ਡਾ. ਸੁਖਦੇਵ ਗੁਰੂ
ਸ਼ਬਦ
ਜੋ ਕਲੀਆਂ ਨਾ ਖਿੜਾ ਸਕਣ
ਸ਼ਬਦ
ਜੋ ਪੱਥਰ ਨਾ ਪਿਘਲਾ ਸਕਣ
ਸ਼ਬਦ
ਜੋ ਅਹਿਸਾਸ ਨਾ ਜਗਾ ਸਕਣ
ਸ਼ਬਦ
ਜੋ ਬਣ ਨਾ ਸਕਣ
ਮਹਬਿੂਬ ਦੇ ਬੁੱਲ੍ਹਾਂ ਦੀ ਮੁਸਕਰਾਹਟ
ਅਤੇ ਬਦਲ ਨਾ ਸਕਣ
ਹੰਝੂਆਂ ਨੂੰ ਰੋਹ ਵਿੱਚ
ਸ਼ਬਦ ਨਹੀਂ ਹੁੰਦੇ
ਸ਼ਬਦਾਂ ਦੀ ਮੌਤ ਹੁੰਦੇ ਨੇ
ਸ਼ਬਦਾਂ ਦੇ ਹੋਣ ਦਾ ਅਰਥ
ਸਿਰਫ਼
ਰਾਜਿਆਂ ਦੀ ਖ਼ੁਸ਼ੀ ਲਈ
ਮੁਜਰਿਆਂ ’ਚ ਘੁੰਗਰੂਆਂ ਦੀ
ਛਣਕਾਰ ਨਹੀਂ ਹੁੰਦਾ
ਸ਼ਬਦਾਂ ਦੇ ਹੋਣ ਦਾ ਅਰਥ ਹੁੰਦਾ ਹੈ
ਰੋੜ ਬਣ ਚੁੱਭਣਾ
ਵਹਿਸ਼ਤ ਦੀਆਂ ਅੱਖਾਂ ’ਚ,
ਜ਼ਿੰਦਗੀ ਦੇ ਗੀਤ ਗਾਉਂਦਿਆਂ
ਨੱਚਣਾ
ਦਹਿਕਦੇ ਅੰਗਾਰਿਆਂ ’ਤੇ
ਸ਼ਬਦਾਂ ਦੀ ਵਿਸ਼ਾਲਤਾ
ਗਜ਼ਾਂ ਦੀ ਮੁਥਾਜ ਨਹੀਂ ਹੁੰਦੀ
ਸ਼ਬਦ ਕਦੇ ਚੁੱਪ ਨਹੀਂ ਰਹਿੰਦੇ
ਸ਼ਬਦ ਖ਼ੁਦਕੁਸ਼ੀ ਨਹੀਂ ਕਰਦੇ
ਜੀਣ ਦੀ ਜਾਚ ਦਿੰਦੇ ਨੇ
ਸ਼ਬਦ
ਜੋ ਨਾਬਰੀ ਦੇ ਗੀਤ ਦਾ
ਕਾਫ਼ੀਆ ਨਹੀਂ ਬਣਦੇ
ਸ਼ਬਦ ਨਹੀਂ ਹੁੰਦੇ
ਜ਼ੁਲਮ ਦੀ ਢਾਲ ਹੁੰਦੇ ਨੇ
ਸ਼ਬਦ
ਮੋਹ ਦਾ ਇਜ਼ਹਾਰ ਹੁੰਦੇ ਨੇ
ਸ਼ਬਦ ਤਲਵਾਰ ਹੁੰਦੇ ਨੇ
ਜ਼ਿੰਦਗੀ ਦਾ ਸੁਹਜ ਹੁੰਦੇ ਨੇ
ਯੁੱਧ ਦੇ ਗੀਤ ਹੁੰਦੇ ਨੇ
ਜਬਰ ਦੀ ਰੋਕ ਬਣਦੇ ਨੇ
ਯੁੱਧ ਦੀ ਦਸ਼ਾ ਬਣਦੇ ਨੇ
ਯੁੱਧ ਦੀ ਦਿਸ਼ਾ ਬਣਦੇ ਨੇ
ਯੁੱਧ ਦੀ ਲੋੜ ਬਣਦੇ
ਉੱਗ ਆਇਆ ਹੈ
ਕਤਲਗਾਹਾਂ ਦਾ ਜੰਗਲ
ਘਰਾਂ ਦੀਆਂ ਸਰਦਲਾਂ ਦੇ ਆਸਪਾਸ
ਆਉ ਯੁੱਧ ਦਾ ਹਿੱਸਾ ਬਣੀਏ
ਸ਼ਬਦਾਂ ਨੂੰ ਸੁਲਗ਼ਦੀ ਆਵਾਜ਼ ਦੇਈਏ
ਨ੍ਹੇਰੀ ਰਾਤ ਦੇ
ਆਦਮਖੋਰ ਮਨਸੂਬਿਆਂ ਨੂੰ
ਸਦਾ ਲਈ
ਕਬਰਾਂ ਦੇਣ ਵਾਸਤੇ।
ਸੰਪਰਕ: 98146-19581
* * *
ਲਲਕਾਰ
ਬਲਜੀਤ ਕੋਟਭਾਈ
ਇਰਾਦਾ ਹਾਕਮਾਂ ਦਾ ਸਿਰਫ਼ ਨਹੀਂ ਨੁਕਸਾਨ ਤੱਕ ਸੀਮਤ
ਤੇਰਾ ਵਜੂਦ ਮਿਟਾਉਣਾ ਏ, ਝੁਕਣੋਂ ਤੈਨੂੰ ਇਨਕਾਰ ਕਿਉਂ ਨਹੀਂ
ਭੁਲਾ ਕੇ ਆਪਸੀ ਰੰਜ਼ਿਸ਼ਾਂ ਖੜ੍ਹ ਜਾਵੋ ਜ਼ਰਾ ਤਾਣ ਕੇ ਸੀਨਾ
ਤੇਰੇ ਅੱਖਾਂ ਵਿੱਚ ਸਿੱਲ੍ਹ ਦੀ ਥਾਂ, ਸੁਲਗ਼ਦੇ ਅੰਗਿਆਰ ਕਿਉਂ ਨਹੀਂ
ਖੇਤ ਤੇਰੇ ਪਿਉ ਵੀ ਮਾਂ ਵੀ ਏ ਲੁੱਟਣ ਵਾਲ਼ੇ ਨੂੰ ਸਾਬਿਤ ਕਰ
ਗ਼ੁਲਾਮੀ ਨੂੰ ਮਿਟਾਵਣ ਲਈ ਫਿਰ, ਤੂੰ ਬੀਜੇ ਹਥਿਆਰ ਕਿਉਂ ਨਹੀਂ
ਹਾਲੇ ਜੰਗ ਲੱਗੀ ਨਹੀਂ ਤੇਰੀ ਕਲਮ ਨੂੰ ਸਾਬਿਤ ਕਿਵੇਂ ਹੋਊ
ਤੂੰ ਨਸਲ ਬਾਬੇ ਗ਼ਦਰੀ ਦੀ, ਤੇਰਾ ਆਪਣਾ ਅਖ਼ਬਾਰ ਕਿਉਂ ਨਹੀਂ
ਹੁਣ ਸ਼ਿਲਾਲੇਖਾਂ ’ਤੇ ਆਪਣੀ ਜਾਤ ਤੇ ਰੁਤਬਾ ਲਿਖੇ ਹਾਕਮ
ਪਰ ਆਪਣੀ ਹੀ ਨਸਲ ਤੇ ਫ਼ਸਲ ਦਾ, ਤੂੰ ਪਹਿਰੇਦਾਰ ਕਿਉਂ ਨਹੀਂ
ਤੇਰੇ ਤਾਂ ਪੂਰਵਜਾਂ ਨੇ ਹੋਰਾਂ ਲਈ ਆਪਣੇ ਸਿਰ ਕਟਾ ਦਿੱਤੇ
ਆਪਣੇ ਹੱਕਾਂ ਲਈ ਮਰ ਮਿਟਾਂਗੇ, ਦੱਸ ਤੇਰੀ ਲਲਕਾਰ ਕਿਉਂ ਨਹੀਂ
