ਜਗਤਾਰਜੀਤ ਸਿੰਘ
ਅਜੋਕੇ ਮਾਹੌਲ ਵਿਚ ਇਹ ਚਿੱਤਰ ਗੌਲਣਯੋਗ ਹੈ। ਇਸ ਨੂੰ ਸਿਰੇ ਚਾੜ੍ਹਨ ਵਾਲਾ ਚਿਤੇਰਾ ਆਪਣੀ ਗੱਲ ਕਹਿ ਕੇ ਆਪਣਾ ਪੱਖ ਵੀ ਦੱਸ ਦਿੰਦਾ ਹੈ। ਇਹ ਚਿੱਤਰ ਖਿੱਚ ਵਾਲਾ ਹੀ ਨਹੀਂ ਸਗੋਂ ਸੰਦੇਸ਼ ਦੇਣ ਵਾਲਾ ਵੀ ਹੈ। ਅਵਤਾਰ ਸਿੰਘ ਆਪਣੇ ਹਾਣ ਦੇ ਕਲਾਕਾਰਾਂ ਤੋਂ ਵੱਖਰਾ ਹੈ। ਇਸ ਦੀ ਚਿੱਤਰ-ਵਿਧੀ ਭਿੰਨ ਹੈ। ਚਿੱਤਰ ਵਿਚ ਗੁਰੂ ਨਾਨਕ ਦੇਵ ਜੀ ਦਾ ਪ੍ਰਵੇਸ਼ ਕਿਸੇ ਕਾਰਨਵੱਸ ਹੈ। ਅਜੋਕੇ ਸਮੇਂ ਕਈ ਚਿੱਤਰਕਾਰ ਆਪਣੀ ਚਿੱਤਰਕਾਰੀ ਵਿਚ ਗੁਰੂ ਸਾਹਿਬ ਨੂੰ ਸਮਾਜਿਕ ਪ੍ਰਸੰਗਾਂ ਤੋਂ ਤੋੜ ਕੇ ਪੇਸ਼ ਕਰਦੇ ਹਨ, ਅਵਤਾਰ ਸਿੰਘ ਅਜਿਹਾ ਨਹੀਂ ਕਰਦਾ।
ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਰਚਨਾ ਅੰਦਰ ਸਾਰੀ ਧਰਤੀ ਨੂੰ ਮਾਤਾ ਕਿਹਾ ਹੈ। ਅਧਿਆਤਮਕ ਰੰਗ ਵਿਚ ਰੰਗੀ ਰੂਹ, ਧਰਤੀ ਨੂੰ ਮਾਂ ਰੂਪ ਵਿਚ ਦੇਖ ਕੇ ਚੁੱਪ ਨਹੀਂ ਹੋਈ ਸਗੋਂ ਸਾਰੇ ਜਗਤ ਨੂੰ ਗੁਰਬਾਣੀ ਰਾਹੀਂ ਵੀ ਸੁਨੇਹਾ ਦਿੱਤਾ ਕਿ ਧਰਤੀ ਮਾਂ ਹੈ। ਚਿੱਤਰਕਾਰ ਅਵਤਾਰ ਸਿੰਘ ਗੁਰੂ ਸਾਹਿਬ ਦੇ ਸ਼ਬਦਾਂ ਨੂੰ ਆਪਣੇ ਕੰਮ ਦੇ ਨਾਮਕਰਨ ਲਈ ਵਰਤਦਾ ਹੈ। ਇਸ ਨਾਲ ਚਿੱਤਰ ਧਾਰਮਿਕ ਨਹੀਂ ਹੋ ਜਾਂਦਾ। ਇਸ ਦੇ ਬਾਵਜੂਦ ਉਸ ਦਾ ਸਮਾਜਿਕ ਸਰੋਕਾਰ ਬਣਿਆ ਰਹਿੰਦਾ ਹੈ ਜੋ ਚਿੱਤਰ ਰਾਹੀਂ ਨਿਸ਼ਚਿਤ ਕਰ ਦਿੱਤਾ ਗਿਆ ਹੈ।
ਗੁਰੂ ਸਾਹਿਬ ਦਾ ਦਿੱਤਾ ਵਿਚਾਰ ਸਦੀਵੀ ਸੱਚ ਹੈ ਜਿਸ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਸੰਸਾਰ ਵਿਚ ਵਿਚਰਦੇ ਪ੍ਰਾਣੀਆਂ ਦੀ ਪਾਲਣਾ ਧਰਤੀ ਕਰਦੀ ਹੈ। ਉਹ ਹੈ ਤਾਹੀਂਓ ਜੜ੍ਹੀ-ਬੂਟ, ਘਾਹ, ਅੰਨ ਹੈ। ਇਹੋ ਇਕਾਈਆਂ ਪਸ਼ੂ ਜਗਤ ਦੀ ਲੜੀ ਨੂੰ ਜੀਵਤ ਰੱਖ ਅੱਗੇ ਤੋਰਦੀਆਂ ਆ ਰਹੀਆਂ ਹਨ। ਮਨੁੱਖ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਅਸਲ ਵਿਚ ਜੋ ਸ੍ਰੇਸ਼ਟ ਹੈ, ਜਿਸ ਪ੍ਰਤੀ ਗੁਰੂ ਨਾਨਕ ਦੇਵ ਜੀ ਸੰਬੋਧਿਤ ਹਨ, ਉਹ (ਮਨੁੱਖ) ਹੀ ਆਪਣੇ ਆਪ ਨੂੰ ਅਸ੍ਰੇਸ਼ਟਤਾ ਵੱਲ ਧੱਕੀ ਜਾ ਰਿਹਾ ਹੈ।
ਲਘੂ-ਚਿੱਤਰ ਦੀ ