ਸੁਲੱਖਣ ਸਰਹੱਦੀ
ਪੁਸਤਕ ‘ਟੂਮਾਂ’ (ਕੀਮਤ: 195 ਰੁਪਏ; ਆਟਮ ਪਟਿਆਲਾ) ਪ੍ਰਸਿੱਧ ਅਤੇ ਸ਼ਿਅਰਕਾਰੀ ਵਿਚ ਵੱਖਰੀ ਪਛਾਣ ਰੱਖਣ ਵਾਲੇ ਸੰਵੇਦਨਾ ਭਰਪੂਰ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਦਾ ਦੂਜਾ ਗ਼ਜ਼ਲ ਸੰਗ੍ਰਹਿ ਹੈ। ਸੁਰਿੰਦਰ ਨੇ ਥੋੜ੍ਹੀਆਂ ਗ਼ਜ਼ਲਾਂ ਸਿਰਜ ਕੇ ਵੀ ਇਸ ਖੇਤਰ ਵਿਚ ਵੱਡਾ ਨਾਮਣਾ ਖੱਟਿਆ। ਉਸ ਦਾ ਪਹਿਲਾ ਗ਼ਜ਼ਲ ਸੰਗ੍ਰਹਿ ‘ਹਰਫ਼ਾਂ ਦੇ ਪੁਲ’ 2006 ਵਿਚ ਅਤੇ ਦੁਬਾਰਾ 2008 ਵਿਚ ਪ੍ਰਕਾਸ਼ਿਤ ਹੋਇਆ ਜਿਸ ਦੇ ਕਈ ਸ਼ਿਅਰ ਲੋਕਾਂ ਨੂੰ ਬਹੁਤ ਭਾਏ। ਹਥਲੇ ਗ਼ਜ਼ਲ ਸੰਗ੍ਰਹਿ ਵਿਚ ਭਾਵੇਂ ਉਸ ਦੀਆਂ ਪ੍ਰਸਿੱਧ ਗ਼ਜ਼ਲਾਂ ਦੁਬਾਰਾ ਵੀ ਸ਼ਾਮਿਲ ਹਨ, ਪਰ ਬਹੁਤੀਆਂ ਨਵੀਆਂ ਤੇ ਭਾਰਤੀ ਰਾਜਨੀਤੀ, ਧਾਰਮਿਕ ਵਰਤਾਰਿਆਂ ਅਤੇ ਸਿਸਟਮ ਦੀ ਕਰੂਰਤਾ ਉੱਤੇ ਸੰਵੇਦਨਾ ਭਰਪੂਰ ਪ੍ਰਤੀਕਰਮ ਦਰਜ ਕਰਾਉਂਦੀਆਂ ਗ਼ਜ਼ਲਾਂ ਹਨ। ਘਣੀਆਂ ਪਿਛਲੇ 40 ਸਾਲ ਤੋਂ ਗ਼ਜ਼ਲ ਸਿਰਜ ਵੀ ਰਿਹਾ ਹੈ ਅਤੇ ਗ਼ਜ਼ਲ ਦੇ ਮੌਲਣ ਵਾਸਤੇ ਸੰਭਾਵਨਾਵਾਂ ਨੂੰ ਅਮਲੀ ਜ਼ਮੀਨ ’ਤੇ ਨਿਰਖਣ-ਪਰਖਣ ਦਾ ਮੌਕਾ ਵੀ ਪ੍ਰਦਾਨ ਕਰ ਰਿਹਾ ਹੈ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦਾ ਉਹ ਕਈ ਸਾਲ ਜਨਰਲ ਸਕੱਤਰ ਰਹਿਣ ਕਰਕੇ ਗਿਆਨ ਦਾ ਮਸੌਦਾ ਵੀ ਹੈ। ਆਰਥਿਕ, ਅਪਰਾਧਿਕ ਅਤੇ ਮੋੜਾਂ ਉੱਤੇ ਸੂਲੀਆਂ ਸਜਾਈ ਖੜ੍ਹੇ ਰਸਤੇ ਉਸ ਦੇ ਸ਼ਿਅਰਾਂ ਦੇ ਵਿਸ਼ੇ ਹਨ।
ਸੁਰਿੰਦਰ ਗ਼ਜ਼ਲ ਪਾਠਕਾਂ ਦੀ ਬੋਲੀ-ਜ਼ੁਬਾਨ ਵਿਚ ਗੱਲ ਕਰਨ ਵਾਲਾ ਸੁਖ਼ਨਵਰ ਹੈ। ਉਸ ਦੀ ਵਿਚਾਰਧਾਰਾ ਲੋਕ ਵਿਚਾਰਧਾਰਾ ਹੈ। ਉਸ ਦੇ ਬਹੁਤ ਸਾਰੇ ਸ਼ਿਅਰ ਲੋਕਾਂ ਡੰਡੀਆਂ ਉੱਤੇ ਲਿਖ ਲਏ:
* ਜ਼ਮੀਨਾਂ ਮਹਿੰਗੀਆਂ ਵਿਕੀਆਂ, ਜ਼ਮੀਰਾਂ ਸਸਤੀਆਂ ਵਿਕੀਆਂ, ਬੜੀ ਛੋਟੀ ਜਿਹੀ ਕੀਮਤ ’ਤੇ ਨੇ ਵੱਡੀਆਂ ਹਸਤੀਆਂ ਵਿਕੀਆਂ।
* ਸ਼ਿਕਾਰੇ ਡੁੱਬ ਗਏ, ਲਾਸ਼ਾਂ ਲਹੂ ਵਿਚ ਤਰਦੀਆਂ ਨੇ,
ਤੇ ਮਾਵਾਂ ਬੈਠ ਕੇ ਪੱਤਣ ’ਤੇ ਹਉਕੇ ਭਰਦੀਆਂ ਨੇ।
* ਸੁੱਤੇ ਨੇ ਸ਼ੇਰ ਕਾਹਤੋਂ, ਹਾਲੇ ਵੀ ਘੁਰਨਿਆਂ ਵਿਚ?
