇ ਆਣ ਮਿਲੇ। ਉਨ੍ਹਾਂ ਨੇ ਕਵਿਤਾ ਛਪਣ ’ਤੇ ਵਧਾਈ ਦਿੱਤੀ। ਸੁਖਮਿੰਦਰ ਰਾਮਪੁਰੀ ਨੇ ਕਵਿਤਾ ਛਪਣ ਬਾਰੇ ਅਣਜਾਣਤਾ ਪ੍ਰਗਟਾਈ। ਮਹਿੰਦਰ ਰਾਮਪੁਰੀ ਨੇ ਕਿਹਾ ਕਿ ਜੇ ਇਹ ਤੇਰੀ ਨਹੀਂ ਤਾਂ ਫਿਰ ਰਾਮਪੁਰ ਵਿਚ ਹੋਰ ਸੁਖਮਿੰਦਰ ਕਿਹੜਾ ਜੰਮ ਪਿਆ?
ਸੁਖਮਿੰਦਰ ਦੇ ਪਿਤਾ ਸੂਬੇਦਾਰ ਸਨ ਅਤੇ ਮਾਂ ਘਰ ਦੇ ਸਾਰੇ ਕੰਮਾਂ ਦਾ ਬੋਝ ਚੁੱਕਦੀ ਸੀ। ਸੁਖਮਿੰਦਰ ਨੂੰ ਪੜ੍ਹਨੋ ਹਟਾ ਕੇ ਕੰਮ ’ਤੇ ਲੱਗਣ ਦੀ ਮਜਬੂਰੀ ਨੇ ਝੰਬ ਕੇ ਰੱਖ ਦਿੱਤਾ। ਨਾਜ਼ੁਕ, ਕੋਮਲ ਮਨ ਵਾਲਾ ਸੁਖਮਿੰਦਰ ਗਹਿਰੀਆਂ ਸੋਚਾਂ ਵਿਚ ਪੈ ਗਿਆ। ਕਈ ਦਿਨ ਉਹਨੇ ਰੋਟੀ ਵੀ ਨਾ ਖਾਧੀ। ਉਹ ਸੋਚਣ ਲੱਗਾ ਕਿ ਇਹ ਦੁਸ਼ਵਾਰੀਆਂ ਕੌਣ ਦਿੰਦਾ ਹੈ ਜਿਹੜੀਆਂ ਸਾਡੇ ਹੱਥ ਵਿੱਚੋਂ ਕਿਤਾਬ ਅਤੇ ਕਲਮ ਖੋਹ ਲੈਂਦੀਆਂ ਨੇ। ਉਹਨੂੰ ਕਈ ਦੋਸਤਾਂ ਨੇ ਕੁਝ ਦੇਰ ਬਾਅਦ ਹੌਸਲਾ ਦਿੱਤਾ। ਉਹ ਮੁੜ ਪੜ੍ਹਨ ਦੀ ਉੱਦਮ ਕਰਨ ਲੱਗਾ। ਜੇ.ਬੀ.ਟੀ., ਐਮ.ਏ. ਕੀਤੀ। ਉਹ ਅਧਿਆਪਕ ਲੱਗਾ। ਗੱਲ 1964 ਦੀ ਹੈ ਜਦੋਂ ਉਹ ਦਿੜ੍ਹਬੇ ਅਧਿਆਪਕ ਸੀ ਤਾਂ ਗੀਤ ਰਚਿਆ: ਯਾਦ ਯਾਦ ਵਿੱਚ ਤੇਰੇ ਕੋਲ ਚਲੇ ਆਏ ਹਾਂ/ ਅਣਭੋਲ ਚਲੇ ਆਏ ਹਾਂ।
ਗੀਤ ਦੀ ਠੁੱਕਦਾਰ ਸ਼ੈਲੀ ਅਤੇ ਸੁਖਮਿੰਦਰ ਦੀ ਮਾਖਿਓਂ ਮਿੱਠੀ, ਸੁਰੀਲੀ ਅਤੇ ਮਖ਼ਮਲੀ ਆਵਾਜ਼ ਦੇ ਜਾਦੂ ਕਾਰਨ ਸੁਰਜੀਤ ਖੁਰਸ਼ੀਦੀ ਨੇ ਜ਼ੋਰ ਦੇ ਕੇ ਕਹਿਣਾ ਸ਼ੁਰੂ ਕੀਤਾ ਕਿ ਤੂੰ ਭਾਵੇਂ ਬਹੁ-ਵਿਧਾਵਾਂ ਵਿਚ ਲਿਖਣ ਦੇ ਸਮਰੱਥ ਏਂ ਪਰ ਗੀਤਕਾਰੀ ਵਿਚ ਤੇਰਾ ਕੋਈ ਸਾਨੀ ਨਹੀਂ। ਇਸ ਲਈ ਤੇਰੀ ਤਰਜੀਹ ਗੀਤਕਾਰੀ ਹੋਣੀ ਚਾਹੀਦੀ ਹੈ।
ਸੁਖਮਿੰਦਰ ਨੇ ਇਹ ਗੱਲ ਲੜ ਬੰਨ੍ਹ ਲਈ। ਖੁਰਸ਼ੀਦੀ ਦੀ ਭਵਿੱਖਬਾਣੀ ਸੱਚ ਸਾਬਤ ਹੋਈ। ਉਹ ਗੀਤਕਾਰੀ ਅਤੇ ਗਾਇਕੀ ਦਾ ਧਰੂ ਤਾਰਾ ਹੋ ਨਿੱਬੜਿਆ। ਉਹ ਸਿੱਖਿਆ ਸਾਸ਼ਤਰੀ, ਵਾਰਤਕਕਾਰ, ਨਾਵਲਕਾਰ, ਕਵੀ, ਗੀਤਕਾਰ, ਗਾਇਕ, ਯਾਰਾਂ ਦਾ ਯਾਰ, ਸੰਸਥਾ ਦਾ ਕਦਰਦਾਨ ਬਹੁ-ਪੱਖੀ ਸ਼ਖ਼ਸੀਅਤ ਸੀ।
ਰਾਮਪੁਰੀ ਨੇ ‘ਯੁੱਗਾਂ ਯੁੱਗਾਂ ਦੀ ਪੀੜ’, ‘ਅਸੀਮਤ ਸਫ਼ਰ’, ‘ਮਿਹਰਬਾਨ ਹੱਥ’, ‘ਮੈਂ ਨਿਰੀ ਪੱਤਝੜ ਨਹੀਂ’, ‘ਅੱਜ ਤੀਕ’, ‘ਧੀਆਂ’, ‘ਇਹ ਸਫ਼ਰ ਜਾਰੀ ਰਹੇ’, ‘ਸਫ਼ਰ ਸਾਡੀ ਬੰਦਗੀ’ ਅਤੇ ‘ਪੈਰੋਲ ’ਤੇ ਆਈ ਕਵਿਤਾ’ ਆਦਿ ਕਾਵਿ-ਸੰਗ੍ਰਹਿ ਰਚੇ। ਉਸ ਦਾ ਨਾਵਲ ‘ਗੁਲਾਬੀ ਛਾਂ ਵਾਲੀ ਕੁੜੀ’ ਸਾਹਿਤਕ ਹਲਕਿਆਂ ਵਿਚ ਚਰਚਿਤ ਰਿਹਾ। ਸੁਖਮਿੰਦਰ ਨੇ ‘ਕੂੜ ਨਿਖੁੱਟੇ’, ‘ਕਿਰਨਾਂ ਦੇ ਰੰਗ’, ‘ਕਤਰਾ ਕਤਰਾ ਸੋਚ’, ‘ਨਿੱਕੇ ਨਿੱਕੇ ਫੁੱਲ ਅਤੇ ਨਿੱਕੀ ਵਾਸ਼ਨਾ’ ਪੁਸਤਕਾਂ ਦਾ ਸੰਪਾਦਨ ਕੀਤਾ।
ਉਹ ਸਖ਼ਤ ਮਿਹਨਤ ਕਰ ਕੇ ਰਾਮਪੁਰ ਦਾ ਕੁਰਸੀਨਾਮਾ ਲਿਖਦਾ ਆ ਰਿਹਾ ਸੀ। ਇਸ ਦਾ ਨਾਂਅ ਵੀ ਉਸ ਨੇ ‘ਰਾਮਪੁਰ ਦੀ ਡਿਕਸ਼ਨਰੀ’ ਸੋਚ ਰੱਖਿਆ ਸੀ। ਇਹ ਅਜੇ ਤੱਕ ਦੀ ਪ੍ਰਾਪਤ ਜਾਣਕਾਰੀ ਮੁਤਾਬਿਕ ਪੁਸਤਕ ਦੇ ਰੂਪ ਵਿੱਚ ਛਪ ਕੇ ਤਾਂ ਸਾਹਮਣੇ ਨਹੀਂ ਆ ਸਕੀ। ਇਸ ਤਰ੍ਹਾਂ ਹੀ ਆਪਣਾ ਜੀਵਨ ਸਫ਼ਰ ਲਿਖਣ ਦਾ ਕਾਰਜ ਵੀ ਅਧਵਾਟੇ ਰਹਿ ਗਿਆ।
ਸਦਾ ਚੜ੍ਹਦੀ ਕਲਾ ਵਿਚ ਰਹਿਣ ਵਾਲਾ, ਹਰ ਮੁਸੀਬਤ ਦਾ ਟਾਕਰਾ ਖਿੜੇ ਮੱਥੇ ਕਰਨ ਵਾਲਾ ਸੁਖਮਿੰਦਰ ਮਜਬੂਰੀਵੱਸ ਪਰਵਾਸ ਦੀਆਂ ਕੌੜੀਆਂ ਘੁੱਟਾਂ ਭਰਦਾ ਰਿਹਾ।
ਸ਼ਹੀਦ ਕਰਤਾਰ ਸਿੰਘ ਸਰਾਭਾ ਸ਼ਹਾਦਤ ਸ਼ਤਾਬਦੀ ਮੌਕੇ 2015 ਵਿਚ ਮੈਂ ਤਰਕਸ਼ੀਲ ਸੁਸਾਇਟੀ ਨਾਰਦਰਨ ਅਮਰੀਕਾ ਦੇ ਸੱਦੇ ’ਤੇ ਮੁੱਖ ਬੁਲਾਰੇ ਵਜੋਂ ਗਿਆ ਹੋਇਆ ਸੀ। ਉਸ ਮੌਕੇ ਇਕ ਕਮਿਊਨਿਟੀ ਸੈਂਟਰ ਵਿਚ ਸੁਖਮਿੰਦਰ ਰਾਮਪੁਰੀ ਅਤੇ ਸਾਥੀਆਂ ਨੇ ਪ੍ਰਬੰਧ ਕੀਤਾ। ਇਸ ਮੌਕੇ ਕੁਝ ਬਜ਼ੁਰਗ ਤਾਸ਼ ਖੇਡਣ ਵਿਚ ਮਗਨ ਰਹੇ ਤਾਂ ਪ੍ਰੋਗਰਾਮ ਸ਼ੁਰੂ ਕਰਨ ਵੇਲੇ ਸੁਖਮਿੰਦਰ ਰਾਮਪੁਰੀ ਨੇ ਮੰਚ ਤੋਂ ਕਿਹਾ ਕਿ ਇਹ ਪ੍ਰਬੰਧ ਆਪਾਂ ਨੂੰ ਤਾਸ਼ ਦੇ ਪੱਤਿਆਂ ਦੀ ਦੁੱਕੀ ਤਿੱਕੀ ਸਮਝਦਾ ਹੈ। ਸਦੀਆਂ ਤੋਂ ਗੋਲੇ, ਬੇਗ਼ਮ ਅਤੇ ਬਾਦਸ਼ਾਹ ਆਪਣੀ ਜ਼ਿੰਦਗੀ ਨਾਲ ਖੇਡਦਿਆਂ ਬਾਜ਼ੀ ਜਿੱਤਦੇ ਆ ਰਹੇ ਨੇ, ਅਜੇ ਵੀ ਵੇਲਾ ਏ ਕਿ ਅਸੀਂ ਆਪਣੇ ਫ਼ਰਜ਼ ਪਛਾਣਨ ਦੇ ਰਾਹ ਤੁਰੀਏ।
ਉਹ ਕੈਂਸਰ ਦੀ ਬਿਮਾਰੀ ਨਾਲ ਵਰ੍ਹਿਆਂਬੱਧੀ ਲੜਿਆ। ਕੀਮੋਥਰੈਪੀ ਉਹਦਾ ਸਾਹ-ਸਤ ਪੀਣ ਲੱਗੀ। ਉਹਨੇ ਕਸਰਤ, ਇਲਾਜ, ਪਰਹੇਜ਼, ਸਿਦਕ ਅਤੇ ਸਿਰੜ ਦੇ ਸਹਾਰੇ ਇਕ ਵਾਰ ਕੈਂਸਰ ਨੂੰ ਮਾਤ ਦਿੱਤੀ। ਮੁੜ ਫਿਰ ਗ੍ਰਿਫ਼ਤ ਵਿਚ ਆ ਗਿਆ।
ਕੈਂਸਰ ਦੀ ਪੀੜਾ ਦੇ ਬਾਵਜੂਦ ਉਹ ਸਾਲ ਦੇ ਅੰਦਰ ਅੰਦਰ ਜਦੋਂ ਵੀ ਕੈਨੇਡਾ ਤੋਂ ਰਾਮਪੁਰ ਆਉਂਦੇ ਤਾਂ ਪੰਜਾਬੀ ਲਿਖਾਰੀ ਸਭਾ, ਰਾਮਪੁਰ ਦੇ ਸਾਹਿਤਕਾਰ ਕਾਮਿਆਂ ਨੂੰ ਹੌਸਲਾ ਦਿੰਦਾ। ਲਾਇਬਰੇਰੀ ਹਾਲ ਬਣਾਉਣ, ਸਾਲਾਨਾ ਸਮਾਗਮ ਕਰਨ ਵਿਚ ਵਿੱਤੀ ਅਤੇ ਇਖ਼ਲਾਕੀ ਮਦਦ ਕਰਦਾ। ਬੀਤੇ ਵਰ੍ਹੇ ਪੰਜਾਬੀ ਲਿਖਾਰੀ ਸਭਾ ਵੱਲੋਂ ਜਦੋਂ ਮੈਨੂੰ ਸਮਾਗਮ ਵਿਚ ਬੁਲਾਇਆ ਤਾਂ ਰਾਮਪੁਰੀ ਦੇ ਖ਼ੂਬਸੂਰਤ ਅਲਫ਼ਾਜ਼ ਮੇਰੇ ਅੰਗ-ਸੰਗ ਰਹਿੰਦਿਆਂ ਸਦਾ ਸਫ਼ਰ ’ਤੇ ਰਹਿਣ ਦੀ ਪ੍ਰੇਰਨਾ ਦਿੰਦੇ ਰਹਿਣਗੇ। ਉਸ ਦਾ ਸਦਾ ਬਹਾਰ ਨਗ਼ਮਾ ਇਉਂ ਹੈ ਜੋ ਉਸ ਦੀ ਹੀ ਆਵਾਜ਼ ਵਿਚ ਬੇਹੱਦ ਮਕਬੂਲ ਹੋਇਆ: ਇਹਨਾਂ ਜ਼ਖ਼ਮਾਂ ਦਾ ਕੀ ਕਹਿਣਾ/ ਜਿਹਨਾ ਰੋਜ਼ ਹਰੇ ਰਹਿਣਾ/ ਨਾਂਅ ਆਪਣਾ ਨਹੀਂ ਸੁਣਿਆ/ ਬੱਸ ਜਾਤ ਦਾ ਨਾਂਅ ਸੁਣਿਆ/ ਸਾਡੇ ਜਨਮ ਤੋਂ ਪਹਿਲਾਂ ਹੀ/ ਸਾਡੇ ਮੱਥਿਆਂ ’ਤੇ ਇਹ ਖੁਣਿਆ/ ਇਹ ਸੌਖਾ ਨਹੀਂ ਲਹਿਣਾ/ ਇਨ੍ਹਾਂ ਜ਼ਖ਼ਮਾਂ ਦਾ ਕੀ ਕਹਿਣਾ/ ਜਿਨ੍ਹਾਂ ਰੋਜ਼ ਹਰੇ ਰਹਿਣਾ। ਕਿਸ ਜਿਉਣ ਦੀ ਗੱਲ ਕਰੀਏ/ ਇਸ ਜਿਉਣ ’ਚ ਨਿੱਤ ਮਰੀਏ/ ਕਿਉਂ ਤੇਰੀ ਜਿੰਦ ਗਹਿਣੇ/ ਕਿਉਂ ਆਪਣੀ ਜਿੰਦ ਧਰੀਏ/ ਕਦ ਤੱਕ ਹੈ ਇਉਂ ਪਿੰਜ ਹੋਣਾ/ ਕਦ ਤੱਕ ਹੈ ਇਹ ਸਭ ਸਹਿਣਾ/ ਇਨ੍ਹਾਂ ਜ਼ਖ਼ਮਾਂ ਦਾ ਕੀ ਕਹਿਣਾ/ ਜਿਨ੍ਹਾਂ ਰੋਜ਼ ਹਰੇ ਰਹਿਣਾ। ਕਿਸ ਰੀਤ ਦੀ ਗੱਲ ਕਰੀਏ/ ਕਿਸ ਚੀਸ ਦੀ ਗੱਲ ਕਰੀਏ/ ਹਉਕੇ ਤੋਂ ਜੋ ਹੂਕ ਬਣੇ/ ਕਿਸ ਗੀਤ ਦੀ ਗੱਲ ਕਰੀਏ/ ਇੱਕ ਸੂਲ ਤੋਂ ਉਡਣਾ ਹੈ/ ਇੱਕ ਸੂਲ ’ਤੇ ਜਾ ਬਹਿਣਾ/ ਇਨ੍ਹਾਂ ਜ਼ਖ਼ਮਾਂ ਦਾ ਕੀ ਕਹਿਣਾ/ ਜਿਨ੍ਹਾਂ ਰੋਜ਼ ਹਰੇ ਰਹਿਣਾ। ਸਦੀਆਂ ਤੋਂ ਉਦਾਸ ਖੜ੍ਹੇ/ ਦਿਨ ਰੋਜ਼ ਉਦਾਸ ਚੜ੍ਹੇ/ ਧੁੱਪ ਸਾਡੇ ਵਿਹੜੇ ’ਤੇ/ ਭੁੱਲ ਚੁੱਕ ਕੇ ਆਣ ਵੜੇ/ ਅਸੀਂ ਕਿਰਨਾਂ ਨੂੰ ਫੜ ਫੜ ਕੇ/ ਸੂਰਜ ’ਤੇ ਹੈ ਜਾ ਬਹਿਣਾ/ ਇਨ੍ਹਾਂ ਜ਼ਖ਼ਮਾਂ ਦਾ ਕੀ ਕਹਿਣਾ/ ਜਿਨ੍ਹਾਂ ਰੋਜ਼ ਹਰੇ ਰਹਿਣਾ।
ਸੰਪਰਕ: 98778-68710