ਓਮਕਾਰ ਸੂਦ ਬਹੋਨਾ
ਇੱਕ ਮੁੱਠ ਪਿਆਰਾਂ ਦੀ, ਵੰਡਦੇ ਜਾਣਾ ਹੋ!
ਬਈ ਇੱਕ ਮੁੱਠ ਪਿਆਰਾਂ ਦੀ…!
ਤੂੰ ਨਹੀਂ ਕਹਿਣਾ – ਮੈਂ ਨਹੀਂ ਕਹਿਣਾ।
ਅਸੀਂ-ਅਸੀਂ ਦਾ ਹੋਕਾ ਦੇਣਾ।
ਇੱਕ ਮੁੱਠ ਜਾਣਾ ਹੋ!
ਬਈ ਇੱਕ ਮੁੱਠ ਪਿਆਰਾਂ ਦੀ…!
ਇੱਥੇ ਖੜ੍ਹਨਾ-ਉੱਥੇ ਖੜ੍ਹਨਾ।
ਗਲੀ-ਗਲੀ ਵਿੱਚ ਜਾ ਕੇ ਵੜਨਾ।
ਸਭ ਨੂੰ ਲੈਣਾ ਮੋਹ!
ਬਈ ਇੱਕ ਮੁੱਠ ਪਿਆਰਾਂ ਦੀ…!
ਪਗੜੀ ਵਾਲੇ ਟੋਪੀ ਵਾਲੇ।
ਪਟਿਆਂ ਵਾਲੇ ਚੋਟੀ ਵਾਲੇ।
ਮਿੱਤਰ ਜਾਣਾ ਹੋ!
ਬਈ ਇੱਕ ਮੁੱਠ ਪਿਆਰਾਂ ਦੀ…!
ਮਿਲਕੇ ਰਹਿਣਾ ਮਿਲਕੇ ਖਾਣਾ।
ਕਦਮਾਂ ਦੇ ਨਾਲ ਕਦਮ ਮਿਲਾਣਾ।
ਰਲ-ਮਿਲ ਜਾਣਾ ਖਲੋਅ!
ਬਈ ਇੱਕ ਮੁੱਠ ਪਿਆਰਾਂ ਦੀ…!
ਫੁੱਲਾਂ ਵਾਂਗੂੰ ਖਿੜ ਕੇ ਸਾਰੇ।
ਕਰ ਦੇਵਾਂਗੇ ਵਾਰੇ-ਨਿਆਰੇ।
ਵੰਡ ਪਿਆਰ ਦੀ ਲੋਅ!
ਬਈ ਇੱਕ ਮੁੱਠ ਪਿਆਰਾਂ ਦੀ…!
ਬਾਹਾਂ ਦੇ ਵਿੱਚ ਬਾਹਾਂ ਪਾ ਕੇ।
ਸਾਰੇ ਜਾਤੀ ਭੇਦ ਮਿਟਾ ਕੇ।
ਜੁੱਗ ਪਲਟਾਣਾ ਹੋ!
ਬਈ ਇੱਕ ਮੁੱਠ ਪਿਆਰਾਂ ਦੀ…!
