ਬਲਦੇਵ ਸਿੰਘ ਸੜਕਨਾਮਾ
ਨਾਵਲ ‘ਪਲੇਗ’ (ਲੇਖਕ: ਐਲਬਰਟ ਕਾਮੂ, ਅਨੁਵਾਦਕ: ਡਾ. ਗੁਰਮੀਤ ਸਿੰਘ ਸਿੱਧੂ, ਕੀਮਤ: 325 ਰੁਪਏ, ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ) ਮੈਨੂੰ ਉਨ੍ਹਾਂ ਦਿਨਾਂ ਵਿਚ ਪੜ੍ਹਨਾ ਪਿਆ, ਜਦੋਂ ਪੂਰੀ ਦੁਨੀਆ ਵਿਚ ਕਰੋਨਾ ਮਹਾਂਮਾਰੀ ਸਿਖਰ ’ਤੇ ਤਾਂ ਨਹੀਂ ਰਹੀ, ਪਰ ਅਜੇ ਕਿਧਰੇ ਗਈ ਵੀ ਨਹੀਂ। ਕਾਮੂ ਦਾ ਨਾਵਲ ‘ਪਲੇਗ’ ਚਸਕਾ ਲੈਣ ਵਾਲੇ ਪਾਠਕਾਂ ਨੂੰ ਹੋ ਸਕਦਾ ਹੈ ਨਿਰਾਸ਼ਾ ਕਰੇ। ਪਰ ਇਹ ਨਾਵਲ ਜ਼ਿੰਦਗੀ ਅਤੇ ਮੌਤ ਵਿਚਕਾਰਲੇ ਫ਼ਾਸਲੇ ਨੂੰ ਬੜੇ ਕਲਾਤਮਿਕ ਅਤੇ ਦਾਰਸ਼ਨਿਕ ਢੰਗ ਨਾਲ ਪੇਸ਼ ਕਰਦਾ ਹੈ। ਵੀਹਵੀਂ ਸਦੀ ਦੇ ਅੱਧ ਵਿਚ ਆਇਆ ਇਹ ਨਾਵਲ ਪੜ੍ਹਦਿਆਂ ਮੈਂ ਵਾਰ-ਵਾਰ ਇੱਕੀਵੀਂ ਸਦੀ ਦੇ ਮੌਜੂਦਾ ਸਮੇਂ ਨਾਲ ਤੁਲਨਾ ਕਰਨ ਲੱਗ ਪੈਂਦਾ ਸੀ। ਕੁਝ ਘਟਨਾਵਾਂ ਤਾਂ ਅੱਜ ਦੀ ਕਰੋਨਾ ਮਹਾਂਮਾਰੀ ਨਾਲ ਇੰਨੀਆਂ ਢੁਕਵੀਆਂ ਹਨ, ਲੱਗਦਾ ਹੈ ਜੇ ‘ਪਲੇਗ’ ਨਾਵਲ ਦਾ ਨਾਮ ‘ਕਰੋਨਾ’ ਕਰ ਦਿੱਤਾ ਜਾਵੇ ਤੇ ਕਥਾ ਬਿਰਤਾਂਤ ਵਿਚੋਂ ਚੂਹੇ ਖਾਰਜ ਕਰ ਦਿੱਤੇ ਜਾਣ ਤਾਂ ਇਹ ਵਰਤਮਾਨ ਕਰੋਨਾ ਮਹਾਂਮਾਰੀ ਬਾਰੇ ਇਕ ਮਹੱਤਵਪੂਰਨ ਰਚਨਾ ਹੋ ਸਕਦੀ ਹੈ।
