ਡਾ. ਇਕਬਾਲ ਸਿੰਘ ਸਕਰੌਦੀ
ਸੰਤਾ ਸਿੰਘ ਨੂੰ ਸੱਤਰਵਾਂ ਵਰ੍ਹਾ ਟੱਪ ਗਿਆ ਸੀ। ਪਤਨੀ ਅਠਾਹਟ ਵਰ੍ਹੇ ਦੀ ਹੋਣ ਵਾਲ਼ੀ ਸੀ। ਵਿਆਹ ਤੋਂ ਬਾਅਦ ਤਿੰਨ ਸਾਲ ਤੱਕ ਤਾਂ ਉਨ੍ਹਾਂ ਦੋਵਾਂ ਨੇ ਔਲਾਦ ਸੰਬੰਧੀ ਕੁਝ ਨਾ ਗੌਲ਼ਿਆ। ਪਰ ਜਦੋਂ ਤਿੰਨ ਸਾਲ ਤੱਕ ਉਹਨੂੰ ਆਸ ਦੀ ਕੋਈ ਕਿਰਨ ਵਿਖਾਈ ਨਾ ਦਿੱਤੀ। ਫਿਰ ਉਨ੍ਹਾਂ ਬਹੁਤ ਸਾਰੇ ਡਾਕਟਰਾਂ ਨੂੰ ਚੈੱਕਅਪ ਕਰਵਾਇਆ ਸੀ। ਦੋਵਾਂ ਦੀ ਡਾਕਟਰੀ ਰਿਪੋਰਟ ਸਹੀ ਆਈ ਸੀ। ਦੋਵਾਂ ਵਿੱਚੋਂ ਕਿਸੇ ਵਿੱਚ ਵੀ ਕੋਈ ਸਰੀਰਕ ਕਮੀ ਨਹੀਂ ਸੀ ਆਈ। ਫਿਰ ਵੀ ਉਨ੍ਹਾਂ ਦੇ ਘਰ ਔਲਾਦ ਨਾ ਹੋਈ। ਆਖ਼ਰ ਨੂੰ ਸੰਤੇ ਨੇ ਵਹੁਟੀ ਦੇ ਮਨ ਨੂੰ ਢਾਰਸ ਬੰਨਾਇਆ- ‘‘ਜੋ ਕੁਦਰਤ ਨੂੰ ਮਨਜ਼ੂਰ ਹੈ, ਉਹਦੇ ਵਿੱਚ ਹੀ ਖ਼ੁਸ਼ ਰਹਿਣਾ ਚਾਹੀਦੈ ਭਾਗਵਾਨੇ।’’ ਪਰ ਫਿਰ ਵੀ ਕਰਮਜੀਤ ਕੌਰ ਕਦੇ ਕਦਾਈਂ ਗੋਤਿਆਂ ਵਿੱਚ ਪੈ ਜਾਂਦੀ, ‘‘ਕਾਸ਼ ਸਾਡਾ ਵੀ ਕੋਈ ਧੀ ਪੁੱਤ ਹੁੰਦਾ!’’
ਉਹ ਜਾਖਲ ਦੇ ਰੇਲਵੇ ਸਟੇਸ਼ਨ ਉੱਤੇ ਚਾਹ ਵੇਚ ਕੇ ਥੋੜ੍ਹੀ ਜਿਹੀ ਕਮਾਈ ਕਰ ਲੈਂਦਾ ਸੀ। ਦੋਵੇਂ ਜੀਅ ਸਟੇਸ਼ਨ ਦੇ ਨਾਲ ਹੀ ਇੱਕ ਝੌਂਪੜੀਨੁਮਾ ਛੋਟੇ ਜਿਹੇ ਕਮਰੇ ਵਿੱਚ ਰਹਿੰਦੇ ਸਨ। ਪਹਿਲੀ ਗੱਡੀ ਜਾਖਲ ਤੋਂ ਲੁਧਿਆਣਾ ਲਈ ਸਵੇਰੇ ਪੰਜ ਵਜੇ ਚੱਲਦੀ ਸੀ। ਉਹ ਦੋਵੇਂ ਜੀਅ ਵੱਡੇ ਤੜਕੇ ਉੱਠਦੇ। ਪਤਨੀ ਉੱਠਦੇ ਸਾਰ ਹੀ ਚਾਹ ਵਾਲਾ ਵੱਡਾ ਪਤੀਲਾ ਚੁੱਲ੍ਹੇ ਉੱਤੇ ਧਰ ਦਿੰਦੀ ਸੀ। ਉਹ ਚਾਹ ਦੀ ਕੇਤਲੀ ਭਰਵਾ ਕੇ ਸਵੇਰੇ ਸਾਢੇ ਚਾਰ ਵਜੇ ਸਟੇਸ਼ਨ ਉੱਤੇ ਪਹੁੰਚ ਜਾਂਦਾ ਸੀ। ਆਮ ਤੌਰ ’ਤੇ ਗੱਡੀ ਦੇ ਤੁਰਨ ਤੱਕ ਉਸ ਦੀ ਸਾਰੀ ਚਾਹ ਵਿਕ ਜਾਂਦੀ ਸੀ।
ਅਗਲੀ ਗੱਡੀ ਦਿੱਲੀ ਤੋਂ ਚੱਲ ਕੇ ਸਵੇਰੇ ਸੱਤ ਵਜੇ ਜਾਖਲ ਪਹੁੰਚਦੀ ਸੀ। ਇਸੇ ਸਮੇਂ ਉਹ ਹੌਲ਼ੀ-ਹੌਲ਼ੀ ਤੁਰਦਾ ਹੋਇਆ ਆਪਣੇ ਛੋਟੇ ਜਿਹੇ ਘਰ ਵਿੱਚ ਪਹੁੰਚ ਜਾਂਦਾ ਸੀ।
ਦਸੰਬਰ ਮਹੀਨੇ ਦਾ ਚੌਥਾ ਹਫ਼ਤਾ ਲੰਘ ਰਿਹਾ ਸੀ। ਸਾਹਿਬਜ਼ਾਦਿਆਂ ਦੇ ਸ਼ਹੀਦੀ ਦੇ ਦਿਨ ਸਨ। ਕੜਾਕੇ ਦੀ ਠੰਢ ਪੈ ਰਹੀ ਸੀ। ਪੈ ਰਹੇ ਕੱਕਰ ਨੇ ਸਾਰੇ ਉੱਤਰੀ ਭਾਰਤ ਨੂੰ ਆਪਣੀ ਜਕੜ ਵਿੱਚ ਲਿਆ ਹੋਇਆ ਸੀ। ਪਿਛਲੇ ਤਿੰਨ ਦਿਨਾਂ ਤੋਂ ਬਹੁਤ ਸੰਘਣੀ ਧੁੰਦ ਪੈਣੀ ਆਰੰਭ ਹੋ ਗਈ ਸੀ। ਵੱਡੇ ਜੱਟ ਜ਼ਿਮੀਂਦਾਰ, ਫੈਕਟਰੀਆਂ ਦੇ ਮਾਲਕ, ਵੱਡੇ ਵੱਡੇ ਸੇਠ, ਹੋਰ ਸਰਦੇ ਪੁੱਜਦੇ ਘਰਾਂ ਦੇ ਸਰਦਾਰ ਆਪਣੀਆਂ ਸ਼ਾਨਦਾਰ ਗੱਡੀਆਂ ਵਿੱਚ ਹੀਟਰ ਚਲਾ ਕੇ, ਗੱਡੀ ਦੀਆਂ ਬੱਤੀਆਂ ਬਾਲ਼ ਕੇ ਆਪੋ ਆਪਣੇ ਟਿਕਾਣਿਆਂ ਉੱਤੇ ਜਾ ਰਹੇ ਸਨ।
ਕੰਮੀਂ ਅਤੇ ਕਿਰਤੀ ਵਰਗ ਨਾਲ ਜੁੜੇ ਹੋਏ ਗ਼ਰੀਬ ਲੋਕਾਂ ਨੂੰ ਭਾਵੇਂ ਠੰਢ ਤਾਂ ਬਹੁਤ ਲੱਗਦੀ ਸੀ, ਪਰ ਉਹ ਆਪਣੇ ਘਰ ਦੇ ਚੁੱਲ੍ਹੇ ਨੂੰ ਮਘਦਾ ਰੱਖਣ ਲਈ ਤੜਕੇ ਮੂੰਹ ਹਨੇਰੇ ਹੀ ਵੱਡਾ ਬਾਜ਼ਾਰ ਲੰਘ ਕੇ ਮਜ਼ਦੂਰ ਚੌਕ ਵਿੱਚ ਪਹੁੰਚ ਜਾਂਦੇ ਸਨ। ਅਜਿਹੇ ਅਤਿ ਦੇ ਕੱਕਰ ਵਿੱਚ ਸੰਤੇ ਦੇ ਹੱਥ ਠਰ ਗਏ ਸਨ। ਪਤਨੀ ਨੇ ਉਸ ਨੂੰ ਗਰਮ-ਗਰਮ ਚਾਹ ਦਾ ਗਲਾਸ ਫੜਾਉਂਦਿਆਂ ਕਿਹਾ,
‘‘ਇਹ ਅੱਗ ਲੱਗਣੀ ਠੰਢ ਵੀ ਲੋਹੜੇ ਦੀ ਪੈ ਰਹੀ ਐ। ਪਤਾ ਨੀਂ ਡਾਢੇ ਨੇ ਹੋਰ ਕਿਹੜੇ ਬਦਲੇ ਲੈਣੇ ਐਂ ’ਮਾਤੜਾਂ ਤੋਂ।’’
‘‘ਭਾਗਾਂ ਆਲੀਏ, ਇਨ੍ਹਾਂ ਰੁੱਤਾਂ ਨੇ ਤਾਂ ਸਮੇਂ-ਸਮੇਂ ਨਾਲ ਬਦਲਣਾ ਈ ਹੁੰਦੈ। ਬੱਸ ਨਹੀਂ ਬਦਲੀ ਤਾਂ ਆਪਣੇ ਹੱਥਾਂ ਦੀ ਲੀਕ ਨੀ ਬਦਲੀ। ਜੇ ਕਿਧਰੇ ਦਾਤਾ ਇੱਕ ਜੁਆਕ ਈ ਦੇ ਦਿੰਦਾ ਤਾਂ ਆਹ ਕਹਿਰ ਦੇ ਕੱਕਰ ਵਿੱਚ ਮੈਂ ਕਾਹਨੂੰ ਠਰਦਾ। ਰਮਾਨ ਨਾਲ ਬੈਠ ਕੇ ਤੱਤੀ ਤੱਤੀ ਚਾਹ ਪੀਂਦਾ।’’ ਗੱਲ ਪੂਰੀ ਕਰ ਉਸ ਨੇ ਚਾਹ ਦਾ ਸੜ੍ਹਾਕਾ ਮਾਰਿਆ।
‘‘ਪਤਾ ਨੀਂ ਮੈਂ ਕਿਹੜਾ ਭੁੰਨ ਕੇ ਬੀਜਿਆ ਸੀ। ਇੱਕ ਵਾਰ ਵੀ ਕੁੱਖ ਹਰੀ ਨਾ ਹੋਈ।’’ ਪਤਨੀ ਨੇ ਦਿਲ ਦਾ ਰੋਣਾ ਰੋਇਆ।
ਉਹਨੇ ਚਾਹ ਪੀ ਕੇ ਖ਼ਾਲੀ ਗਲਾਸ ਮੰਜੇ ਥੱਲੇ ਰੱਖ ਦਿੱਤਾ। ਫਿਰ ਦੋਵੇਂ ਹੱਥਾਂ ਨਾਲ ਅੰਗੜਾਈ ਭੰਨੀ। ਉਹ ਢਿੱਲੜ ਜਿਹੇ ਬਾਣ ਦੇ ਮੰਜੇ ਉੱਤੇ ਟੇਢਾ ਹੋ ਗਿਆ। ਥਾਂ-ਥਾਂ ਤੋਂ ਟੁੱਟੇ ਲੋਗੜ ਵਾਲੀ ਥਿੰਦੀ ਰਜਾਈ ਖਿੱਚ ਕੇ ਆਪਣੇ ਉੱਤੇ ਲੈ ਲਈ।
