ਡਾ. ਹਰਿੰਦਰ ਸਿੰਘ ਤੁੜ
ਮਨੁੱਖ ਵਰਤਮਾਨ ਵਿਚ ਜਿਉਂਦਾ ਹੈ, ਪਰ ਉਹ ਹਮੇਸ਼ਾ ਆਪਣੇ ਅਤੀਤ ਬਾਰੇ ਸੋਚਦਾ ਰਹਿੰਦਾ ਹੈ ਅਤੇ ਭਵਿੱਖ ਬਾਰੇ ਕਲਪਨਾਸ਼ੀਲ ਵਿਚਾਰਾਂ ਦਾ ਮਹਿਲ ਉਸਾਰਦਾ ਹੈ। ਜਦੋਂ ਮਨੁੱਖੀ ਮਾਨਸਿਕਤਾ ਚਿੰਤਨਸ਼ੀਲ ਹੋਈ ਤਾਂ ਉਸ ਨੇ ਆਪਣੇ ਇਤਿਹਾਸ ਬਾਰੇ ਖੋਜਣਾ ਸ਼ੁਰੂ ਕੀਤਾ ਕਿਉਂਕਿ ਆਪਣੀ ਰਹਿਤਲ ਬਾਰੇ ਜਾਣਨਾ ਹਰੇਕ ਮਨੁੱਖ ਦਾ ਅਧਿਕਾਰ ਹੈ, ਪਰ ਬਹੁਤ ਘੱਟ ਲੋਕ ਆਪਣੇ ਇਤਿਹਾਸ ਤੋਂ ਸਿੱਖਿਆ ਪ੍ਰਾਪਤ ਕਰਦੇ ਹਨ। ਆਪਣੇ ਇਤਿਹਾਸ ਨੂੰ ਜਾਣਨ, ਸਮਝਣ ਤੇ ਫਿਰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਨਾਵਲਕਾਰ ਅਜ਼ੀਜ਼ ਸਰੋਏ ਨੇ ਵਿਸ਼ੇਸ਼ ਉਪਰਾਲਾ ਕੀਤਾ ਹੈ। ਉਸ ਨੇ ਨਾਵਲ ‘ਆਪਣੇ ਲੋਕ’ ਵਿਚ 1947 ਦੀ ਵੰਡ ਦਾ ਜ਼ਿਕਰ ਕੀਤਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ 1947 ਦੀ ਵੰਡ ਬਾਰੇ ਸਾਹਿਤ ਤੇ ਇਤਿਹਾਸ ਵਿਚ ਬਹੁਤ ਕੁਝ ਲਿਖਿਆ ਪ੍ਰਾਪਤ ਹੁੰਦਾ ਹੈ, ਪਰ ਅਜ਼ੀਜ਼ ਸਰੋਏ ਨੇ ਆਪਣੇ ਬਜ਼ੁਰਗਾਂ ਦੁਆਰਾ ਹੰਢਾਏ ਸੰਤਾਪ ਤੇ ਤਜ਼ਰਬਿਆਂ ਨੂੰ ਸੁਣਿਆ, ਉਨ੍ਹਾਂ ਦੀ ਹੱਡਬੀਤੀ ਦੇ ਦੁਖਾਂਤ ਨੂੰ ਅਨੁਭਵ ਕੀਤਾ, ਆਪਣੀ ਜਨਮ ਭੂਮੀ ਨੂੰ ਛੱਡਣ ਦਾ ਸੰਤਾਪ ਆਪਣੇ ਬਜ਼ੁਰਗਾਂ ਦੀਆਂ ਅੱਖਾਂ ਵਿਚ ਤੱਕਿਆ, ਰਿਸ਼ਤੇਦਾਰਾਂ ਦਾ ਵਿਛੜਣਾ ਤੇ ਮੌਤ ਦਾ ਨੰਗਾ ਨਾਚ ਉਨ੍ਹਾਂ ਦੇ ਹਿਰਦਿਆਂ ਵਿਚ ਨਾਸੂਰ ਬਣ ਕੇ ਰਿਸਦਾ ਮਹਿਸੂਸ ਕੀਤਾ। ਨਾਵਲ ‘ਆਪਣੇ ਲੋਕ’ ਵਿਚ ਉੱਜੜ ਕੇ ਆਏ ਲੋਕਾਂ ਦੀ ਮਾਲਵੇ ਦੇ ਖੇਤਰ ਦੀ ਵਿੱਥਿਆ ਨੂੰ ਬਿਆਨ ਕੀਤਾ ਹੈ। ਵੰਡ ਤੋਂ ਪਹਿਲਾਂ ਹਿੰਦੂ, ਸਿੱਖ, ਮੁਸਲਮਾਨ ਭਾਈਚਾਰਕ ਸਾਂਝ ਵਿਚ ਪਰੋਏ ਸਨ। ਪਿੰਡ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਸਨ। ਪਿੰਡਾਂ ਵਿਚ ਲੱਗਦੇ ਮੇਲੇ ਤੇ ਤਿਉਹਾਰਾਂ ਵਿਚ ਮਨੁੱਖਤਾ ਦੀ ਰੂਹ ਮੌਲਦੀ ਸੀ। ਬਿਨਾਂ ਕਿਸੇ ਧਾਰਮਿਕ ਕੱਟੜਤਾ ਦੇ ਮੇਲੇ ਮਨਾਏ ਜਾਂਦੇ ਸਨ, ਪਰ ਸਮੇਂ ਦੀਆਂ ਸਰਕਾਰਾਂ ਨੇ ਮਨੁੱਖਤਾ ਦਾ ਘਾਣ ਕਰ ਦਿੱਤਾ। ਸੱਤਾ ਦੀ ਪ੍ਰਾਪਤੀ ਲਈ ਮਨੁੱਖਤਾ ਵਿਚ ਫੁੱਟ ਪਾ ਕੇ ਦੋ ਦੇਸ਼ ਹੋਂਦ ਵਿਚ ਲਿਆਂਦੇ- ਭਾਰਤ ਤੇ ਪਾਕਿਸਤਾਨ। ਆਵਾਮ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਉਨ੍ਹਾਂ ਦੇ ਸਾਂਝੀਵਾਲਤਾ ਦੇ ਜਜ਼ਬਿਆਂ ਦਾ ਘਾਣ ਕਰ ਦਿੱਤਾ ਹੈ। ਜਦੋਂ ਸੋਝੀ ਆਈ ਤਾਂ ਸਭ ਕੁਝ ਉੱਜੜ ਚੁੱਕਾ ਸੀ। ਪਿੰਡ, ਨਗਰ, ਕਸਬੇ ਕਤਲੋਗਾਰਤ ਵਿਚ ਲਥਪਥ ਹੋ ਚੁੱਕੇ ਸਨ। ਸਵਾਲ ਇਹ ਪੈਦਾ ਹੁੰਦਾ ਹੈ ਕਿ ਆਮ ਮਨੁੱਖਤਾ ਦਾ ਘਾਣ ਹੋਇਆ, ਔਰਤਾਂ ਦੀ ਬੇਪਤੀ ਹੋਈ, ਪਰ ਕਿਸੇ ਵੀ ਦੇਸ਼ ਦੇ ਨੇਤਾਵਾਂ ਦੇ ਪਰਿਵਾਰਾਂ ਨੂੰ ਕੁਝ ਵੀ ਨਹੀਂ ਹੋਇਆ? ਸਰਕਾਰੀ ਤੰਤਰ, ਨਿਆਂ ਪ੍ਰਣਾਲੀ ਤੇ ਪੁਲੀਸ ਨੇ ਮਨੁੱਖਤਾ ਨੂੰ ਸੁਰੱਖਿਆ ਦੇਣ ਦੀ ਆੜ ਵਿਚ ਬਦਮਾਸ਼ਾਂ ਨਾਲ ਮਿਲ ਕੇ ਔਰਤਾਂ ਦੀ ਬੇਪਤੀ ਕੀਤੀ, ਔਰਤਾਂ ਨੂੰ ਜ਼ਬਰਦਸਤੀ ਉਧਾਲਿਆ, ਬੱਚਿਆਂ ਨੂੰ ਮਾਰਿਆ ਤੇ ਲੁੱਟ-ਖਸੁੱਟ ਕੀਤੀ। ਨਾਵਲਕਾਰ ਅਜ਼ੀਜ਼ ਸਰੋਏ ਸ਼ਪਸਟ ਕਰਦਾ ਹੈ ਕਿ ਪਿੰਡਾਂ ਦੇ ਲੋਕ ਵੈਰ ਵਿਰੋਧ ਤੋਂ ਦੂਰ ਕੁਦਰਤੀ ਜੀਵਨ ਜਿਊਂ ਰਹੇ ਸਨ। ਉਨ੍ਹਾਂ ਲਈ ਆਜ਼ਾਦੀ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਛੁਟਕਾਰਾ ਸੀ, ਪਰ ਉਹ ਅਜਿਹੀ ਅਜ਼ਾਦੀ ਨਹੀਂ ਚਾਹੁੰਦੇ ਸਨ ਜਿਸ ਨਾਲ ਪਿੰਡਾਂ ਦੇ ਪਿੰਡ ਉੱਜੜ ਜਾਣ, ਔਰਤਾਂ ਦੀ ਬੇਪਤੀ ਹੋਵੇ, ਮਨੁੱਖਤਾ ਦਾ ਘਾਣ ਹੋਵੇ। ਉਹ ਤਾਂ ਸਾਂਝੀਵਾਲਤਾ ਚਾਹੁੰਦੇ ਸਨ। ਆਮ ਮਨੁੱਖਤਾ ਦੀ ਆਵਾਜ਼ ਨੂੰ ਸਰਕਾਰੀ ਤੰਤਰ ਨੇ ਦਬਾ ਦਿੱਤਾ ਸੀ ਅਤੇ ਆਧੁਨਿਕ ਸਮੇਂ ਵੀ ਦਬਾਇਆ ਜਾ ਰਿਹਾ ਹੈ। ਮਨੁੱਖਤਾ ਪਹਿਲਾਂ ਅੰਗਰੇਜ਼ਾਂ ਦੀ ਗ਼ੁਲਾਮੀ ਦਾ ਸੰਤਾਪ ਭੋਗਦੀ ਰਹੀ ਅਤੇ ਆਧੁਨਿਕ ਸਮੇਂ ਵਿਚ ‘ਆਪਣਿਆਂ’ ਦੀ ਗ਼ੁਲਾਮੀ ਵਿਚ ਨਰਕ ਵਰਗਾ ਜੀਵਨ ਗੁਜ਼ਾਰ ਰਹੀ ਹੈ। ਨਾਵਲਕਾਰ ਕਹਿਣ ਦਾ ਯਤਨ ਕਰਦਾ ਹੈ ਕਿ ਸਾਮਰਾਜਵਾਦੀ ਨੀਤੀਆਂ ਨਹੀਂ ਬਦਲਦੀਆਂ, ਸਮੇਂ-ਸਮੇਂ ਉੱਤੇ ਜ਼ੁਲਮ ਕਰਨ ਵਾਲੇ ਨੇਤਾ ਬਦਲਦੇ ਰਹੇ ਹਨ। ਨਾਵਲਕਾਰ ਸ਼ਪੱਸਟ ਕਰਦਾ ਹੈ ਕਿ ਪਿੰਡਾਂ ਦੀਆਂ ਜੜ੍ਹਾਂ ’ਚ ਭਾਈਚਾਰਕ ਸਾਂਝਾਂ ਸਨ ਜਿਸ ਸਦਕਾ ਹਿੰਦੂਆਂ-ਸਿੱਖਾਂ ਨੇ ਮੁਸਲਮਾਨਾਂ ਦੀ ਸੁਰੱਖਿਆ ਲਈ ਕੁਰਬਾਨੀਆਂ ਦਿੱਤੀਆਂ। ਦੂਜੇ ਪਾਸੇ ਮੁਸਲਮਾਨਾਂ ਨੇ ਆਪਣਾ ਫ਼ਰਜ਼ ਨਿਭਾਉਂਦਿਆਂ ਸਿੱਖਾਂ ਤੇ ਹਿੰਦੂਆਂ ਦੀ ਰੱਖਿਆ ਕੀਤੀ। ਨਾਵਲ ਦੇ ਬਿਰਤਾਂਤ ਵਿਚ ਆਮ ਲੋਕਾਈ ਨੂੰ ਬਚਾਉਣ ਦੇ ਯਤਨ ਪ੍ਰਤੱਖ ਸਨ। ਉਨ੍ਹਾਂ ਨੇ ਆਪਣਾ ਮਨੁੱਖ ਹੋਣ ਦਾ ਕਰਤੱਵ ਬਾਖ਼ੂਬੀ ਨਿਭਾਇਆ ਜਦੋਂਕਿ ਨੇਤਾ ਹੋ ਰਹੇ ਘਾਣ ਨੂੰ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ। ਨਾਵਲ ਵਿਚ ਇਕ ਤੱਥ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ 1947 ਦੀ ਵੰਡ ਦਾ ਸੰਤਾਪ ਸਿਰਫ਼ ਪੰਜਾਬ ਖੇਤਰ ਨੂੰ ਹੀ ਹੰਢਾਉਣਾ ਪਿਆ। ਪੰਜਾਬ ਦੀ ਬਹਾਦਰੀ ਦੇ ਬੀਜ ਨੂੰ ਖ਼ਤਮ ਕਰਨ ਦੇ ਯਤਨ ਹੁੰਦੇ ਰਹੇ ਹਨ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਛੇਵੇਂ ਦਰਿਆ ਨੇ ਜਿਉਂਦੀ ਲਾਸ਼ ਬਣਾ ਦਿੱਤਾ ਹੈ। ਨਾਵਲਕਾਰ ਅਜ਼ੀਜ਼ ਸਰੋਏ ਆਪਣੇ ਨਾਵਲ ‘ਆਪਣੇ ਲੋਕ’ ਵਿਚ ਆਧੁਨਿਕ ਮਨੁੱਖਤਾ ਨੂੰ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਇਤਿਹਾਸ ਵਿਚ ਵਾਪਰੇ ਕਤਲੇਆਮ ਦੀ ਜਗ੍ਹਾ ਭਾਈਚਾਰਕ ਸਾਂਝ ਵਾਲੇ ਸਮਾਜ ਦੀ ਸਿਰਜਣਾ ਕਰੋ। ਵੰਡ ਚਾਹੇ ਘਰ ਦੀ ਹੋਵੇ, ਚਾਹੇ ਪਿੰਡ ਦੀ, ਚਾਹੇ ਕਸਬੇ ਦੀ, ਚਾਹੇ ਦੇਸ਼ ਦੀ, ਚਾਹੇ ਵਿਸ਼ਵ ਦੀ, ਇਸ ਨੇ ਮਨੁੱਖਤਾ ਨੂੰ ਖ਼ਤਮ ਹੀ ਕੀਤਾ ਹੈ। ਇਸ ਲਈ ਆਪਣੇ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਸਾਂਝੀਵਾਲਤਾ ਦਾ ਸਮਾਜ ਉਸਾਰਿਆ ਜਾਵੇ। ਨਾਵਲਕਾਰ ਨੇ ਨਾਵਲ ਵਿਚ ਪਾਤਰ ਪੰਜਾਬ ਤੇ ਰਫ਼ੀਕ ਰਾਹੀਂ ਹੱਦਬੰਦੀਆਂ ਤੋਂ ਉੱਪਰ ਉੱਠ ਕੇ ਭਾਈਚਾਰਕ ਏਕਤਾ ਦਾ ਸੁਨੇਹਾ ਦਿੱਤਾ ਹੈ। ਪੰਜਾਬ ਵਿਚ ਰਹਿਣ ਵਾਲੇ ਅਨੇਕ ਰਫ਼ੀਕ ਪੰਜਾਬ ਦੀ ਹੋਂਦ ਦੇ ਗਵਾਹ ਹਨ। ਉਹ ਆਪਣੀ ਜਨਮਭੂਮੀ ਤੋਂ ਵੱਖ ਨਹੀਂ ਹੋਣਾ ਚਾਹੁੰਦੇ। ਪੰਜਾਬ ਤੋਂ ਬਿਨਾਂ ਰਫ਼ੀਕ ਤੇ ਰਫ਼ੀਕ ਤੋਂ ਬਿਨਾਂ ਪੰਜਾਬ ਅਧੂਰੇ ਹਨ। ਨਾਵਲ ਆਪਣੇ ਲੋਕਾਂ ਦੀ ਪਛਾਣ ਲਈ ਯਤਨਸ਼ੀਲ ਹੈ। ਇਸ ਪ੍ਰਕਾਰ ਅਜ਼ੀਜ਼ ਸਰੋਏ ਦਾ ਇਹ ਨਾਵਲ ਪੜ੍ਹਣਯੋਗ ਰਚਨਾ ਹੈ ਜੋ ਮਨੁੱਖ ਨੂੰ ਆਪਣੇ ਅਤੀਤ ਦੇ ਅਸਲ ਪੱਖਾਂ ਤੋਂ ਜਾਣੂੰ ਕਰਵਾਉਂਦੀ, ਵਰਤਮਾਨ ਨੂੰ ਸਮਝਣ ਤੇ ਭਵਿੱਖ ਲਈ ਮਾਰਗਦਰਸ਼ਕ ਦੀ ਭੂਮਿਕਾ ਨਿਭਾਉਂਦੀ ਹੈ।