ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 8 ਮਾਰਚ
ਕੌਮਾਂਤਰੀ ਲੇਖਕ ਮੰਚ (ਕਲਮ) ਵੱਲੋਂ 16 ਸਾਲਾਂ ਤੋਂ ਲਗਾਤਾਰ ਦਿੱਤੇ ਜਾ ਰਹੇ ‘ਕਲਮ’ ਪੁਰਸਕਾਰਾਂ ਦੀ ਲੜੀ ਵਿੱਚ 2020 ਤੇ 21 ਲਈ ਮੁੱਖ ਪੁਰਸਕਾਰ ‘ਬਾਪੂ ਜਗੀਰ ਸਿੰਘ ਕੰਬੋਜ ਯਾਦਗਾਰੀ ‘ਕਲਮ’ ਪੁਰਸਕਾਰ’ ਕ੍ਰਮਵਾਰ ਪ੍ਰਗਤੀਸ਼ੀਲ ਸ਼ਾਇਰੀ ਦੇ ਥੰਮ੍ਹ ਬਜ਼ੁਰਗ ਸ਼ਾਇਰ ਹਰਭਜਨ ਸਿੰਘ ਹੁੰਦਲ ਅਤੇ ਉੱਘੇ ਨਾਟਕਕਾਰ ਤੇ ਰੰਗ-ਕਰਮੀ ਡਾ. ਆਤਮਜੀਤ ਸਿੰਘ ਨੂੰ ਭੇਟ ਕੀਤਾ ਜਾਵੇਗਾ। ਇਸ ਵਿੱਚ ਇੱਕੀ ਹਜ਼ਾਰ ਰੁਪਏ, ਲੋਈ ਤੇ ਸ਼ੋਭਾ ਪੱਤਰ ਭੇਟ ਕੀਤਾ ਜਾਵੇਗਾ। ‘ਕਲਮ’ ਦੇ ਚੇਅਰਮੈਨ ਸੁਖਵਿੰਦਰ ਕੰਬੋਜ, ਕੋ-ਚੇਅਰਮੈਨ ਸ਼ਾਇਰ ਕੁਲਵਿੰਦਰ ਅਤੇ ਪ੍ਰਧਾਨ ਲਖਵਿੰਦਰ ਜੌਹਲ ਵੱਲੋਂ ਬਿਆਨ ਜਾਰੀ ਕਰਦਿਆਂ ਜਨਰਲ ਸਕੱਤਰ ਸੁਰਜੀਤ ਜੱਜ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਲਈ ਡਾ. ਕੇਸਰ ਸਿੰਘ ਕੇਸਰ ਯਾਦਗਾਰੀ ‘ਕਲਮ’ ਪੁਰਸਕਾਰ ਡਾ. ਧਨਵੰਤ ਕੌਰ ਅਤੇ ਡਾ. ਭੀਮਇੰਦਰ ਸਿੰਘ ਅਤੇ ਸ਼ਾਇਰ ਬਲਵਿੰਦਰ ਰਿਸ਼ੀ ਯਾਦਗਾਰੀ ‘ਕਲਮ’ ਪੁਰਸਕਾਰ ਕੁਲਦੀਪ ਸਿੰਘ ਦੀਪ ਤੇ ਨੀਤੂ ਅਰੋੜਾ ਨੂੰ ਪ੍ਰਦਾਨ ਕੀਤੇ ਜਾਣਗੇ, ਜਿਨ੍ਹਾਂ ਵਿੱਚ ਸ਼ੋਭਾ- ਪੱਤਰ ਅਤੇ ਸ਼ਾਲ ਦੇ ਨਾਲ ਗਿਆਰਾਂ ਹਜ਼ਾਰ ਰੁਪਏ ਦੀ ਰਾਸ਼ੀ ਹੋਵੇਗੀ । ਇਹ ਪੁਰਸਕਾਰ ਭੇਟ ਕਰਨ ਲਈ ਤਰੀਕਾਂ ਦਾ ਐਲਾਨ ਛੇਤੀ ਕੀਤਾ ਜਾਵੇਗਾ।