ਕੇ.ਐਲ. ਗਰਗ
ਇੱਕ ਪੁਸਤਕ – ਇੱਕ ਨਜ਼ਰ
ਮਹਿੰਦਰਪਾਲ ਸਿੰਘ ਧਾਲੀਵਾਲ ਨੇ ਨਵੀਂ ਪੀੜ੍ਹੀ ਦੇ ਪਰਵਾਸੀ ਨਾਵਲਕਾਰਾਂ ਵਿੱਚ ਆਪਣੀ ਸੁਚੱਜੀ ਤੇ ਸੁਹਿਰਦ ਸਿਰਜਣਾ ਕਾਰਨ ਚੰਗਾ ਨਾਂ ਥਾਂ ਪ੍ਰਾਪਤ ਕਰ ਲਿਆ ਹੈ। ਉਸ ਦੀਆਂ ਰਚਨਾਵਾਂ ਦਾ ਮੁੱਖ ਖਾਸਾ ਚਿੰਤਨ ਅਤੇ ਇਤਿਹਾਸਮੁਖੀ ਹੋਣ ਕਾਰਨ ਪਾਠਕਾਂ ਨੂੰ ਹੋਰ ਵੀ ਜ਼ਿਆਦਾ ਟੁੰਬਦਾ ਹੈ। ਨੌਂ ਨਾਵਲਾਂ ਤੋਂ ਬਾਅਦ ‘ਭੁੱਲਿਆ ਪਿੰਡ ਗਰਾਂ’ (ਕੀਮਤ: 250 ਰੁਪਏ; ਪੀਪਲਜ਼ ਫੋਰਮ, ਬਰਗਾੜੀ, ਪੰਜਾਬ) ਉਸ ਦਾ ਹਾਲ ਹੀ ਵਿੱਚ ਛਪਿਆ ਨਵਾਂ ਨਾਵਲ ਹੈ।
ਇਸ ਨਾਵਲ ਬਾਰੇ ਪ੍ਰਸਿੱਧ ਨੌਜਵਾਨ ਆਲੋਚਕ ਗੁਰਜੀਤ ਸਿੰਘ ਸੰਧੂ ਦੀ ਰਾਇ ਦਾ ਖ਼ਾਸ ਜ਼ਿਕਰ ਕਰਨਾ ਬਣਦਾ ਹੈ। ਉਸ ਅਨੁਸਾਰ, ‘ਜਿੱਥੇ ਧਾਲੀਵਾਲ ਦਾ ਇਹ ਨਾਵਲ ਉਸ ਦੇ ਪਹਿਲਾਂ ਸਿਰਜੇ ਨਾਵਲੀ ਸੰਸਾਰ ਨੂੰ ਵਿਸਥਾਰ ਦਿੰਦਾ ਹੈ ਉੱਥੇ ਪਰਵਾਸ ਨਾਲ ਪੰਜਾਬੀ ਮਨੁੱਖ ਦੀ ਬਣੀ ਬਣਤਰ ਨੂੰ ਇੱਕੋ ਵੇਲੇ ਤਿੰਨ ਪੀੜ੍ਹੀਆਂ ਦੇ ਸਵੈ ਸੁਪਨਿਆਂ, ਰੀਝਾਂ, ਲਾਲਸਾਵਾਂ, ਸੰਬੰਧਾਂ, ਰਿਸ਼ਤਿਆਂ ਅਤੇ ਘਰ ਨੂੰ ਪੱਛਮੀ ਤੇ ਪੂਰਬੀ ਮਾਨਵੀ ਸਪੇਸ ਦੇ ਸੰਤੁਲਨ ਰਾਹੀਂ ਬਿਰਤਾਂਤ ਵਿੱਚ ਢਾਲਦਾ ਹੈ।’
ਦੇਖਣ ਨੂੰ ਇਹ ਨਾਵਲ ਪੰਜਾਬੀ ਮੁੰਡੇ ਗੈਰੀ ਦੇ ਕਤਲ ਅਤੇ ਉਸ ਦੀ ਸਕੌਟ ਨਾਂ ਦੇ ਜਾਸੂਸ ਵੱਲੋਂ ਕੀਤੀ ਜਾ ਰਹੀ ਪੜਤਾਲ ਨਾਲ ਸ਼ੁਰੂ ਹੁੰਦਾ ਹੈ, ਪਰ ਨਾਵਲਕਾਰ ਪੈਵ ਵੱਲੋਂ ਆਪਣੇ ਟੱਬਰ ਦੀ ਦਿੱਤੀ ਜਾਣਕਾਰੀ ਨਾਲ ਇਸ ਨਾਵਲ ਦਾ ਸਪੇਸ ਖੁੱਲ੍ਹਦਾ ਹੈ। ਨਾਵਲਕਾਰ ਨੇ ਬਿਰਤਾਂਤ ਦੀ ਇਹ ਨਵੀਂ ਰੀਤ ਅਤੇ ਸ਼ੈਲੀ ਅਪਣਾਈ ਹੈ ਜਿਸ ਨਾਲ ਨਾਜਰ ਅਤੇ ਸ਼ੇਰ ਸਿੰਘ ਜਿਹੇ ਪੰਜਾਬੀ ਟੱਬਰਾਂ ਬਾਰੇ ਜਾਣਕਾਰੀ ਮਿਲਣੀ ਸ਼ੁਰੂ ਹੋ ਜਾਂਦੀ ਹੈ।
ਨਾਜਰ ਪਿੰਡੋਂ ਪਰਵਾਸ ਕਰਕੇ ਇੰਗਲੈਂਡ ਆਉਂਦਾ ਹੈ ਤੇ ਇੱਥੇ ਆ ਕੇ ਉਸ ਦੀ ਯਾਰੀ ਇਕ ਹੋਰ ਪੇਂਡੂ ਸ਼ੇਰ ਸਿੰਘ ਨਾਲ ਪੈ ਜਾਂਦੀ ਹੈ ਜੋ ਰਿਸ਼ਤੇਦਾਰੀ ਵਾਂਗ ਨਿਭਦੀ ਹੈ। ਦੋਵੇਂ ਆਪਣੀਆਂ ਪਤਨੀਆਂ ਪ੍ਰੀਤੋ ਅਤੇ ਸ਼ਿੰਦਰ ਨੂੰ ਵੀ ਰਾਹਦਾਰੀ ਭੇਜ ਕੇ ਬੁਲਾ ਲੈਂਦੇ ਹਨ। ਆਪੋ ਆਪਣੇ ਬਿਜ਼ਨਸ ਅਤੇ ਨੌਕਰੀਆਂ ਕਰਦਿਆਂ ਉਹ ਇੱਕ ਦੂਜੇ ਦੇ ਦੁੱਖ-ਸੁੱਖ ਵਿੱਚ ਭਾਈਵਾਲ ਬਣਦੇ ਹਨ।
ਇਸ ਤੋਂ ਬਾਅਦ ਅਗਲੀ ਪੀੜ੍ਹੀ ’ਚ ਨਾਜਰ ਦਾ ਪੁੱਤਰ ਪੈਵ ਤੇ ਧੀ ਰਾਣੀ ਅਤੇ ਸ਼ੇਰੇ ਦਾ ਪੁੱਤਰ ਰਾਜੂ ਆਉਂਦੇ ਹਨ। ਉਹ ਆਪਣੀ ਪਸੰਦ ਅਤੇ ਰਹਿਤਲ ਦੀ ਲੋੜ ਅਨੁਸਾਰ ਸ਼ੋਭਾ ਅਤੇ ਮਿਸ਼ੈਲ ਨਾਲ ਵਿਆਹ ਕਰਵਾ ਲੈਂਦੇ ਹਨ। ਪੈਵ ਦਾ ਅਗਾਂਹ ਤੀਜੀ ਪੀੜ੍ਹੀ ’ਚ ਗੈਰੀ ਆਉਂਦਾ ਹੈ ਜੋ ਰੋਜ਼ੀ ਨਾਂ ਦੀ ਗੋਰੀ ਨਾਲ ਵਿਆਹ ਕਰਵਾ ਲੈਂਦਾ ਹੈ। ਸ਼ੇਰੇ ਦੀ ਪਤਨੀ ਸ਼ਿੰਦਰ ਦੀ ਅਚਾਨਕ ਮੌਤ ਹੋਣ ’ਤੇ ਉਹ ਆਪਣੀ ਅੱਧੀ ਉਮਰ ਦੀ ਸਾਲੀ ਜੀਤਾਂ ਨਾਲ ਵਿਆਹ ਕਰਵਾਉਂਦਾ ਹੈ ਜੋ ਉਸ ਦੇ ਠੰਢੇ ਜਿਸਮ ਕਾਰਨ ਅਸਲਮ ਨਾਂ ਦੇ ਮੁੰਡੇ ਵੱਲ ਖਿੱਚੀ ਜਾਂਦੀ ਹੈ। ਇੱਥੋਂ ਇਸ ਨਾਵਲ ਦਾ ਦੁਖਾਂਤਕ ਪਹਿਲੂ ਸ਼ੁਰੂੂ ਹੁੰਦਾ ਹੈ। ਸ਼ੇਰਾ ਜੀਤਾਂ ਦਾ ਕਤਲ ਕਰ ਦਿੰਦਾ ਹੈ ਤੇ ਉਸ ਨੂੰ ਕੈਦ ਹੋ ਜਾਂਦੀ ਹੈ। ਉਸ ਦੇ ਪੁੱਤਰ ਰਾਜੂ ਨੂੰ ਨਾਜਰ ਹੋਰੀਂ ਆਪਣੇ ਪੁੱਤਾਂ ਵਾਂਗ ਪਾਲਦੇ ਤੇ ਸ਼ਰਨ ਦਿੰਦੇ ਹਨ।
