ਸਤਨਾਮ ਸਿੰਘ ਸ਼ੋਕਰ
‘‘ਕਿਸੇ ਵਧੀਆ ਅਮੀਰ ਮੁਹੱਲੇ ਵਿੱਚ ਕਰ ਲੈ ਹੁਣ ਦੁਕਾਨ, ਪੰਦਰਾਂ ਸਾਲ ਹੋ ਗਏ ਇਸ ਟੁੱਟੇ ਜਿਹੇ ਮੁਹੱਲੇ ਵਿੱਚ ਦੁਕਾਨ ਕਰਦੇ ਨੂੰ, ਕੀ ਖੱਟਿਆ ਹੁਣ ਤੱਕ?’’ ਦੁਕਾਨਦਾਰ ਨੂੰ ਮਿਲਣ ਆਏ ਉਸ ਦੇ ਦੋਸਤ ਨੇ ਕਿਹਾ।
ਇਸ ਤੋਂ ਪਹਿਲਾਂ ਕਿ ਉਹ ਅਪਣੇ ਦੋਸਤ ਦੀ ਗੱਲ ਦਾ ਜਵਾਬ ਦਿੰਦਾ, ਇੱਕ ਗਾਹਕ ਆ ਗਿਆ ਅਤੇ ਬੋਲਿਆ, ‘‘ਬਾਈ, ਦੋ ਰੁਪਏ ਦਾ ਲੂਣ, ਦੋ ਰੁਪਏ ਦੀ ਚਾਹ ਪੱਤੀ ਅਤੇ ਪੰਜ ਕੁ ਰੁਪਏ ਦਾ ਗੁੜ ਦੇਈਂ।’’
ਉਸ ਨੇ ਲੂਣ ਦੀ ਨਵੀਂ ਥੈਲੀ ਪਾੜ ਕੇ ਦੋ ਰੁਪਏ ਦੇ ਲੂਣ ਦੀ ਕਾਗਜ਼ ਦੀ ਪੁੜੀ ਬਣਾ ਦਿੱਤੀ, ਇੱਕ ਪੁੜੀ ਵਿੱਚ ਚਾਹ ਪੱਤੀ ਦੀ ਪੁੜੀ ਬੰਨ੍ਹ ਦਿੱਤੀ ਅਤੇ ਦੋ ਤਿੰਨ ਛੋਟੀਆਂ ਛੋਟੀਆਂ ਗੁੜ ਦੀਆਂ ਡਲੀਆਂ ਹੱਥ ਵਿੱਚ ਹੀ ਫੜਾ ਦਿੱਤੀਆਂ। ਤੁਰਨ ਲੱਗਿਆ ਗਾਹਕ ਬੋਲਿਆ, ‘‘ਬਾਈ, ਲਿਖ ਲਈਂ ਇਹ ਨੌਂ ਰੁਪਏ,’’ ਅਤੇ ਦੁਕਾਨ ਤੋਂ ਬਾਹਰ ਹੋ ਗਿਆ। ਉਸ ਨੇ ਇੱਕ ਕਾਪੀ ਵਿੱਚ ਨੌਂ ਰੁਪਏ ਦਾ ਉਧਾਰ ਚੜ੍ਹਾ ਦਿੱਤਾ।
‘‘ਹਾਂ! ਫੇਰ ਦੱਸਿਆ ਨਹੀਂ, ਦੁਕਾਨ ਕਿਸੇ ਵਧੀਆ ਜਿਹੇ ਮੁਹੱਲੇ ਵਿੱਚ ਕਿਉਂ ਨਹੀਂ ਖੋਲ੍ਹ ਲੈਂਦਾ?’’ ਦੋਸਤ ਨੇ ਫੇਰ ਪੁੱਛਿਆ। ਉਹ ਕੁਝ ਬੋਲਦਾ, ਉਸ ਤੋਂ ਪਹਿਲਾਂ ਇੱਕ ਅੱਧਖੜ ਜਿਹੀ ਗ਼ਰੀਬੜੀ ਜਿਹੀ ਤੀਵੀਂ ਦੁਕਾਨ ਵਿੱਚ ਆ ਕੇ ਬੋਲੀ, ‘‘ਇੱਕ ਆਂਡਾ, ਪੰਜ ਰੁਪਏ ਦਾ ਸਰ੍ਹੋਂ ਦਾ ਤੇਲ, ਸੱਤੇ ਦੇ ਭਾਪੇ ਲਈ ਬੀੜੀਆਂ ਦਾ ਬੰਡਲ ਅਤੇ ਇੱਕ ਤੀਲ੍ਹਾਂ ਦੀ ਡੱਬੀ ਦੇ ਦੇ।’’ ਉਸ ਨੇ ਸਾਰੀ ‘ਗਰੌਸਰੀ’ ਮੋਮੀ ਕਾਗਜ਼ ਦੇ ਲਿਫ਼ਾਫ਼ੇ ਵਿੱਚ ਪਾ ਕੇ ਫੜਾ ਦਿੱਤੀ।
‘‘ਕਿੰਨੇ ਪੈਸੇ ਹੋਏ ਜੀ?’’ ਤੀਵੀਂ ਨੇ ਪੁੱਛਿਆ।
‘‘14 ਰੁਪਏ,’’ ਉਸ ਨੇ ਕਿਹਾ।
‘‘ਲਿਖ ਲਿਓ,’’ ਕਹਿ ਕੇ ਤੀਵੀਂ ਚਲੀ ਗਈ।
‘‘ਹਾਂ ਦੱਸ ਫੇਰ! ਤੇਰਾ ਤਾਂ ਬਹੁਤ ਭੈੜਾ ਹਾਲ ਐ। ਅਜੇ ਵੀ ਸਮਾਂ ਏ ਕਿਸੇ ਵਧੀਆ ਅਮੀਰ ਜਿਹੇ ਮੁਹੱਲੇ ਵਿੱਚ ਦੁਕਾਨ ਖੋਲ੍ਹ ਲੈ।’’ ਮਿੱਤਰ ਹਮਦਰਦੀ ਵਿਖਾ ਰਿਹਾ ਸੀ।
ਉਸ ਦੇ ਜਵਾਬ ਦੇਣ ਤੋਂ ਪਹਿਲਾਂ ਖਊਂ ਖਊਂ ਕਰਦਾ ਇੱਕ ਬਜ਼ੁਰਗ ਦੁਕਾਨ ਅੱਗੇ ਆ ਕੇ ਬੋਲਿਆ, ‘‘ਪੋਤੇ ਲਈ ਪੰਜ ਰੁਪਏ ਵਾਲੀ ਕਾਪੀ ਅਤੇ ਇੱਕ ਫਿਲਸਣ ਦੇ ਦੇ।’’ ਬਜ਼ੁਰਗ ਨੂੰ ਸਾਹ ਚੜ੍ਹਿਆ ਹੋਇਆ ਸੀ, ਸ਼ਾਇਦ ਦਮੇ ਦਾ ਦੌਰਾ ਸੀ। ਕਾਪੀ ਅਤੇ ਪੈਨਸਿਲ ਫੜਦਾ ਬਜ਼ੁਰਗ ਬੋਲਿਆ, ‘‘ਦਸ ਰੁਪਏ ਵੀ ਦੇਈਂ, ਅੱਜ ਜ਼ਿਆਦਾ ਹੀ ਤੰਗ ਹਾਂ, ਡਾਕਟਰ ਤੋਂ ਟੀਕਾ ਲਗਵਾ ਲਵਾਂ, ਸਾਹ ਜ਼ਰਾ ਸੌਖਾ ਹੋ ਜੂ। ਕਈ ਦਿਨ ਤੋਂ ਸਾਰਦਾ ਆ ਰਿਹਾਂ ਪਰ ਅੱਜ ਤਾਂ ਸਾਹ ਹੀ ਨਹੀਂ ਆਉਂਦਾ।’’
ਉਸ ਨੇ ਦੁਕਾਨ ਤੋਂ ਬਾਹਰ ਆ ਕੇ ਬਜ਼ੁਰਗ ਨੂੰ ਦਸ ਰੁਪਏ ਦੇ ਦਿੱਤੇ ਤੇ ਬੋਲਿਆ, ‘‘ਅੱਗੇ ਤੋਂ ਜ਼ਿਆਦਾ ਤੰਗ ਹੋਵੇਂ ਤਾਂ ਡਾਕਟਰ ਤੋਂ ਦਵਾਈ ਲੈ ਲਿਆ ਕਰ। ਮੈਂ ਆਪੇ ਪੈਸੇ ਦੇ ਦਿਆ ਕਰਾਂਗਾ।’’
