ਡਾ. ਮੇਘਾ ਸਿੰਘ
ਹਿੰਦੀ ਸਾਹਿਤਕਾਰ ਡਾ. ਅਜੈ ਸ਼ਰਮਾ ਦਾ ਨਾਵਲ ‘ਬਸਰੇ ਦੀਆਂ ਗਲੀਆਂ’ ਸਾਮਰਾਜੀ ਮੁਲਕਾਂ ਦੇ ਦਾਬੇ ਅਤੇ ਧੌਂਸ ਦੇ ਸ਼ਿਕਾਰ ਗ਼ਰੀਬ ਦੇਸ਼ਾਂ ਦੇ ਲੋਕਾਂ ਦੀ ਹਾਲਤ ਦਾ ਬਹੁਪੱਖੀ ਬਿਰਤਾਂਤ ਹੈ। ਲੇਖਕ ਨੇ ਇਸ ਨਾਵਲ ਦੇ ਮੁੱਖ ਪਾਤਰ ਭਾਰਤੀ ਮੂਲ ਦੇ ਇੱਕ ਮੱਧਵਰਗੀ ਹਿੰਦੂ ਨੌਜਵਾਨ ਆਕਾਸ਼ ਵੱਲੋਂ ਘਰ-ਪਰਿਵਾਰ ਦੀ ਆਰਥਿਕ ਮੰਦਹਾਲੀ ਅਤੇ ਬੇਰੁਜ਼ਗਾਰੀ ਕਾਰਨ ਸਾਮਰਾਜੀ ਜੰਗ ਦੇ ਕਹਿਰ ਦੇ ਸ਼ਿਕਾਰ ਮੁਲਕ ਇਰਾਕ ਵਿੱਚ ਜਾ ਕੇ ਨੌਕਰੀ ਕਰਨ ਦੇ ਬਿਰਤਾਂਤ ਸਹਾਰੇ ਕਈ ਕੌਮੀ ਅਤੇ ਕੌਮਾਂਤਰੀ ਵਿਸ਼ਿਆਂ ਨੂੰ ਆਪਣੇ ਨਾਵਲ ਦੇ ਕਲਾਵੇ ਵਿਚ ਲਿਆ ਹੈ।
ਨਾਵਲ ਦਾ ਮੁੱਖ ਵਿਸ਼ਾ ਵਸਤੂ ਅਮਰੀਕਾ ਦੀ ਦਖ਼ਲਅੰਦਾਜ਼ੀ ਕਾਰਨ ਇਰਾਕ ਦੀ ਹੋਈ ਭਿਆਨਕ ਬਰਬਾਦੀ ਨੂੰ ਚਿਤਰਨਾ ਹੈ। ਲੇਖਕ ਨੇ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਸਾਮਰਾਜੀ ਹਿਤਾਂ ਦੀ ਪੂਰਤੀ ਲਈ ਲੜੀ ਗਈ ਇਸ ਜੰਗ ਵਿੱਚ ਦੋਵਾਂ ਧਿਰਾਂ ਦੇ ਆਮ ਲੋਕ ਹੀ ਲੜੇ ਮਰੇ ਅਤੇ ਇਰਾਕ ਦੀ ਤਬਾਹੀ ਹੋਈ। ਇਸ ਜੰਗ ਦਾ ਅਸਰ ਭਾਰਤ ਵਰਗੇ ਹੋਰ ਮੁਲਕਾਂ ਉੱਤੇ ਵੀ ਪਿਆ ਜਿਨ੍ਹਾਂ ਦੇ ਨਾਗਰਿਕ ਰੋਟੀ-ਰੋਜ਼ੀ ਲਈ ਉੱਥੇ ਗਏ। ਉਨ੍ਹਾਂ ਨੂੰ ਵੀ ਇਸ ਜੰਗ ਦੀਆਂ ਕਾਰਵਾਈਆਂ ਦੀ ਕਰੂਰਤਾ ਦਾ ਸ਼ਿਕਾਰ ਹੋਣਾ ਪਿਆ। ਉਨ੍ਹਾਂ ਦੀ ਮਿਹਨਤ-ਮੁਸ਼ੱਕਤ ਅਤੇ ਯੋਗਤਾ ਦਾ ਪੂਰਾ ਸ਼ੋਸ਼ਣ ਹੋਇਆ ਅਤੇ ਜ਼ਮੀਰ ਤੱਕ ਮਾਰ ਦਿੱਤੀ ਗਈ। ਆਕਾਸ਼ ਵਰਗੇ ਨੌਜਵਾਨਾਂ ਨੂੰ ਆਪਣੇ ਪਿਆਰ ਵਿਆਹ ਲਈ ਧਰਮ ਤਬਦੀਲ ਕਰਨ ਲਈ ਮਜਬੂਰ ਹੋਣਾ ਪਿਆ ਅਤੇ ਸਿੱਟੇ ਵਜੋਂ ਸਰੀਰਕ ਤੇ ਮਾਨਸਿਕ ਤੌਰ ’ਤੇ ਬੇਹੱਦ ਟੁੱਟ-ਭੱਜ ਦਾ ਸ਼ਿਕਾਰ ਹੋਣਾ ਪਿਆ। ਇਰਾਕ ਦੇ ਲਗਭਗ ਸਾਰੇ ਬਾਲਗ ਵਿਅਕਤੀਆਂ ਨੂੰ ਇਸ ਜੰਗ ਦੀ ਭੱਠੀ ਵਿਚ ਮੱਚਣਾ ਪਿਆ ਅਤੇ ਉਨ੍ਹਾਂ ਦੀਆਂ ਵਿਧਵਾਵਾਂ ਤੇ ਪਰਿਵਾਰਾਂ ਨੂੰ ਫ਼ੌਜੀਆਂ ਦੇ ਜ਼ੁਲਮ ਸਹਿਣੇ ਪਏ। ਉੱਥੇ ਰੋਟੀ-ਰੋਜ਼ੀ ਕਮਾਉਣ ਗਏ ਦੂਜੇ ਮੁਲਕਾਂ ਦੇ ਨਾਗਰਿਕਾਂ ਨੂੰ ਵੀ ਜ਼ਬਰਦਸਤੀ ਜੰਗੀ ਕਾਰਵਾਈਆਂ ਵਿਚ ਸ਼ਾਮਲ ਕਰ ਲਿਆ ਗਿਆ। ਭਾਰੀ ਖੱਜਲ-ਖੁਆਰੀ ਵਾਲੀ ਇਸ ਸਥਿਤੀ ਵਿਚ ਆਕਾਸ਼ ਬਹੁਤ ਹੀ ਸ਼ਰਮਿੰਦਗੀ ਤੇ ਲਾਚਾਰੀ ਨਾਲ ਖ਼ਾਲੀ ਹੱਥ ਆਪਣੇ ਵਤਨ ਵਾਪਸੀ ਕਰਦਾ ਹੈ। ਨਿਰਾਸ਼ਾ ਦੇ ਆਲਮ ਵਿਚ ਉਹ ਮਨ ਨੂੰ ਸਕੂਨ ਦੇਣ ਲਈ ਹਰਿਦੁਆਰ ਜਾਂਦਾ ਹੈ, ਪਰ ਬਸਰੇ ਵਿਚ ਹੰਢਾਏ ਜੰਗੀ ਖ਼ੌਫ਼ ਦੇ ਸਾਲਾਂ ਦੀ ਯਾਦ ਉਸ ਦਾ ਖਹਿੜਾ ਨਹੀਂ ਛੱਡਦੀ। ਇਸ ਤਰ੍ਹਾਂ ਇਹ ਨਾਵਲ ਆਰਥਿਕ ਮੰਦਹਾਲੀ ਤੇ ਬੇਰੁਜ਼ਗਾਰੀ ਕਾਰਨ ਖਾੜੀ ਮੁਲਕਾਂ ਵਿਚ ਜਾਣ ਵਾਲੇ ਗ਼ਰੀਬ ਮੁਲਕਾਂ ਦੇ ਲੋਕਾਂ ਦੇ ਰੁਦਨ ਦੀ ਬਾਤ ਪਾਉਣ ਦੇ ਨਾਲ-ਨਾਲ ਸਾਮਰਾਜੀ ਜੰਗਬਾਜ਼ਾਂ ਦੀਆਂ ਕੋਝੀਆਂ ਚਾਲਾਂ ਨੂੰ ਵੀ ਬੇਪਰਦ ਕਰਦਾ ਹੈ। ਇਸ ਨਾਵਲ ਦਾ ਹਿੰਦੀ ਤੋਂ ਪੰਜਾਬੀ ਵਿਚ ਅਨੁਵਾਦ ਕੇ.ਐਲ. ਗਰਗ ਨੇ ਕੀਤਾ ਹੈ।
ਸੰਪਰਕ: 97800-36137