ਜਿਹਦੀ ਕੁਰਸੀ ਦੇ ਪਾਵੇ ਤੇਰਿਆਂ ਹੱਥਾਂ ’ਤੇ ਹੀ ਨਿਰਭਰ ਨੇ
ਤੇਰੇ ਦਾਦੇ ਨੇ ਤੋੜਤੇ ਬਾਰਡਰ, ਪਰ ਤੈਥੋਂ ਟੁੱਟੀ ਸਰਕਾਰ ਕਿਉਂ ਨਹੀਂ
ਤੂੰ ਨਲੂਏ ਤੇ ਬਹਾਦਰ ਦੇ ਸਿਰਜੇ ਇਤਿਹਾਸ ਦਾ ਵਾਰਿਸ ਏਂ
ਉਹ ਤਾਂ ਤਲੀ ਸਿਰ ਧਰ ਕੇ ਲੜਦੇ ਸੀ, ਤੈਨੂੰ ਇਤਬਾਰ ਕਿਉਂ ਨਹੀਂ
ਤੂੰ ਕਿਉਂ ਸੋਚੇ ਕੋਈ ਆਵੇਗਾ ਬਚਾਵਣ ਲਈ ਮਸੀਹਾ ਬਣ
ਜੇ ਸ਼ਹਾਦਤ ਹੀ ਦੇਣਾ ਹੱਲ ਹੈ, ਤਾਂ ਫਿਰ ਤੇਰਾ ਪਰਿਵਾਰ ਕਿਉਂ ਨਹੀਂ।
ਸੰਪਰਕ: 94179-38955
* * *
ਮੇਰੇ ਸਿਰ ਇਲਜ਼ਾਮ ਹੈ
ਸਤਨਾਮ ਸਾਦਿਕ
ਜ਼ਿੰਦਗੀ ਜਿਉਣ ਦਾ
ਆਜ਼ਾਦੀ ਮਾਣਨ ਦਾ
ਮੇਰੇ ਸਿਰ ਇਲਜ਼ਾਮ ਹੈ
ਹਰ ਵਾਰ ਮੁੱਕ ਜਾਂਦਾ ਹੈ ਵਰਕਾ
ਉਸ ਭਾਸ਼ਣ ਡਾਇਰੀ ਦਾ
ਜਦੋਂ ਮੇਰਾ ਜ਼ਿਕਰ ਹੋਣਾ ਹੁੰਦਾ ਹੈ।
ਭੇੜ ਦਿੱਤੇ ਜਾਂਦੇ ਨੇ
ਮੈਨੂੰ ਦੇਖ ਕੇ
ਸਰਕਾਰੀ ਸੰਸਥਾਵਾਂ ਦੇ
ਬੇਢੰਗੇ ਜਿਹੇ, ਪੈਸੇ ਮੰਗਦੇ ਗੇਟ।
ਮੈਨੂੰ ਪਚੀੜਣ ਦੀ ਕੋਸ਼ਿਸ਼ ਹੈ
ਵਰਗਲਾ ਕੇ
ਉਸ ਤਾਨਾਸ਼ਾਹੀ ਵੇਲਣੇ ਦੀ
ਜੋ ਕਿ ਰੋਟੀਆਂ ਥਾਏਂ ਵੋਟਾਂ ਵੇਲਦਾ ਹੈ।
ਮੈਂ ਜਦ ਕਦੇ ਵੀ ਸਾਈਕਲ ’ਤੇ ਸਫ਼ਰ ਕੀਤਾ
ਹੈਂਡਲ ਨਾਲ ਟੰਗਿਆ ਝੋਲਾ
ਸਾਰੇ ਰਾਹ ਮੈਨੂੰ ਮਿਹਣੇ ਮਾਰਦਾ ਰਿਹਾ,
ਕੱਢ ਦਿੱਤਾ ਗਿਆ ਮੈਨੂੰ ਉਸ ਖਾਣੇ-ਪਾਣੀ ’ਚੋਂ ਇਹ ਆਖ
ਕਿ ਦਾਣੇ-ਦਾਣੇ ’ਤੇ ਖਾਣ ਵਾਲੇ ਦਾ ਨਾਮ,