‘‘ਐਦਾਂ ਤੇਰਾ ਹੋ ਲਿਆ ਗੁਜ਼ਾਰਾ, ਸਵੇਰ ਦਾ ਵੇਖ ਰਿਹਾਂ, ਪੰਜ ਰੁਪਏ ਨਕਦ ਨਹੀਂ ਆਏ।’’
ਉਹ (ਦੁਕਾਨਦਾਰ) ਕੁਝ ਬੋਲਣ ਹੀ ਲੱਗਾ ਸੀ ਕਿ ਇੱਕ ਤੀਵੀਂ ਕਿੱਲੋ ਕੁ ਦਾ ਡੋਲੂ ਲੈ ਕੇ ਆ ਗਈ।
‘‘ਭਰ ਦੇ ਹੁਣ ਡੋਲੂ,’’ ਮਿੱਤਰ ਤਨਜ਼ ਕਸਦਿਆਂ ਹੌਲੀ ਜਿਹੀ ਬੋਲਿਆ।
ਤੀਵੀਂ ਨੇ ਸੁਣਿਆ ਨਾ। ਉਹ ਆਪਮੁਹਾਰੇ ਬੋਲੀ, ‘‘ਮੈਂ ਸਵੇਰ ਦੀ ਵੇਖਦੀ ਹਾਂ, ਬਾਈ ਕੋਲ ਸਵੇਰ ਦਾ ਦੋਸਤ ਆਇਆ ਬੈਠਾ, ਬਾਈ ਨੂੰ ਤਾਂ ਗੱਲ ਕਰਨ ਦੀ ਵਿਹਲ ਨਹੀਂ। ਮੈਂ ਦੁੱਧ ਗਰਮ ਕਰ ਕੇ ਲਿਆਈ ਹਾਂ। ਘਰ ਖੰਡ ਨਹੀਂ ਸੀ, ਸੋਚਿਆ ਬਾਈ ਦਾ ਮਿੱਤਰ ਗੁੜ ਵਾਲਾ ਦੁੱਧ ਪੀਵੇ ਜਾਂ ਨਾ। ਤੁਸੀਂ ਖੰਡ ਘੋਲ ਕੇ ਪੀ ਲਵੋ। ਘਰ ਮੱਝ ਖੜ੍ਹੀ ਦਾ ਕੀ ਫ਼ਾਇਦਾ ਜੇ ਬਾਈ ਦੇ ਦੋਸਤ ਨੂੰ ਦੁੱਧ ਵੀ ਪੀਣ ਨੂੰ ਨਾ ਮਿਲੇ। ਡੋਲੂ ਗੁੱਲੂ ਲੈ ਜਾਵੇਗਾ।’’ ਇੰਨਾ ਕਹਿ ਕੇ ਉਹ ਤੁਰ ਗਈ।
‘‘ਪਰ ਇਸ ਤਰ੍ਹਾਂ ਯਾਰ ਜੀਵਨ ਕਿਵੇਂ ਲੰਘੇਗਾ? ਆਪਣਾ ਕਿਸੇ ਚੰਗੀ ਥਾਂ ਟਿਕਾਣਾ ਬਣਾ ਹੁਣ।’’ ਦੋਸਤ ਨੂੰ ਜ਼ਿਆਦਾ ਹੀ ਫ਼ਿਕਰ ਸੀ ਕਮਾਈ ਦਾ।
ਇੰਨੇ ਨੂੰ ਇੱਕ ਗਾਹਕ ਹੋਰ ਆ ਗਿਆ ਅਤੇ ਜੇਬ ਵਿੱਚੋਂ 100-100 ਦੇ ਛੇ ਨੋਟ ਅਤੇ ਦੋ ਨੋਟ 20-20 ਦੇ ਫੜਾ ਕੇ ਬੋਲਿਆ, ‘‘ਐਤਕੀਂ ਦਿਹਾੜੀਆਂ ਲੇਟ ਮਿਲੀਆਂ ਇਸ ਲਈ ਪੈਸੇ ਲੇਟ ਹੋ ਗਏ। ਕੱਟ ਦੇਈਂ ਸਾਰੇ।’’
‘‘ਕੋਈ ਗੱਲ ਨਹੀਂ। ਹੋਰ ਚਾਹੀਦੈ ਕੁਝ?’’
‘‘ਸਭ ਕੁਝ ਹੈਗਾ ਅਜੇ। ਬੱਸ ਪੰਜ ਰੁਪਏ ਦੇ ਆਲੂ, ਪੰਜ ਰੁਪਏ ਦੇ ਪਿਆਜ ਦੇ ਦੇ। ਦੋ ਤਿੰਨ ਹਰੀਆਂ ਮਿਰਚਾਂ ਦੇ ਦੇ। ਅੱਜ ਅੰਬੀ ਅਤੇ ਪੁਦੀਨੇ ਦੀ ਚਟਣੀ ਕੁੱਟਾਂਗੇ।’’
ਉਸ ਨੇ ਅੰਦਾਜ਼ੇ ਨਾਲ ਹੀ ਆਲੂ ਪਿਆਜ਼ ਅਤੇ ਚਾਰ ਪੰਜ ਹਰੀਆਂ ਮਿਰਚਾਂ ਪਾ ਕੇ ਫੜਾ ਦਿੱਤੀਆਂ। ਮੁਹੱਲੇ ਦੀ ਦੁਕਾਨ ਦਾ ਇਹੋ ਨਜ਼ਾਰਾ ਹੈ, ਹਰੀ ਸਬਜ਼ੀ ਤੋਂ ਲੈ ਕੇ ਸਿਰਦਰਦ ਦੀ ਬੱਟੀ ਤੱਕ ਸਭ ਮਿਲ ਜਾਂਦਾ ਹੈ।
ਉਸ ਨੇ ਕਾਪੀ ਕੱਢ ਕੇ ਪੁਰਾਣੇ ਖਾਤੇ ’ਤੇ ਕਾਟਾ ਮਾਰਿਆ ਅਤੇ ਨਵਾਂ ਖਾਤਾ ਪੰਜ ਦੇ ਆਲੂ, ਪੰਜ ਦੇ ਪਿਆਜ਼ ਲਿਖ ਕੇ ਚਾਲੂ ਕਰ ਦਿੱਤਾ।
ਅਜੇ ਪਹਿਲਾ ਗਾਹਕ ਦੁਕਾਨ ਤੋਂ ਬਾਹਰ ਹੋਇਆ ਹੀ ਸੀ। ਨੌਵੀਂ ਦਸਵੀਂ ਜਮਾਤ ਵਿੱਚ ਪੜ੍ਹਦੀ ਇੱਕ ਕੁੜੀ ਆਈ ਤੇ ਬੋਲੀ, ‘‘ਚਾਚੂ ਜਿਹੜੀ ਪਰਚੀ ਤੈਨੂੰ ਸਵੇਰੇ ਦਿੱਤੀ ਸੀ ਉਹ ਸਮਾਨ ਦੇ ਦੇ, ਲੱਛੂ ਚਾਚੇ ਦੀ ਕੁੜੀ ਨੇ ਵੀ ਇਹੋ ਸਮਾਨ ਮੰਗਵਾਇਆ। ਪੈਸੇ ਲਿਖ ਲਵੀਂ ਬੇਬੇ ਜਾਂ ਬਾਪੂ ਦੇ ਜਾਵੇਗਾ।’’
ਉਹ ਅੰਦਰ ਗਿਆ ਦੋ ਕਾਲੇ ਅਪਾਰਦਰਸ਼ੀ ਲਿਫ਼ਾਫ਼ਾ ਲਿਆ ਕੇ ਕੁੜੀ ਨੂੰ ਫੜਾ ਦਿੱਤੇ। ਕੁੜੀ ਲਿਫ਼ਾਫ਼ੇ ਬੁੱਕਲ ਵਿੱਚ ਲੁਕੋ ਕੇ ਘਰ ਵੱਲ ਚਲੀ ਗਈ।
ਮਿੱਤਰ ਨੇ ਵਿਹਲ ਜਿਹਾ ਵੇਖ ਕੇ ਫੇਰ ਪੁੱਛਿਆ ‘‘ਹਾਂ, ਤੂੰ ਉੱਤਰ ਨਹੀਂ ਦਿੱਤਾ। ਦੱਸ ਫੇਰ ਕੀ ਸਲਾਹ ਹੈ, ਮੈਂ ਕੁਝ ਮੱਦਦ ਕਰਾਂ?’’
‘‘ਕਿਹੜੀ ਸਲਾਹ, ਕਿਹੜਾ ਉੱਤਰ! ਮੈਂ ਤਾਂ ਸੋਚਿਆ ਤੈਨੂੰ ਉੱਤਰ ਮਿਲ ਗਿਆ ਹੋਣਾ? ਅਮੀਰ ਮੁਹੱਲੇ ਦੇ ਵਾਸੀ ਮੇਰੇ ਦੋਸਤਾ, ਮੈਂ ਇਨ੍ਹਾਂ ਨੂੰ ਛੱਡ ਕੇ ਕਿੱਥੇ ਜਾਵਾਂ? ਇਨ੍ਹਾਂ ਨੂੰ ਇੱਕ ਆਂਡਾ ਕੌਣ ਉਧਾਰ ਦੇਵੇਗਾ ਜਿਸ ਦੀ ਤਰੀ ਬਣਾ ਕੇ ਘਰ ਦੇ ਛੇ ਜੀਆਂ ਨੇ ਰੋਟੀ ਖਾਣੀ ਹੈ। ਇਨ੍ਹਾਂ ਨੂੰ ਦੋ ਰਪਏ ਦਾ ਲੂਣ ਤੀਹ ਰੁਪਏ ਦੀ ਥੈਲੀ ਪਾੜ ਕੇ ਕੌਣ ਦੇਵੇਗਾ ਅਤੇ ਉਹ ਵੀ ਉਧਾਰ। ਸੌਦੇ ਦੇ ਨਾਲ ਨਾਲ ਦਵਾਈ ਲੈਣ ਲਈ ਨਕਦ ਰੁਪਏ ਕੌਣ ਦੇਵੇਗਾ। ਮਰ ਨਹੀਂ ਜਾਣਗੇ ਅਜਿਹੇ ਬਜ਼ੁਰਗ ਸਾਹ ਰੁਕ ਜਾਣ ਨਾਲ? ਇਨ੍ਹਾਂ ਦਾ ਦੋ ਦੋ ਰੁਪਏ ਦਾ ਉਧਾਰ ਕੌਣ ਲਿਖੇਗਾ। ਲੱਛੂ ਦੀ ਕੁੜੀ ਵਰਗੀਆਂ ਧੀਆਂ ਦਾ ਪਰਦਾ ਕੌਣ ਰੱਖੇਗਾ? ਇਨ੍ਹਾਂ ਲੋਕਾਂ ਨੂੰ ਮੇਰੇ ਉੱਤੇ ਅਥਾਹ ਭਰੋਸਾ ਹੈ। ਨਾਲੇ ਬਿਨਾ ਬੇਈਮਾਨੀ ਕੀਤਿਆਂ ਵੀ ਮੈਨੂੰ ਐਥੇ ਮਹੀਨੇ ਦੇ ਚਾਰ ਪੰਜ ਹਜ਼ਾਰ ਬਚ ਜਾਂਦੇ ਹਨ। ਬਹੁਤ ਹਨ ਮੇਰੇ ਲਈ। ਐਥੇ ਮੇਰਾ ਕਿਸੇ ਨਾਲ ਕਦੇ ਝਗੜਾ ਨਹੀਂ ਹੋਇਆ। ਕਦੇ ਇੱਕ ਪੈਸੇ ਦਾ ਉਧਾਰ ਨਹੀਂ ਮਰਿਆ। ਇੱਜ਼ਤ ਖ਼ੁਸ਼ੀ ਸਕੂਨ ਰੂੰਗੇ ਵਿੱਚ ਮਿਲਦੇ ਹਨ। ਹਾਂ, ਹੁਣ ਦੱਸ ਤੂੰ ਕੀ ਚਾਹੁੰਦਾ ਏਂ?’’
ਚੁੱਪ… ਸ਼ਾਇਦ ਮਿੱਤਰ ਕੋਲ ਕੋਈ ਸਵਾਲ ਬਾਕੀ ਰਿਹਾ ਹੀ ਨਹੀਂ ਸੀ।
ਸੰਪਰਕ: 98883-40245
ਬਾਪੂ ਦੀ ਸਿੱਖਿਆ
ਡਾ. ਸੰਦੀਪ ਸਿੰਘ ਮੁੰਡੇ
ਇੱਕ ਛੋਟੇ ਕਿਰਤੀ ਕਿਸਾਨ ਨੇ ਆਪਣੇ ਪੁੱਤਰ ਗੁਰਮੇਲ ਸਿੰਘ ਨੂੰ ਸਮਝਾ-ਬੁਝਾ ਕੇ ਪਟਵਾਰੀ ਦੇ ਘਰ ਜਮ੍ਹਾਂਬੰਦੀ ਦੀ ਨਕਲ ਲੈਣ ਲਈ ਭੇਜਿਆ। ਗੁਰਮੇਲ ਸਿੰਘ ਨੇ ਪਟਵਾਰੀ ਸ਼ਾਮ ਸਿੰਘ ਦੇ ਘਰ ਵੱਲ ਚਾਲੇ ਪਾਏ ਅਤੇ ਉਸ ਦੇ ਘਰ ਵਿੱਚ ਬਣੇ ਦਫ਼ਤਰ ’ਚ ਵੜਦਿਆਂ ਫ਼ਤਹਿ ਬੁਲਾਈ, ‘‘ਸਤਿ ਸ੍ਰੀ ਅਕਾਲ।’’
‘‘ਸਤਿ ਸ੍ਰੀ ਅਕਾਲ ਤਾਂ ਠੀਕ ਹੈ, ਤੇਰੇ ਅਨਪੜ੍ਹ ਮਾਂ-ਪਿਓ ਨੇ ਤੈਨੂੰ ‘ਜੀ’ ਕਹਿਣਾ ਨਹੀਂ ਸਿਖਾਇਆ? ਕੁਝ ਅਕਲ-ਥੇਹ ਪੱਲੇ ਹੈ ਕਿ ਨਹੀਂ ਤੇਰੇ? ਪਤਾ ਨਹੀਂ ਤੈਨੂੰ ਵੱਡੇ ਤੇ ਅਫ਼ਸਰ ਬੰਦੇ ਨੂੰ ‘ਸਤਿ ਸ੍ਰੀ ਅਕਾਲ ਸਾਹਿਬ ਜੀ’ ਕਹਿ ਕੇ ਬੁਲਾਇਆ ਜਾਂਦਾ ਹੈ!’’ ਪਟਵਾਰੀ ਸ਼ਾਮ ਸਿੰਘ ਨੇ ਗੱਦੇ ਵਰਗੀ ਕੁਰਸੀ ’ਤੇ ਬੈਠਦਿਆਂ ਕਿਹਾ।
‘‘ਗੁਸਤਾਖ਼ੀ ਲਈ ਮੁਆਫ਼ੀ ਦੇਣਾ ਜੀ,’’ ਗੁਰਮੇਲ ਸਿੰਘ ਨੇ ਹੱਥ ਜੋੜਦਿਆਂ ਤੇ ਮਿੰਨਤ-ਤਰਲਾ ਕਰਦਿਆਂ ਕਿਹਾ। ‘‘ਕਿਹਦਾ ਮੁੰਡਾ ਐਂ ਤੂੰ? ਕਿਵੇਂ ਆਇਆ ਐਂ? ਕੀ ਕੰਮ ਹੈ ਤੈਨੂੰ? ਕਿਵੇਂ ਤੜਕਸਾਰ ਹੀ ਖਾਲੀ ਹੱਥ ਲਮਕਾਈ ਮੂੰਹ ਚੁੱਕ ਕੇ ਆ ਗਿਐਂ? ਕੋਈ ਕੰਮ ਸੀ ਤਾਂ ਤੇਰੇ ਪਿਓ ਤੋਂ ਨਹੀਂ ਸੀ ਆਇਆ ਜਾਂਦਾ?’’ ਪਟਵਾਰੀ ਸ਼ਾਮ ਸਿੰਘ ਨੇ ਮੱਥੇ ’ਤੇ ਤਿਉੜੀਆਂ ਪਾਉਂਦਿਆਂ ਸਵਾਲਾਂ ਦੀ ਝੜੀ ਲਗਾ ਦਿੱਤੀ। ਗੁਰਮੇਲ ਸਿੰਘ ਨੇ ਜੁਆਬ ਦੇਣ ਲਈ ਮੂੰਹ ਖੋਲ੍ਹਿਆ ਹੀ ਸੀ ਕਿ ਪਟਵਾਰੀ ਸ਼ਾਮ ਸਿੰਘ ਦੇ ਮੋਬਾਈਲ ਦੀ ਘੰਟੀ ਵੱਜੀ। ਇਹ ਫੋਨ ਉਸ ਨੂੰ ਉਸ ਦੇ ਲਾਡਲੇ ਤੇ ਵਿਗੜੈਲ ਮੁੰਡੇ ਵਿੱਕੀ ਨੇ ਕੀਤਾ ਸੀ। ਮੋਬਾਈਲ ਚੁੱਕਦਿਆਂ ਹੀ ਵਿੱਕੀ ਦੀ ਆਵਾਜ਼ ਪਟਵਾਰੀ ਸ਼ਾਮ ਸਿੰਘ ਦੇ ਕੰਨਾਂ ਵਿੱਚ ਗੂੰਜੀ, ‘‘ਬਾਪੂ ਓਏ, ਤੈਨੂੰ ਕਿੰਨੀ ਵਾਰੀ ਕਿਹਾ ਕਿ ਮੈਂ ਇਸ ਸਕੂਲ ’ਚ ਨਹੀਂ ਪੜ੍ਹਨਾ। ਰੋਜ਼ ਹੀ ਇੱਥੋਂ ਦੇ ਮਾਸਟਰ ਲਿਖਣ ਤੇ ਯਾਦ ਕਰਨ ਵਾਲਾ ਪੰਗਾ ਖੜ੍ਹਾ ਕਰੀ ਰੱਖਦੇ ਐ। ਅੱਜ ਤਾਂ ਦਰਸ਼ੂ ਮਾਸਟਰ ਐਵੇਂ ਹੀ ਸਿਰ ਚੜ੍ਹੀ ਜਾਂਦਾ ਸੀ ਤੇ ਕਹਿੰਦਾ ਕਿ ਇਹ ਪਾਠ ਤੂੰ ਲਿਖ ਕੇ ਤੇ ਯਾਦ ਕਰ ਕੇ ਕਿਉਂ ਨਹੀਂ ਲਿਆਇਆ?’’ ‘‘ਤੂੰ ਉਸ ਨੂੰ ਦੱਸਿਆ ਕਿ ਨਹੀਂ, ਮੇਰਾ ਬਾਪੂ ਕੌਣ ਹੈ? ਸ਼ਾਇਦ ਉਸ ਨੂੰ ਪਤਾ ਨਹੀਂ ਹੋਣਾ। ਦਬਕ ਦੇਣਾ ਸੀ ਸਹੁਰੇ ਨੂੰ, ਇਹ ਦਬਕੇ ਬਿਨਾਂ ਸੂਤ ਨਹੀਂ ਆਉਂਦੇ।’’ ਪਟਵਾਰੀ ਸ਼ਾਮ ਸਿੰਘ ਨੇ ਆਪਣੇ ਮੁੰਡੇ ਦੀ ਤਰਫ਼ਦਾਰੀ ਕਰਦਿਆਂ ਅਤੇ ਉਸ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ। ‘‘ਬਾਪੂ ਓਏ, ਮੈਂ ਤਾਂ ਤੈਨੂੰ ਬਿਨਾਂ ਪੁੱਛੇ ਹੀ ਉਸ ਦੀ ਮਾਸਟਰੀ ਜਿਹੀ ਝਾੜਤੀ, ਉਸ ਨੂੰ ਸਿੱਧਾ ਧੌਣ ਤੋਂ ਫੜ ਕੇ ਪੰਜ-ਸੱਤ ਥਪੇੜੇ ਠੋਕਤੇ। ਹੁਣ ਉਹ ਪ੍ਰਿੰਸੀਪਲ ਕੋਲ ਜਾ ਕੇ ਰੌਲਾ ਜਿਹਾ ਪਾਈ ਜਾਂਦੈ, ਨਾਲੇ ਕਹਿੰਦਾ ਪੁਲੀਸ ਕੇਸ ਕਰੂੰ। ਦੱਸ ਕਿਵੇਂ ਕਰਾਂ ਹੁਣ?’’ ਵਿੱਕੀ ਨੇ ਆਪਣੀ ਬਹਾਦਰੀ ਦੇ ਕਾਰਨਾਮੇ ਦੱਸਦਿਆਂ ਕਿਹਾ।
‘‘ਤੂੰ ਡਰੀਂ ਨਾ ਐਵੇਂ, ਕੁਝ ਨਹੀਂ ਵਿਗੜਦਾ ਤੇਰਾ। ਵਾਧੂ ਜਾਣ-ਪਛਾਣ ਹੈ ਤੇਰੇ ਬਾਪੂ ਦੀ ਇਸ ਇਲਾਕੇ ’ਚ। ਦਰਸ਼ੂ ਮਾਸਟਰ ਤਾਂ ਲੇਲ੍ਹੜੀਆਂ ਕੱਢਦਾ ਘਰ ਆ ਕੇ ਮੁਆਫ਼ੀ ਮੰਗ ਕੇ ਜਾਊ,’’ ਪਟਵਾਰੀ ਸ਼ਾਮ ਸਿੰਘ ਨੇ ਆਪਣੀ ਤਾਕਤ ਅਤੇ ਰੁਤਬੇ ਦੀ ਸ਼ੇਖੀ ਮਾਰਦਿਆਂ ਕਿਹਾ।
ਗੁਰਮੇਲ ਸਿੰਘ ਨੇ ਉਨ੍ਹਾਂ ਪਿਉ-ਪੁੱਤਾਂ ਦੀਆਂ ਮੋਬਾਈਲ ’ਤੇ ਹੋਈਆਂ ਸਾਰੀਆਂ ਗੱਲਾਂ ਸੁਣ ਲਈਆਂ ਸਨ। ਉਹ ਕੁਝ ਬੋਲਣ ਹੀ ਲੱਗਿਆ ਸੀ ਕਿ ਪਟਵਾਰੀ ਸ਼ਾਮ ਸਿੰਘ ਉਸ ਨੂੰ ਕਹਿੰਦਾ, ‘‘ਤੂੰ ਜਾ ਹੁਣ। ਕੱਲ੍ਹ ਨੂੰ ਤੇਰੇ ਬਾਪੂ ਨੂੰ ਭੇਜੀਂ। ਮੇਰੇ ਕੋਲ ਸਮਾਂ ਨਹੀਂ ਹੈ ਤੇਰੀ ਗੱਲ ਸੁਣਨ ਦਾ। ਕੋਈ ਜ਼ਰੂਰੀ ਕੰਮ ਹੋ ਗਿਆ ਹੈ ਮੈਨੂੰ।’’
ਗੁਰਮੇਲ ਸਿੰਘ ਪਟਵਾਰੀ ਦੇ ਦਫ਼ਤਰ ਵਿੱਚੋਂ ਬਾਹਰ ਨਿਕਲਦਿਆਂ ਆਪਣੇ ਬਾਪੂ ਅਤੇ ਵਿੱਕੀ ਦੇ ਬਾਪੂ ਦੀ ਦਿੱਤੀ ਸਿੱਖਿਆ ਦੀ ਪੜਚੋਲ ਕਰ ਰਿਹਾ ਸੀ ਕਿ ਮੇਰੇ ਅਨਪੜ੍ਹ ਤੇ ਕਿਰਤੀ ਬਾਪੂ ਨੇ ਮੈਨੂੰ ਕਿਹੜੀ ਚੰਗੀ ਸਿੱਖਿਆ ਨਹੀਂ ਦਿੱਤੀ ਅਤੇ ਵਿੱਕੀ ਨੂੰ ਉਸ ਦਾ ਪੜ੍ਹਿਆ-ਲਿਖਿਆ ਬਾਪੂ ਚੰਗਾ ਕੀ ਸਿਖਾ ਰਿਹਾ ਹੈ?