ਪਤਨੀ ਹਾਜ਼ਰੀ ਰੋਟੀ ਦੇ ਆਹਰੇ ਲੱਗ ਗਈ ਸੀ। ਉਹਨੇ ਦੋ ਮੁੱਠੀਆਂ ਆਟੇ ਦੀਆਂ ਗੁੰਨ੍ਹੀਆਂ। ਉਹ ਕਮਰੇ ਦੇ ਬਾਹਰ ਨਾਲ ਹੀ ਇੱਟਾਂ ਜੋੜ ਕੇ ਬਣਾਏ ਚੁੱਲ੍ਹੇ ਉੱਤੇ ਰੋਟੀਆਂ ਲਾਹੁਣ ਲੱਗ ਪਈ। ਮੋਟੀਆਂ-ਮੋਟੀਆਂ ਚਾਰ ਰੋਟੀਆਂ ਥੱਪ ਕੇ ਉਸ ਨੇ ਵੱਡੇ ਪਤੀਲੇ ਵਿੱਚ ਫਿਰ ਚਾਹ ਧਰ ਦਿੱਤੀ।
ਉਹਨੇ ਅੰਬ ਦੇ ਆਚਾਰ ਨਾਲ ਰੋਟੀਆਂ ਢਿੱਡ ਵਿੱਚ ਪਾ ਲਈਆਂ। ਘੜੀ ਉੱਤੇ ਟਾਈਮ ਵੇਖਿਆ। ਚਾਹ ਨਾਲ ਭਰੀ ਕੇਤਲੀ ਚੁੱਕੀ। ਉਹ ਸਟੇਸ਼ਨ ਵੱਲ ਨੂੰ ਤੁਰ ਪਿਆ। ਬੜੀ ਤੇਜ਼ੀ ਨਾਲ ਦਿੱਲੀ ਤੋਂ ਗੱਡੀ ਆਈ। ਪਲੇਟਫਾਰਮ ਉੱਤੇ ਆ ਕੇ ਰੁਕ ਗਈ। ਉਤਰਨ ਵਾਲੀਆਂ ਸਵਾਰੀਆਂ ਚਾਲ਼ੀ ਬਿਆਲੀ ਸਨ, ਪਰ ਗੱਡੀ ਉੱਤੇ ਚੜ੍ਹਨ ਵਾਲੀਆਂ ਸਵਾਰੀਆਂ ਦੀ ਬਹੁਤ ਵੱਡੀ ਭੀੜ ਸੀ। ਵਧੇਰੇ ਸਵਾਰੀਆਂ ਹੋਣ ਕਾਰਨ ਸਟੇਸ਼ਨ ਉੱਤੇ ਵਾਹਵਾ ਰੌਣਕ ਲੱਗੀ ਹੋਈ ਸੀ। ਹੁਣ ਤੱਕ ਉਹਦੀ ਚਾਹ ਦੀ ਪੂਰੀ ਕੇਤਲੀ ਖ਼ਾਲੀ ਹੋ ਗਈ ਸੀ।
ਸਵੇਰੇ ਮੂੰਹ ਹਨੇਰੇ ਤੋਂ ਲੈ ਕੇ ਰਾਤੀਂ ਦਸ ਵਜੇ ਤੱਕ ਉਹਦੀ ਇਹੋ ਕਾਰ ਹੁੰਦੀ ਹੈ। ਉਹ ਆਪਣੇ ਘਰੋਂ ਚਾਹ ਦੀ ਕੇਤਲੀ ਭਰ ਕੇ ਲਿਆਉਂਦਾ। ਸਾਰੀ ਚਾਹ ਵੇਚ ਕੇ ਕੁਝ ਸਮਾਂ ਆਪਣੇ ਘਰ ਵਿੱਚ ਆਰਾਮ ਕਰਨ ਲਈ ਚਲਾ ਜਾਂਦਾ।
ਹੁਣ ਸ਼ਾਮ ਦੇ ਸੱਤ ਵੱਜ ਚੁੱਕੇ ਸਨ। ਬਠਿੰਡੇ ਨੂੰ ਜਾਣ ਵਾਲੀ ਮਾਲਵਾ ਐਕਸਪ੍ਰੈੱਸ ਗੱਡੀ ਜਾ ਚੁੱਕੀ ਸੀ। ਅਚਾਨਕ ਉਸ ਦੇ ਧਿਆਨ ਵਿੱਚ ਆਇਆ। ਇੱਕ ਬਜ਼ੁਰਗ ਔਰਤ ਅਤੇ ਮਰਦ ਸਵੇਰ ਦੇ ਹੀ ਇੱਕ ਬੈਂਚ ਉੱਤੇ ਬੈਠੇ ਹੋਏ ਹਨ। ਉਹ ਉਨ੍ਹਾਂ ਕੋਲ ਚਲਾ ਗਿਆ। ਉਸ ਨੇ ਬਹੁਤ ਹੀ ਪਿਆਰ ਨਾਲ ਉਨ੍ਹਾਂ ਨੂੰ ਕਿਹਾ, ‘‘ਸਤਿ ਸ੍ਰੀ ਅਕਾਲ ਜੀ। ਮੈਂ ਤੁਹਾਨੂੰ ਸਵੇਰ ਦੇ ਇਸ ਬੈਂਚ ਉੱਤੇ ਬੈਠਿਆਂ ਵੇਖਿਆ ਹੈ। ਤੁਸੀਂ ਕਿਹੜੀ ਗੱਡੀ ਚੜ੍ਹਨਾ ਹੈ?’’