ਸੰਪਰਕ: 96540-36080
* * *
ਜਾਅਲੀ
ਜਸਪ੍ਰੀਤ ਸਿੰਘ ‘ਜੱਸ’
ਜਾਅਲੀ ਰੋਣਾ, ਜਾਅਲੀ ਹਾਸਾ
ਦਿਲ ਵੀ ਹੋਇਆ ਜਾਅਲੀ
ਜਾਅਲੀ ਹੋ ਗਈ ਚਮੜੀ ਮੇਰੀ
ਜਾਅਲੀ ਖ਼ੂਨ ਦੀ ਲਾਲੀ
ਕਸ਼ਟ ਫੁੱਲਾਂ ਨੂੰ ਦੇਣ ਵਾਲਾ
ਮੈਂ ਕੰਢਿਆਂ ਦਾ ਮਾਲੀ
ਮੇਰੇ ਆਪਣੇ ਦਿਸਣੋਂ ਹਟ ਗਏ ਮੈਨੂੰ
ਜਦ ਪਈ ਹਉਮੈ ਦੀ ਜਾਲੀ
ਹਉਮੈ ’ਚ ਮੈਨੂੰ ਰਾਸ ਨਾ ਆਈ
ਭਰ ਰੱਬ ਨੇ ਦਿੱਤੀ ਥਾਲੀ
ਤੇਰਾ ਤੇਰਾ ਕਰ ਭਰਿਆ ਸੀ ਮੈਂ
ਮੈਂ ਮੈਂ ਕਰਕੇ ਖਾਲੀ
ਅਸਲ ਉਜਾੜੀ ਕਈਆਂ ਦੀ ਮੈਂ
ਪਾਉਣ ਲਈ ਆਪਣੀ ਖਿਆਲੀ
ਝੂਠ ਦੇ ਪਿੰਡੇ ਉੱਤੇ ਮੈਂ
ਸੱਚ ਦੀ ਚਾਦਰ ਪਾ ਲਈ
ਰੱਬ ਨੇ ਸੀ ਮੈਨੂੰ ਮਿਹਨਤ ਬਖ਼ਸ਼ੀ
ਮੈਂ ਫਰੇਬ ਦੀ ਜ਼ਿੰਦਗੀ ਢਾਲ਼ੀ
‘ਜੱਸਿਆ’ ਕੀ ਜਵਾਬ ਦੇਵੇਂਗਾ
ਜਦ ਸਾਹਮਣੇ ਹੋਊ ਉਹ ਬਾਲੀ
ਸੰਪਰਕ: 62844-21596
* * *
ਸਮੇਂ ਦਾ ਚੱਕਰ ਹੈ
ਸਰੂਪ ਚੰਦ ਹਰੀਗੜ੍ਹ
ਮਤਲਬੀ ਹੋ ਗਿਆ ਪਿਆਰ, ਸਮੇਂ ਦਾ ਚੱਕਰ ਹੈ,
ਅੱਜ ਨਕਲੀ ਬਣਦੇ ਯਾਰ, ਸਮੇਂ ਦੇ ਚੱਕਰ ਹੈ।
ਧੀ ਤੋਂ ਨੂੰਹ ਜੋ ਮਾਂ ਦਾ ਰੁਤਬਾ ਪਾਉਂਦੀ ਹੈ,
ਝੱਲਦੀ ਅਤਿਆਚਾਰ, ਸਮੇਂ ਦਾ ਚੱਕਰ ਹੈ।
ਧਰਮ ਦੇ ਨਾਂ ’ਤੇ ਭੋਲੀ ਜਨਤਾ ਲੁੱਟਦੇ ਨੇ,
ਧਰਮ ਦੇ ਠੇਕੇਦਾਰ, ਸਮੇਂ ਦਾ ਚੱਕਰ ਹੈ।
ਧਰਤੀ ਦੀ ਹਿੱਕ ਅੱਗਾਂ ਲਾ ਸਾੜ ਕੇ ਦਿੱਤੀ,
ਜ਼ਹਿਰਾਂ ਰਹੇ ਖਿਲਾਰ, ਸਮੇਂ ਦਾ ਚੱਕਰ ਹੈ।
ਪਾਣੀ ਡੂੰਘੇ ਹੋਏ ਤਪਸ਼ ਵੀ ਵਧ ਗਈ,
ਰੁੱਖ ਵੱਢ’ਤੇ ਕਈ ਹਜ਼ਾਰ, ਸਮੇਂ ਦਾ ਚੱਕਰ ਹੈ।
ਅੰਟੀ ਅੰਕਲ ਇੱਕ ਸ਼ਬਦ ਹੈ ਸਾਰਿਆਂ ਲਈ,
ਨਾ ਰਿਸ਼ਤਿਆਂ ਦੀ ਸਾਰ, ਸਮੇਂ ਦਾ ਚੱਕਰ ਹੈ।
ਬੰਦਾ ਵੱਢਣਾ ਸਮਝ ਲਿਆ ਗਾਜਰ ਮੂਲੀ ਐ,
ਗੁੰਡਾਗਰਦੀ ਦੀ ਭਰਮਾਰ, ਸਮੇਂ ਦਾ ਚੱਕਰ ਹੈ।
ਵਿੱਚ ਦਫ਼ਤਰਾਂ ਕੰਮ ਦੇ ਸੌਦੇ ਹੁੰਦੇ ਨੇ,
ਵਧ ਗਿਆ ਭ੍ਰਿਸ਼ਟਾਚਾਰ, ਸਮੇਂ ਦਾ ਚੱਕਰ ਹੈ।
ਨਾ ਬਾਬਿਆਂ ਦੀਆਂ ਬਾਤਾਂ ਬੋਹੜ ਨਾ ਤੀਆਂ ਨੇ,
ਭੁੱਲ ਗਏ ਸੱਭਿਆਚਾਰ, ਸਮੇਂ ਦਾ ਚੱਕਰ ਹੈ।
ਮੋੜ ਮੋੜ ’ਤੇ ਦੇਖੋ ਹੁਣ ਨਸ਼ਿਆਂ ਦੇ ਅੱਡੇ ਨੇ,
ਲਏ ਗੱਭਰੂ ਪੁੱਤ ਡਕਾਰ, ਸਮੇਂ ਦਾ ਚੱਕਰ ਹੈ।
ਦੋਸ਼ ਕਾਸਤੋਂ ਦੇਈਏ ਚੰਦਰੀ ਕੁੱਤੀ ਨੂੰ,
ਸੌਂ ਗਏ ਪਹਿਰੇਦਾਰ, ਸਮੇਂ ਦਾ ਚੱਕਰ ਹੈ।
ਮਾਂ ਬੋਲੀ ਨੂੰ ਭੰਡਿਆ ਲੱਚਰ ਗਾਇਕਾਂ ਨੇ,
ਚੁੰਨੀ ਕਰੀ ਲੰਗਾਰ, ਸਮੇਂ ਦਾ ਚੱਕਰ ਹੈ।
ਮਾਪਿਆ ਨਾਲੋਂ ਵੱਧ ਕੁੱਤਿਆਂ ਦੀ ਸੇਵਾ ਹੈ,
ਦਿੱਤੇ ਫ਼ਰਜ਼ ਵਿਸਾਰ, ਸਮੇਂ ਦਾ ਚੱਕਰ ਹੈ।
ਪੜ੍ਹ ਵਿੱਦਿਆ ਨੂੰ ਮਾਸਟਰ ਡਾਕਟਰ ਬਣਦੇ ਨੇ,
ਬਣਾ ਲਈ ਅੱਜ ਵਪਾਰ, ਸਮੇਂ ਦਾ ਚੱਕਰ ਹੈ।
ਸੱਚ ਬੋਲਣਾ ਸਰੂਪ ਚੰਦਾ ਹੁਣ ਮਹਿੰਗਾ ਹੈ,
ਨਿਓਂ ਕੇ ਵਕਤ ਗੁਜ਼ਾਰ, ਸਮੇਂ ਦਾ ਚੱਕਰ ਹੈ।
ਸੰਪਰਕ: 99143-85202
* * *
ਜੋਕਰ…
ਮਨਜੀਤ ਕੌਰ ਧੀਮਾਨ
ਜੋਕਰ ਜਿਹਾ ਬਣ ਜਾਵਾਂ ਮੈਂ,
ਸਭ ਨੂੰ ਖ਼ੂਬ ਹਸਾਵਾਂ ਮੈਂ।
ਗ਼ਮਾਂ ਵਾਲ਼ੇ ਢੋਅ ਕੇ ਬੂਹੇ,
ਸਾਰੇ ਦੁੱਖ ਭੁਲਾਵਾਂ ਮੈਂ।
ਜੋਕਰ ਜਿਹਾ…
ਇੱਕ-ਇੱਕ ਕਰ ਕੇ ਸਾਰੇ ਹਰ ਲਾਂ,
ਦੁੱਖੜੇ ਸਭ ਦੇ ’ਕੱਠੇ ਕਰ ਲਾਂ।
ਵੱਡੀ ਸਾਰੀ ਲੈ ਕੇ ਫੇਰ,
ਬੋਰੀ ਦੇ ਵਿੱਚ ਸਾਰੇ ਭਰ ਲਾਂ।
ਬੰਦ ਕਰਕੇ ਮੂੰਹ ਓਸਦਾ ਫੇਰ,
ਦੂਰ ਕਿਤੇ ਜਾ ਦਫ਼ਨਾਵਾਂ ਮੈਂ।
ਜੋਕਰ ਜਿਹਾ…
ਦੁਨੀਆਂ ਕਿੰਨੀ ਸੋਹਣੀ ਲੱਗੇ,
ਜੇ ਹਰ ਕੋਈ ਏਥੇ ਹੱਸੇ-ਨੱਚੇ।
ਮਹਿੰਦੀ ਬਣ ਕੇ ਪਿਆਰਾਂ ਵਾਲ਼ੀ,
ਇੱਕ-ਦੂਜੇ ਦੇ ਹੱਥੀਂ ਰੱਚੇ।
ਵੇਖ-ਵੇਖ ਰੂਹ ਖ਼ੁਸ਼ ਹੋਵੇ,
ਭੰਗੜੇ, ਲੁੱਡੀਆਂ ਪਾਵਾਂ ਮੈਂ।
ਜੋਕਰ ਜਿਹਾ…
ਜੋਕਰ ਦੇ ਇੱਕ ਚਿਹਰੇ ਪਿੱਛੇ,
ਲੁਕੇ ਸਾਰੇ ਅਰਮਾਨ ਨੇ ਮਿੱਧੇ।
ਇਹ ਕਰਮਾਂ ਦਾ ਗੇੜ ਅਨੋਖਾ,
ਖਿੱਚੜੀ ਬਣਦੀ ਖੀਰ ਜੇ ਰਿਧੇ।
ਦੂਜਿਆਂ ਨੂੰ ਹਸਾਵਣ ਖ਼ਾਤਰ,
ਫੇਰ ਵੀ ਹੱਸੀ ਜਾਵਾਂ ਮੈਂ।
ਜੋਕਰ ਜਿਹਾ ਬਣ ਜਾਵਾਂ ਮੈਂ,
ਸਭ ਨੂੰ ਖ਼ੂਬ ਹਸਾਵਾਂ ਮੈਂ।
ਸੰਪਰਕ: 94646-33059
* * *
ਭਾਨੀਮਾਰ ਹੁੰਦਾ…
ਜਸਪਾਲ ਜਨਾਲ
ਭਾਨੀਮਾਰ ਹੁੰਦਾ ਹਰ ਪਿੰਡ ਵਿੱਚ ਬਈ ਉਹਤੋਂ ਰਹੋ ਬਚ ਕੇ
ਪਚਦੀ ਨੀ ਗੱਲ ਜਿਹਦੇ ਢਿੱਡ ਵਿੱਚ ਬਈ ਉਹਤੋਂ ਰਹੋ ਬਚ ਕੇ
ਝੂਠੀ ਗੱਲ ਇਹੋ ਜਹੇ ਤਰੀਕੇ ਨਾਲ ਕਰਦਾ ਬਿਆਨ ਮਿੱਤਰੋ
ਹੋਣ ਨਹੀਓਂ ਦਿੰਦਾ ਸ਼ੱਕ ਕਿਸੇ ਨੂੰ ਬੜਾ ਹੀ ਸ਼ੈਤਾਨ ਮਿੱਤਰੋ