ਸੰਪਰਕ: 94136-52646
ਅਹਿਸਾਸ
ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ
ਫਿਰੋਜ਼ਪੁਰ ਛਾਉਣੀ ਦੇ ਬੱਸ ਅੱਡੇ ਕੋਲ ਉਤਰਿਆ ਸੀ। ਪੀਰਾਂ ਦੀ ਸਮਾਧ ਕੋਲ। ਸਮਾਧ ’ਤੇ ਵਾਹਵਾ ਭੀੜ ਸੀ। ਸ਼ਾਇਦ ਕੋਈ ਮੇਲਾ ਸੀ। ਤਹਿਸੀਲ ਦਫ਼ਤਰ ਜਾਣ ਵਾਲੀ ਫ਼ਾਜ਼ਿਲਕਾ-ਅਬੋਹਰ ਦੀ ਸਵਾਰੀ ਇੱਥੇ ਹੀ ਲਹਿ ਜਾਂਦੀ ਹੈ। ਨੇੜੇ ਹੀ ਦਫ਼ਤਰ ਹੈ। ਮੈਂ ਸ਼ਹਿਰ ਜਾਣਾ ਸੀ। ਛਾਉਣੀ ਤੇ ਸ਼ਹਿਰ ਵਿੱਚ ਥੋੜ੍ਹਾ ਹੀ ਫ਼ਾਸਲਾ ਹੈ। ਆਟੋ ਤਿਆਰ ਸੀ। ਇਸ ਵਿੱਚ ਦੋ-ਚਾਰ ਵੱਡੀ ਉਮਰ ਦੀਆਂ ਬੀਬੀਆਂ ਬੈਠੀਆਂ ਸਨ। ਪੇਂਡੂ ਸੀ ਸ਼ਾਇਦ। ਮੈਂ ਦੂਰੋਂ ਹੱਥ ਦੇ ਕੇ ਆਟੋ ਰੁਕਵਾ ਲਿਆ ਸੀ। ਮੇਰੇ ਕੋਲ ਹੁੰਦੇ ਨੂੰ ਡਰਾਈਵਰ ਬੋਲਿਆ, ‘‘ਛੇਤੀ ਕਰੋ ਸਰਦਾਰ ਜੀ…।’’
ਮੈਂ ਆਟੋ ਵਿੱਚ ਡਰਾਈਵਰ ਦੇ ਬਿਲਕੁਲ ਨਾਲ ਬੈਠ ਗਿਆ। ਛੋਟੀ ਜਿਹੀ ਸੀਟ ਸੀ। ਉਹ ਵੀ ਟੁੱਟੀ ਹੋਈ। ਮੈਂ ਇਕੱਠਾ ਜਿਹਾ ਹੋ ਕੇ ਬੈਠ ਗਿਆ। ਮਿੰਟਾਂ ਦੀ ਵਾਟ ਹੈ। ਪਹੁੰਚ ਹੀ ਜਾਣਾ ਸੀ। ਰਸਤੇ ਵਿੱਚ ਬੀਬੀਆਂ ਨੇ ਸਾਰਾਗੜ੍ਹੀ ਗੁਰਦੁਆਰੇ ਕੋਲ ਆਟੋ ਰੁਕਵਾ ਲਿਆ।
“ਵੇ ਭਾਈ ਰੋਕੀਂ ਜ਼ਰਾ ਆਹ ਅਮਰੂਦ ਲੈ ਲਈਏ…।”
ਅਮਰੂਦਾਂ ਦੇ ਢੇਰ ਲੱਗੇ ਹੋਏ ਸੀ। ਸੀਜ਼ਨ ਸੀ। ਬੀਬੀਆਂ ਅਮਰੂਦ ਛਾਂਟਣ ਲੱਗ ਪਈਆਂ। ਇੱਕ ਚੁੱਕਦੀ, ਦੂਜੀ ਰੱਖਦੀ। ਆਟੋ ਵਾਲਾ ਕਾਹਲਾ ਸੀ। ਅਮਰੂਦਾਂ ਵਾਲਾ ਲਿਫ਼ਾਫ਼ਾ ਭਰਨ ਵਿੱਚ ਨਹੀਂ ਸੀ ਆ ਰਿਹਾ। ਮੈਂ ਘੜੀ ਵੇਖੀ ਜਾਵਾਂ। ਮੈਨੂੰ ਦਫ਼ਤਰ ਪਹੁੰਚਣ ਦੀ ਕਾਹਲ ਸੀ। ਜੇ ਅੱਧੀ ਛੁੱਟੀ ਦਾ ਸਮਾਂ ਹੋ ਗਿਆ… ਦੋ ਘੰਟੇ ਲੇਟ ਹੋ ਜਾਵਾਂਗੇ। ਮੈਨੂੰ ਦੇਰੀ ਦੀ ਚਿੰਤਾ ਦੇ ਨਾਲ -ਨਾਲ ਬੀਬੀਆਂ ਦੀ ਸਾਦਗੀ, ਬੇਖ਼ੌਫ਼ ਤੇ ਨਿਸ਼ਚਿੰਤ ਜ਼ਿੰਦਗੀ ਦਾ ਅਹਿਸਾਸ ਹੋ ਰਿਹਾ ਸੀ।
ਸੰਪਰਕ: 98148-56160
ਪੁੱਠੀ ਰੀਤ
ਬਰਜਿੰਦਰ ਕੌਰ ਬਿਸਰਾਓ
ਸੁਮਨ ਇੱਕ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਦੀ ਇੰਟਰਵਿਊ ਦੇਣ ਗਈ। ਉੱਥੇ ਕੋਈ ਵੀਹ ਕੁ ਜਣੇ ਆਪੋ ਆਪਣੇ ਕਾਗਜ਼ ਰਿਸੈਪਸ਼ਨਿਸਟ ਕੋਲ ਜਮ੍ਹਾਂ ਕਰਵਾ ਰਹੇ ਸਨ। ਰਿਸੈਪਸ਼ਨਿਸਟ ਸਰੀਰਕ ਦਿੱਖ ਤੋਂ ਕਾਫ਼ੀ ਮੋਟੀ ਜਿਹੀ ਪਰ ਸੁਭਾਅ ਪੱਖੋਂ ਥੋੜ੍ਹੀ ਜਿਹੀ ਖੁਸ਼ਮਜਿਾਜ਼ ਲੱਗਦੀ ਸੀ। ਗੱਲ ਕਰਨ ਸਮੇਂ ਜਾਂ ਲਿਖਾ ਪੜ੍ਹੀ ਕਰਨ ਸਮੇਂ ਅੰਗਰੇਜ਼ੀ ਵੀ ਕੰਮ ਸਾਰਨ ਜਿੰਨੀ ਕੁ ਵਰਤਦੀ ਸੀ। ਸੁਮਨ ਸੋਚ ਰਹੀ ਸੀ ਕਿ ਆਮ ਤੌਰ ’ਤੇ ਪ੍ਰਾਈਵੇਟ ਕੰਪਨੀਆਂ ਵਾਲੇ ਰਿਸੈਪਸ਼ਨਿਸਟ ਇਸ ਤੋਂ ਉਲਟ ਖ਼ੂਬੀਆਂ ਵਾਲੇ ਨੂੰ ਹੀ ਰੱਖਦੇ ਹਨ ਜਿਸ ਤੋਂ ਉਸ ਨੂੰ ਲੱਗਿਆ ਕਿ ਉਸ ਨੂੰ ਸਿਫ਼ਾਰਸ਼ ’ਤੇ ਰੱਖਿਆ ਹੋਵੇਗਾ। ਉਸ ਨੂੰ ਦੇਖ ਕੇ ਉਹ ਇਹ ਵੀ ਸੋਚ ਰਹੀ ਸੀ ਕਿ ਪਤਾ ਨਹੀਂ ਉਸ ਨੂੰ ਨੌਕਰੀ ਮਿਲੇਗੀ ਜਾਂ ਨਹੀਂ, ਜਾਂ ਫਿਰ ਇੱਥੇ ਵੀ ਕੋਈ ਸਿਫ਼ਾਰਸ਼ ਵਾਲਾ ਹੀ ਰੱਖ ਲਿਆ ਜਾਵੇਗਾ।
ਆਖ਼ਰ ਸੁਮਨ ਨੂੰ ਨੌਕਰੀ ਮਿਲ਼ ਹੀ ਗਈ। ਉਸ ਦੇ ਮਨ ਵਿਚਲਾ ਡਰ ਦੂਰ ਹੋ ਗਿਆ ਸੀ। ਸੁਮਨ ਹਰ ਰੋਜ਼ ਸਕੂਲ ਡਿਊਟੀ ’ਤੇ ਆਉਣ ਲੱਗੀ। ਰਿਸੈਪਸ਼ਨਿਸਟ ਨਾਲ ਉਸ ਦਾ ਵਾਹ ਸਿਰਫ਼ ਸਵੇਰੇ ਸ਼ਾਮ ਹਾਜ਼ਰੀ ਲਾਉਣ ਵੇਲੇ ਹੀ ਪੈਂਦਾ ਸੀ। ਸੁਮਨ ਦੀ ਕਦੇ ਉਸ ਨਾਲ ਦੁਆ ਸਲਾਮ ਤੋਂ ਵੱਧ ਗੱਲ ਨਾ ਹੋਈ। ਨਾ ਹੀ ਉਸ ਨੇ ਉਸ ਨੂੰ ਕਦੇ ਸਕੂਲ ਨੂੰ ਆਉਂਦੇ ਜਾਂਦੇ ਦੇਖਿਆ ਸੀ ਜਿਸ ਤੋਂ ਪਤਾ ਲੱਗਦਾ ਬਈ ਉਹ ਆਪ ਆਉਂਦੀ ਸੀ ਜਾਂ ਉਸ ਦਾ ਪਤੀ ਛੱਡ ਕੇ ਜਾਂਦਾ ਸੀ। ਦੋ ਕੁ ਮਹੀਨਿਆਂ ਬਾਅਦ ਪਤਾ ਲੱਗਿਆ ਕਿ ਉਸ ਦਾ ਬੇਟਾ ਜਗਮੀਤ ਵੀ ਉਸੇ ਸਕੂਲ ਵਿੱਚ ਪੜ੍ਹਦਾ ਸੀ ਤੇ ਉਹ ਵੀ ਸੁਮਨ ਦੀ ਜਮਾਤ ਵਿੱਚ ਹੀ ਜਿਸ ਦੀ ਉਹ ਇੰਚਾਰਜ ਹੈ। ਫਿਰ ਸੁਮਨ ਉਸ ਨਾਲ ਥੋੜ੍ਹੀ ਬਹੁਤ ਗੱਲ ਕਰਨ ਲੱਗੀ। ਕਦੇ ਜਗਮੀਤ ਦੇ ਟੈਸਟ ਵਿੱਚੋਂ ਘੱਟ ਨੰਬਰ ਆਉਣ, ਕਦੇ ਜਮਾਤ ਵਿੱਚ ਸ਼ਰਾਰਤਾਂ ਕਰਨ ’ਤੇ ਜਾਂ ਫਿਰ ਉਸ ਨੂੰ ਕਿਸੇ ਪ੍ਰਤੀਯੋਗਤਾ ਵਿੱਚ ਭਾਗ ਲੈਣ ਲਈ ਆਖਣ ਬਾਰੇ।
ਇੱਕ ਦਿਨ ਫਿਰ ਰਿਸੈਪਸ਼ਨਿਸਟ ਆਪਣੇ ਬੇਟੇ ਦੀ ਛੁੱਟੀ ਲਈ ਅਰਜ਼ੀ ਦੇਣ ਆਈ ਤਾਂ ਸੁਮਨ ਨੇ ਜਾਣ-ਪਛਾਣ ਵਧਾਉਣ ਦੇ ਮਕਸਦ ਨਾਲ ਅਗਾਂਹ ਗੱਲ ਤੋਰੀ, ‘‘ਪ੍ਰੀਤੀ ਮੈਡਮ, ਜਗਮੀਤ ਦੇ ਅੱਜ ਗਣਤਿ ਦੇ ਟੈਸਟ ਵਿੱਚੋਂ ਨੰਬਰ ਬਹੁਤ ਘੱਟ ਆਏ ਨੇ। ਹੁਣ ਪੇਪਰ ਆਉਣ ਵਾਲੇ ਨੇ। ਤੁਸੀਂ ਇਸਨੂੰ ਬਹੁਤੀਆਂ ਛੁੱਟੀਆਂ ਨਾ ਕਰਵਾਇਆ ਕਰੋ।’’
‘‘ਜਿਸ ਦਿਨ ਮੈਂ ਨਾ ਆਉਣਾ ਹੋਵੇ… ਉਸ ਦਿਨ ਔਖਾ ਹੋ ਜਾਂਦਾ ਹੈ। ਮਜਬੂਰੀ ਵਿੱਚ ਹੀ ਕਰਵਾਉਣੀ ਪੈਂਦੀ ਹੈ!’’ ਉਸ ਨੇ ਜਵਾਬ ਦਿੱਤਾ। ‘‘ਤੁਹਾਡੇ ਪਤੀ ਛੱਡ ਜਾਇਆ ਕਰਨ…!’’ ਸੁਮਨ ਨੇ ਸਲਾਹ ਦਿੱਤੀ।
‘‘ਉਹ… ਹੈ ਨਹੀਂ।’’ ਰਿਸੈਪਸ਼ਨਿਸਟ ਨੇ ਤਿੰਨ ਅੱਖਰਾਂ ਵਿੱਚ ਗੱਲ ਸਪਸ਼ਟ ਕੀਤੀ।
ਸੁਮਨ ਚੁੱਪ ਕਰ ਗਈ ਤੇ ਉਹ ਅਰਜ਼ੀ ਫੜਾ ਕੇ ਚਲੀ ਗਈ। ਸੁਮਨ ਦੇ ਦਿਮਾਗ਼ ਵਿੱਚ ਉਸ ਦੇ ਮੇਕਅੱਪ ਅਤੇ ਕੱਪੜੇ ਪਹਿਨਣ ਦੇ ਤੌਰ ਤਰੀਕਿਆਂ ਬਾਰੇ ਕਈ ਤਰ੍ਹਾਂ ਦੇ ਪ੍ਰਸ਼ਨ ਉੱਠੇ।
ਇੱਕ ਦਿਨ ਉਸ ਨੇ ਸਵੇਰੇ ਸਵੇਰੇ ਹੀ ਸੁਮਨ ਨੂੰ ਹਾਜ਼ਰੀ ਲਾਉਂਦੇ ਵੇਲੇ ਹੀ ਕਹਿ ਦਿੱਤਾ ਕਿ ਉਹ ਜਗਮੀਤ ਦਾ ਪੇਪਰ ਘੰਟੇ ਕੁ ’ਚ ਲੈ ਲਵੇ ਕਿਉਂਕਿ ਉਸ ਨੇ ਛੁੱਟੀ ਲੈ ਕੇ ਜਾਣਾ ਹੈ। ਸੁਮਨ ਨੇ ਜਮਾਤ ਦੀ ਇੰਚਾਰਜ ਹੋਣ ਨਾਤੇ ਕਿਹਾ, ‘‘ਮੈਡਮ, ਅੱਜ ਅੰਗਰੇਜ਼ੀ ਦਾ ਪੇਪਰ ਐ। ਤੁਸੀਂ ਅੱਜ ਤਾਂ ਇਸ ਨੂੰ ਛੁੱਟੀ ਨਾ ਕਰਵਾਉਂਦੇ।’’
‘‘ਕੀ ਕਰਾਂ ਬਹੁਤ ਵੱਡੀ ਮਜਬੂਰੀ ਹੈ…!’’