ਕਾਮੂ ਨੇ ‘ਪਲੇਗ’ ਨਾਵਲ ਨੂੰ ਪੰਜ ਭਾਗਾਂ ਵਿਚ ਵੰਡਿਆ ਹੈ। ਨਾਵਲ ਦੀਆਂ ਘਟਨਾਵਾਂ ਫਰਾਂਸ ਦੇ ਇਕ ਛੋਟੇ ਜਿਹੇ ਸ਼ਹਿਰ ਓਰੇਨ ਵਿਚ ਵਾਪਰਦੀਆਂ ਹਨ। ਨਾਵਲ ਦੇ ਮੁੱਖ ਪਾਤਰ ਡਾ. ਰੀਯੂ ਦੀ ਪਤਨੀ ਬਿਮਾਰ ਹੈ। ਸਿਹਤਯਾਬੀ ਲਈ ਉਸ ਨੂੰ ਕਿਸੇ ਪਹਾੜੀ ਸਥਾਨ ’ਤੇ ਭੇਜ ਦਿੱਤਾ ਜਾਂਦਾ ਹੈ। ਉਦੋਂ ਸ਼ਹਿਰ ਵਿਚ ਪਲੇਗ ਨੇ ਆਪਣੀ ਦਸਤਕ ਦੇ ਦਿੱਤੀ ਸੀ। ਡਾ. ਰੀਯੂ ਆਪਣੇ ਘਰ ਦੀਆਂ ਪੌੜੀਆਂ ਵਿਚ ਇਕ ਮਰਿਆ ਚੂਹਾ ਵੇਖਦਾ ਹੈ ਤੇ ਫਿਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਮਰੇ ਅਤੇ ਮਰ ਰਹੇ ਚੂਹਿਆਂ ਦੀਆਂ ਸੂਚਨਾਵਾਂ ਆਉਣ ਲੱਗਦੀਆਂ ਹਨ। ਸੜਕ ਦੇ ਦੋਹੀਂ ਪਾਸੀਂ ਮਰੇ ਚੂਹਿਆਂ ਦੀਆਂ ਢੇਰੀਆਂ ਦਿਸਦੀਆਂ ਹਨ ਤੇ ਕੂੜੇਦਾਨ ਵੀ ਮਰੇ ਚੂਹਿਆਂ ਨਾਲ ਭਰੇ ਹੁੰਦੇ ਹਨ।
ਲੋਕ ਬਿਮਾਰ ਹੋਣ ਲੱਗਦੇ ਹਨ, ਕੁਝ ਮਰਨ ਲਗਦੇ ਹਨ ਤੇ ਨਾਵਲ ਦਾ ਪਹਿਲਾ ਭਾਗ ਖ਼ਤਮ ਹੁੰਦਿਆਂ ਇਸ ਰਹੱਸਮਈ ਬਿਮਾਰੀ ਦਾ ‘ਪਲੇਗ’ ਨਾਮਕਰਣ ਹੁੰਦਾ ਹੈ। ਨਾਵਲ ਦੇ ਅਗਲੇ ਭਾਗਾਂ ਵਿਚ ਪਲੇਗ ਫੈਲਦੀ ਜਾਂਦੀ ਹੈ, ਬਿਮਾਰ ਲੋਕਾਂ ਵਿਚ ਵਾਧਾ ਹੁੰਦਾ ਤੁਰਿਆ ਜਾਂਦਾ ਹੈ, ਮੌਤਾਂ ਦੀ ਗਿਣਤੀ ਵੀ ਵਧਦੀ ਹੈ। ਡਾ. ਰੀਯੂ ਬਿਮਾਰਾਂ ਨੂੰ ਪਰਿਵਾਰ ਤੋਂ ਅਲੱਗ ਰੱਖਣ ਦੀ ਸਲਾਹ ਦਿੰਦਾ ਹੈ। ਲੋਕ ਦੂਸਰੇ ਨੂੰ ਛੂਹਣ ਤੋਂ ਡਰਨ ਲੱਗਦੇ ਹਨ। ਮਾਸਕ ਪਹਿਨਣ ਲੱਗਦੇ ਹਨ। ਰਾਤ ਦਾ ਕਰਫਿਊ ਲਗਾ ਦਿੱਤਾ ਜਾਂਦਾ ਹੈ। ਨਾਵਲ ਦਾ ਇਹ ਹਿੱਸਾ ਪੜ੍ਹਦਿਆਂ ਅੱਜ ਦਾ ਲੌਕਡਾਊਨ, ਕਰਫਿਊ, ਕੁਆਰੰਟਾਈਨ ਆਦਿ ਜ਼ਿਹਨ ਵਿਚ ਆ ਜਾਂਦਾ ਹੈ। ਅਸੀਂ ਵੀ ਓਰੇਨ ਸ਼ਹਿਰ ਦੇ ਲੋਕਾਂ ਵਰਗੀਆਂ ਦੁਸ਼ਵਾਰੀਆਂ ਝੱਲੀਆਂ ਹਨ।