ਇਸ ਤੋਂ ਬਾਅਦ ਮਾਨਵੀ ਅਤੇ ਅਮਾਨਵੀ ਹਿੱਤਾਂ ਦਾ ਟਕਰਾਅ ਸ਼ੁਰੂ ਹੋ ਜਾਂਦਾ ਹੈ। ਰੰਧਾਵਾ ਅਤੇ ਉਸ ਦਾ ਪੁੱਤਰ ਬੌਬ ਗ਼ੈਰ-ਕਾਨੂੰਨੀ ਧੰਦੇ ਕਰਦੇ ਹਨ। ਕੁੜੀਆਂ ਦੀ ਖ਼ਰੀਦੋ-ਫਰੋਖਤ ਕਰਦੇ ਹਨ। ਡਰੱਗ ਅਤੇ ਪ੍ਰਾਪਰਟੀ ਦੇ ਧੰਦੇ ਵਿੱਚ ਹੇਰਾ ਫੇਰੀਆਂ ਕਰਦੇ ਹਨ। ਕਿਸੇ ਪ੍ਰਾਪਰਟੀ ਦੇ ਮਾਮਲੇ ’ਚ ਬੌਬ ਤੋਂ ਗੈਰੀ ਦਾ ਕਤਲ ਹੋ ਜਾਂਦਾ ਹੈ।
ਇੰਗਲੈਂਡ ਦੀ ਪੁਲੀਸ ਅਤੇ ਜਾਸੂਸ ਜਿਸ ਢੰਗ ਨਾਲ ਇਸ ਕੇਸ ਨੂੰ ਸੁਲਝਾਉਂਦੀ ਹੈ ਉਹ ਕਾਬਿਲੇ-ਰਸ਼ਕ ਹੈ। ਸਕੌਟ, ਰਿਚਰਡ, ਟੋਨੀ, ਕੈਲੀ ਬਲੈਕ ਮੋਬਾਈਲ, ਆਈ.ਡੀ., ਕੰਪਿਊਟਰ ਅਤੇ ਹੋਰ ਵਿਗਿਆਨਕ ਵਸੀਲੇ ਵਰਤ ਕੇ ਰੰਧਾਵੇ ਨੂੰ ਫੜਨ ਵਿੱਚ ਕਾਮਯਾਬ ਹੋ ਜਾਂਦੇ ਹਨ ਪਰ ਬੌਬ ਪੰਜਾਬ ਨੱਸ ਜਾਂਦਾ ਹੈ ਪਰ ਉੱਥੇ ਲੁਧਿਆਣੇ ਉਸ ਦਾ ਪ੍ਰਾਪਰਟੀ ਮਾਫ਼ੀਆ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ।
ਬੌਬ ਦੀ ਪਤਨੀ ਸਿਮਰਨ ਅਤੇ ਉਸ ਦਾ ਪੁੱਤਰ ਬੰਟੀ ਉਸ ਦੇ ਕਾਲੇ ਕਾਰਨਾਮਿਆਂ ਕਾਰਨ ਪਰੇਸ਼ਾਨ ਹਨ ਤੇ ਉਹ ਉਸ ਦਾ ਸਾਥ ਛੱਡ ਕੇ ਸਤਿਕਾਰਯੋਗ ਜੀਵਨ ਜਿਉਣ ਦੀ ਤਾਂਘ ਰੱਖਦੇ ਹਨ। ਪੁਲੀਸ ਉਨ੍ਹਾਂ ਨੂੰ ਇਹ ਕਰਨ ਦਾ ਮੌਕਾ ਅਤੇ ਹੱਕ ਦਿੰਦੀ ਹੈ।
ਇਸ ਨਾਵਲ ਵਿੱਚ ਲੇਖਕ ਪੰਜਾਬੀ ਜੀਵਨ ਦੀਆਂ ਤਿੰਨ ਪੀੜ੍ਹੀਆਂ ਦਾ ਬਿਰਤਾਂਤ ਪੇਸ਼ ਕਰਦਾ ਹੈ। ਇੱਕ ਪਾਸੇ ਨਾਜਰ, ਸ਼ੇਰਾ, ਪ੍ਰੀਤੋ, ਸ਼ਿੰਦਰ, ਜੀਤਾਂ ਜਿਹੇ ਲੋਕ ਹਨ ਜੋ ਪੰਜਾਬੀ ਰਵਾਇਤਾਂ ਅਤੇ ਤਰਜੀਹਾਂ, ਮੁੱਲਾਂ ਦਾ ਆਦਰ ਕਰਦਿਆਂ ਉਨ੍ਹਾਂ ਦੀ ਪਾਲਣਾ ਕਰਦੇ ਹਨ।
ਦੂਜੀ ਪੀੜ੍ਹੀ ਪੈਵ ਅਤੇ ਰਾਜੂ, ਰਾਣੀ ਜਿਹੇ ਪਾਤਰਾਂ ਦੀ ਹੈ ਜੋ ਬਦਲੇ ਹਾਲਾਤ ਮੁਤਾਬਿਕ ਪੁਰਾਣੇ ਮੁੱਲਾਂ ਨੂੰ ਤਜ ਕੇ ਨਵੇਂ ਮੁੱਲ ਅਪਨਾਉਣ ਲਈ ਆਤੁਰ ਹਨ। ਉਨ੍ਹਾਂ ਦੀਆਂ ਰੀਝਾਂ, ਵਲਵਲੇ, ਮੰਗਾਂ ਅਤੇ ਲੋੜਾਂ ਆਪਣੀਆਂ ਪਿਤਾ-ਪੁਰਖੀ ਲੋੜਾਂ ਨਾਲੋਂ ਵੱਖਰੀਆਂ ਹਨ। ਉਹ ਨਵੇਂ ਸੱਭਿਆਚਾਰਕ ਮੁੱਲਾਂ ਦੇ ਮੁੱਦਈ ਹਨ।
ਤੀਜੀ ਪੀੜ੍ਹੀ ਦਾ ਗੈਰੀ ਉਨ੍ਹਾਂ ਤੋਂ ਵੀ ਅਗਾਂਹ ਜਾਂਦਾ ਹੈ ਤੇ ਫਿਊਚਰ ਪਾਰਟੀ ਬਣਾ ਕੇ ਇੰਗਲੈਂਡ ਦੀ ਰਾਜਨੀਤੀ ਅਤੇ ਆਰਥਿਕਤਾ ਵਿੱਚ ਆਪਣਾ ਹਿੱਸਾ ਪਾਉਣ ਲੱਗਦਾ ਹੈ। ਇਨ੍ਹਾਂ ਪਾਤਰਾਂ ਨੂੰ ਆਪਣਾ ਪਿੰਡ ਗਰਾਂ ਕਿੱਥੇ ਯਾਦ ਆਉਂਦਾ ਹੈ? ਇਹ ਆਪਣੇ ਆਲੇ-ਦੁਆਲੇ ਉੱਸਰੇ ਸੱਭਿਆਚਾਰ ਵਿੱਚ ਹੀ ਖਚਤ ਹੁੰਦੇ ਜਾ ਰਹੇ ਹਨ।
ਇੰਗਲੈਂਡ ਦੀ ਕਾਨੂੰਨੀ ਅਤੇ ਪੁਲੀਸ ਵਿਵਸਥਾ ਦੇ ਵੀ ਲੇਖਕ ਬਿਰਤਾਂਤ ਪੇਸ਼ ਕਰਦਾ ਹੈ ਜੋ ਇਮਾਨਦਾਰੀ ਨਾਲ ਵੱਡੇ ਤੋਂ ਵੱਡੇ ਕੇਸ ਅਤੇ ਜੁਰਮ ਦਾ ਪਰਦਾਫ਼ਾਸ਼ ਕਰਦੇ ਦਿਖਾਈ ਦਿੰਦੇ ਹਨ।
ਨਾਵਲਕਾਰ ਨੇ ਇੰਗਲੈਂਡ ਅਤੇ ਪੰਜਾਬੀਆਂ ਦੇ ਬਦਲ ਰਹੇ ਰੁਝਾਨ ਦਾ ਬਿਰਤਾਂਤ ਪੇਸ਼ ਕਰਕੇ ਨਵੇਂ ਦੁਆਰ ਖੋਲ੍ਹਣ ਦਾ ਯਤਨ ਕੀਤਾ ਹੈ ਜੋ ਪੰਜਾਬੀ ਪਾਠਕਾਂ ਲਈ ਅਲੋਕਾਰ ਚੀਜ਼ ਹੀ ਸਮਝੀ ਜਾਵੇਗੀ।
ਸੰਪਰਕ: 94635-37050