ਆਪ ਬਣਦਾ ਏ ਸੱਚਾ ਝੂਠਾ ਦੂਜਿਆਂ ਨੂੰ ਦੱਸਦਾ
ਹੁੰਦਾ ਨਹੀਂਓ ਰਾਜ਼ੀ ਘਰ ਕਿਸੇ ਦਾ ਜੇ ਵੱਸਦਾ
ਖ਼ੁਦ ਨੂੰ ਖ਼ੁਦਾ ਉਹ ਦੱਸ ਕਰਦਾ ਰਹਿੰਦਾ ਏ ਫਰਮਾਨ ਮਿੱਤਰੋ
ਝੂਠੀ ਗੱਲ ਇਹੋ ਜਹੇ ਤਰੀਕੇ ਨਾਲ ਕਰਦਾ ਬਿਆਨ ਮਿੱਤਰੋ
ਹੋਣ ਨਹੀਓਂ ਦਿੰਦਾ ਸ਼ੱਕ ਕਿਸੇ ਨੂੰ ਬੜਾ ਹੀ ਸ਼ੈਤਾਨ ਮਿੱਤਰੋ
ਪੁੱਤ ਕਰਦਾ ਨਹੀਂ ਕੰਮ ਬਾਪ ਮਹਿਫ਼ਲਾਂ ਸਜਾਉਂਦਾ ਏ
ਹੈਗੀ ਐ ਜ਼ਮੀਨ ਘੱਟ ਹਿੱਕ ਠੋਕ ਸਮਝਾਉਂਦਾ ਏ
ਕੱਚਿਆਂ ਕੰਨਾਂ ਦੇ ਵਿੱਚ ਕੱਚੀਆਂ ਗੱਲਾਂ ਜਦੋਂ ਪੈ ਜਾਣ ਮਿੱਤਰੋ
ਝੂਠੀ ਗੱਲ ਇਹੋ ਜਹੇ ਤਰੀਕੇ ਨਾਲ ਕਰਦਾ ਬਿਆਨ ਮਿੱਤਰੋ
ਹੋਣ ਨਹੀਓਂ ਦਿੰਦਾ ਸ਼ੱਕ ਕਿਸੇ ਨੂੰ ਬੜਾ ਹੀ ਸ਼ੈਤਾਨ ਮਿੱਤਰੋ
‘ਜਨਾਲ’ ਵਾਲਾ ‘ਜਸਪਾਲ’ ਕਰੇ ਅਰਦਾਸ ਰੱਬ ਨੂੰ
ਰੱਬਾ ਇਹੋ ਜਿਹੇ ਬੰਦਿਆਂ ਤੋਂ ਤੂੰ ਹੀ ਬਚਾਈ ਸਭ ਨੂੰ
ਇਹੋ ਘਟੀਆ ਲੋਕਾਂ ਨੂੰ ਵੀ ਸਬਕ ਸਿਖਾਏ ਜਾਣ ਮਿੱਤਰੋ।
ਝੂਠੀ ਗੱਲ ਇਹੋ ਜਹੇ ਤਰੀਕੇ ਨਾਲ ਕਰਦਾ ਬਿਆਨ ਮਿੱਤਰੋ
ਹੋਣ ਨਹੀਓਂ ਦਿੰਦਾ ਸ਼ੱਕ ਕਿਸੇ ਨੂੰ ਬੜਾ ਹੀ ਸ਼ੈਤਾਨ ਮਿੱਤਰੋ
ਸੰਪਰਕ: 86994-06500
* * *
ਬੇਬਸੀ
ਰਾਜੇਸ਼ ਰਿਖੀ ਪੰਜਗਰਾਈਆਂ
ਮੌਤ ਨਾਲੋਂ ਘੱਟ ਨਹੀਂ ਹੁੰਦੀ ਬੇਬਸੀ,
ਬਾਹਰ ਕੱਢੀ ਨੀ ਜਾਂਦੀ ਤੇ ਸੀਨੇ ਅੰਦਰ ਰੱਖ ਨਹੀਂ ਹੁੰਦੀ ਬੇਬਸੀ।
ਇੱਕ ਪਲ ’ਚ ਜ਼ਿੰਦਗੀ ਦਾ ਖ਼ਤਮ ਹੋ ਜਾਣਾ ਹੈ ਮੌਤ,
