ਅਮਰੀਕ ਗਿੱਲ
ਪ੍ਰੇਰਨਾਮਈ ਸ਼ਖ਼ਸ
ਮਿਤੀ: 27 ਮਾਰਚ, 2021
ਸਥਾਨ: ਮੁੰਬਈ, ਮਹਾਰਾਸ਼ਟਰ, ਸਾਗਰ ਸਰਹੱਦੀ ਦਾ ਘਰ
ਸਮਾਂ: ਤੜਕਸਾਰ, ਸਵੇਰ।
ਅੱਜ ਸਵੇਰ ਤੋਂ ਹੀ ਹਵਾ ਵਿਚ ਇਕ ਮਨਹੂਸੀਅਤ ਜਿਹੀ ਭਰੀ ਹੋਈ ਹੈ। ਸਭ ਦੇ ਮਨ ਉਦਾਸ ਹਨ। ਬੇਚੈਨੀ ਦਾ ਆਲਮ ਹੈ। ਇਹ ਸਭ ਕਿਉਂ ਹੈ? ਕਿਸੇ ਨੂੰ ਕੁਝ ਨਹੀਂ ਪਤਾ। ਚਾਰ ਮਹੀਨਿਆਂ ਤੋਂ ਕਿਸਾਨ ਘਰਾਂ ਤੋਂ ਬਾਹਰ ਦਿੱਲੀ ਦੇ ਬਾਰਡਰਾਂ ’ਤੇ ਬੈਠੇ ਹੋਏ ਨੇ। ਅਖ਼ਬਾਰ ਆਉਂਦੀ ਹੈ। ਸਾਹਮਣੇ ਹੀ ਖ਼ਬਰ ਹੈ: ਰੁਮਾਂਸ, ਦਰਦ ਤੇ ਸਮਾਜਿਕ ਸਰੋਕਾਰਾਂ ਦੇ ਵੱਡੇ ਲੇਖਕ ਤੇ ਨਿਰਦੇਸ਼ਕ ਸਾਗਰ ਸਰਹੱਦੀ ਦਾ ਦੇਹਾਂਤ।
ਸਾਗਰ ਸਰਹੱਦੀ ਉਮਰ ਦੇ 88 ਸਾਲ ਪੂਰੇ ਕਰ ਚੁੱਕੇ ਸਨ। ਉਨ੍ਹਾਂ ਦਾ ਜਨਮ ਸਥਾਨ ਅੱਜਕੱਲ੍ਹ ਦੇ ਪਾਕਿਸਤਾਨ ਦੇ ਉੱਤਰ ਪੱਛਮੀ ਸਰਹੱਦੀ ਸੂਬੇ ਭਾਵ ਖ਼ੈਬਰ ਪਖ਼ਤੂਨਖ਼ਵਾ ਦੇ ਜ਼ਿਲ੍ਹਾ ਪਿਸ਼ਾਵਰ ਦਾ ਪਿੰਡ ਬਾਫ਼ਾ ਸੀ। ਸਾਗਰ ਸਰਹੱਦੀ ਦੇ ਪਿਤਾ ਥਾਨ ਸਿੰਘ ਤਲਵਾਰ ਤੇ ਮਾਂ ਪ੍ਰੇਮਾ ਦੇਈ ਸੀ। ਸਾਗਰ ਸਰਹੱਦੀ ਦਾ ਵੱਡਾ ਭਰਾ ਅਤਰ ਚੰਦ ਤਲਵਾਰ ਵਿਆਹਿਆ ਹੋਇਆ ਸੀ। ਸਾਰਗ ਦਾ ਜਨਮ 11 ਮਈ 1933 ਨੂੰ ਬਾਫ਼ਾ ਪਿੰਡ ਹੀ ਹੋਇਆ। ਇਸ ਦਾ ਬਚਪਨ ਵਿਚ ਨਾਂ ਗੰਗਾ ਸਾਗਰ ਤਲਵਾਰ ਰੱਖਿਆ ਗਿਆ। ਸ਼ੁਰੂ ਦੀ ਪੜ੍ਹਾਈ ਪਿੰਡ ਦੇ ਸਕੂਲ ਵਿਚ ਹੀ ਕਰਵਾਈ ਗਈ। ਪਿੰਡ ਤੋਂ ਕੋਈ 11 ਕਿਲੋਮੀਟਰ ਦੂਰ ਐਬਟਾਬਾਦ ਨਾਂ ਦਾ ਵੱਡਾ ਸ਼ਹਿਰ ਸੀ। ਪਿੰਡ ਵਿਚ ਤਲਵਾਰ ਪਰਿਵਾਰ ਦੁਕਾਨਦਾਰੀ, ਸਰਕਾਰੀ ਕੰਮਾਂ ਦੇ ਠੇਕੇ ਲੈਣ ਤੇ ਸ਼ਹਿਰਦਾਰੀ ਦੇ ਛੋਟੇ-ਵੱਡੇ ਲੈਣ-ਦੇਣ ਦਾ ਕਾਰੋਬਾਰ ਕਰਦਾ ਸੀ। ਅਤਰ ਚੰਦ ਤਲਵਾਰ ਤਾਂ ਥੋੜ੍ਹਾ ਪੜ੍ਹ ਕੇ ਘਰ ਦੇ ਕਾਰੋਬਾਰ ਵਿਚ ਹੀ ਕੰਮ ਵਿਚ ਰੁੱਝ ਗਿਆ। ਪਿਤਾ ਥਾਨ ਸਿੰਘ ਤੇ ਦਾਦਾ ਜੀ ਵੀ ਕੰਮ-ਕਾਜ ਵਿਚ ਹੱਥ ਵਟਾਉਂਦੇ ਸਨ। ਪੂਰਾ ਪਿੰਡ ਆਪਸ ਵਿਚ ਭਾਈਚਾਰਕ ਸਾਂਝ ਵਿਚ ਬੰਨ੍ਹਿਆ ਹੋਇਆ ਸੀ। ਹਿੰਦੂ, ਸਿੱਖਾਂ, ਮੁਸਲਮਾਨਾਂ ਵਿਚ ਭਾਈਚਾਰਕ ਸਾਂਝ ਪੂਰੀ ਕਾਇਮ ਸੀ।
ਇਸ ਇਲਾਕੇ ਵਿਚ ਛੋਟੀਆਂ ਪਹਾੜੀਆਂ, ਚਾਰੇ ਪਾਸੇ ਹਰਿਆਵਲ, ਲਵੇਰੀਆਂ ਮੱਝਾਂ ਗਾਵਾਂ, ਖਾਣ ਪੀਣ ਲਈ ਫ਼ਲ, ਮੇਵੇ ਆਦਿ ਸੁਆਦਲੀਆਂ ਚੀਜ਼ਾਂ ਦੀ ਭਰਮਾਰ ਸੀ। ਬਾਫ਼ਾ ਦੇ ਨਾਲ ਹੀ ਸਿਰਾਨ ਨਦੀ ਵਹਿੰਦੀ ਸੀ। ਕਲ-ਕਲ ਕਰਦੇ ਵਹਿੰਦੇ ਪਾਣੀ ਵਿਚ ਬੱਚੇ ਹੱਸਦੇ, ਨੱਚਦੇ ਤੇ ਸਿਰਾਨ ਦੇ ਪੱਕੇ ਪੁਲਾਂ ਤੋਂ ਨਦੀ ਵਿਚ ਛਾਲਾਂ ਮਾਰਦੇ ਤੇ ਚੰਗਾੜਾਂ ਮਾਰਦੇ ਤਾਰੀਆਂ ਲਾਉਂਦੇ। ਗੰਗਾ ਸਾਗਰ ਸਕੂਲ ਵਿਚ ਚੰਗਾ ਤੇ ਜ਼ਿਹਨੀ ਵਿਦਿਆਰਥੀ ਸੀ। ਉਸ ਦਾ ਜ਼ਿਆਦਾ ਸਮਾਂ ਦਰਿਆ ਸਿਰਾਨ ਤੇ ਹਰੀਆਂ-ਭਰੀਆਂ ਪਹਾੜੀਆਂ ਵਿਚ ਹੀ ਬੀਤਦਾ। ਨਦੀ ਦੇ ਪੁਲ ’ਤੇ ਬੈਠਾ ਸਕੂਲ ਦੀਆਂ ਕਿਤਾਬਾਂ ਪੜ੍ਹਦਾ ਰਹਿੰਦਾ। ਇਧਰ ਅਤਰ ਚੰਦ ਦੇ ਘਰ ਇਕ ਧੀ ਨੇ ਜਨਮ ਲੈ ਲਿਆ ਤੇ ਅਗਲੇ ਸਾਲ ਇਕ ਪੁੱਤਰ ਨੇ ਜਨਮ ਲਿਆ। ਉਸ ਦਾ ਨਾਂ ਰਮੇਸ਼ ਤਲਵਾਰ ਰੱਖਿਆ ਜੋ ਵੱਡਾ ਹੋ ਕੇ ਫਿ਼ਲਮ ਤੇ ਰੰਗਮੰਚ ਦਾ ਨਾਮੀ ਨਿਰਦੇਸ਼ਕ ਬਣਿਆ। ਗੰਗਾ ਸਾਗਰ ’ਤੇ ਦਸਵੀਂ ਦੀ ਪ੍ਰੀਖਿਆ ਦੀ ਪੜ੍ਹਾਈ ਦਾ ਜ਼ੋਰ ਪੈ ਗਿਆ। ਉਹ ਦਿਨ ਰਾਤ ਪੜ੍ਹਾਈ ਵਿਚ ਲੱਗਾ ਰਹਿੰਦਾ। ਦੇਸ਼ ਵਿਚ ਅਜੀਬ ਜਿਹੀਆਂ ਕਨਸੋਆਂ ਫੈਲਣ ਲੱਗੀਆਂ ਕਿ ਆਜ਼ਾਦੀ ਮਿਲਣ ਵਾਲੀ ਹੈ। ਫਿਰ ਹੋਰ ਖ਼ਬਰਾਂ ਆਈਆਂ ਕਿ ਦੇਸ਼ ਦੇ ਦੋ ਟੁਕੜੇ ਹੋ ਜਾਣਗੇ, ਉਜਾੜਾ ਪੈ ਜਾਵੇਗਾ। ਆਪਣੇ ਪਿੰਡ ਤੇ ਆਪਣੇ ਦਰਿਆ ਸਿਰਾਨ ਨੂੰ ਛੱਡ ਕੇ ਜਾਣਾ ਗੰਗਾ ਸਾਗਰ ਨੂੰ ਮਨਜ਼ੂਰ ਨਹੀਂ ਸੀ। ਫਿਰ 15 ਅਗਸਤ 1947 ਦਾ ਦਿਨ ਆ ਗਿਆ। ਭਾਰਤ ਆਜ਼ਾਦ ਹੋ ਗਿਆ। ਸਾਰਾ ਦੇਸ਼ ਆਜ਼ਾਦੀ ਆਉਣ ਦੀ ਖ਼ੁਸ਼ੀ ਵਿਚ ਜਸ਼ਨ ਮਨਾਉਣ ਲੱਗਾ। ਨਾਲ ਹੀ ਖ਼ਬਰਾਂ ਆਈਆਂ ਕਿ ਇਨ੍ਹਾਂ ਸਭ ਨੂੰ ਇਹ ਇਲਾਕਾ ਛੱਡ ਕੇ ਆਜ਼ਾਦ ਹਿੰਦੋਸਤਾਨ ਜਾਣਾ ਪਵੇਗਾ। ਗੰਗਾ ਸਾਗਰ ਨੂੰ ਇਹ ਵਿਛੋੜਾ ਮਨਜ਼ੂਰ ਨਹੀਂ ਸੀ।
ਗੰਗਾ ਸਾਗਰ ਦਰਿਆ ਸਿਰਾਨ ਕੰਢੇ ਬੈਠਾ ਰੋਂਦਾ ਰਹਿੰਦਾ, ਉਸ ਦੇ ਪਾਣੀ ਨੂੰ ਚੁਲੀਆਂ ਵਿਚ ਭਰ-ਭਰ ਚੁੰਮਦਾ। ਇਕ ਦਿਨ ਉਸ ਨੂੰ ਲੱਭਦੀ ਪ੍ਰੇਮਾ ਦੇਈ ਉੱਥੇ ਆਈ ਤੇ ਆਪਣੇ ਗਲ ਨਾਲ ਲਾ ਕੇ ਸਮਝਾ ਕੇ ਬੋਲੀ, ‘‘ਗੰਗਾ ਪੁੱਤ, ਹੁਣ ਤਾਂ ਸਾਨੂੰ ਜਾਣਾ ਹੀ ਪਏਗਾ।’’ ਰੋਂਦੇ ਹੋਏ ਗੰਗਾ ਨੇ ਕਿਹਾ, ‘‘ਬੇਬੇ, ਮੈਂ ਨਹੀਂ ਜਾਣਾ, ਜੇ ਤੁਸੀਂ ਜਾਣਾ ਹੀ ਹੈ ਤਾਂ ਮੈਨੂੰ ਇੱਥੇ ਛੱਡ ਜਾਉ।’’ ਪ੍ਰੇਮਾ ਦੇਈ ਨੇ ਕਿਹਾ, ‘‘ਪੁੱਤ, ਤੈਨੂੰ ਕਿਵੇਂ ਛੱਡ ਸਕਦੇ ਹਾਂ, ਆਪਣੇ ਬਾਫ਼ਾ ਨਾਲੋਂ ਵੀ ਸੋਹਣੇ ਪਿੰਡ ਜਾਵਾਂਗੇ।’’ ਗੰਗਾ ਵਿਲ੍ਹਕ ਪਿਆ, ‘‘ਬੇਬੇ, ਉਸ ਪਿੰਡ ਵਿਚ ਆਪਣੀ ਸਿਰਾਨ ਨਦੀ ਕਿੱਥੋਂ ਲਿਆਵਾਂਗੇ? ਮੈਂ ਨਹੀਂ ਜਾਵਾਂਗਾ।’’ ਪਰ ਸਰਕਾਰ ਦੇ ਹੁਕਮਾਂ ਨੂੰ ਕੌਣ ਟਾਲ ਸਕਦਾ ਹੈ? ਸਭ ਨੂੰ ਬਾਫ਼ਾ ਛੱਡ ਕੇ ਉੱਥੋਂ ਹਿੰਦੋਸਤਾਨ ਆਉਣਾ ਹੀ ਪਿਆ। ਸਭ ਆਪਣੇ ਤਿੰਨਾਂ ਕੱਪੜਿਆਂ ਨਾਲ ਹੀ ਸ੍ਰੀਨਗਰ (ਕਸ਼ਮੀਰ) ਵੱਲ ਚੱਲ ਪਏ। ਥੋੜ੍ਹੇ ਬਹੁਤ ਪੈਸੇ, ਕੁਝ ਗਹਿਣੇ। ਨਾ ਜਾਇਦਾਦ ਵੇਚ ਸਕੇ, ਨਾ ਘਰ-ਬਾਰ ਤੇ ਨਾ ਹੀ ਜ਼ਮੀਨਾਂ। ਪਿੰਡ ਬਾਫ਼ਾ, ਐਬਟਾਬਾਦ, ਪਿਸ਼ਾਵਰ ਸਭ ਛੱਡ ਕੇ ਸ੍ਰੀਨਗਰ ਵੱਲ ਕਾਫ਼ਲੇ ਬਣਾ ਕੇ ਚੱਲ ਪਏ ਕਿਉਂਕਿ ਬਾਫ਼ਾ ਸ੍ਰੀਨਗਰ ਤੋਂ ਬਹੁਤ ਨੇੜੇ ਸੀ।
ਸ੍ਰੀਨਗਰ ਪਹੁੰਚ ਗਏ। ਫਿਰ ਵੱਡਾ ਸੰਘਰਸ਼ ਸ਼ੁਰੂ ਹੋ ਗਿਆ। ਗੰਗਾ ਸਾਗਰ ਕੋਲ ਸਿਰਫ਼ ਦਸਵੀਂ ਪਾਸ ਦਾ ਸਰਟੀਫਿਕੇਟ ਸੀ। ਪਿਤਾ ਥਾਨ ਸਿੰਘ ਤਲਵਾਰ ਕੋਲ 3-4 ਹਜ਼ਾਰ ਰੁਪਏ ਤੇ ਥੋੜ੍ਹੇ ਪਿੱਛੇ ਰਹਿ ਚੁੱਕੀ ਜਾਇਦਾਦ ਦੇ ਕਾਗ਼ਜ਼।
ਸ੍ਰੀਨਗਰ ਦੇ ਰਫਿਊਜੀ ਕੈਂਪਾਂ ਵਿਚ ਥਾਨ ਸਿੰਘ ਤਲਵਾਰ, ਅਤਰ ਚੰਦ ਤਲਵਾਰ, ਰਮੇਸ਼ ਤਲਵਾਰ ਤੇ ਗਰਭਵਤੀ ਮਾਂ ਪ੍ਰੇਮਾ ਦੇਈ ਸੀ। ਇੱਥੇ ਕੈਂਪ ਵਿਚ ਹੀ 27 ਸਤੰਬਰ 1947 ਨੂੰ ਵਿਜੈ ਤਲਵਾਰ ਪੈਦਾ ਹੋਇਆ। ਥਾਨ ਸਿੰਘ ਤਲਵਾਰ ਦੇ ਚਾਰ ਬੱਚੇ ਸਨ। ਅਤਰ ਚੰਦ, ਗੰਗਾ ਸਾਗਰ, ਵਿਜੈ ਤੇ ਇੱਕ ਵੱਡੀ ਭੈਣ। ਗੰਗਾ ਸਾਗਰ ਤੇ ਅਤਰ ਚੰਦ ਤਾਂ ਕੈਂਪ ਵਿਚ ਦਿਨ ਰਾਤ ਕੰਮ ਵਿਚ ਖੁੱਭ ਗਏ, ਟੱਬਰ ਨੂੰ ਜਿਉਂਦਾ ਰੱਖਣ ਲਈ ਹਰ ਤਰ੍ਹਾਂ ਦੀ ਮਜ਼ਦੂਰੀ ਕੀਤੀ। ਗੰਗਾ ਸਾਗਰ ਦੌੜ-ਭੱਜ ਕਰਕੇ ਰੋਜ਼ ਦੇ 8-10 ਰੁਪਏ ਕਮਾ ਲੈਂਦਾ ਸੀ। ਇੱਥੇ ਤਕਰੀਬਨ ਡੇਢ ਸਾਲ ਰਹੇ। ਇੱਥੇ ਖ਼ਬਰ ਮਿਲੀ ਕਿ ਭਾਰਤ ਸਰਕਾਰ ਸ਼ਰਨਾਰਥੀਆਂ ਨੂੰ ਸਰਕਾਰੀ ਖ਼ਰਚੇ ’ਤੇ ਹਵਾਈ ਜਹਾਜ਼ ਰਾਹੀਂ ਦਿੱਲੀ ਲੈ ਜਾਏਗੀ। ਇਕ ਚੰਗਾ ਕੰਮ ਸ੍ਰੀਨਗਰ ਵਿਚ ਇਹ ਹੋ ਗਿਆ ਕਿ ਇਨ੍ਹਾਂ ਦੀ ਬਾਫ਼ਾ ਵਿਚ ਰਹਿ ਚੁੱਕੀ ਜਾਇਦਾਦ ਤੇ ਦੁਕਾਨਾਂ ਬਦਲੇ ਸਰਕਾਰ ਵੱਲੋਂ 10-12 ਹਜ਼ਾਰ ਰੁਪਏ ਇਵਜ਼ਾਨਾ ਮਿਲ ਗਿਆ। ਕੁਝ ਪੈਸੇ ਸਾਰਿਆਂ ਨੇ ਸ੍ਰੀਨਗਰ ਰਫਿਊਜੀ ਕੈਂਪ ਵਿਚ ਕੰਮ ਕਰਕੇ ਜਮ੍ਹਾਂ ਕਰ ਲਏ ਸਨ। ਸ੍ਰੀਨਗਰ ਕੈਂਪ ਵਿਚ ਰਹਿੰਦਿਆਂ ਗੰਗਾ ਸਾਗਰ ਨੇ ਉਜਾੜੇ ਦਾ ਸੰਤਾਪ ਹੰਢਾਉਂਦੇ ਸ਼ਰਨਾਰਥੀਆਂ ਦੀਆਂ ਹਜ਼ਾਰਾਂ ਦੁੱਖਾਂ ਭਰੀਆਂ ਕਹਾਣੀਆਂ ਸੁਣੀਆਂ, ਉਨ੍ਹਾਂ ਦੀਆਂ ਬਿਮਾਰੀਆਂ ਤੇ ਮਹਾਂ-ਗ਼ਰੀਬੀ ਵਿਚ ਉਨ੍ਹਾਂ ਦਾ ਸਾਥ ਨਿਭਾਇਆ। ਕੈਂਪ ’ਚ ਵੀ ਕਈ ਲੋਕਾਂ ਦੀਆਂ ਮੌਤਾਂ ਹੋ ਗਈਆਂ। ਗੰਗਾ ਸਾਗਰ ਉਨ੍ਹਾਂ ਦੀਆਂ ਲਾਸ਼ਾਂ ਦੇ ਦਾਹ ਸੰਸਕਾਰ ਕਰਦਾ। ਉਸ ਦਾ ਮਨ ਹਮੇਸ਼ਾ ਉਦਾਸੀ ਵਿਚ ਗ਼ਲਤਾਨ ਰਹਿੰਦਾ ਸੀ ਤਾਂ ਉਸ ਨੂੰ ਦੂਸਰਿਆਂ ਦੇ ਵੱਡੇ-ਵੱਡੇ ਦੁੱਖ ਦੇਖ ਕੇ ਆਪਣਾ ਦੁੱਖ ਛੋਟਾ ਲੱਗਣ ਲੱਗਿਆ ਜਿਸ ਕਾਰਨ ਉਸ ਦੀ ਅੱਲੜ੍ਹਪੁਣੇ ਵਿਚ ਹੀ ਸਿਆਣਪ ਦੀ ਸੂਝ ਪੁੰਗਰਨ ਲੱਗ ਪਈ।
ਦਿੱਲੀ ਵਿਚ ਤਲਵਾਰ ਪਰਿਵਾਰ ਵਿਚ ਅਤਰ ਚੰਦ ਤਲਵਾਰ, ਪਿਤਾ ਥਾਨ ਸਿੰਘ ਤਲਵਾਰ ਤਾਂ ਕੰਮ ਵਿਚ ਸਵੇਰ ਤੋਂ ਸ਼ਾਮ ਤੱਕ ਜੁਟੇ ਰਹਿੰਦੇ। ਸਬਜ਼ੀਆਂ ਵੇਚਦੇ। ਗੰਗਾ ਸਾਗਰ ਕੁਲੀ ਦੇ ਤੌਰ ’ਤੇ ਭਾਰੀ-ਭਰਕਮ ਸਾਮਾਨ ਸਿਰ ’ਤੇ ਚੁੱਕ ਕੇ ਦੂਜੇ ਥਾਵਾਂ ’ਤੇ ਪਹੁੰਚਾਉਂਦਾ। ਪੰਜਾਬੀਆਂ ਨੇ ਮਜ਼ਦੂਰੀ, ਗ਼ਰੀਬੀ, ਉਜਾੜੇ ਦਾ ਹਰ ਨੁਕਸਾਨ ਬਰਦਾਸ਼ਤ ਕਰ ਲਿਆ, ਪਰ ਇਕ ਵੀ ਪੰਜਾਬੀ ਮਰਦ ਜਾਂ ਬੱਚਾ ਭਿਖਾਰੀ ਨਹੀਂ ਬਣਿਆ ਤੇ ਨਾ ਹੀ ਕਿਸੇ ਪੰਜਾਬੀ ਔਰਤ ਜਾਂ ਕਿਸੇ ਜਵਾਨ ਕੁੜੀ ਨੇ ਵੇਸਵਾਗਿਰੀ ਨੂੰ ਅਪਣਾਇਆ।
ਤਲਵਾਰ ਪਰਿਵਾਰ ਨੂੰ ਖ਼ਬਰ ਮਿਲੀ ਕਿ ਉਨ੍ਹਾਂ ਦੀ ਬਿਰਾਦਰੀ ਦੇ ਬਾਫ਼ਾ ਦੇ ਬਹੁਤ ਸਾਰੇ ਸ਼ਰਨਾਰਥੀ ਮੁੰਬਈ ਵਿਚ ਜਾ ਵਸੇ ਨੇ। ਬਾਫ਼ਾ ਬਿਰਾਦਰੀ ਦੇ ਨਾਲ-ਨਾਲ ਐਬਟਾਬਾਦ ਬਿਰਾਦਰੀ ਵਾਲੇ ਤਾਂ ਜ਼ਿਆਦਾ ਗਿਣਤੀ ਵਿਚ ਮੁੰਬਈ ਪਹੁੰਚੇ ਹੋਏ ਸਨ। ਆਪਣੀਆਂ ਵਿਛੜੀਆਂ ਜੜ੍ਹਾਂ ਨੂੰ ਲੱਭਣ ਲਈ ਥਾਨ ਸਿੰਘ ਤਲਵਾਰ ਪਰਿਵਾਰ ਸਮੇਤ ਮੁੰਬਈ ਨੂੰ ਚੱਲ ਲਿਆ। ਤਲਵਾਰ ਪਰਿਵਾਰ ਮੁੰਬਈ ਆ ਕੇ ਕੋਹਲੀਵਾੜਾ, ਸਰਦਾਰ ਨਗਰ ਵਿਚ ਵੱਡੇ ਸ਼ਰਨਾਰਥੀ ਕੈਂਪ ਵਿਚ ਟਿਕ ਗਿਆ। ਇੱਥੇ ਸਰਦਾਰ ਨਗਰ, ਕੋਹਲੀਵਾੜੇ ਵਿਚ ਬਾਫ਼ਾ ਵਾਲੇ, ਹਜ਼ਾਰੇ ਵਾਲੇ ਤੇ ਐਬਟਾਬਾਦ ਵਾਲਿਆਂ ਦਾ ਬੋਲਬਾਲਾ ਸੀ। ਨੌਜਵਾਨ ਮੁੰਡਿਆਂ ਨੇ ਕਾਰਾਂ ਠੀਕ ਕਰਨ ਦੇ ਕੰਮ ਸਿੱਖ ਲਏ। ਦਾਦਰ, ਮੁੰਬਈ ਦੇ ਐਨ ਵਿਚਕਾਰ ਦਾ ਇਲਾਕਾ। ਸਭ ਤੋਂ ਵੱਡਾ ਗੁਰਦੁਆਰਾ ਵੀ ਦਾਦਰ ਵਿਚ ਸੀ। ਦਾਦਰ ਸਟੇਸ਼ਨ ’ਤੇ ਸਾਰੇ ਦੇਸ਼ ਵਿਚੋਂ ਗੱਡੀਆਂ ਆਉਂਦੀਆਂ। ਟੈਕਸੀ ਬਿਜ਼ਨਸ ਪੂਰੇ ਜੋਬਨ ’ਤੇ ਸੀ। ਪੁਰਾਣੀਆਂ ਕਾਰਾਂ ਨੂੰ ਠੀਕ ਕਰਨ ਦੀਆਂ ਦੁਕਾਨਾਂ ਖੁੱਲ੍ਹਣ ਲੱਗੀਆਂ। ਕੋਹਲੀਵਾੜਾ ਵਿਚ ਪੰਜਾਬੀ ਖਾਣਿਆਂ, ਛੋਲੇ-ਭਟੂਰੇ, ਮੱਕੀ ਦਾ ਆਟਾ, ਗੰਦਲਾਂ ਵਾਲਾ ਸਾਗ, ਮੀਟ, ਚਿਕਨ ਤੇ ਪੰਜਾਬੀ ਮੱਛੀ ਵਿਕਣ ਲੱਗੀ। ਹਜ਼ਾਰੇ ਵਾਲਿਆਂ ਕੋਹਲੀਵਾੜੇ ਵਿਚ ਹੀ ਹਜ਼ਾਰਾ ਹੋਟਲ ਖੋਲ੍ਹ ਦਿੱਤਾ।
ਗੰਗਾ ਸਾਗਰ ਤਲਵਾਰ ਪਾਕਿਸਤਾਨ ਤੋਂ ਦਸਵੀਂ ਪਾਸ ਕਰਕੇ ਆਇਆ ਸੀ। ਉਸ ਦੇ ਵੱਡੇ ਭਰਾ ਅਤਰ ਚੰਦ ਤਲਵਾਰ ਨੇ ਉਸ ਨੂੰ ਖ਼ਾਲਸਾ ਕਾਲਜ ਵਿਚ ਅਤੇ ਆਪਣੇ ਵੱਡੇ ਪੁੱਤਰ ਰਮੇਸ਼ ਤਲਵਾਰ ਤੇ ਉਸ ਦੀ ਭੈਣ ਨੂੰ ਕੋਹਲੀਵਾੜੇ ਦੇ ਗੁਰੂੂ ਨਾਨਕ ਸਕੂਲ ਵਿਚ ਦਾਖ਼ਲ ਕਰਵਾ ਦਿੱਤਾ।
ਗੰਗਾ ਸਾਗਰ ਖ਼ਾਲਸਾ ਕਾਲਜ ਵਿਚ ਜਾਂਦਿਆਂ ਹੀ ਕਹਾਣੀਆਂ ਅਤੇ ਨਾਟਕ ਲਿਖਣ ਲੱਗ ਪਿਆ। ਖ਼ਾਲਸਾ ਕਾਲਜ ਦੇ ਡਰਾਮਾ ਕਲੱਬ ਦਾ ਮੈਂਬਰ ਸੀ। ਇਸ ਦੇ ਲਿਖੇ ਨਾਟਕ ਖ਼ਾਲਸਾ ਕਾਲਜ ਤੇ ਸ਼ਹਿਰ ਦੇ ਹੋਰ ਕਾਲਜਾਂ ਵਿਚ ਖੇਡੇ ਜਾਣ ਲੱਗੇ। ਉਰਦੂ ਕਹਾਣੀਆਂ ਬੰਬਈ ਦੇ ਰਸਾਲਿਆਂ ਵਿਚ ਛਪਣ ਲੱਗੀਆਂ। ਸਾਗਰ ਫ਼ਿਲਮਕਾਰ ਜਿਆ ਸਰਹੱਦੀ ਤੋਂ ਕਾਫ਼ੀ ਪ੍ਰਭਾਵਿਤ ਸੀ। ਉਸ ਨੇ ਆਪਣੇ ਨਾਮ ਵਿਚੋਂ ਸਾਗਰ ਸ਼ਬਦ ਚੁਣਿਆ ਤੇ ਜਿਆ ਸਰਹੱਦੀ ਤੋਂ ਸਰਹੱਦੀ ਉਧਾਰਾ ਲਿਆ। ਇਉਂ ਬਾਫ਼ਾ ਦਾ ਗੰਗਾ ਸਾਗਰ ਤਲਵਾਰ, ਸਾਗਰ ਸਰਹੱਦੀ ਬਣ ਗਿਆ ਜੋ ਕਮਿਊਨਿਸਟ ਪਾਰਟੀ ਆਫ ਇੰਡੀਆ ਤੇ ਇਪਟਾ ਬੰਬਈ ਦਾ ਵੀ ਮੈਂਬਰ ਸੀ। ਕੈਫ਼ੀ ਆਜ਼ਮੀ, ਅਲੀ ਸਰਦਾਰ ਜਾਫ਼ਰੀ, ਸਾਹਿਰ ਲੁਧਿਆਣਵੀ, ਬਲਰਾਜ ਸਾਹਨੀ ਨਾਲ ਉੱਠਦਾ-ਬੈਠਦਾ ਸੀ। ਨਾਟਕ ਲਿਖਦਾ, ਪ੍ਰੋਡਿਊਸ ਕਰਦਾ, ਉਹ ਉਰਦੂ ਸਾਹਿਤ ਦਾ ਵੱਡਾ ਲੇਖਕ ਬਣ ਰਿਹਾ ਸੀ।
ਸਾਗਰ ਸਰਹੱਦੀ ਦੀਆਂ ਰਚਨਾਵਾਂ ਵਿਚ ਬਟਵਾਰੇ ਦੇ ਦੁਖਾਂਤ ਤੇ ਇਨਸਾਨ ਦੀ ਟੁਕੜੇ ਹੋ ਚੁੱਕੀ ਹੋਂਦ ਦਾ ਗ਼ਮ, ਇਨਸਾਨ ਦੀ ਆਪਣੀ ਬੇਕਦਰੀ ਦਾ ਅਹਿਸਾਸ, ਆਪਣੇ ਅਹਿਮ ਤੇ ਆਪਣੀ ਹੋਂਦ ਨੂੰ ਆਜ਼ਾਦ ਸਵੀਕ੍ਰਿਤੀ ਨਾ ਮਿਲਣ ਦਾ ਅਹਿਸਾਸ ਤੇ ਰਫਿਊਜੀ ਕੈਂਪਾਂ ਵਿਚ ਦੇਖੀ ਗ਼ਰੀਬਾਂ ਦੀ ਦੁਰਦਸ਼ਾ ਵਿਚੋਂ ਨਿਕਲੀ ਜ਼ਿੰਦਗੀ ਦਾ ਜ਼ਿਕਰ ਸੀ। ਐਸੇ ਲੋਕਾਂ ਬਾਰੇ ਉਸ ਨੇ ਉਰਦੂ ਕਹਾਣੀ ‘ਜੀਵ ਜਨਾਵਰ’ ਲਿਖੀ। ਇਹ ਕਹਾਣੀ ਅੰਗਰੇਜ਼ੀ ਵਿਚ ਅਨੁਵਾਦ ਹੋ ਕੇ ਇਲਸਟ੍ਰੇਟਡ ਵੀਕਲੀ ਵਿਚ ਛਪੀ।
ਸਾਗਰ ਸਰਹੱਦੀ ਦੇ ਨਾਟਕ ਖ਼ਾਲਸਾ ਕਾਲਜ ਬੰਬਈ ਵਿਚ ਹੀ ਪਹਿਲੋਂ ਖੇਡੇ ਗਏ। ਜਿਵੇਂ ‘ਮੇਰੇ ਦੇਸ਼ ਕੇ ਗਾਓਂ’, ‘ਖਿ਼ਆਲ ਕੀ ਦਸਤਕ’, ‘ਮਸੀਹਾ’, ‘ਮੈਂ ਆਸ਼ਾ ਹੋਤਾ ਹੂੰ’, ‘ਮਿਰਜ਼ਾ ਸਾਹਿਬਾਂ’ ਆਦਿ। ਨਾਟਕ ‘ਮਿਰਜ਼ਾ-ਸਾਹਿਬਾਂ’ ਸਿਰਫ਼ ਮਿਰਜ਼ਾ-ਸਾਹਿਬਾ ਦੀ ਪ੍ਰੇਮ-ਕਥਾ ਨਹੀਂ ਸਗੋਂ ਬਟਵਾਰੇ ਵੇਲੇ ਦੇ ਦੁਖਾਂਤ ਉਪਰ ਸੀ ਜਿਸ ਦਾ ਮੁੱਖ ਨਾਇਕ ਇਕ ਬੱਚਾ ਸੀ। ਇਹ ਬਹੁਤ ਹੀ ਮਹੱਤਵਪੂਰਨ ਨਾਟਕ ਹੈ। ਉਸ ਨੇ ‘ਭਗਤ ਸਿੰਘ ਕੀ ਵਾਪਸੀ’ ਤੇ ‘ਭੂਖੇ ਭਜਨ ਨਾ ਹੋਏ ਗੋਪਾਲਾ’ ਨਾਟਕ ਵੀ ਲਿਖੇ।
ਸਾਗਰ ਸਰਹੱਦੀ ਨੇ ਅਗਲੀ ਪੜ੍ਹਾਈ ਲਈ ਸੇਂਟ ਜ਼ੇਵੀਅਰ ਕਾਲਜ ਬੰਬਈ ਵਿਚ ਐਮ.ਏ. ਅੰਗਰੇਜ਼ੀ ਵਿਚ ਦਾਖ਼ਲਾ ਤਾਂ ਲੈ ਲਿਆ, ਪਰ ਦੋ ਸਾਲ ਪੜ੍ਹਨ ਤੋਂ ਬਾਅਦ ਵੀ ਸਾਲਾਨਾ ਇਮਤਿਹਾਨ ਨਾ ਦਿੱਤਾ। ਥੀਏਟਰ ਤੇ ਉਰਦੂ ਕਹਾਣੀ ਵਿਚ ਨਾਂ ਤਾਂ ਬਣ ਗਿਆ ਸੀ। ਉਸ ਨੇ ਕੁਝ ਇਸ਼ਤਿਹਾਰ ਏਜੰਸੀਆਂ ਵਿਚ ਕਾਪੀ ਰਾਈਟਰ ਦੀਆਂ ਨੌਕਰੀਆਂ ਲੱਭੀਆਂ। ਸ਼ੁਰੂ-ਸ਼ੁਰੂ ’ਚ ਬਾਸੂ ਭੱਟਾਚਾਰੀਆ ਦੀ ਫ਼ਿਲਮ ਅਨੁਭਵ ਦੇ ਸੰਵਾਦ ਲਿਖੇ।
