ਕੇ.ਐਲ. ਗਰਗ
ਇੰਗਲੈਂਡ ਵਸੇਂਦਾ ਮਹਿੰਦਰ ਸਿੰਘ ਧਾਲੀਵਾਲ ਪਰਵਾਸੀ ਚੇਤਨਾ ਦਾ ਪ੍ਰਮੁੱਖ ਨਾਵਲਕਾਰ ਹੈ। ਉਸ ਨੇ ਪਿਛਲੇ ਕੁਝ ਵਰ੍ਹਿਆਂ ਦੀ ਹੀ ਸਖ਼ਤ ਮਿਹਨਤ ਨਾਲ ਨਾਵਲਕਾਰੀ ਦੇ ਖੇਤਰ ਵਿੱਚ ਚੰਗਾ ਨਾਮਣਾ ਖੱਟ ਲਿਆ ਹੈ। ਅੱਧੀ ਦਰਜਨ ਤੋਂ ਵੱਧ ਨਾਵਲਾਂ ਦੀ ਰਚਨਾ ਕਰ ਕੇ ਹੁਣ ਉਹ ਚਰਚਿਤ ਨਾਵਲਕਾਰਾਂ ਦੀ ਢਾਣੀ ਵਿੱਚ ਸ਼ਾਮਿਲ ਹੋ ਗਿਆ ਹੈ। ਪਰਵਾਸੀ ਚੇਤਨਾ ਹੀ ਨਹੀਂ, ਉਹ ਆਪਣੇ ਪੰਜਾਬ ਦੀ ਮਿੱਟੀ, ਸਿਆਸਤ ਅਤੇ ਇਤਿਹਾਸ ਦੀ ਵੀ ਚੋਖੀ ਸਮਝ ਰੱਖਦਾ ਹੈ।
ਹਾਲ ਹੀ ਵਿੱਚ ਉਸ ਨੇ ਪੰਜਾਬ ਦੇ ਇਤਿਹਾਸ ਨਾਲ ਸਬੰਧ ਰੱਖਦੇ ਦੋ ਨਾਵਲ ‘ਬਾਗ਼ੀ ਹੋਈ ਪੌਣ’ (ਕੀਮਤ: 250 ਰੁਪਏ; ਪੀਪਲਜ਼ ਫੋਰਮ, ਬਰਗਾੜੀ, ਪੰਜਾਬ) ਅਤੇ ‘ਸੋਫ਼ੀਆ’ ਰਚੇ ਹਨ ਜੋ ਇੱਕ-ਦੂਸਰੇ ਦੇ ਪੂਰਕ ਹੀ ਹੋ ਨਬਿੜੇ ਹਨ। ਇਨ੍ਹਾਂ ਨੂੰ ਦੋ ਲੜੀ ਨਾਵਲਾਂ ਦੇ ਵਰਗ ਵਿੱਚ ਰੱਖ ਕੇ ਵੀ ਵਾਚਿਆ ਜਾ ਸਕਦਾ ਹੈ।
‘ਬਾਗ਼ੀ ਹੋਈ ਪੌਣ’ ਬਾਬਾ ਬੰਦਾ ਬਹਾਦਰ ਦੀ ਲਾਸਾਨੀ ਸ਼ਹਾਦਤ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੱਕ ਦੇ ਸਮੇਂ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ। ਇਸ ਨਾਵਲ ਵਿੱਚ ਸਿੱਖਾਂ ਦੀ ਸ਼ਹਾਦਤ, ਸੂਰਬੀਰਤਾ, ਬਹਾਦਰੀ ਅਤੇ ਸਬਰ ਸੰਤੋਖ ਦੀ ਲਾਸਾਨੀ ਵਾਰਤਾ ਪੇਸ਼ ਕੀਤੀ ਗਈ ਹੈ। ਨਾਵਲ ‘ਸੋਫ਼ੀਆ’ ਵਿੱਚ ਮਹਾਰਾਣੀ ਜਿੰਦਾਂ ਅਤੇ ਸਿੱਖ ਰਾਜ ਦੇ ਅੰਤਿਮ ਵਾਰਿਸ ਦਲੀਪ ਸਿੰਘ ਦੀ ਜਲਾਵਤਨੀ ਦਾ ਲੇਖਾ ਜੋਖਾ ਕੀਤਾ ਗਿਆ ਹੈ। ਇਸ ਹਿਸਾਬ ਨਾਲ ਇਹ ਦੋਵੇਂ ਨਾਵਲ ਸਾਨੂੰ ਸਿੱਖਾਂ ਦੇ ਸੰਘਰਸ਼, ਲੜਾਈਆਂ ਅਤੇ ਸ਼ਹਾਦਤਾਂ ਦੇ ਵੇਰਵੇ ਪ੍ਰਦਾਨ ਕਰਦੇ ਹਨ।
ਕਹਿੰਦੇ ਹਨ ਕਿ ਸਿੱਖ ਤਾਂ ਘੋੜਿਆਂ ਦੀਆਂ ਕਾਠੀਆਂ ’ਤੇ ਹੀ ਰਾਤਾਂ ਗੁਜ਼ਾਰਦੇ ਸਨ। ਘਾਹ-ਫੂਸ ਤੱਕ ’ਤੇ ਵੀ ਗੁਜ਼ਾਰਾ ਕਰ ਲੈਂਦੇ ਸਨ, ਪਰ ਆਪਣੇ ਦੁਸ਼ਮਣ ਸਾਹਵੇਂ ਈਨ ਨਹੀਂ ਸਨ ਮੰਨਦੇ।
ਸਿੱਖਾਂ ਸਾਹਮਣੇ ਤਿੰਨ ਪ੍ਰਮੁੱਖ ਦੁਸ਼ਮਣ ਸਨ। ਪਹਿਲਾਂ ਪੰਜਾਬ ਦੇ ਮੁਸਲਮਾਨ ਸ਼ਾਸਕ ਜਨਿ੍ਹਾਂ ਨੂੰ ਦਿੱਲੀ ਦੀ ਖੁਰ ਰਹੀ ਮੁਗ਼ਲ ਸਲਤਨਤ ਤੋਂ ਲਗਾਤਾਰ ਥਾਪੜਾ ਮਿਲਦਾ ਰਹਿੰਦਾ ਸੀ। ਜ਼ਕਰੀਆ ਖ਼ਾਨ, ਅਬਦੁਲ ਸਮੁਦ, ਮੀਰ ਮੰਨੂੰ, ਮੱਸਾ ਰੰਗੜ ਆਦਿ ਸ਼ਾਸਕ ਸਿੱਖਾਂ ’ਤੇ ਬਹੁੁਤ ਕਰੂਰ ਢੰਗ ਨਾਲ ਜ਼ੁਲਮ ਢਾਹੁੰਦੇ ਸਨ। ਮਨੀ ਸਿੰਘ ਦਾ ਬੰਦ-ਬੰਦ ਕੱਟ ਦੇ ਉਸ ਨੂੰ ਸ਼ਹੀਦ ਕਰਨਾ, ਭਾਈ ਤਾਰੂ ਸਿੰਘ ਦੀ ਖੋਪੜੀ ਲਾਹੁਣਾ, ਬਾਬਾ ਬੰਦਾ ਸਿੰਘ ਬਹਾਦਰ ਦੇ ਅਣਭੋਲ ਪੁੱਤਰ ਨੂੰ ਉਸ ਦੀਆਂ ਅੱਖਾਂ ਸਾਹਮਣੇ ਸ਼ਹੀਦ ਕਰਨਾ ਤੇ ਬਾਬਾ ਬੰਦਾ ਬਹਾਦਰ ਦੀ ਨਿਰਕੁੰਸ਼ ਹੱਤਿਆ ਇਸ ਦੀਆਂ ਅਚੰਭਿਤ ਕਰ ਦੇਣ ਵਾਲੀਆਂ ਮਿਸਾਲਾਂ ਹਨ। ਦੂਸਰਾ ਦੁਸ਼ਮਣ ਸੀ ਦਿੱਲੀ ਦਾ ਸ਼ਾਹੀ ਖ਼ਾਨਦਾਨ ਜੋ ਮੁਗ਼ਲਾਂ ਦੀ ਆਖ਼ਰੀ ਤੇ ਬਚੀ ਖੁਚੀ ਤਾਕਤ ਨੂੰ ਠੁੰਮਮਣਾ ਦੇਣ ਲਈ ਹਰ ਤਰ੍ਹਾਂ ਦੇ ਜ਼ੁਲਮ ਤੇ ਸਮਝੌਤੇ ਕਰ ਰਹੇ ਸਨ। ਤੀਸਰੇ ਦੁਸ਼ਮਣ ਸਨ ਅਫ਼ਗਾਨ ਹਮਲਾਵਰ ਅਬਦਾਲੀ, ਤੈਮੂਰ ਅਤੇ ਨਾਦਰ ਸ਼ਾਹ ਜਿਹੇ ਜ਼ਾਲਮ ਅਤੇ ਖੂੰਖ਼ਾਰ ਬੰਦੇ ਜੋ ਭਾਰਤ ਦੀ ਲੁੱਟ-ਮਾਰ ਕਰਨ ਦੀ ਮਨਸ਼ਾ ਨਾਲ ਵਾਰ-ਵਾਰ ਇਸ ’ਤੇ ਹਮਲਾ ਕਰਦੇ, ਲੁੱਟ-ਮਾਰ ਕਰਦੇ, ਪਿੰਡਾਂ-ਸ਼ਹਿਰਾਂ ਨੂੰ ਤਬਾਹ ਕਰਦੇ ਸਨ, ਔਰਤਾਂ ਤੇ ਬੰਦਿਆਂ ਨੂੰ ਗ਼ੁਲਾਮ ਬਣਾ ਕੇ ਆਪਣੇ ਮੁਲਕ ਲੈ ਜਾਂਦੇ ਸਨ। ਜਿਧਰੋਂ ਵੀ ਲੰਘਦੇ ਤਬਾਹੀ ਦੇ ਨਿਸ਼ਾਨ ਦੂਰ-ਦੂਰ ਤੱਕ ਚਮਕਦੇ ਦਿਸਦੇ।
ਨਾਵਲਕਾਰ ਦੱਸਦਾ ਹੈ ਕਿ ਸਿੱਖ ਆਪਣੇ ਬਲਬੂਤੇ ’ਤੇ ਲੜਾਈਆਂ ਲੜਦੇ ਰਹੇ, ਦੁੱਖ ਅਤੇ ਬਿਪਤਾ ਝੱਲਦੇ ਰਹੇ, ਕਦੇ ਘਰ-ਬਾਰ ਛੱਡ ਜਾਂਦੇ ਤੇ ਕਦੇ ਮੁੜ ਵਸ ਜਾਂਦੇ। ਆਪਣੀ ਬਹਾਦਰੀ ਅਤੇ ਜ਼ੋਰ ਜਜ਼ਬੇ ਦੇ ਬਲਬੂਤੇ ਸਦਾ ਮੁਕਾਬਲਾ ਕਰਨ ਲਈ ਤਤਪਰ ਰਹਿੰਦੇ।
ਸਿੱਖਾਂ ਦੀ ਹਾਲਤ ਅਤੇ ਜਜ਼ਬਾ ਦਰਸਾਉਣ ਲਈ ਨਾਵਲਕਾਰ ਇੱਕ ਮਾਡਲ ਜਾਂ ਨਮੂਨੇ ਵਜੋਂ ਮਹਾ ਸਿੰਘ, ਉਸ ਦੇ ਭਰਾ, ਭਤੀਜੇ ਏਕਮ ਅਤੇ ਭਰਜਾਈ ਪ੍ਰਸਿੰਨੀ ਅਤੇ ਨੂੰਹ ਚੰਦ ਕੌਰ ਦਾ ਬਿਰਤਾਂਤ ਪੇਸ਼ ਕਰਦਾ ਹੈ ਜੋ ਦੁਸ਼ਮਣਾਂ ਦਾ ਮੁਕਾਬਲਾ ਕਰਦਿਆਂ ਤਬਾਹ ਹੋ ਜਾਂਦੇ ਹਨ, ਪਰ ਆਪਣੇ ਜੁਝਾਰੂ ਜਜ਼ਬੇ ਨੂੰ ਆਂਚ ਨਹੀਂ ਆਉਣ ਦਿੰਦੇ। ਫਿਰ ਹੌਲੀ ਹੌਲੀ ਪੰਜਾਬ ਦੇ ਸਿੱਖ ਮਿਸਲਾਂ ਦੇ ਰੂਪ ਵਿੱਚ ਸੰਗਠਿਤ ਅਤੇ ਜਥੇਬੰਦ ਹੋ ਕੇ ਆਪਣੀ ਸ਼ਕਤੀ ਨੂੰ ਇਕੱਠਾ ਕਰਦੇ ਰਹੇ। ਅਜਿਹੀ ਹੀ ਇੱਕ ਮਿਸਲ ਸ਼ੁਕਰਚੱਕੀਆ ਸੀ ਜਿਸ ਦੇ ਸ਼ਾਸਕਾਂ ਨੇ ਆਪਣੀ ਸੂਝ-ਬੂਝ, ਸਿਆਣਪ ਅਤੇ ਬਹਾਦਰੀ ਨਾਲ ਪੰਜਾਬ ਵਿੱਚ ਆਪਣਾ ਰਾਜ ਕਾਇਮ ਕੀਤਾ। ਇਨ੍ਹਾਂ ਦਾ ਹੀ ਇੱਕ ਸ਼ਕਤੀਸ਼ਾਲੀ ਰਾਜਾ ਮਹਾਰਾਜਾ ਰਣਜੀਤ ਸਿੰਘ ਸੀ ਜਿਸ ਨੇ ਅਫ਼ਗਾਨਿਸਤਾਨ, ਕਸ਼ਮੀਰ ਅਤੇ ਦਿੱਲੀ ਤੱਕ ਦੇ ਇਲਾਕੇ ਜਿੱਤ ਕੇ ਆਪਣੇ ਰਾਜ ਦਾ ਵਿਸਥਾਰ ਕੀਤਾ ਸੀ। ਉਹ ਆਪਣੀ ਕੂਟਨੀਤੀ ਨਾਲ ਬਾਕੀ ਮਿਸਲਾਂ ਦੇ ਸਰਦਾਰਾਂ ਨਾਲ ਵੀ ਇਕ-ਮਿੱਕ ਹੋ ਜਾਂਦਾ ਅਤੇ ਅੰਗਰੇਜ਼ਾਂ ਤੋਂ ਵੀ ਆਪਣੇ ਪੰਜਾਬ ਨੂੰ ਬਚਾਈ ਰੱਖਦਾ। ਮਰਹੱਟਿਆਂ ਨਾਲ ਵੀ ਦੋ-ਚਾਰ ਕਰ ਲੈਂਦਾ। ਉਸ ਨੇ ਆਪਣੀ ਫ਼ੌਜ ਵਿੱਚ ਯੂਰਪੀਨ ਭਰਤੀ ਕੀਤੇ ਤੇ ਆਪਣੀ ਫ਼ੌਜ ਦਾ ਮੁਹਾਂਦਰਾ ਸੁਚੱਜੇ ਰੂਪ ਨਾਲ ਤਿਆਰ ਕੀਤਾ। ਪਰ ਉਸ ਦੀ ਮੌਤ ਤੋਂ ਬਾਅਦ ਪੰਜਾਬ ਦੇ ਸਰਦਾਰਾਂ ਵੱਲੋਂ ਰਚੀਆਂ ਸਾਜ਼ਿਸ਼ਾਂ, ਲਾਲਚ ਅਤੇ ਬੇਮੌਸਮੀ ਸਮਝੌਤਿਆਂ ਕਾਰਨ ਪੰਜਾਬ ਅੰਗਰੇਜ਼ਾਂ ਦੇ ਅਧੀਨ ਹੋ ਗਿਆ। ਇਸ ਦਾ ਸੰਕੇਤ ਨਾਵਲਕਾਰ ਨਾਵਲ ਦੇ ਅੰਤ ਵਿੱਚ ਇਨ੍ਹਾਂ ਸਤਰਾਂ ਰਾਹੀਂ ਦਿੰਦਾ ਹੈ:
‘ਮਹਾਰਾਜੇ ਦੇ ਫੁੱਲ ਉਸ ਦੀ ਇੱਛਾ ਅਨੁਸਾਰ ਗੰਗਾ ਵਿੱਚ ਵਹਾ ਦਿੱਤੇ ਗਏ ਸਨ। ਉਸ ਵੇਲੇ ਸੂਰਜ ਪੱਛਮ ਵਿੱਚ ਡੁੱਬ ਰਿਹਾ ਸੀ ਤੇ ਕਾਲੀ ਹਨੇਰੀ ਰਾਤ ਦੀ ਸ਼ੁਰੂਆਤ ਹੋਣ ਵਾਲੀ ਸੀ।’ ਇਹ ਨਾਵਲ ਪੰਜਾਬ ਦੇ ਸਿੱਖਾਂ ਦੀਆਂ ਕੁਰਬਾਨੀਆਂ, ਜਜ਼ਬੇ, ਬਹਾਦਰੀ ਅਤੇ ਸਬਰ ਸੰਤੋਖ ਦੇ ਭਰਪੂਰ ਵੇਰਵੇ ਸਾਲ-ਦਰ-ਸਾਲ ਪੇਸ਼ ਕਰਦਾ ਹੈ।
ਸੰਪਰਕ: 94635-37050