ਬਜ਼ੁਰਗ ਜੋੜੇ ਨੇ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਦਾ ਜੁਆਬ ਦਿੱਤਾ। ਫਿਰ ਔਰਤ ਬੋਲੀ, ‘‘ਸਾਡਾ ਛੋਟਾ ਪੁੱਤ ਹਿਸਾਰ ਬੈਂਕ ਵਿੱਚ ਮੈਨੇਜਰ ਲੱਗਾ ਹੈ। ਉਹ ਆਪਣੀ ਗੱਡੀ ਉੱਤੇ ਸਾਨੂੰ ਇੱਥੇ ਟੇਸ਼ਨ ’ਤੇ ਛੱਡ ਗਿਆ ਹੈ। ਉਹਨੇ ਸਾਨੂੰ ਕਿਹਾ ਸੀ ਕਿ ਸਾਡਾ ਵੱਡਾ ਪੁੱਤਰ ਆ ਕੇ ਸਾਨੂੰ ਏਥੋਂ ਲੈ ਜਾਵੇਗਾ। ਉਹ ਦਿੱਲੀ ਸ਼ਹਿਰ ਵਿੱਚ ਕਿਸੇ ਵੱਡੇ ਹਸਪਤਾਲ ਵਿੱਚ ਡਾਕਟਰ ਲੱਗਾ ਹੈ। ਸਾਨੂੰ ਤਾਂ ਉਸਨੂੰ ਉਡੀਕਦਿਆਂ ਸ਼ਾਮ ਪੈ ਗਈ ਹੈ। ਪਤਾ ਨੀਂ ਕਿਉਂ ਨੀਂ ਆਇਆ? ਹੇ ਭਗਵਾਨ! ਉਹ ਰਾਜ਼ੀ ਖ਼ੁਸ਼ੀ ਹੋਵੇ।’’
ਇੰਨੇ ਨੂੰ ਉਹਦੇ ਘਰਵਾਲ਼ੇ ਨੇ ਆਪਣੇ ਝੋਲ਼ੇ ਵਿੱਚੋਂ ਇੱਕ ਚਿੱਠੀ ਕੱਢੀ। ਚਿੱਠੀ ਉਸ ਨੇ ਸੰਤਾ ਸਿੰਘ ਦੇ ਹੱਥਾਂ ਵਿੱਚ ਫੜਾਉਂਦਿਆਂ ਕਿਹਾ, ‘‘ਸਾਡੇ ਪੁੱਤਰ ਨੇ ਕਿਹਾ ਸੀ ਕਿ ਜੇਕਰ ਸ਼ਾਮ ਤੱਕ ਉਹ ਨਾ ਆਵੇ ਤਾਂ ਅਸੀਂ ਏਸ ਚਿੱਠੀ ਵਿੱਚ ਲਿਖੇ ਪਤੇ ਉੱਤੇ ਪਹੁੰਚ ਜਾਣਾ ਹੈ। ਉੱਥੇ ਸਾਡੇ ਖਾਣ ਪੀਣ, ਰਹਿਣ ਸਹਿਣ ਦਾ ਵਧੀਆ ਪ੍ਰਬੰਧ ਕੀਤਾ ਹੋਇਆ ਹੈ। ਸਰਦਾਰਾ, ਅਸੀਂ ਦੋਵੇਂ ਜੀਅ ਤਾਂ ਕੋਰੇ ਅਨਪੜ੍ਹ ਆਂ। ਤੂੰ ਹੀਂ ਪੜ੍ਹ ਕੇ ਦੱਸ ਕਿ ਏਸ ਚਿੱਠੀ ਵਿੱਚ ਕਿੱਥੋਂ ਦਾ ਪਤਾ ਲਿਖਿਆ ਹੋਇਆ ਹੈ?’’
ਉਸ ਨੇ ਉਹਦੇ ਹੱਥੋਂ ਚਿੱਠੀ ਫੜ ਲਈ। ਚਿੱਠੀ ਖੋਲ੍ਹੀ। ਪੜ੍ਹਨੀ ਸ਼ੁਰੂ ਕੀਤੀ। ਚਿੱਠੀ ਵਿੱਚ ਲਿਖਿਆ ਹੋਇਆ ਸੀ:
‘‘ਜਿਹੜਾ ਵੀ ਕੋਈ ਸੱਜਣ ਇਸ ਚਿੱਠੀ ਨੂੰ ਪੜ੍ਹੇ। ਉਹ ਕਿਰਪਾ ਕਰਕੇ ਇਸ ਬਿਰਧ ਜੋੜੇ ਨੂੰ ਕਿਸੇ ਵੀ ਨੇੜੇ ਦੇ ਬਿਰਧ ਆਸ਼ਰਮ ਵਿੱਚ ਛੱਡ ਦੇਵੇ। ਬਹੁਤ ਬਹੁਤ ਧੰਨਵਾਦ।’’
ਚਿੱਠੀ ਪੜ੍ਹ ਕੇ ਉਹ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਜਿਉਂ ਹੀ ਉਸ ਨੇ ਬਜ਼ੁਰਗ ਜੋੜੇ ਵੱਲ ਵੇਖਿਆ, ਉਹ ਦੋਵੇਂ ਜ਼ਾਰੋ-ਜ਼ਾਰ ਰੋ ਰਹੇ ਸਨ। ਸੰਤਾ ਸਿੰਘ ਨੇ ਪੁਰਸ਼ ਦੇ ਦੋਵੇਂ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਫੜ ਕੇ ਘੁੱਟਿਆ। ਉਹ ਉਨ੍ਹਾਂ ਨੂੰ ਤਸੱਲੀ ਦਿੰਦਾ ਹੋਇਆ ਬੋਲਿਆ, ‘‘ਭਰਾਵਾ, ਸੁਣ ਲਈ ਤੂੰ ਆਪਣੇ ਲਾਡਲੇ ਪੁੱਤ ਦੀ ਲਿਖੀ ਚਿੱਠੀ। ਤੁਸੀਂ ਹੁਣ ਰੋ ਰੋ ਕੇ ਆਪਣੀਆਂ ਅੱਖਾਂ ਨਾ ਗਾਲੋ। ਅੱਜ ਦੇ ਪੜ੍ਹੇ ਲਿਖੇ ਪੁੱਤਰਾਂ ਨੂੰ ਆਪਣੇ ਬਜ਼ੁਰਗ ਮਾਪਿਆਂ ਨੂੰ ਆਪਣੇ ਨਾਲ ਰੱਖਣ ਵਿੱਚ ਸ਼ਰਮ ਆਉਂਦੀ ਐ। ਇਸ ਕਰਕੇ ਉਹ ਉਨ੍ਹਾਂ ਨੂੰ ਘਰੋਂ ਕੱਢ ਰਹੇ ਹਨ। ਪਰ ਤੁਸੀਂ ਮਨ ਨਾ ਭਰੋ। ਜੇਕਰ ਤੁਹਾਡੇ ਪੁੱਤਾਂ ਨੇ ਤੁਹਾਨੂੰ ਧੋਖੇ ਨਾਲ ਘਰੋਂ ਕੱਢ ਦਿੱਤਾ ਹੈ ਤਾਂ ਕੁਦਰਤ ਨੇ ਕੁਝ ਦਾਨੀ ਸੱਜਣ ਵੀ ਇੱਥੇ ਭੇਜੇ ਹਨ ਜਿਨ੍ਹਾਂ ਨੇ ਬਿਰਧ ਆਸ਼ਰਮ ਖੋਲ੍ਹ ਕੇ ਬਜ਼ੁਰਗਾਂ ਨੂੰ ਸਾਂਭਣ ਦਾ ਬੀੜਾ ਚੁੱਕਿਆ ਹੋਇਆ ਹੈ। ਇੱਥੋਂ ਸੱਠ ਪੈਂਹਟ ਕਿਲੋਮੀਟਰ ’ਤੇ ਸੰਗਰੂਰ ਸ਼ਹਿਰ ਹੈ। ਸ਼ਹਿਰ ਦੇ ਨੇੜੇ ਚਾਰ ਪੰਜ ਕਿਲੋਮੀਟਰ ਉੱਤੇ ਬਡਰੁੱਖਾਂ ਪਿੰਡ ਹੈ। ਉਸੇ ਪਿੰਡ ਦੇ ਇੱਕ ਰੱਜੇ ਪੁੱਜੇ ਸਰਦਾਰ ਨੇ ਆਪਣੇ ਪਿਤਾ ਦੀ ਯਾਦ ਵਿੱਚ ਇੱਕ ਬਿਰਧ ਆਸ਼ਰਮ ਖੋਲ੍ਹਿਆ ਹੋਇਆ ਹੈ। ਅੱਜ ਦੀ ਰਾਤ ਤੁਸੀਂ ਮੇਰੇ ਕੋਲ ਰੁਕੋ। ਕੱਲ੍ਹ ਸਵੇਰੇ ਮੈਂ ਆਪ ਤੁਹਾਨੂੰ ਬਿਰਧ ਆਸ਼ਰਮ ਵਿੱਚ ਛੱਡ ਆਵਾਂਗਾ। ਏਥੇ ਸਟੇਸ਼ਨ ਦੇ ਬਾਹਰ ਨੇੜੇ ਹੀ ਸਾਡਾ ਛੋਟਾ ਜਿਹਾ ਘਰ ਹੈ। ਜਿਹੋ ਜਿਹਾ ਰੁੱਖਾ ਮਿੱਸਾ ਤਿਆਰ ਹੋਇਆ, ਆਪਾਂ ਸਾਰੇ ਰਲ਼ ਕੇ ਛਕ ਲਵਾਂਗੇ।’’
ਉਹ ਦੋਵੇਂ ਸਵੇਰ ਦੇ ਭੁੱਖਣ ਭਾਣੇ ਸਨ। ਹੁਣ ਤਾਂ ਪੁੱਤ ਦੇ ਆਉਣ ਦੀ ਆਸ ਵੀ ਲੱਥ ਚੁੱਕੀ ਸੀ। ਹੋਰ ਕਿਸੇ ਪਾਸਿਓਂ ਕੋਈ ਆਸਰਾ ਨਾ ਹੋਣ ਕਾਰਨ ਉਹ ਦੋਵੇਂ ਜੀਅ ਉਸ ਦੇ ਪਿੱਛੇ-ਪਿੱਛੇ ਤੁਰ ਪਏ। ਘਰ ਪੁੱਜ ਕੇ ਉਸ ਪਤਨੀ ਨੂੰ ਕਿਹਾ, ‘‘ਆ ਦੇਖ ਭਾਗਵਾਨੇ, ਆਪਣੀ ਇਸ ਕੁਟੀਆ ਨੂੰ ਭਾਗ ਲਾਉਣ ਲਈ ਦੋ ਫ਼ਰਿਸ਼ਤੇ ਆਏ ਨੇ।’’
‘‘ਧੰਨ ਭਾਗ ਸਾਡੇ। ਜੀ ਆਇਆਂ ਨੂੰ।’’ ਘਰ ਦੀ ਸੁਆਣੀ ਨੇ ਦੋਵਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ। ਉਨ੍ਹਾਂ ਨੂੰ ਮੰਜੀ ਉੱਤੇ ਬਿਠਾਇਆ। ਫਿਰ ਉਹ ਚਾਹ ਬਣਾਉਣ ਲੱਗ ਪਈ।
ਦਸ ਕੁ ਮਿੰਟ ’ਚ ਉਹ ਗਲਾਸਾਂ ਵਿੱਚ ਚਾਹ ਪਾ ਕੇ ਲੈ ਆਈ। ਬਿਨਾਂ ਕੋਈ ਗੱਲ ਕੀਤਿਆਂ ਸਾਰਿਆਂ ਨੇ ਚਾਹ ਪੀ ਲਈ। ਸੰਤਾ ਸਿੰਘ ਨੇ ਹਲਕੀ ਜਿਹੀ ਖਾਂਸੀ ਕਰਕੇ ਗਲ਼ਾ ਸਾਫ਼ ਕਰਦਿਆਂ ਕਿਹਾ, ‘‘ਦੇਖ ਲੈ ਭਾਗਵਾਨੇ। ਤੂੰ ਸਾਰੀ ਉਮਰ ਕੁਦਰਤ ਨੂੰ ’ਲਾਂਭੇ ਦਿੰਦੀ ਰਹੀ। ਬਈ ਮੇਰੀ ਕੁੱਖ ਹਰੀ ਨੀਂ ਹੋਈ। ਇਨ੍ਹਾਂ ਦੇ ਦੋ ਪੁੱਤ ਵੱਡੇ ਅਫਸਰ ਲੱਗੇ ਹੋਏ ਐ। ਦੋਵੇਂ ਪੁੱਤ ਆਪਣੇ ਮਾਂ ਪਿਉ ਨੂੰ ਆਪਣੇ ਨਾਲ ਨਹੀਂ ਰੱਖਣਾ ਚਾਹੁੰਦੇ। ਛੋਟੇ ਪੁੱਤ ਨੇ ਧੋਖੇ ਨਾਲ ਦੋਵਾਂ ਨੂੰ ਘਰੋਂ ਕੱਢ ਦਿੱਤਾ। ਹੁਣ ਦਰ-ਦਰ ਦੀਆਂ ਠੋਕਰਾਂ ਖਾਣ ਲਈ ਛੱਡ ਦਿੱਤਾ।’’
ਉਹਦੀਆਂ ਕਹੀਆਂ ਸੱਚੀਆਂ ਅਤੇ ਖ਼ਰੀਆਂ ਗੱਲਾਂ ਸੁਣ ਕੇ ਬਜ਼ੁਰਗ ਬੋਲਿਆ, ‘‘ਸਰਦਾਰ ਜੀ, ਤੁਸੀਂ ਬਿਲਕੁਲ ਠੀਕ ਕਿਹਾ ਹੈ। ਇਹੋ ਜਿਹੀ ਚੰਦਰੀ ਔਲਾਦ ਨਾਲੋਂ ਤਾਂ ਬੰਦਾ ਔਂਤਰਾ ਹੀ ਚੰਗਾ ਹੈ।’’ ਇਹ ਕਹਿ ਕੇ ਉਹ ਕਮੀਜ਼ ਦੇ ਪੱਲੇ ਨਾਲ ਆਪਣੀਆਂ ਅੱਖਾਂ ਸਾਫ਼ ਕਰਨ ਲੱਗ ਪਿਆ।
ਸੰਪਰਕ: 84276-85020
ਵਰਣਮਾਲਾ ਅਤੇ ਅੱਖਰਬੋਧ
ਅਮਰਜੀਤ ਸਿੰਘ ਫ਼ੌਜੀ
ਮਾਰਚ ਦੇ ਮਹੀਨੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪਹਿਲੀ ਜਮਾਤ ਦੇ ਬੱਚਿਆਂ ਦੇ ਦਾਖਲੇ ਹੋ ਗਏ ਸਨ ਅਤੇ ਬੱਚਿਆਂ ਦੀ ਗਿਣਤੀ ਕਾਫ਼ੀ ਹੋ ਚੁੱਕੀ ਸੀ। ਮੁੱਖ ਅਧਿਆਪਕ ਵੱਲੋਂ ਸਾਰੇ ਦੂਜੇ ਅਧਿਆਪਕਾਂ ਨੂੰ ਦਫਤਰ ਵਿੱਚ ਬੁਲਾ ਕੇ ਜਮਾਤਾਂ ਦੀ ਵੰਡ ਕਰਦੇ ਹੋਏ ਦੱਸਿਆ ਗਿਆ ਕਿ ਪਹਿਲੀ ਜਮਾਤ ਨੂੰ ਹਰਦੀਪ ਸਿੰਘ ਪੜ੍ਹਾਏਗਾ, ਦੂਜੀ ਨੂੰ ਸਰਵਣ ਸਿੰਘ, ਤੀਜੀ ਨੂੰ ਗੁਰਦੇਵ ਸਿੰਘ, ਚੌਥੀ ਨੂੰ ਹਰਜੀਤ ਕੌਰ ਅਤੇ ਪੰਜਵੀਂ ਜਮਾਤ ਨੂੰ ਮੈਂ ਖ਼ੁਦ ਪੜ੍ਹਾਵਾਂਗਾ। ਅੱਜ ਤੁਸੀਂ ਆਪਣੀ ਆਪਣੀ ਜਮਾਤ ਦੇ ਬੱਚਿਆਂ ਨਾਲ ਜਾਣ ਪਛਾਣ ਕਰ ਕੇ ਕਿਤਾਬਾਂ ਦੀ ਵੰਡ ਕਰ ਦਿਓ ਅਤੇ ਨਵੇਂ ਦਾਖਲ ਹੋਏ ਪਹਿਲੀ ਜਮਾਤ ਦੇ ਬੱਚਿਆਂ ਨੂੰ ਵੀ ਨਵੇਂ ਕਾਇਦੇ ਵੰਡ ਦਿਓ ਅਤੇ ਕੱਲ੍ਹ ਤੋਂ ਪੱਕੇ ਰਜਿਸਟਰ ’ਤੇ ਹਾਜ਼ਰੀ ਲਗਾ ਕੇ ਪੜ੍ਹਾਈ ਸ਼ੁਰੂ ਕਰ ਦਿੱਤੀ ਜਾਵੇ। ਸਾਰੇ ਅਧਿਆਪਕਾਂ ਨੇ ਆਪਣੀ ਆਪਣੀ ਜਮਾਤ ਵਿੱਚ ਜਾ ਕੇ ਬੱਚਿਆਂ ਦੇ ਨਾਮ ਰਜਿਸਟਰ ’ਤੇ ਲਿਖੇ ਅਤੇ ਕਿਤਾਬਾਂ ਵੰਡ ਦਿੱਤੀਆਂ। ਹਰਦੀਪ ਮਾਸਟਰ ਨੇ ਵੀ ਪਹਿਲੀ ਜਮਾਤ ਨੂੰ ਕਾਇਦੇ ਵੰਡ ਦਿੱਤੇ ਅਤੇ ਬੱਚਿਆਂ ਨਾਲ ਗੱਲਾਂ ਬਾਤਾਂ ਕਰਦੇ ਕਰਦੇ ਸਾਰੀ ਛੁੱਟੀ ਦਾ ਸਮਾਂ ਹੋਣ ’ਤੇ ਉਸ ਨੇ ਬੱਚਿਆਂ ਨੂੰ ਕਿਹਾ, ‘‘ਬੱਚਿਉ, ਹੁਣ ਛੁੱਟੀ ਦਾ ਸਮਾਂ ਹੋ ਗਿਆ ਹੈ ਤੁਸੀਂ ਹੌਲੀ ਹੌਲੀ ਆਰਾਮ ਨਾਲ ਘਰ ਨੂੰ ਜਾਓ ਅਤੇ ਕੱਲ੍ਹ ਨੂੰ ਸਮੇਂ ਸਿਰ ਸਕੂਲ ਆਉਣਾ ਹੈ। ਕਾਇਦੇ ਵੀ ਨਾਲ ਲੈ ਕੇ ਆਉਣੇ ਹਨ। ਆਪਾਂ ਕੱਲ੍ਹ ਤੋਂ ਪੜ੍ਹਾਈ ਸ਼ੁਰੂ ਕਰਾਂਗੇ।’’ ਇਸ ਦੇ ਨਾਲ ਹੀ ਛੁੱਟੀ ਦੀ ਘੰਟੀ ਵੱਜ ਗਈ।
ਅਗਲੇ ਦਿਨ ਸਾਰੇ ਬੱਚੇ ਪ੍ਰਾਰਥਨਾ ਕਰਨ ਤੋਂ ਬਾਅਦ ਆਪਣੀ ਆਪਣੀ ਜਮਾਤ ਵਿੱਚ ਪਹੁੰਚ ਗਏ ਅਤੇ ਅਧਿਆਪਕ ਵੀ ਜਮਾਤਾਂ ਵਿੱਚ ਪਹੁੰਚ ਗਏ। ਮਾਸਟਰ ਹਰਦੀਪ ਸਿੰਘ ਨੇ ਪਹਿਲੀ ਜਮਾਤ ਨੂੰ ਪਹਿਲੇ ਇੱਕ ਹਫ਼ਤੇ ਵਿੱਚ ਹੀ ਗੁਰਮੁਖੀ ਪੈਂਤੀ ਦੀ ਵਰਨਮਾਲਾ ਯਾਦ ਕਰਵਾ ਦਿੱਤੀ ਅਤੇ ਅਗਲੇ ਹਫ਼ਤੇ ਕਾਇਦੇ ਤੋਂ ਅੱਖਰਬੋਧ ਪੜ੍ਹਾਉਣ ਲੱਗਾ। ਬੋਲੋ ਬੱਚਿਓ ਊੜਾ ਊਠ, ਐੜਾ ਅੰਬ, ਈੜੀ ਇੱਟ, ਇਸ ਤਰ੍ਹਾਂ ਸਾਰੀ ਪੈਂਤੀ ਪੜ੍ਹਾ ਦਿੱਤੀ। ਅਗਲੇ ਦਿਨ ਬੱਚਿਆਂ ਕੋਲੋਂ ਸੁਣਨ ਲੱਗਾ। ਇੰਨੇ ਨੂੰ ਜਮਾਤ ਵਿੱਚੋਂ ਇੱਕ ਬੱਚਾ ਸੁਖਮਨ ਉੱਠਿਆ ਅਤੇ ਤੋਤਲੀ ਜਿਹੀ ਭਾਸ਼ਾ ਵਿੱਚ ਕਹਿਣ ਲੱਗਾ, ‘‘ਮਾਸਟਰ ਜੀ, ਇਹ ਊੜਾ ਊਠ ਕੀ ਹੁੰਦਾ ਹੈ ਜੀ?’’ ਮਾਸਟਰ ਕਹਿੰਦਾ, ‘‘ਇਹ ਊਠ ਇੱਕ ਬਹੁਤ ਵੱਡਾ ਤਾਕਤਵਰ ਪਸ਼ੂ ਹੁੰਦਾ ਹੈ ਜੋ ਭਾਰ ਢੋਣ ਅਤੇ ਖੇਤੀ ਕਰਨ ਦੇ ਕੰਮ ਆਉਂਦਾ ਹੈ।’’ ਬੱਚਾ ਕਹਿੰਦਾ, ‘‘ਮਾਸਟਰ ਜੀ, ਅਸੀਂ ਤਾਂ ਕਦੇ ਦੇਖਿਆ ਹੀ ਨਹੀਂ?’’ ਮਾਸਟਰ ਹਰਦੀਪ ਨੇ ਊਠ ਦੀ ਫੋਟੋ ਦਿਖਾ ਕੇ ਕਿਹਾ, ‘‘ਦੇਖਿਓ ਬੱਚਿਓ ਇਹ ਹੁੰਦਾ ਹੈ ਊਠ।’’ ਤਾਂ ਹਰਪ੍ਰੀਤ ਬੋਲ ਪਿਆ, ‘‘ਜੀ ਮੇਰਾ ਦਾਦਾ ਤਾਂ ਕਹਿੰਦਾ ਸੀ ਇਹ ਬੋਤਾ ਹੁੰਦਾ ਹੈ ਜੀ।’’ ਅਧਿਆਪਕ ਬੋਲਿਆ, ‘‘ਹਾਂ ਹਾਂ ਪੰਜਾਬ ਵਿੱਚ ਇਸ ਨੂੰ ਬੋਤਾ ਵੀ ਕਹਿੰਦੇ ਹਨ ਤੇ ਦੂਜੇ ਸੂਬਿਆਂ ਵਿੱਚ ਇਸ ਨੂੰ ਊਠ ਕਹਿੰਦੇ ਹਨ। ਅੱਜਕੱਲ੍ਹ ਇਹ ਰਾਜਸਥਾਨ ਵਿੱਚ ਜ਼ਿਆਦਾ ਪਾਇਆ ਜਾਂਦਾ ਹੈ ਕਿਉਂਕਿ ਉੱਥੇ ਟਿੱਬੇ ਬਹੁਤ ਹਨ ਅਤੇ ਇਹ ਟਿੱਬਿਆਂ ਵਿੱਚ ਭਾਰ ਚੁੱਕ ਕੇ ਵੀ ਤੁਰ ਸਕਦਾ ਹੈ। ਇਸ ਲਈ ਇਸ ਨੂੰ ਮਾਰੂਥਲ ਦਾ ਜਹਾਜ਼ ਵੀ ਕਹਿੰਦੇ ਹਨ।’’ ਇੰਨੀ ਗੱਲ ਸੁਣ ਕੇ ਇੱਕ ਹੋਰ ਬੱਚਾ ਬੋਲਿਆ, ‘‘ਮਾਸਟਰ ਜੀ, ਇਹ ਟਿੱਬੇ ਕੀ ਹੁੰਦੇ ਹਨ?’’
ਅਧਿਆਪਕ ਨੇ ਕਿਹਾ, ‘‘ਬੇਟਾ, ਇਹ ਰੇਤੇ ਦੇ ਬਹੁਤ ਵੱਡੇ ਵੱਡੇ ਢੇਰ ਹੁੰਦੇ ਹਨ ਪਹਾੜਾਂ ਵਰਗੇੇ।’’ ਬੱਚਾ ਬੋਲਿਆ, ‘‘ਮਾਸਟਰ ਜੀ ਅਸੀਂ ਤਾਂ ਟਿੱਬੇ ਵੀ ਨਹੀਂ ਦੇਖੇ।’’ ਬੱਚੇ ਦੀ ਗੱਲ ਸੁਣ ਕੇ ਮਾਸਟਰ ਹਰਦੀਪ ਸਿੰਘ ਸੋਚੀਂ ਪੈ ਗਿਆ ਕਿ ਪੰਜਾਬ ਵਿੱਚ ਵਿਕਾਸ ਦੇ ਨਾਂ ’ਤੇ ਕੁਦਰਤੀ ਸਰੋਤਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਹੁਣ ਨਾ ਹੀ ਊਠ ਰਹੇ ਹਨ ਤੇ ਨਾ ਹੀ ਟਿੱਬੇ ਬਚੇ ਹਨ। ਇਸ ਲਈ ਬੱਚਿਆਂ ਨੂੰ ਕਿਵੇਂ ਸਮਝਾਈਏ ਤੇ ਕੀ ਦਿਖਾਈਏ।
ਸੰਪਰਕ: 94174-04804
ਬਹੁਤਾਤ ਜਾਂ ਥੁੜ
ਕੁਲਵਿੰਦਰ ਕੋਰ
ਸ਼ਾਮ ਦਾ ਸਮਾਂ ਸੀ। ਘਰ ਵਿੱਚ ਖਾਣਾ ਬਣਾਉਣ ਦਾ ਜ਼ਿਕਰ ਚੱਲਿਆ। ਮਾਂ ਨੇ ਪੁੱਛਿਆ, ‘‘ਅੱਜ ਕੀ ਖਾਓਗੇ?’’ ਕੋਲ ਬੈਠੀ ਦਸ ਸਾਲ ਦੀ ਬੱਚੀ ਨੇ ਪਲਟ ਕੇ ਸਵਾਲ ਕੀਤਾ, ‘‘ਕੀ ਕੀ ਹੈ?’’ ਮਾਂ ਫੇਰ ਬੋਲੀ, ‘‘ਦਾਲ ਹੈਗੀ, ਪਨੀਰ ਬਣਾਉਣ ਬਾਰੇ ਸੋਚ ਰਹੀਂ ਹਾਂ।’’ ‘‘ਹੂ…ਉ…’’ ਨਿੱਕੇ ਪੁੱਤ ਵੱਲੋਂ ਵੀ ਨਿਰਾਸ਼ਾ ਦਾ ਪ੍ਰਗਟਾਵਾ ਆਇਆ। ‘‘ਫੇਰ ਕੀ ਖਾਓਗੇ ਤੁਸੀਂ ਬੇਟਾ, ਜੇ ਕਹੋ ਤਾਂ ਸੈਂਡਵਿਚ ਬਣਾ ਦਿੰਦੀ ਹਾਂ ਅੱਜ,’’ ਹੁਣ ਬੱਚੇ ਖ਼ੁਸ਼ ਲੱਗ ਰਹੇ ਸਨ।
ਕੋਲ ਹੀ ਕੰਮ ਕਰਦੀ ਜੀਤੀ ਵੀ ਗੱਲ ਦਾ ਹਿੱਸਾ ਬਣਨ ਲਈ ਬੋਲੀ, ‘‘ਮੈਂ ਵੀ ਅਜੇ ਦੇਖਦੀ ਹਾਂ ਕੀ ਖਾਣਾ ਅੱਜ। ਕੀ ਖਾਣਾ ਏ ਬੰਦੇ ਨੇ, ਹਰ ਸਬਜ਼ੀ ਏਨੀ ਮਹਿੰਗੀ ਹੈ।