ਕਰ ਲਏ ਮੇਰੇ ਸੁਫ਼ਨੇ ਚੋਰੀ
ਇਸ ਆਸ ਨੇ
ਜੋ ਕਹਿੰਦੀ ਰਹੀ
ਇਹ ਤੇਰੇ ਹਾਣ ਦੇ ਨਹੀਂ ਹਨ।
ਮੈਂ ਉੱਲੀ ਲੱਗੀ ਰੋਟੀ ਤੱਕੀ ਹੈ
ਆਪਣੇ ਘਰ ਵਿਚਲੇ ਛਿੱਕੂ ਅੰਦਰ
ਮਾਂ ਕਹਿੰਦੀ ਸੀ ਚੂਰੀ ਚੋਰ ਹੈਂ ਤੂੰ
ਕਹਿੰਦੀ ਸੀ ਭੈਣ ਤੇਰੀ ਭੁੱਖੀ ਹੈ
ਮੈਂ ਗਿਆ ਸਾਂ ਉਹਦੇ ਲਈ ਕੁਝ ਖਰੀਦਣ
ਪਰ ਥੋਨੂੰ ਪਤਾ
ਮੈਂ ਆਵਦਾ ਆਪ ਵੇਚ ਕੇ ਨਗ਼ਨ ਮੁੜਿਆ
ਸਮਝੌਤੇ ਹਰ ਥਾਂ ਮੇਰੇ ਨਾਲ ਹੱਥ ਮਿਲਾਉਂਦੇ ਰਹੇ
ਮੇਰੇ ਚਿਹਰੇ ਦੀ ਮੁਸਕਰਾਹਟ
ਮੇਰੇ ਹੱਥਾਂ ਨੂੰ ਵੇਖ ਕੇ ਪੀਲੀ ਹੋ ਜਾਂਦੀ ਹੈ
ਅੱਖਾਂ ਪਿਚਕ ਗਈਆਂ ਮੇਰੀਆਂ,
ਬੰਜਰ ਬਣ ਗਿਆ
ਮੇਰੀਆਂ ਅੱਖਾਂ ਵਿਚਲਾ ‘ਮਾਂ ਦਾ ਬਾਗ਼’
ਉੱਚੇ ਪੁਲ ਬਣਾ ਦਿੱਤੇ ਗਏ
ਤਾਂ ਜੋ ਮੈਂ ਹੰਭ-ਹੰਭ
ਉਨ੍ਹਾਂ ਤੀਕ ਪਹੁੰਚਾਂ
ਤੇ ਉਹ ਮੈਨੂੰ ਦਿਖਾਵੇ ਦੀ ਸ਼ੈਅ ਬਣਾ ਰਹੇ ਹਨ
ਮੈਂ ਉਨ੍ਹਾਂ ਦੇ ਦੇਸ਼ ਤੋਂ ਸਿਰਫ਼ ਏਸੇ ਕਾਰਨ ਬੇਦਖ਼ਲ ਹਾਂ
ਕਿਉਂਕਿ
ਮੇਰੇ ਸਿਰ ਇਲਜ਼ਾਮ ਹੈ
ਜ਼ਿੰਦਗੀ ਜਿਉਣ ਦਾ
ਆਜ਼ਾਦੀ ਮਾਣਨ ਦਾ…
* * *
ਗ਼ਜ਼ਲ
ਸ਼ਾਇਰ ਭੱਟੀ
ਲੋਕੋ ਜਿੱਥੇ ਆਪਣਾ, ਆਪਣੇ ਹੀ ਵੱਲ ਨਹੀਂ ਹੁੰਦਾ।
ਉੱਥੇ ਰੱਬਾ ਮੁਸ਼ਕਿਲ ਦਾ ਕੋਈ ਹੱਲ ਨਹੀਂ ਹੁੰਦਾ।
ਜੱਗ ’ਤੇ ਧਰਮਾਂ, ਜਾਤਾਂ ਦਾ ਮੁੱਦਾ ਐਸਾ ਮੁੱਦਾ ਹੈ,
ਜਿਹਦਾ ਜਾਨ ਗੁਆ ਕੇ ਵੀ ਕੋਈ ਹੱਲ ਨਹੀਂ ਹੁੰਦਾ।