ਮਿਹਣੇ ਦੇ ਵਾਂਗ ਆਖੇ ਮਿੱਟੀ ਪੰਜਾਬ ਦੀ।
ਘਣੀਆਂ ਪੰਜਾਬੀ ਗ਼ਜ਼ਲ ਦੀ ਤਕਨੀਕ, ਵਿਆਕਰਨ ਅਤੇ ਬਾਰੀਕੀਆਂ ਬਾਰੇ ਬਾਖ਼ੂਬੀ ਜਾਣਦਾ ਹੈ। ਦੀਪਕ ਜੈਤੋਈ ਤੋਂ ਉਸ ਨੇ ਗ਼ਜ਼ਲ ਛੰਦਾਂ, ਬਹਿਰਾਂ, ਕਾਫ਼ੀਏ, ਰਦੀਫ਼ ਅਤੇ ਹੋਰ ਅੰਗਾਂ ਦੀ ਜਾਣਕਾਰੀ ਸ਼ਾਗਿਰਦ ਬਣ ਕੇ ਪ੍ਰਾਪਤ ਕੀਤੀ। ਘਣੀਆਂ ਦੀਆਂ ਗ਼ਜ਼ਲਾਂ ਵਿਚ ਜਿੱਥੇ ਲੋਕ ਰੰਗ ਗੂੜ੍ਹਾ ਹੋਇਆ ਹੈ, ਉੱਥੇ ਹਨੇਰਿਆਂ ਵਿਚ ਸਰਘੀਆਂ ਵੀ ਘੁਲੀਆਂ ਹਨ। ਸ਼ਾਇਰ ਆਸਮੁਖੀ ਹੈ ਕਿ ਇਹ ਫੁੱਲਾਂ ਦੇ ਬੂਟੇ ਜੋ ਲੋਕਾਂ ਨੇ ਆਪਣੇ ਖ਼ੂਨ ਨਾਲ ਸਿੰਜੇ ਹਨ, ਉਨ੍ਹਾਂ ਉੱਤੇ ਆਸਾਂ ਤੇ ਮਹਿਕਾਂ ਦੇ ਫੁੱਲ ਜ਼ਰੂਰ ਖਿੜਨਗੇ: ਲਹੂ ਨਾਲ ਜਦ ਸਿੰਜਿਆ ਕੱਲ੍ਹ ਨੂੰ ਇਨ੍ਹਾਂ ’ਚੋਂ ਹੀ ਫੁੱਲ ਖਿੜਨੇ,/ ਕੀ ਹੋਇਆ ਜੇ ਸੋਚ ਤੇ ਧਰਤੀ ਅੱਜ ਕੱਲ੍ਹ ਬੰਜਰ ਹੋਈਆਂ ਨੇ।
ਨਵ ਪੂੰਜੀਵਾਦੀ ਸੰਸਾਰ-ਨਿਜ਼ਾਮ ਦੇ ਕਾਲੇ ਖੰਭਾਂ ਦੇ ਪ੍ਰਛਾਵਿਆਂ ਹੇਠ ਦੜੇ ਲੋਕਾਂ ਦੇ ਦਿਲਾਂ ਵਿਚ ਧੁਖ਼ਦੇ ਅਹਿਸਾਸ ਇਸ ਸ਼ਾਇਰੀ ਦੀ ਪ੍ਰਾਪਤੀ ਹੈ। ਘਣੀਆਂ ਬਾਜ਼ਾਰ ਦੀ ਵਿਸ਼ਾਲਤਾ ਤੇ ਲੁੱਟ ਦੇ ਹਨੇਰੇ ਵਿਚ ਗੁਆਚੇ ਲੋਕਾਂ ਦੀ ਸ਼ਾਇਰੀ ਵਿਚ ਆਵਾਜ਼ ਹੈ।
ਸੰਪਰਕ: 94174-84337