ਤੁਪਕਾ ਤੁਪਕਾ ਰਿਸ ਰਿਸ ਕੇ ਮੁੱਕਣਾ ਹੈ ਬੇਬਸੀ।
ਡਿਗਰੀਆਂ ਦਾ ਭਾਰ ਚੁੱਕ ਕੇ ਨੌਕਰੀ ਉਡੀਕਦੇ
ਉਮਰ ਲੰਘ ਜਾਣਾ,
ਵੱਡੇ ਘਰਾਂ ਵਾਲਿਆਂ ਵੱਲੋਂ ਇੱਜ਼ਤ ਨੂੰ ਤਾਰ ਤਾਰ ਕਰਨ ’ਤੇ ਵੀ
ਸਿਰੀ ਬਾਪੂ ਸਿਰ ਚੜ੍ਹੇ ਕਰਜ਼ੇ ਨੂੰ ਦੇਖ ਸੰਗ ਜਾਣਾ ਹੈ ਬੇਬਸੀ।
ਆਪਣੇ ਹੱਕ ਲੈਣ ਲਈ ਦਫ਼ਤਰਾਂ ਦੇ ਗੇੜੇ ਮਾਰ ਮਾਰ ਥੱਕਣਾ,
ਨਾ ਚਾਹੁੰਦਿਆਂ ਵੀ ਬਾਬੂ ਦੀ ਜੇਬ ਵਿੱਚ ਕੁਝ ਰੱਖਣਾ ਹੈ ਬੇਬਸੀ।
ਜਹਾਜ਼ ਦੀ ਟਾਕੀ ਨੂੰ ਹੱਥ ਪਾਉਣ ਲਈ
ਭੈਣ ਨਾਲ ਭਾਈ ਵਿਆਹੁਣਾ,
ਮਾਂ ਵਰਗੀ ਜ਼ਮੀਨ ਵੇਚ ਕੇ ਜਿਗਰ ਦੇ ਟੋਟੇ ਨੂੰ ਵਿਦੇਸ਼
ਪਹੁੰਚਾਉਣਾ ਹੈ ਬੇਬਸੀ।
ਚਿੱਟੇ ਨਾਲ ਕਾਲਾ ਹੋ ਜਵਾਨ ਪੁੱਤ ਦਾ ਘਰ ਮੁੜਨਾ,
ਕੱਲ੍ਹ ਦਾ ਕੀ, ਪੀਪੇ ਵਿੱਚੋਂ ਅੱਜ ਦਾ ਵੀ ਆਟਾ ਥੁੜਨਾ,
ਭੁੱਖੇ ਢਿੱਡ ਸਾਈਕਲ ਚੁੱਕ, ਗਹਿਣੇ ਪਈ ਜ਼ਮੀਨ ਵੱਲ ਨੂੰ ਤੁਰਨਾ ਹੈ ਬੇਬਸੀ।
ਮੰਜ਼ਿਲ ਮਿਲੇ ਬਿਨਾਂ ਰਾਹਵਾਂ ਦਾ ਮੁੱਕ ਜਾਣਾ,
ਜਿਉਣਾ ਪਵੇ ਪਰ ਚਾਵਾਂ ਦਾ ਮੁੱਕ ਜਾਣਾ,
ਹੱਥੀਂ ਪਾਲੇ ਵੱਡੇ ਕੀਤੇ ਬੂਟੇ ਤੋਂ ਆਪਣੇ ਲਈ ਛਾਵਾਂ ਦਾ ਮੁੱਕ ਜਾਣਾ ਹੈ ਬੇਬਸੀ।
ਬਾਹਰ ਕੱਢੀ ਨੀ ਜਾਂਦੀ ਤੇ ਸੀਨੇ ਅੰਦਰ ਰੱਖ ਨਹੀਂ ਹੁੰਦੀ ਬੇਬਸੀ,
ਮੌਤ ਨਾਲੋਂ ਘੱਟ ਨਹੀਂ ਹੁੰਦੀ ਬੇਬਸੀ, ਮੌਤ ਨਾਲੋਂ ਘੱਟ ਨਹੀਂ ਹੁੰਦੀ ਬੇਬਸੀ।
ਸੰਪਰਕ: 94644-42300