ਮਸ਼ਹੂਰ ਨਿਰਦੇਸ਼ਕ ਯਸ਼ ਚੋਪੜਾ ਨੇ ਇਪਟਾ ਵਿਚ ਸਰਹੱਦੀ ਦਾ ਨਾਟਕ ‘ਮਸੀਹਾ’ ਵੇਖਿਆ। ਉਸ ਨੂੰ ਆਪਣੇ ਦਫ਼ਤਰ ਬੁਲਾਇਆ। ਉਸ ਨੂੰ ਆਪਣੀ ਫ਼ਿਲਮ ‘ਕਭੀ-ਕਭੀ’ ਜਿਸ ਵਿਚ ਅਮਿਤਾਭ ਬੱਚਨ ਤੇ ਰਾਖੀ ਗੁਲਜ਼ਾਰ ਸਨ, ਲਈ ਲੇਖਣ ਦਾ ਕੰਮ ਦਿੱਤਾ। ਤਦ ਤੱਕ ਸਾਗਰ ਸਰਹੱਦੀ ਦਾ ਭਤੀਜਾ ਰਮੇਸ਼ ਤਲਵਾਰ ਯਸ਼ ਚੋਪੜਾ ਦਾ ਚੀਫ਼ ਅਸਿਸਟੈਂਟ ਵੀ ਬਣ ਚੁੱਕਾ ਸੀ। ਰਮੇਸ਼ ਵੀ ਖ਼ਾਲਸਾ ਕਾਲਜ ਤੋਂ ਥੀਏਟਰ ਤੇ ਇਪਟਾ ਬੰਬਈ ਨਾਲ ਜੁੜਿਆ ਹੋਇਆ ਸੀ। ਉਸ ਦੇ ਕਾਮਯਾਬ ਡਰਾਮਿਆਂ ਦਾ ਨਾਮੀ ਨਿਰਦੇਸ਼ਕ ਬਣ ਚੁੱਕਾ ਸੀ। ਇੱਧਰ ਸਾਗਰ ਸਰਹੱਦੀ ਦੀ ਫ਼ਿਲਮ ‘ਕਭੀ-ਕਭੀ’ ਰਿਲੀਜ਼ ਹੋ ਗਈ। ਸਾਗਰ ਸਰਹੱਦੀ ਦੀ ਫ਼ਿਲਮ ਲੇਖਣ ਵਿਚ ਝੰਡੀ ਝੁੱਲਣ ਲੱਗੀ। ਯਸ਼ ਚੋਪੜਾ ਦੀ ਅਗਲੀ ਫ਼ਿਲਮ ‘ਸਿਲਸਿਲਾ’, ‘ਫ਼ਾਸਲੇ’, ‘ਦੂਸਰਾ ਆਦਮੀ’, ‘ਬਸੇਰਾ’, ‘ਚਾਂਦਨੀ’; ਰਾਕੇਸ਼ ਰੌਸ਼ਨ ਦੀ ‘ਕਹੋ ਨਾ ਪਿਆਰ ਹੈ’, ਹੋਰ ਪ੍ਰੋਡਿਊਸਰਾਂ ਦੀਆਂ ਫ਼ਿਲਮਾਂ ‘ਦੀਵਾਨਾ’, ‘ਇਨਕਾਰ’, ‘ਰੰਗ’, ‘ਕਰਮਯੋਗੀ’, ‘ਜ਼ਿੰਦਗੀ’ ਬਹੁਤ ਚਰਚਿਤ ਫ਼ਿਲਮਾਂ ਸਨ।
ਸਾਗਰ ਸਰਹੱਦੀ ਨੇ ਆਪਣੀ ਪ੍ਰੋਡਕਸ਼ਨ ਕੰਪਨੀ ‘ਨਿਯੂ ਵੇਵ ਫਿਲਮਜ਼’ ਬਣਾਈ। ਉਸ ਨੇ ਫ਼ਿਲਮ ਸ਼ੁਰੂ ਕੀਤੀ ‘ਬਾਜ਼ਾਰ’। ਇਸ ਵਿਚ ਨਸੀਰੂਦੀਨ ਸ਼ਾਹ, ਸਮਿਤਾ ਪਾਟਿਲ, ਫ਼ਾਰੂਖ ਸ਼ੇਖ ਤੇ ਸੁਪ੍ਰਿਆ ਪਾਠਕ ਕਲਾਕਾਰ ਸਨ। ਇਹ ਫ਼ਿਲਮ ਹੈਦਰਾਬਾਦ ਦੇ ਸਾਧਾਰਨ ਮੁਸਲਿਮ ਪਰਿਵਾਰਾਂ ਦੀਆਂ ਕੁੜੀਆਂ ਦੇ ਦੁੱਖਾਂ ਭਰੇ ਜੀਵਨ ਨੂੰ ਦਰਸਾਉਂਦੀ ਸੀ ਕਿ ਦੁਬਈ ਤੋਂ ਆਏ ਹੋਏ ਬੁੱਢੇ ਜਾਂ ਵੱਡੀ ਉਮਰ ਦੇ ਅਮੀਰ ਸ਼ੇਖ ਦੁਬਈ ਵਿਚ ਆਪਣੇ ਬੱਚੇ ਤੇ ਪਤਨੀਆਂ ਹੋਣ ਦੇ ਬਾਵਜੂਦ ਹਿੰਦੋਸਤਾਨ ਦੀਆਂ ਗ਼ਰੀਬ ਘਰਾਂ ਦੀਆਂ ਮਾਸੂਮ ਲੜਕੀਆਂ ਨੂੰ ਖ਼ਰੀਦ ਕੇ ਨਾਲ ਲੈ ਜਾਂਦੇ ਹਨ। ਬਾਜ਼ਾਰ ਵਿਚ ਸੰਗੀਤ ਖ਼ੱਯਾਮ ਦਾ ਸੀ। ਫ਼ਿਲਮ ਬਹੁਤ ਕਾਮਯਾਬ ਹੋਈ ਤੇ ਹਰ ਵਰਗ ਵੱਲੋਂ ਪ੍ਰਸ਼ੰਸਾ ਦੀ ਪਾਤਰ ਬਣੀ। ਸਾਗਰ ਸਰਹੱਦੀ ਨੇ ਯਸ਼ ਚੋਪੜਾ ਨਾਲ ਮਿਲ ਕੇ ਫ਼ਿਲਮ ‘ਨੂਰੀ’ ਵੀ ਬਣਾਈ। ਇਹ ਸਾਗਰ ਸਰਹੱਦੀ ਦੇ ਪੁਰਾਣੇ ਨਾਟਕ ‘ਰਖਵਾਲਾ’ ਉਪਰ ਆਧਾਰਿਤ ਸੀ। ਇਸ ਨੂੰ ਬਣਾਉਣ ਵਿਚ ਰਮੇਸ਼ ਤਲਵਾਰ ਦਾ ਬਹੁਤ ਹੱਥ ਸੀ। ‘ਨੂਰੀ’ ਫ਼ਿਲਮ ਵਿਚ ਫ਼ਾਰੂਖ਼ ਸ਼ੇਖ਼, ਪੂਨਮ ਢਿੱਲੋਂ, ਭਰਤ ਕਪੂਰ ਮੁੱਖ ਅਦਾਕਾਰ ਸਨ। ਸੰਗੀਤ ਖ਼ੱਯਾਮ ਦਾ ਸੀ। ਸਾਗਰ ਨੇ ‘ਨੂਰੀ’ ਦੇ ਫ਼ਿਲਮਾਂਕਣ ਲਈ ਪਾਕਿਸਤਾਨ ਵਿਚ ਰਹਿ ਗਏ ਆਪਣੇ ਪਿੰਡ ਬਾਫ਼ਾ ਵਰਗਾ ਇਲਾਕਾ ਲੱਭਣਾ ਸ਼ੁਰੂ ਕੀਤਾ। ਜਿੱਥੇ ਹਰਿਆਵਲ ਵੀ ਹੋਵੇ, ਫੁੱਲ ਹੋਣ, ਛੋਟੀਆਂ ਪਹਾੜੀਆਂ ਤੇ ਛੋਟੀ ਜਿਹੀ ‘ਸਿਰਾਨਾ’ ਵਰਗੀ ਨਦੀ ਵੀ ਹੋਵੇ। ਬਹੁਤ ਟੱਕਰਾਂ ਮਾਰਨ ਤੋਂ ਬਾਅਦ ਆਖ਼ਰ ਜੰਮੂ ਇਲਾਕੇ ਵਿਚ ਇਕ ਪਿੰਡ ਮਿਲ ਗਿਆ। ਉੱਥੇ ਇਕ ਹੀ ਸ਼ੈਡਿਊਲ ਵਿਚ ਫ਼ਿਲਮ ਸ਼ੂਟ ਕੀਤੀ ਗਈ। ਫ਼ਿਲਮ ਬਹੁਤ ਕਾਮਯਾਮ ਰਹੀ। ਪੂਨਮ ਢਿੱਲੋੋਂ ਇਕਦਮ ਵੱਡੀ ਫ਼ਿਲਮ ਅਦਾਕਾਰਾ ਬਣ ਗਈ।
ਸਾਗਰ ਸਰਹੱਦੀ ਨੇ ਪ੍ਰੋਡਿਊਸਰ ਐਸ.ਐਸ. ਬਰੋਕਾ ਦੀ ਫ਼ਿਲਮ ‘ਤੇਰੇ ਸ਼ਹਿਰ ਮੇਂ’ ਲਿਖੀ ਤੇ ਨਿਰਦੇਸ਼ਤ ਕੀਤੀ। ਕਲਾਕਾਰ ਨਸੀਰੂਦੀਨ ਸ਼ਾਹ, ਸਮਿਤਾ ਪਾਟਿਲ, ਦੀਪਤੀ ਨਵਲ, ਕੁਲਭੂਸ਼ਨ ਖਰਬੰਦਾ ਤੇ ਮਾਰਕ ਜ਼ੁਬੇਰ ਸਨ। ਸੰਗੀਤ ਖ਼ੱਯਾਮ ਦਾ ਸੀ। ਸਾਗਰ ਨੇ ਪੰਜਾਬੀ ਭਾਸ਼ਾ ਦੀ ਫ਼ਿਲਮ ‘ਵਗਦੇ ਪਾਣੀ’ ਲਿਖੀ ਤੇ ਡਾਇਰੈਕਟ ਕੀਤੀ ਜਿਸ ਵਿਚ ਮੁੱਖ ਅਦਾਕਾਰ ਲਖਵਿੰਦਰ, ਸੁਪ੍ਰਿਆ ਪਾਠਕ, ਅਮਰ ਨੂਰੀ ਸਨ। ਬਾਅਦ ਵਿਚ ਅਮਰ ਨੂਰੀ ਦਾ ਸਰਦੂਲ ਸਿਕੰਦਰ ਨਾਲ ਵਿਆਹ ਹੋਇਆ। ਇਸ ਤੋਂ ਬਾਅਦ ਨਿਵਾਜ਼ੂਦੀਨ ਸਿੱਦੀਕੀ ਨਾਲ ਇਕ ਫ਼ਿਲਮ ‘ਚੌਸਰ’ ਵੀ ਬਣਾਈ। ਵਧਦੀ ਉਮਰ ਕਰਕੇ ਸਾਗਰ ਸਾਹਿਬ ਢਿੱਲੇ-ਮੱਠੇ ਰਹਿਣ ਲੱਗ ਪਏ ਸਨ। ਉਨ੍ਹਾਂ ਜਿੰਨੇ ਸਾਲ ਕੰਮ ਕੀਤਾ ਮਿਹਨਤ ਵਾਲਾ ਜੀਵਨ ਜੀਵਿਆ। ਇਕ ਸੰਘਰਸ਼ਸ਼ੀਲ ਯੋਧੇ ਵਾਲਾ ਜੀਵਨ। ਇਪਟਾ ਵਰਗੀ ਸੰਸਥਾ ਵਿਚ ਜੂਝਣ ਕਾਰਨ ਉਹ ਸਮਾਜਿਕ ਤੇ ਰਾਜਨੀਤਕ ਚੇਤਨਾ ਦੀ ਵਿਚਾਰਧਾਰਾ ਦੇ ਹਾਮੀ ਸਨ। ਉਨ੍ਹਾਂ ਹਜ਼ਾਰਾਂ ਰੰਗਮੰਚ ਕਰਮੀਆਂ ਨੂੰ ਸਮਾਜਿਕ ਤੇ ਮਨੁੱਖੀ ਅਧਿਕਾਰਾਂ ਤੇ ਰਾਜਨੀਤਕ ਤਬਦੀਲੀਆਂ ਲਈ ਪ੍ਰੇਰਿਆ। ਆਪਣੇ ਸਾਥੀਆਂ ਤੇ ਹਮਸਫ਼ਰਾਂ ਨੂੰ ਨਵੇਂ ਜੀਵਨ ਲਈ ਪ੍ਰੇਰਿਆ। ਸਾਰੀ ਜ਼ਿੰਦਗੀ ਸੰਘਰਸ਼ ਕਰਦੇ ਰਹੇ; ਆਪਣਾ ਘਰ ਵਸਾਉਣ ਲਈ ਨਾ ਵਕਤ ਕੱਢ ਸਕੇ, ਨਾ ਵਿਹਲ। ਆਪਣੇ ਵੱਡੇ ਭਰਾ ਅਤੇ ਭਤੀਜਿਆਂ ਨਾਲ ਹੀ ਜੀਵਨ ਬਿਤਾਇਆ ਤੇ ਆਖ਼ਰੀ ਸਾਹ ਇਸੇ ਪਰਿਵਾਰ ਵਿਚ ਲਏ।
ਰਮੇਸ਼ ਤਲਵਾਰ ਅਤੇ ਉਨ੍ਹਾਂ ਦੇ ਫ਼ਿਲਮਸਾਜ਼ ਦੋਸਤ ਰਮਨ ਕੁਮਾਰ ਤੇ ਅਵਤਾਰ ਗਿੱਲ ਦੇ ਮਹਾਨ ਉਸਤਾਦ ਸਾਗਰ ਸਰਹੱਦੀ 27 ਮਾਰਚ 2021 ਨੂੰ ਸਵੇਰੇ ਉਮਰ ਦੇ 88 ਵਰ੍ਹੇ ਪੂਰੇ ਕਰਕੇ ਦੁਨੀਆਂ ਤੋਂ ਵਿਦਾ ਹੋ ਗਏ।
‘ਬਾਜ਼ਾਰ’ ਵਾਲਾ ਸਾਗਰ ਸਰਹੱਦੀ
1981 ਵਿਚ ਜਦੋਂ ਬਤੌਰ ਅਦਾਕਾਰ ਭਾ’ਜੀ ਗੁਰਸ਼ਰਨ ਸਿੰਘ ਨਾਲ ਕੰਮ ਕਰ ਰਿਹਾ ਸੀ ਤਾਂ ਉਦੋਂ ਉਨ੍ਹਾਂ ਨੇ ਮੈਨੂੰ ਪਹਿਲੀ ਵਾਰੀ ਨਾਟਕ ਨਿਰਦੇਸ਼ਨਾ ਦੀ ਜ਼ਿੰਮੇਵਾਰੀ ਦਿੱਤੀ। ਨਾਟਕ ਸੀ ਸਾਗਰ ਸਰਹੱਦੀ ਦਾ ‘ਮਸੀਹਾ’। ਇਹ ਨਾਟਕ 1947 ਦੀ ਵੰਡ ਬਾਰੇ ਲਿਖੇ ਬਿਹਤਰੀਨ ਨਾਟਕਾਂ ’ਚੋਂ ਇਕ ਹੈ, ਦ੍ਰਿੜ੍ਹ ਸੰਵੇਦਨਾ ਅਤੇ ਦਰਦ ਦੀ ਬਾਤ ਸਾਗਰ ਸਰਹੱਦੀ ਨੇ ਇਸ ਨਾਟਕ ਵਿਚ ਪਾਈ ਹੈ, ਇੰਝ ਲੱਗਦਾ ਜਿਵੇਂ ਇਸ ਨਾਟਕ ਦਾ ਮੁੱਖ ਪਾਤਰ ਮਾਸਟਰ ਜੀ ਉਹ ਆਪ ਹੋਵੇ। ਇਸੇ ਸੰਵੇਦਨਾ ਤੇ ਦਰਦ ਦਾ ਰੂਪ ਸਾਗਰ ਸਰਹੱਦੀ ਦੀ ਫ਼ਿਲਮ ‘ਬਾਜ਼ਾਰ’ ਵਿਚ ਵੇਖਣ ਨੂੰ ਮਿਲਿਆ। ਇਹ ਫ਼ਿਲਮ ਅਸੀਂ ਵੀ.ਸੀ.ਆਰ. ’ਤੇ ਕੈਸੇਟ ਲਗਾ ਕੇ ਗੁਰਸ਼ਰਨ ਭਾ’ਜੀ ਦੇ ਅੰਮ੍ਰਿਤਸਰ ਵਾਲੇ ਘਰ ਦੇ ਵਿਹੜੇ ’ਚ ਰਾਤ ਨੂੰ ਸਾਰੇ ਕਲਾਕਾਰਾਂ ਨੇ ਇਕੱਠਿਆਂ ਵੇਖੀ ਸੀ। ਫ਼ਿਲਮ ਵੇਖਣ ਤੋਂ ਬਾਅਦ ਅਸੀਂ ‘ਬਾਜ਼ਾਰ’ ਵਾਲੇ ਸਾਗਰ ਸਰਹੱਦੀ ਨੂੰ ਮਿਲਣ ਲਈ ਉਤਾਵਲੇ ਹੁੰਦੇ ਰਹੇ। ਅਸੀਂ ਅਕਤੂਬਰ 1984 ਵਿਚ ਮੁੰਬਈ ਵਿਖੇ ਹੋ ਰਹੇ ਨੁੱਕੜ ਨਾਟਕ ਉਤਸਵ ਵਿਚ ਭਾਗ ਲੈਣ ਲਈ ਭਾ’ਜੀ ਨਾਲ ਉੱਥੇ ਪਹੁੰਚੇ ਤਾਂ ਉਸੇ ਦਿਨ ਦੇਸ਼ ਦੀ ਪ੍ਰਧਾਨ ਮੰਤਰੀ ਦਾ ਕਤਲ ਹੋ ਗਿਆ ਸੀ। ਸਾਗਰ ਸਰਹੱਦੀ ਨੇ ਮੁਲਕ ਦੇ ਹਾਲਾਤ ਵੇਖਦਿਆਂ, ਪੰਜਾਬ ਤੋਂ ਗਈ ਇਸ ਟੀਮ ਨੂੰ ਇਕ ਹਫ਼ਤੇ ਤੱਕ ਆਪਣੇ ਬੰਬਈ ਵਾਲੇ ਘਰ ਦੇ ਇਕ ਫਲੈਟ ਵਿਚ ਸੰਭਾਲਿਆ। ਉਸ ਨੇ ਆਪਣੀ ਰਸੋਈ ਤੋਂ ਲੈ ਕੇ ਸਾਰੇ ਕਮਰੇ ਸਾਡੇ ਹਵਾਲੇ ਕਰ ਦਿੱਤੇ। ਸਖ਼ਤ ਹਦਾਇਤ ਸੀ ਕਿ ਬਾਹਰ ਨਹੀਂ ਨਿਕਲਣਾ ਕਿਉਂਕਿ ਮੁਲਕ ਦੇ ਬਹੁਤੇ ਸ਼ਹਿਰਾਂ ਵਿਚ ਸਿੱਖਾਂ ਨੂੰ ਮਾਰਿਆ ਜਾ ਰਿਹਾ ਸੀ। ਉਹ ਹਰ ਸ਼ਾਮ ਆਪਣੇ ਨਾਲ ਮੰਨੇ ਪ੍ਰਮੰਨੇ ਕਲਾਕਾਰਾਂ ਰੋਹਿਨੀ ਹਟੰਗੜੀ, ਏ.ਕੇ. ਹੰਗਲ, ਮਨਮੋਹਨ ਕ੍ਰਿਸ਼ਨ, ਦੀਪਤੀ ਨਵਲ, ਓਮ ਪੁਰੀ, ਸੁਰੇਸ਼ ਓਬਰਾਏ, ਸ਼ਬਾਨਾ ਆਜ਼ਮੀ, ਫਾਰੂਖ਼ ਸ਼ੇਖ ਨੂੰ ਨਾਲ ਲੈ-ਕੇ ਆਉਂਦੇ ਤੇ ਸਾਡੇ ਨਾਲ ਰੰਗਮੰਚ ਤੇ ਫ਼ਿਲਮਾਂ ਦੀਆਂ ਗੱਲਾਂ ਸਾਂਝੀਆਂ ਕਰਦੇ। 1993 ’ਚ ਮੇਰੇ ਨਾਟਕ ‘ਲੂਣਾ’ ਦੀ ਪੇਸ਼ਕਾਰੀ ਦਿੱਲੀ ਦੇ ਫਿਕੀ ਆਡੀਟੋਰੀਅਮ ’ਚ ਹੋਣੀ ਸੀ। ਨਾਟਕ ਸ਼ੁਰੂ ਹੋਣ ਲੱਗਾ ਤਾਂ ਪ੍ਰਬੰਧਕਾਂ ਨੇ ਮੈਨੂੰ ਕਿਹਾ, ਤੁਹਾਨੂੰ ਬਾਹਰ ਕੋਈ ਮਿਲਣ ਆਇਆ, ਬਾਹਰ ਆ ਕੇ ਦੇਖਿਆ ਸਾਹਮਣੇ ਸਾਗਰ ਸਰਹੱਦੀ ਸੀ। ਉਹ ਬੜੇ ਤਪਾਕ ਤੇ ਅਪਣੱਤ ਨਾਲ ਮਿਲਿਆ। ਸਾਰਾ ਨਾਟਕ ਵੇਖਿਆ ਤੇ ਨਾਟਕ ਤੋਂ ਬਾਅਦ ਕਲਾਕਾਰਾਂ ਨਾਲ ਮੁਲਾਕਾਤ ਕੀਤੀ ਤੇ ਸ਼ਾਬਾਸ਼ ਦਿੱਤੀ। ਉਸ ਦੀ ਕਲਮ ਤੋਂ ਨਿਕਲੀਆਂ ‘ਕਭੀ-ਕਭੀ’, ‘ਸਿਲਸਿਲੇ’, ‘ਲਮਹੇ’, ‘ਕਹੋ ਨਾ ਪਿਆਰ ਹੈ’ ਵਰਗੀਆਂ ਫ਼ਿਲਮਾਂ ਅਸੀਂ ਕਦੀ ਨਹੀਂ ਭੁੱਲ ਸਕਦੇ। ‘ਬਾਜ਼ਾਰ’ ਵਾਲਾ ਸਾਗਰ ਸਰਹੱਦੀ ਸਦਾ ਸਾਡੇ ਚੇਤਿਆਂ ’ਚ ਰਹੇਗਾ।
– ਕੇਵਲ ਧਾਲੀਵਾਲ
ਸਾਗਰ ਸਰਹੱਦੀ: ਕੁਝ ਯਾਦਾਂ
ਦੂਸਰਾ ਆਦਮੀ, ਬਸੇਰਾ, ਦੁਨੀਆ, ਸਾਹਿਬਾਂ ਆਦਿ
ਮਸ਼ਹੂਰ ਫ਼ਿਲਮਾਂ ਦੇ ਨਿਰਦੇਸ਼ਕ ਅਤੇ ਸਾਗਰ ਸਰਹੱਦੀ ਦੇ ਭਤੀਜੇ ਰਮੇਸ਼ ਤਲਵਾਰ ਨੇ ਦੱਸਿਆ ਕਿ ਸਾਗਰ ਸਰਹੱਦੀ ਵਿਚ ਇਕ ਖ਼ਾਸ ਤਰ੍ਹਾਂ ਦੀ ਮੌਲਿਕਤਾ ਸੀ; ਉਹ ਮਿਲ-ਜੁਲ ਕੇ ਰਹਿਣ ਵਾਲੇ ਇਨਸਾਨ ਸਨ; ਹਮੇਸ਼ਾ ਮੁਸਕਰਾਉਂਦੇ ਰਹਿੰਦੇ, ਪਿਆਰ ਵਿਚ ਪੰਜਾਬੀ ਵਿਚ ਗਾਲ੍ਹਾਂ ਵੀ ਕੱਢਦੇ। ਰਮੇਸ਼ ਤਲਵਾਰ ਅਨੁਸਾਰ ਕੈਫ਼ੀ ਆਜ਼ਮੀ ਨੇ ਸਾਗਰ ਸਰਹੱਦੀ ਨੂੰ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਵਿਚ ਸ਼ਾਮਿਲ ਹੋਣ ਲਈ ਪ੍ਰੇਰਿਆ; ਉਨ੍ਹਾਂ ਦਿਨਾਂ ਵਿਚ ਰਾਜੇਸ਼ ਖੰਨਾ ਨੇ ਵੀ ਸਾਗਰ ਸਰਹੱਦੀ ਦੇ ਨਾਟਕਾਂ ਵਿਚ ਕੰਮ ਕੀਤਾ।
ਰਮੇਸ਼ ਤਲਵਾਰ ਨੇ ਪੰਜਾਬੀ ਲੇਖਕ ਅਤੇ ਪੰਜਾਬੀ ਸਾਹਿਤ ਵਿਚ ਨਵੇਂ ਪੂਰਾਨੇ ਪਾਉਣ ਵਾਲੇ ਮੈਗਜ਼ੀਨ ‘ਚੇਤਨਾ’ ਦੇ ਸੰਪਾਦਕ ਐਸ. ਸਵਰਨ ਨੂੰ ਬੜੇ ਨਿੱਘ ਨਾਲ ਯਾਦ ਕੀਤਾ ਜਿਨ੍ਹਾਂ ਨਾਲ ਮਿਲ ਕੇ ਸਾਗਰ ਸਰਹੱਦੀ ਨੇ ਨਾਟਕ ਮੰਡਲੀ ਜਿਸ ਦਾ ਨਾਂ ‘ਨਾਟਕ ਟੋਲੀ’ ਸੀ ਬਣਾਈ। ‘ਨਾਟਕ ਟੋਲੀ’ ਮੁੰਬਈ ਵਿਚ ਪੰਜਾਬੀ ਦੇ ਨਾਟਕ ਖੇਡਦੀ ਸੀ। ‘ਨਾਟਕ ਟੋਲੀ’ ਵਿਚ ਸਾਗਰ ਸਰਹੱਦੀ ਦੇ ਪੰਜਾਬੀ ਵਿਚ ਖੇਡੇ ਗਏ ਨਾਟਕਾਂ ਨੂੰ ਰਮੇਸ਼ ਤਲਵਾਰ ਨੇ ਨਿਰਦੇਸ਼ਤ ਕੀਤਾ। ਪੰਜਾਬੀ ਸਾਹਿਤ ਤੇ ਰੰਗਮੰਚ ਦੇ ਇਤਿਹਾਸ ਨੇ ਮੁੰਬਈ ਦੇ ਰੰਗਮੰਚ ਵਿਚ ਬਲਰਾਜ ਸਾਹਨੀ, ਸਾਗਰ ਸਰਹੱਦੀ, ਐਸ. ਸਵਰਨ, ਬੁੱਧ ਸਿੰਘ, ਰਮੇਸ਼ ਤਲਵਾਰ, ਰਮਨ ਕੁਮਾਰ, ਅਮਰੀਕ ਗਿੱਲ, ਮੱਖਣ ਸਿੰਘ (ਬਲਰਾਜ ਸਾਹਨੀ ਦਾ ਸੈਕਟਰੀ) ਅਤੇ ਹੋਰ ਅਨੇਕਾਂ ਰੰਗਕਰਮੀਆਂ ਦੀ ਪੰਜਾਬੀ ਨਾਟਕ ਨੂੰ ਦੇਣ ਦੀਆਂ ਪੈੜਾਂ ਅਜੇ ਲੱਭਣੀਆਂ ਹਨ।
ਰਮੇਸ਼ ਤਲਵਾਰ ਨੇ ਦੱਸਿਆ ਕਿ ਸਾਗਰ ਸਰਹੱਦੀ, ਯਸ਼ ਚੋਪੜਾ ਦੇ ਬਹੁਤ ਨਜ਼ਦੀਕ ਸਨ ਅਤੇ ਯਸ਼ ਦੀ ਮੌਤ ਨੇ ਉਨ੍ਹਾਂ ਨੂੰ ਬਹੁਤ ਸਦਮਾ ਪਹੁੰਚਾਇਆ। ਇਸੇ ਤਰ੍ਹਾਂ ਸਾਗਰ ਦੀ ਉਰਦੂ ਦੇ ਉੱਘੇ ਲੇਖਕ ਕ੍ਰਿਸ਼ਨ ਚੰਦਰ, ਉਸ ਦੇ ਭਰਾ ਮਹਿੰਦਰ ਨਾਥ, ਗੁਲਜ਼ਾਰ, ਦੇਵ ਰਾਜ ਉਬਰਾਏ, ਲਾਜਪਤ ਰਾਏ ਆਦਿ ਨਾਲ ਦੋਸਤੀ ਸੀ; ਉਹ (ਸਾਗਰ) ਬਲਰਾਜ ਸਾਹਨੀ ਦੇ ਬਹੁਤ ਮੱਦਾਹ ਸਨ। ਬਚਪਨ ਵਿਚ ਉਹ ਰਮੇਸ਼ ਤਲਵਾਰ ਨੂੰ ਬਲਰਾਜ ਸਾਹਨੀ ਕੋਲ ਲੈ ਕੇ ਗਏ। ਰਮੇਸ਼ ਤਲਵਾਰ ਨੇ ਬਲਰਾਜ ਸਾਹਨੀ ਦੀ ਨਿਰਦੇਸ਼ਨਾ ਵਿਚ ਪੰਜਾਬੀ ਨਾਟਕਕਾਰ ਕਪੂਰ ਸਿੰਘ ਘੁੰਮਣ ਦੇ ਪੰਜਾਬ ਵੰਡ ’ਤੇ ਲਿਖੇ ਇਕਾਂਗੀ ‘ਉਧਾਲੀ ਹੋਈ ਕੁੜੀ’ ਵਿਚ ਭੂਮਿਕਾ ਨਿਭਾਈ।
ਗੁਲਜ਼ਾਰ, ਸਾਗਰ ਸਰਹੱਦੀ ਦੀਆਂ ਲਿਖਤਾਂ ਦੀ ਬਹੁਤ ਕਦਰ ਕਰਦਾ ਸੀ। ਗੁਲਜ਼ਾਰ ਵੀ ਬੁਨਿਆਦੀ ਤੌਰ ’ਤੇ ਕਹਾਣੀ ਲੇਖਕ ਸੀ/ਹੈ ਅਤੇ ਸਾਗਰ ਸਰਹੱਦੀ ਵੀ। ਗੁਲਜ਼ਾਰ ਕਿਹਾ ਕਰਦਾ ਸੀ, ‘‘ਸਾਗਰ ਤੇਰਾ ਜਵਾਬ ਨਹੀਂ; ਤੂੁੰ ਤੇ ਬਟਨ ’ਤੇ ਵੀ ਕਹਾਣੀ ਲਿਖ ਲੈਂਦਾ ਏਂ ਤੇ ਕਾਲਰ ’ਤੇ ਵੀ।’’ ਫ਼ਿਲਮੀ ਅਦਾਕਾਰਾਂ ਵਿਚੋਂ ਸਾਗਰ ਸਰਹੱਦੀ ਦੀ ਰਿਸ਼ੀ ਕਪੂਰ ਤੇ ਜੈਕੀ ਸ਼ਰੌਫ ਨਾਲ ਦੋਸਤੀ ਸੀ।
ਰਮੇਸ਼ ਤਲਵਾਰ ਨੇ ਦੱਸਿਆ ਕਿ ‘ਚੌਸਰ’ (ਅਦਾਕਾਰ ਨਿਵਾਜ਼ੂਦੀਨ ਸਿੱਦੀਕੀ) ਸਾਗਰ ਸਰਹੱਦੀ ਦੀ ਆਖ਼ਰੀ ਫ਼ਿਲਮ ਸੀ; ਆਪਣੇ ਅੰਤਲੇ ਸਮੇਂ ਤੱਕ ਉਹ ਪੂਰੀ ਤਰ੍ਹਾਂ ਚੇਤਨ ਸਨ ਤੇ ਚਾਹੁੰਦੇ ਸਨ ਕਿ ਫ਼ਿਲਮ ‘ਬਾਜ਼ਾਰ’ ਦਾ ਦੂਸਰਾ ਹਿੱਸਾ ਬਣਾਇਆ ਜਾਵੇ। ਤਲਵਾਰ ਅਨੁਸਾਰ ਸਾਗਰ ਸਰਹੱਦੀ ਬਾਬਾ ਨਾਨਕ ਜੀ ਦੇ ਫਲਸਫ਼ੇ ਤੋਂ ਬਹੁਤ ਪ੍ਰਭਾਵਿਤ ਸਨ ਅਤੇ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਬਾਰੇ ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ਬਣਾਈ ਜਿਹੜੀ ਕੁਝ ਵਿਵਾਦਾਂ ਕਾਰਨ ਰਿਲੀਜ਼ ਨਾ ਹੋ ਸਕੀ।
– ਸਵਰਾਜਬੀਰ
(ਰਮੇਸ਼ ਤਲਵਾਰ ਪੰਜਾਬੀ, ਹਿੰਦੀ ਨਾਟਕਾਂ ਤੇ ਹਿੰਦੀ ਫ਼ਿਲਮਾਂ ਦਾ ਉੱਘਾ ਨਿਰਦੇਸ਼ਕ ਹੈ। ਉਸ ਨੇ ਦੂਸਰਾ ਆਦਮੀ (ਅਦਾਕਾਰ: ਰਾਖੀ, ਰਿਸ਼ੀ ਕਪੂਰ, ਸ਼ਸ਼ੀ ਕਪੂਰ, ਨੀਤੂ ਸਿੰਘ, ਲੇਖਕ ਸਾਗਰ ਸਰਹੱਦੀ), ਬਸੇਰਾ (ਅਦਾਕਾਰ: ਸ਼ਸ਼ੀ ਕਪੂਰ, ਰੇਖਾ, ਰਾਖੀ, ਪੂਨਮ ਢਿੱਲੋਂ), ਦੁਨੀਆ (ਅਸ਼ੋਕ ਕੁਮਾਰ, ਦਲੀਪ ਕੁਮਾਰ, ਸਾਇਰਾ ਬਾਨੋ, ਰਿਸ਼ੀ ਕਪੂਰ ਆਦਿ) ਤੇ ਕਈ ਹੋਰ ਮਸ਼ਹੂਰ ਹਿੰਦੀ ਫਿ਼ਲਮਾਂ ਵੀ ਬਣਾਈਆਂ (ਨਿਰਦੇਸ਼ਨ ਦਿੱਤਾ)। ਤਲਵਾਰ ਅਸਲ ਵਿਚ ਪੰਜਾਬੀ ਤਲਵਾੜ ਹਨ, ਪਰ ਹਿੰਦੀ ਵਿਚ ਸ਼ਬਦ ਤਲਵਾਰ ਪ੍ਰਚਲਿਤ ਹੋ ਗਿਆ ਹੈ।
* ਲੇਖਕ ਉੱਘਾ ਫ਼ਿਲਮ ਪਟਕਥਾ ਲੇਖਕ ਤੇ ਨਿਰਦੇਸ਼ਕ ਹੈ।
ਸੰਪਰਕ: 98200-44119