‘ਪਲੇਗ’ ਨਾਵਲ ਇਸ ਦਾਰਸ਼ਨਿਕ ਆਧਾਰ ਉਪਰ ਉਸਰਿਆ ਹੋਇਆ ਹੈ ਕਿ ਬਿਮਾਰੀ ਕਿੰਨੀ ਵੀ ਘਾਤਕ ਹੋਵੇ, ਮਰੀਜ਼ ਕਿੰਨੀ ਵੀ ਤਕਲੀਫ਼ ਵਿਚ ਹੋਵੇ, ਉਹ ਮਰਨਾ ਨਹੀਂ ਚਾਹੁੰਦਾ। ਕਾਮੂ ਨੇ ਮੈਜਿਸਟਰੇਟ ਦੇ ਇਕ ਬੱਚੇ ਦੀ ਮੌਤ ਨੂੰ ਤੇ ਆਪਣੇ ਦੋਸਤ ਤਾਰੋ ਦੀ ਮੌਤ ਨੂੰ ਇੰਨੀ ਸੰਵੇਦਨਾ ਨਾਲ ਬਿਆਨ ਕੀਤਾ ਹੈ, ਪਾਠਕਾਂ ਨੂੰ ਲੱਗਦਾ ਹੈ ਜਿਵੇਂ ਇਹ ਮੌਤਾਂ ਉਨ੍ਹਾਂ ਦੇ ਸਾਹਮਣੇ ਹੋ ਰਹੀਆਂ ਹਨ। ਇਕ-ਇਕ ਪਲ ਦਾ ਬਿਆਨ ਤੇ ਜ਼ਿੰਦਗੀ ਲਈ ਉਨ੍ਹਾਂ ਦੀ ਤੜਪ ਨੂੰ ਕਾਮੂ ਨੇ ਮੌਤ ਦੇ ਬਿਰਤਾਂਤ ਰਾਹੀਂ ਪੇਸ਼ ਕੀਤਾ ਹੈ।
ਡਾ. ਰੀਯੂ ਦੇ ਸਹਿਯੋਗੀ, ਤਾਰੋ ਡਾਇਰੀ ਲੇਖਕ ਹੈ, ਰਾਮਬਰਟ ਪੱਤਰਕਾਰ ਹੈ। ਇਕ ਬੁੱਢਾ ਕਲਰਕ ਹੈ ਗ੍ਰੈਂਡ, ਕੋਤਾਰਦ ਹੈ ਜਿਸ ਨੂੰ ਪਲੇਗ ਮਹਾਂਮਾਰੀ ਬੜੀ ਰਾਸ ਆਈ ਹੈ ਤੇ ਉਹ ਖ਼ੂਬ ਕਮਾਈ ਕਰ ਰਿਹਾ ਹੈ। ਇਕ ਖਿਡਾਰੀ ਹੈ ਗੋਂਜੇਲ। ਕਾਮੂ ਦੀ ਬਿਰਧ ਔਰਤਾਂ ਜਾਂ ਮਾਤਾਵਾਂ ਪ੍ਰਤੀ ਵਿਸ਼ੇਸ਼ ਹਮਦਰਦੀ ਹੈ। ਡਾ. ਰੀਯੂ ਦੀ ਵੀ ਆਪਣੀ ਮਾਂ ਪ੍ਰਤੀ ਸਦਾ ਫ਼ਿਕਰਮੰਦੀ ਰਹਿੰਦੀ ਹੈ। ਮਾਂ ਵੀ ਡਾਕਟਰ ਦੇ ਦੋਸਤ ਤਾਰੋ ਨੂੰ ਆਪਣੇ ਪੁੱਤ ਵਾਂਗ ਸਨੇਹ ਕਰਦੀ ਹੈ। ਇਨ੍ਹਾਂ ਪਾਤਰਾਂ ਰਾਹੀਂ ਕਾਮੂ ਇਸ ਮਹਾਂਮਾਰੀ ਦੌਰਾਨ ਹਰ ਉਸ ਕੋਨੇ ਵੱਲ ਝਾਤ ਪੁਆਉਂਦਾ ਹੈ ਜੋ ਇਸ ਪਲੇਗ ਕਾਰਨ ਪ੍ਰਭਾਵਿਤ ਹੋਏ ਹਨ। ਦਰਅਸਲ, ਇਨ੍ਹਾਂ ਪਾਤਰਾਂ ਰਾਹੀਂ ਕਾਮੂ ਨੇ ਆਪਣੀ ਵਿਲੱਖਣ ਸ਼ਖ਼ਸੀਅਤ ਦਾ ਹੀ ਪ੍ਰਗਟਾਵਾ ਕੀਤਾ ਹੈ।
ਡਾ. ਰੀਯੂ ਸਮਝਾਉਂਦਾ ਹੈ, ਪਰਹੇਜ਼ ਰੱਖਣਾ ਚਾਹੀਦਾ ਹੈ। ਪਲੇਗ ਦਾ ਮਰੀਜ਼ ਪਹਿਲਾਂ ਥਕਾਨ ਮਹਿਸੂਸ ਕਰਦਾ ਹੈ, ਫਿਰ ਬੇਹੋਸ਼ੀ, ਫਿਰ ਕੱਛਾਂ ਵਿਚ ਗਿਲਟੀਆਂ, ਫਿਰ ਸਾਹ ਲੈਣਾ ਔਖਾ, ਫਿਰ ਸਰੀਰ ਉਪਰ ਕਾਲੇ ਧੱਬੇ, ਅਕੜਾਅ, ਫਿਰ ਦਮ ਘੁਟਣਾ ਤੇ ਖ਼ਤਮ। ਡਾਕਟਰ ਕਹਿੰਦਾ ਹੈ, ਰੋਗੀ ਨੂੰ ਪਰਿਵਾਰ ਤੋਂ ਵੱਖ ਹੋਣਾ ਲਾਜ਼ਮੀ ਹੈ। ਬਿਮਾਰਾਂ ਦੇ ਘਰਾਂ ਨੂੰ ਦਵਾਈ ਛਿੜਕ ਕੇ ਕੀਟਾਣੂ ਰਹਿਤ ਕੀਤਾ ਜਾਵੇ। 40 ਦਿਨਾਂ ਲਈ ਇਕਾਂਤਵਾਸ ਕੀਤਾ ਜਾਵੇ। …ਇਹ ਸਭ ਕੁਝ ਕਰੋਨਾ ਦੌਰ ਵਿਚ ਅਸੀਂ ਵੀ ਭੋਗ ਰਹੇ ਹਾਂ ਜਾਂ ਭੋਗ ਹਟੇ ਹਾਂ। ਕਮਾਲ ਦੀ ਗੱਲ ਹੈ, ਤਾਰੋ ਆਪਣੀ ਡਾਇਰੀ ਵਿਚ ਲਿਖਦਾ ਹੈ: ‘‘ਚੀਨ ਵਿਚ ਲੋਕ ਅਜਿਹੇ ਸਮੇਂ ਪਲੇਗ ਦੇ ਦੇਵਤੇ ਅੱਗੇ ਡਫਲੀ ਵਜਾਉਣ ਲੱਗਦੇ ਹਨ।’’ …ਤੇ ਅਸੀਂ ਵੀ ਕਰੋਨਾ ਅੱਗੇ ਤਾਲੀਆਂ ਤੇ ਥਾਲੀਆਂ ਵਜਾਈਆਂ, ਮੋਮਬੱਤੀਆਂ ਜਲਾਈਆਂ। ਸੋਚ ਸਕਦੇ ਹਾਂ, ਲਗਪਗ 100 ਸਾਲਾਂ ਬਾਅਦ ਵੀ ਅਸੀਂ ਕਿੰਨਾ ਕੁ ਵਿਕਾਸ ਕੀਤਾ ਹੈ!
