ਡਾ. ਮੇਘਾ ਸਿੰਘ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਸੁਖਦਿਆਲ ਸਿੰਘ ਨੇ ਪੰਜਾਬ ਦੇ ਸਮੁੱਚੇ ਇਤਿਹਾਸ ਨੂੰ ਤਿੰਨ ਵੱਡ-ਆਕਾਰੀ ਪੁਸਤਕਾਂ ‘ਪੰਜਾਬ’ (ਸੰਗਮ ਪਬਲੀਕੇਸ਼ਨਜ਼, ਸਮਾਣਾ) ਸਿਰਲੇਖ ਹੇਠ ਕਲਮਬੰਦ ਕੀਤਾ ਹੈ। ਪੰਜਾਬ ਦੇ ਇਤਿਹਾਸ ਦੀਆਂ ਇਨ੍ਹਾਂ ਤਿੰਨ ਪੁਸਤਕਾਂ ਦੀ ਪਹਿਲੀ ਜਿਲਦ ਵਿਚ ਆਦਿ ਕਾਲ ਤੋਂ ਲੈ ਕੇ ਆਧੁਨਿਕ ਕਾਲ (1765 ਈਸਵੀ) ਤੱਕ, ਦੂਜੀ ਜਿਲਦ ਵਿਚ 1765 ਤੋਂ ਲੈ ਕੇ 1849 ਤੱਕ (ਖ਼ਾਲਸੇ ਦਾ ਪੰਜਾਬ) ਅਤੇ ਤੀਜੀ ਜਿਲਦ ਵਿਚ 1849 ਤੋਂ ਲੈ ਕੇ 1947 ਤੱਕ (ਅੰਗਰੇਜ਼ਾਂ ਦਾ ਪੰਜਾਬ) ਤਹਿਤ ਪੰਜਾਬ ਦੇ ਇਤਿਹਾਸ ਦਾ ਡੂੰਘਾ ਅਤੇ ਵਿਸਤ੍ਰਿਤ ਅਧਿਐਨ ਪੇਸ਼ ਕੀਤਾ ਹੈ।
ਇੱਥੇ ਵਿਚਾਰ ਅਧੀਨ ਸਿਰਫ਼ ਆਖ਼ਰੀ ਭਾਗ ‘ਪੰਜਾਬ’ (1849 ਤੋਂ 1947 ਤੱਕ), ਭਾਵ ਅੰਗਰੇਜ਼ਾਂ ਦੇ ਅਧੀਨ ਪੰਜਾਬ ਦੇ ਇਤਿਹਾਸ ਵਾਲੀ ਪੁਸਤਕ ਹੀ ਹੈ। ਪੰਜਾਬ ਦੇ ਸਮੁੱਚੇ ਇਤਿਹਾਸ, ਖ਼ਾਸਕਰ ਅੰਗਰੇਜ਼ੀ ਰਾਜ ਸਮੇਂ ਦੇ ਪੰਜਾਬ ਬਾਰੇ ਸਿੱਖ ਨੁਕਤਾ-ਨਿਗਾਹ ਨੂੰ ਸਾਹਮਣੇ ਰੱਖ ਕੇ ਲਿਖੀ ਗਈ ਪਹਿਲੀ ਪੁਸਤਕ ਪ੍ਰੋ. ਸੁਖਦਿਆਲ ਸਿੰਘ ਦੀ ਹੈ। ਲੇਖਕ ਨੇ ਇਸ ਪੁਸਤਕ ਨੂੰ 26 ਅਧਿਆਇਆਂ ਵਿਚ ਵੰਡਿਆ ਹੈ। ਪ੍ਰੋ. ਸੁਖਦਿਆਲ ਸਿੰਘ ਅਨੁਸਾਰ 1849 ਤੋਂ 1947 ਤੱਕ ਦੇ ਪੰਜਾਬ ਦਾ ਇਤਿਹਾਸ ਹਾਲੇ ਤੱਕ ਬੱਝਵੇਂ ਅਤੇ ਤਰਕਸ਼ੀਲ ਆਲੋਚਨਾਤਮਕ ਨਜ਼ਰੀਏ ਤੋਂ ਲਿਖਿਆ ਹੀ ਨਹੀਂ ਗਿਆ। ਉਨ੍ਹਾਂ ਆਪਣੀ ਇਸ ਪੁਸਤਕ ਵਿਚ ਪਹਿਲੀ ਵਾਰ ਪੰਜਾਬ ਦੇ ਇਸ ਸਮੇਂ ਦੇ ਇਤਿਹਾਸ ਨੂੰ ਨਵੇਂ ਨਜ਼ਰੀਏ, ਨਵੇਂ ਸੰਦਰਭ ਵਿਚ ਨਵਾਂ ਬਿਰਤਾਂਤ ਸਿਰਜਿਆ ਹੈ ਅਤੇ ਹੁਣ ਤੱਕ ਲਿਖੀਆਂ ਗਈਆਂ ਇਤਿਹਾਸ ਦੀਆਂ ਪੁਸਤਕਾਂ ਨੂੰ ਕਾਫ਼ੀ ਹੱਦ ਤੱਕ ਨਕਾਰ ਦਿੱਤਾ ਹੈ। ਲੇਖਕ ਨੇ ਤੱਥਾਂ ਅਤੇ ਦਲੀਲਾਂ ਨਾਲ ਇਹ ਸਿੱਧ ਕਰ ਦਿੱਤਾ ਹੈ ਕਿ ਇਸ ਸਮੇਂ ਦੌਰਾਨ ਅੰਗਰੇਜ਼ਾਂ ਦਾ ਸਭ ਤੋਂ ਵੱਧ ਜ਼ੋਰ ਸਿੱਖਾਂ ਦੇ ਧਰਮ, ਇਖਲਾਕ, ਭਾਸ਼ਾ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਵਿਕਸਿਤ ਹੋਏ ਖ਼ਾਲਸਾ ਰਾਜ ਦੇ ਸੰਕਲਪ ਅਤੇ ਪੰਜਾਬੀਆਂ ਦੇ ਸਾਂਝੇ ਸੱਭਿਆਚਾਰ ਨੂੰ ਖ਼ਤਮ ਕਰਨ ਉੱਤੇ ਲੱਗਿਆ ਰਿਹਾ। ਨਾ ਕੇਵਲ ਸਿੱਖਾਂ ਨੂੰ ਹੀ ਆਪਸ ਵਿਚ ਲੜਾਇਆ, ਝਗੜਾਇਆ ਸਗੋਂ ਪੰਜਾਬੀ ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ਵਿਚ ਵੀ ਫ਼ਿਰਕੂ ਨਫ਼ਰਤ ਦੇ ਬੀਜ ਬੀਜੇ। 1947 ਦੀ ਭਾਰਤ-ਪਾਕਿਸਤਾਨ ਵੰਡ ਅਤੇ ਸਿੱਖਾਂ ਨੂੰ ਇਸ ਆਜ਼ਾਦੀ ਤੋਂ ਬਿਲਕੁਲ ਸੱਖਣਾ ਕਰ ਦੇਣਾ ਅੰਗਰੇਜ਼ਾਂ ਦੀ ਕੂਟਨੀਤੀ ਦਾ ਹੀ ਹਿੱਸਾ ਸੀ। ਇਸ ਪੁਸਤਕ ਵਿਚ ਕਾਫ਼ੀ ਕੁਝ ਨਵਾਂ ਹੈ, ਇਸ ਪੁਸਤਕ ’ਚ ਪੇਸ਼ ਸਮੱਗਰੀ ਤੇ ਕੁਝ ਟਿੱਪਣੀਆਂ ਹਾਲੇ ਹੋਰ ਖੋਜ ਅਤੇ ਸਪਸ਼ਟਤਾ ਦੀਆਂ ਮੁਥਾਜ ਹਨ ਅਤੇ ਉਨ੍ਹਾਂ ਦੀ ਭਰੋਸੇਯੋਗਤਾ ਸਵਾਲਾਂ ਦੇ ਘੇਰੇ ਵਿਚ ਵੀ ਹੈ। ਇਸ ਦੇ ਬਾਵਜੂਦ ਪੰਜਾਬ ਦੇ ਇਸ ਸਮੇਂ ਦੇ ਇਤਿਹਾਸ ਸਬੰਧੀ ਇਹ ਮਹੱਤਵਪੂਰਨ ਤੇ ਵਿਲੱਖਣ ਪੁਸਤਕ ਹੈ।
ਸੰਪਰਕ: 97800-36137