ਏਥੇ ਜੋ ਮਿਹਨਤ ਸਦਕਾ ਮੰਜ਼ਿਲ ਨੂੰ ਸਰ ਕਰਦਾ ਹੈ,
ਉਹ ਮੰਦਰ ਦੇ ਖੜਕਾਉਂਦਾ ਕਿਧਰੇ ਟੱਲ ਨਹੀਂ ਹੁੰਦਾ।
ਮਹਿਰਮ ਦੀ ਖ਼ਾਤਰ ਉਹ ਸੂਲ਼ੀ ’ਤੇ ਲਟਕ ਨਹੀਂ ਸਕਦਾ,
ਜਿਸ ਅੰਦਰ ਮਨਸੂਰ ਜਿਹਾ ਕੋਈ ਝੱਲ ਨਹੀਂ ਹੁੰਦਾ।
ਹੈ ਬੇਹੱਦ ਜ਼ਰੂਰੀ ਸੰਗਤ ਭੱਟੀ ਉਸਤਾਦਾਂ ਦੀ,
ਬਿਨ ਉਸਤਾਦਾਂ ਕੋਈ ਵੀ ਮਸਲਾ ਹੱਲ ਨਹੀਂ ਹੁੰਦਾ।
* * *
ਗ਼ਜ਼ਲ
ਕਰਨੈਲ ਅਟਵਾਲ
ਮਨੁੱਖ! ਮਨੁੱਖ ਤੋਂ ਹੀ ਦੂਰ ਪਿਆ ਏ ਨੱਸਦਾ।
ਪਤਾ ਨ੍ਹੀ ਕਿਉਂ? ਇਕ ਦੂਜੇ ਉੱਤੇ ਰਹੇ ਮੱਚਦਾ।
ਇਤਬਾਰੀ ਤਾਂ ਇਕ ਨਾਂ ਦੀ ਹੀ ਰਹਿ ਗਈ,
ਸੀ ਸੀ ਟੀਵੀ ਕੈਮਰਿਆਂ ਵਿਚ ਰਹੇ ਫਸਦਾ।
ਆਖ਼ਰ ਪਸ਼ੂ ਪੰਛੀਆਂ ਤੋਂ ਹੀ ਸਿੱਖ ਲੈਣਾ ਸੀ,
ਇਨ੍ਹਾਂ ਦਾ ਸੰਸਾਰ ਕਿਵੇਂ ਖ਼ੁਸ਼ੀ-ਖ਼ੁਸ਼ੀ ਵੱਸਦਾ।
ਮਨੁੱਖ ’ਚੋਂ ਮਨੁੱਖ ਨਹੀਂ ਹੁਣ ਨਜ਼ਰ ਆਉਂਦਾ,
ਆਪਣੇ ਆਪ ਨੂੰ ਜੂਨਾਂ ਦਾ ਸਰਦਾਰ ਦੱਸਦਾ।
ਆਪਣੇ ਅੰਦਰ ਦੀ ਮੈਲ ਨੂੰ ਤੱਕਦਾ ਨਹੀਂ,
ਦੂਜੇ ਦੀਆਂ ਕਮਜ਼ੋਰੀਆਂ ’ਤੇ ਰਹੇ ਹੱਸਦਾ।
ਸਭ ਜਾਣ ਕੇ ਵੀ ਫਿਰੇ ਅਣਜਾਣ ਬਣਿਆ,
ਕੀ ਪਤਾ ਕਦੋਂ ਟੁੱਟ ਜਾਣਾ ਏ ਸ਼ੀਸ਼ਾ ਕੱਚ ਦਾ।
‘ਅਟਵਾਲ’ ਆਪਣੇ ਅੰਦਰੋਂ ਲੱਭ ਮਨੁੱਖਤਾ ਨੂੰ,
ਸਿੱਖ ਲੈ ਜੀਵਨ ਜਿਉਣਾ ਹੱਕ ਤੇ ਸੱਚ ਦਾ।
ਸੰਪਰਕ: 75082-75052