‘‘ਇਸ ਦਾ ਫਾਈਨਲ ਪੇਪਰ ਐ। ਬੱਚਿਆਂ ਦੇ ਭਵਿੱਖ ਤੋਂ ਵੱਡੀ ਤਾਂ ਕੋਈ ਮਜਬੂਰੀ ਨਹੀਂ ਹੋ ਸਕਦੀ…।’’
‘‘ਕਚਹਿਰੀ ਤਰੀਕ ’ਤੇ ਜਾਣਾ ਏ… ਇਹਦਾ ਜਾਣਾ ਵੀ ਜ਼ਰੂਰੀ ਹੈ।’’
‘‘ਕਿਸ ਕੇਸ ਵਿੱਚ ਮੈਡਮ…?’’
‘‘ਇਹਦੇ ਪਿਓ ਦਾ ਸਿਆਪਾ ਕਰਨਾ…।’’ ਰਿਸੈਪਸ਼ਨਿਸਟ ਬੋਲੀ।
ਸੁਮਨ ਉਸ ਦੀ ਇਹ ਗੱਲ ਸੁਣ ਕੇ ਇਕਦਮ ਬੋਲੀ, ‘‘…ਇਹ ਕੀ ਕਹਿ ਰਹੇ ਹੋ…।’’
‘‘ਤਿੰਨ ਸਾਲ ਪਹਿਲਾਂ ਮੇਰਾ ਘਰ ਬਹੁਤ ਵਧੀਆ ਵਸਿਆ ਹੋਇਆ ਸੀ, ਪਰ ਅਚਾਨਕ ਮੇਰੇ ਦਿਓਰ ਦੀ ਮੌਤ ਹੋ ਗਈ। ਸਾਰਿਆਂ ਨੇ ਆਪਣੀ ਰਜ਼ਾਮੰਦੀ ਨਾਲ ਮੈਨੂੰ ਬਿਨਾਂ ਪੁੱਛੇ, ਮੇਰੀ ਦਰਾਣੀ ਨੂੰ ਮੇਰੇ ਆਦਮੀ ਦੇ ਸਿਰ ਧਰ ਦਿੱਤਾ। ਉਸ ਤੋਂ ਬਾਅਦ ਮੈਂ ਪੇਕੇ ਆ ਗਈ। ਉਨ੍ਹਾਂ ਨੇ ਮੈਨੂੰ ਇੱਥੇ ਨੌਕਰੀ ’ਤੇ ਲਾ ਦਿੱਤਾ ਕਿਉਂਕਿ ਸਕੂਲ ਦੇ ਮਾਲਕ ਮੇਰੇ ਮਾਮਾ ਜੀ ਨੇ ਤੇ ਜਗਮੀਤ ਦਾ ਹੱਕ ਲੈਣ ਲਈ ਕਾਨੂੰਨੀ ਲੜਾਈ ਲੜ ਰਹੀ ਹਾਂ। ਵਿਧਵਾ ਮੇਰੀ ਦਰਾਣੀ ਥੋੜ੍ਹਾ ਹੋਈ… ਵਿਧਵਾ ਤਾਂ ਮੈਂ ਹੋ ਗਈ। ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕਰ ਦਿੱਤਾ ਇਸ ਸਮਾਜ ਦੀਆਂ ਪੁੱਠੀਆਂ ਰੀਤਾਂ ਨੇ…।’’ ਕਹਿੰਦਿਆਂ ਉਸ ਦੀਆਂ ਅੱਖਾਂ ਨਮ ਹੋ ਗਈਆਂ।
ਸੁਮਨ ਉਸ ਦੀ ਗੱਲ ਸੁਣ ਕੇ ਇਕਦਮ ਚੁੱਪ ਹੋ ਗਈ ਤੇ ਬਹੁਤ ਦੇਰ ‘ਪੁੱਠੀਆਂ ਰੀਤਾਂ’ ਸ਼ਬਦ ਉਸ ਦੇ ਦਿਮਾਗ਼ ਵਿੱਚ ਗੂੰਜਦਾ ਰਿਹਾ।
ਸੰਪਰਕ: 99889-01324
ਹਸਪਤਾਲ ਬਿਮਾਰ ਹੈ ਜੀ
ਹਰਪ੍ਰੀਤ ਪੱਤੋ
ਹਸਪਤਾਲ ਵਿੱਚ ਮਰੀਜ਼ਾਂ ਦੀ ਬਹੁਤ ਭੀੜ ਸੀ। ਡਾਕਟਰ ਦੀ ਖਿੜਕੀ ਮੂਹਰੇ ਦਵਾਈ ਲੈਣ ਵਾਲਿਆਂ ਦੀ ਲੰਬੀ ਕਤਾਰ ਲੱਗੀ ਹੋਈ ਸੀ। ਨਾ ਖੜ੍ਹਨ ਵਾਸਤੇ ਜਗ੍ਹਾ ਨਾ ਬੈਠਣ ਵਾਸਤੇ ਕੋਈ ਬੈਂਚ। ਇੱਕ ਬੈਂਚ ਪਰ੍ਹੇ ਪਿਆ ਸੀ। ਉਹ ਵੀ ਟੁੱਟਿਆ ਹੋਇਆ। ਗਰਮੀਆਂ ਦੇ ਦਿਨ। ਨਾ ਨੇੜੇ ਪਾਣੀ। ਇੱਕ ਟੂਟੀ ਉਹ ਵੀ ਚੋਈ ਜਾਵੇ। ਉਪਰਲਾ ਪੱਖਾਂ ਵੀ ਖਰਾਬ। ਤਾਇਆ ਬਿਸ਼ਨਾ ਕਤਾਰ ’ਚ ਪਿੱਛੇ ਹੱਥ ਵਿੱਚ ਪੁਰਾਣੀ ਪਰਚੀ ਫੜੀ ਖੜ੍ਹਾ ਸੀ।
ਪਹਿਲਾਂ ਡਾਕਟਰ ਕਦੇ ਬਿਸ਼ਨੇ ਨੂੰ ਕਹਿ ਦਿੰਦਾ ਸੀ: ਬਾਬਾ ਦਵਾਈ ਮੁੱਕੀ ਹੋਈ ਹੈ ਫਿਰ ਆ ਜਾਈਂ। ਤੇ ਕਦੇ ਕਹਿੰਦਾ, ਆਹ ਗੋਲ਼ੀ ਬਾਹਰੋਂ ਲੈ ਲਈਂ। ਤਾਇਆ ਬਿਸ਼ਨਾ ਕਦੇ ਕਿਸੇ ਦੇ ਮੋਢੇ ’ਤੇ ਹੱਥ ਰੱਖ ਤੇ ਕਦੇ ਸੋਟੀ ਦੇ ਆਸਰੇ ਖੜ੍ਹਦਾ। ਜੇ ਕਤਾਰ ਤੋਂ ਬਾਹਰ ਜਾਂਦਾ ਤਾਂ ਫਿਰ ਵਾਰੀ ਨਹੀਂ ਸੀ ਆਉਣੀ। ਪਤਾ ਹੀ ਨਾ ਲੱਗਿਆ ਕਦੋਂ ਛੱਤ ਤੋਂ ਸੀਮੇਂਟ ਦਾ ਖਲੇਪੜ (ਟੁਕੜਾ) ਲਹਿ ਕੇ ਤਾਏ ਦੇ ਮੋਢੇ ’ਤੇ ਵੱਜਿਆ। ਆਸੇ-ਪਾਸੇ ਤੋਂ ਆਵਾਜ਼ਾਂ ਆਉਣ ਲੱਗੀਆਂ: ‘‘ਬਾਬਾ ਬਚ ਗਿਆ। ਮਾਰਿਆ ਗਿਆ ਸੀ।’’ ਬਿਸ਼ਨਾ ਕਤਾਰ ਤੋਂ ਬਾਹਰ ਹੋ ਗਿਆ। ਸੋਚਣ ਲੱਗਾ ਕਿ ਹਾਲੇ ਪਹਿਲੀ ਬਿਮਾਰੀ ਦਾ ਇਲਾਜ ਨਹੀਂ ਹੋਇਆ, ਆਹ ਨਵਾਂ ਸਿਆਪਾ ਹੋਰ ਪੈ ਗਿਆ ਸੀ।