ਗਿਰਜਾਘਰ ਦਾ ਪਾਦਰੀ ਪ੍ਰਵਚਨ ਕਰਦਾ ਹੈ:
‘‘ਮੇਰੇ ਭਾਈਓ! ਖ਼ੁਦਾ ਦੀ ਮਿਹਰਬਾਨੀ ਤੁਹਾਡੇ ਦਰ
’ਤੇ ਆਈ ਹੈ। ਜਿਸ ਨੇ ਸਭ ਨੇਕੀ ਅਤੇ ਬਦੀ, ਗੁੱਸਾ ਅਤੇ ਰਹਿਮ, ਪਲੇਗ ਅਤੇ ਤੰਦਰੁਸਤੀ ਪੈਦਾ ਕੀਤੇ ਹਨ। ਇਹ ਮਹਾਂਮਾਰੀ ਤੁਹਾਨੂੰ ਤਬਾਹ ਕਰਨ ਦੇ ਨਾਲ-ਨਾਲ ਤੁਹਾਡਾ ਭਲਾ ਵੀ ਕਰ ਰਹੀ ਹੈ ਅਤੇ ਤੁਹਾਨੂੰ ਸਹੀ ਮਾਰਗ ਦਿਖਾ ਰਹੀ ਹੈ।’’
ਅਜਿਹੀ ਸੋਚ ਵਾਲੇ ਮਹਾਂਪੁਰਸ਼ ਉਦੋਂ ਵੀ ਸਨ, ਹੁਣ ਵੀ ਹਨ। ਅਜਿਹੀਆਂ ਮਹਾਂਮਾਰੀਆਂ ਲੋਕਾਂ ਦੀ ਸੋਚ ਅਤੇ ਜੀਵਨ-ਜਾਚ ਨੂੰ ਬਦਲ ਦਿੰਦੀਆਂ ਹਨ। ਪੱਤਰਕਾਰ ਰਾਮਬਰਟ ਓਰੇਨ ਸ਼ਹਿਰ ’ਚ ਫਸ ਜਾਂਦਾ ਹੈ ਤੇ ਇੱਥੋਂ ਨਿਕਲਣ ਦੀ ਹਰ ਸੰਭਵ – ਕਾਨੂੰਨੀ, ਗ਼ੈਰ-ਕਾਨੂੰਨੀ ਕੋਸ਼ਿਸ਼ ਕਰਦਾ ਹੈ। ਪਰ ਜਦੋਂ ਉਹ ਪਲੇਗ-ਗ੍ਰਸਤ ਲੋਕਾਂ ਨੂੰ ਵੇਖਦਾ ਹੈ ਤੇ ਡਾ. ਰੀਯੂ ਵੇਖਦਾ ਹੈ ਜੋ ਮਰੀਜ਼ਾਂ ਨੂੰ ਬਚਾਉਣ ਲਈ ਨਾ ਆਪਣੀ ਸਿਹਤ ਦਾ ਖ਼ਿਆਲ ਕਰਦਾ ਹੈ, ਨਾ ਦਿਨ-ਰਾਤ ਦਾ। ਆਖ਼ਰ ਰਾਮਬਰਟ ਇੱਥੋਂ ਨਿਕਲਣ ਦਾ ਵਿਚਾਰ ਬਦਲ ਲੈਂਦਾ ਹੈ ਤੇ ਡਾ. ਰੀਯੂ ਦਾ ਸਹਿਯੋਗੀ ਬਣ ਕੇ ਕੰਮ ਕਰਨ ਲੱਗਦਾ ਹੈ।
ਡਾ. ਰੀਯੂ ਆਪਣੇ ਮਿਸ਼ਨ ਨੂੰ ਇੰਨਾ ਸਮਰਪਿਤ ਹੈ, ਉਸ ਨੂੰ ਆਪਣੀ ਪਤਨੀ ਬਾਰੇ ਤਾਰ ਮਿਲਦੀ ਹੈ: ‘ਉਹ ਨਹੀਂ ਰਹੀ’। ਇਕ ਦੋ ਪਲਾਂ ਦੀ ਮੌਨ ਸ਼ਰਧਾਂਜਲੀ ਤੋਂ ਬਾਅਦ ਉਹ ਫਿਰ ਆਪਣੇ ਮਰੀਜ਼ਾਂ ਦੀ ਦੇਖ-ਭਾਲ ਵਿਚ ਲੱਗ ਜਾਂਦਾ ਹੈ। ਜ਼ਿੰਦਗੀ ਮੌਤ ਦੇ ਸੰਘਰਸ਼ ਵਿਚ ਡਾ. ਰੀਯੂ ਭਾਵੇਂ ਆਪਣੇ ਕੁਝ ਸਾਥੀ ਗੁਆ ਲੈਂਦਾ ਹੈ, ਪਰ ਆਪਣੇ ਫ਼ਰਜ਼ਾਂ ਤੋਂ ਉਹ ਮੁੱਖ ਨਹੀਂ ਮੋੜਦਾ।
ਕਲਾਸੀਕਲ ਸਾਹਿਤ ਵਿਚ ਇਹ ਗੁਣ ਹੁੰਦਾ ਹੈ ਕਿ ਉਹ ਭੂਤ, ਵਰਤਮਾਨ ਅਤੇ ਭਵਿੱਖ ਦੇ ਸਮਿਆਂ ਵਿਚ ਪ੍ਰਸੰਗਿਕ ਹੁੰਦਾ ਹੈ। ‘ਪਲੇਗ’ ਨਾਵਲ ਅਜਿਹਾ ਹੀ ਹੈ।
ਸੰਪਰਕ: 98147-83069