ਇੱਥੇ ਕਿਸੇ ਨੇ ਕੀ ਠੀਕ ਹੋਣਾ ਹੈ, ਇਹ ਹਸਪਤਾਲ ਤਾਂ ਆਪ ਹੀ ਬਿਮਾਰ ਹੈ। ਇਹ ਸੋਚਦਾ ਉਹ ਬਿਨਾਂ ਦਵਾਈ ਲਏ ਪਰਚੀ ਮਰੋੜਦਾ ਘਰ ਨੂੰ ਤੁਰ ਪਿਆ।
ਉਸ ਦਾ ਜੀਅ ਕਰਦਾ ਸੀ ਕਿ ਹਸਪਤਾਲ ਦੇ ਬਾਹਰ ਲਿਖ ਕੇ ਲਾ ਦੇਵੇ ‘ਇਹ ਹਸਪਤਾਲ ਬਿਮਾਰ ਹੈ ਜੀ’।
ਸੰਪਰਕ: 94658-21417
ਮੋਮੋਠਗਣੀ
ਸਰਬਜੀਤ ਸਿੰਘ
ਸਿਮਰ ਨੇ ਆਪਣੀ ਛੋਟੀ ਭਰਜਾਈ ਗੁਲਾਬੋ ਨੂੰ ਫੋਨ ਕੀਤਾ, ਹਾਲ ਚਾਲ ਪੁੱਛਿਆ ਤਾਂ ਉਸ ਨੇ ਬਹੁਤ ਖ਼ੁਸ਼ ਹੋ ਕੇ ਜਵਾਬ ਦਿੱਤਾ, ‘‘ਗੁਲਾਬੋ, ਭੈਣ ਜੀ ਅਸੀਂ ਕੱਲ੍ਹ ਸਾਰੇ ਪਰਿਵਾਰ ਵਾਲੀਆਂ ਔਰਤਾਂ ਵੱਡੀ ਤਾਈ ਜੀ ਦੇ ਘਰੇ ਇਕੱਠੀਆਂ ਹੋਈਆਂ ਸੀ। ਅਸੀਂ ਸਾਰਿਆਂ ਨੇ ਬਹੁਤ ਕੁਝ ਨਵਾਂ ਕੀਤਾ। ਸਾਰਾ ਦਿਨ ਬਹੁਤ ਵਧੀਆ ਲੰਘਿਆ ਤੇ ਪਤਾ ਹੀ ਨਹੀਂ ਲੱਗਿਆ ਕਿਸ ਵੇਲੇ ਰਾਤ ਹੋ ਗਈ।’’
‘‘ਸਿਮਰ, ਕੀ ਕੁਝ ਕੀਤਾ ਤੇ ਕੀ ਕੁਝ ਖਾਧਾ ਫੇਰ ਤੁਸੀਂ ਸਾਰੀਆਂ ਨੇ?’’
‘‘ਗੁਲਾਬੋ ਭੈਣ ਜੀ, ਪਹਿਲਾਂ ਅਸੀਂ ਸਾਰੀਆਂ ਨੇ ਮਿਲ ਕੇ ਮੋਮੋ ਬਣਾਏ…, ਫੇਰ ਇਕੱਠੇ ਬੈਠ ਕੇ ਖਾਧੇ, ਨਾਲੇ ਪੂਰਾ ਖੌਰੂ ਪਾਇਆ…! ਪੁਰਾਣੀਆਂ ਗੱਲਾਂ ਸੁਣਾਉਂਦੇ ਸੀ ਤਾਈ ਜੀ ਹੋਰੀਂ…।’’
‘‘ਸਿਮਰ, ਹੈਂ ਰਲ ਕੇ ਬਣਾਏ ਸੀ… ਜਾਂ ਬਣਾਈ ਸੀ? ਇਕੱਠੇ ਬੈਠ ਕੇ ਖਾਧੇ…? ਮੋਮੋ…?’’
ਮਨ ਹੀ ਮਨ ਸਿਮਰ ਨੇ ਸੋਚਿਆ ਇਹ ਸਾਡੀ ਗੁਲਾਬੋ ਭਰਜਾਈ ਮੱਧ ਪ੍ਰਦੇਸ਼ ਵਿੱਚ ਜੰਮੀ ਪਲੀ ਹੈ ਤਾਂ ਕਰਕੇ ਮੋਮੋਠਗਣੀ ਨੂੰ ਅੱਧਾ ਬੋਲ ਰਹੀ ਹੋਣੀ ਹੈ।
‘‘ਸਿਮਰ, ਕੌਣ ਬਣੀਆਂ ਸੀ ਮੋਮੋ? ਸਾਡੇ ਵੇਲੇ ਤਾਂ ਬੀਬੀ ਜੀ ਸਾਨੂੰ ਡਰਾਉਣ ਨੂੰ ਮੋਮੋਠਗਣੀ ਬੁਲਾਉਂਦੇ ਸੀ ਤੇ ਹੁਣ ਤੁਹਾਡੇ ਵੇਲੇ ਮੋਮੋਠਗਣੀ ਖਾਣ ਲੱਗ ਪਏ…!’’
‘‘ਗੁਲਾਬੋ ਭੈਣ ਜੀ, ਮੈਂ ਮੋਮੋ ਕਹਿ ਰਹੀ ਹਾਂ ਤੇ ਤੁਸੀਂ ਮੋਮੋਠਗਣੀ ਸਮਝੀ ਜਾਂਦੇ ਹੋ…।’’
ਇਸ ਗੱਲ ’ਤੇ ਸਿਮਰ ਤੇ ਗੁਲਾਬੋ ਦੋਵੇਂ ਨਣਦ ਭਰਜਾਈ ਖਿੜਖਿੜਾ ਕੇ ਬਹੁਤ ਉੱਚੀ ਉੱਚੀ ਹੱਸੀਆਂ।
‘‘ਸਿਮਰ ਭਾਈ, ਇਹ ਹੁਣ ਕੀ ਨਵੀਂ ਬਲਾ ਏ? ਮੋਮੋ ਕੀ ਹੁੰਦਾ ਏ?’’ ‘‘ਓ ਭੈਣ ਜੀ, ਤੁਹਾਨੂੰ ਮੋਮੋ ਨਹੀਂ ਪਤਾ? ਮੋਮੋ ਤਾਂ ਐਨੇ ਸੁਆਦ ਹੁੰਦੇ ਨੇ… ਇੱਥੇ ਤਾਂ ਨਿੱਕੇ ਬੱਚਿਆਂ ਨੂੰ ਵੀ ਪਤਾ ਹੁੰਦਾ ਏ।’’ ‘‘ਸਿਮਰ, ਨਹੀਂ, ਮੈਨੂੰ ਤਾਂ ਮੋਮੋਠਗਣੀ ਦਾ ਹੀ ਪਤਾ ਸੀ…! ਮੋਮੋ ਦਾ ਨਹੀਂ ਪਤਾ। ਨਾ ਕਦੇ ਖਾਧੇ ਤੇ ਨਾ ਕਦੇ ਨਾਮ ਸੁਣਿਆ।’’ ‘‘ਭੈਣ ਜੀ ਮੋਮੋਠਗਣੀ ਕੀ ਹੁੰਦੀ ਏ…!’’ ‘‘ਸਿਮਰ, ਚਲੋ ਰਹਿਣ ਦਿਉ ਹੁਣ ਤੁਸੀਂ, ਜਿਸ ਦਿਨ ਮੈਂ ਤੁਹਾਡੇ ਕੋਲ ਆਈ ਤੁਸੀਂ ਮੈਨੂੰ ਮੋਮੋ ਬਣਾ ਕੇ ਖਵਾ ਦਿਉ ਤੇ ਮੈਂ ਤੁਹਾਨੂੰ ਮੋਮੋਠਗਣੀ ਬਾਰੇ ਦੱਸ ਦੇਵਾਂਗੀ। ਹੁਣ ਮੇਰੇ ਆਉਣ ਤੱਕ ਮੋਮੋ ਯਾਦ ਰੱਖੋ, ਮੋਮੋਠਗਣੀ ਤਾਂ ਪੁਰਾਣੇ ਵਕਤ ਦੇ ਨਾਲ ਲੋਪ ਹੋ ਗਈ।’’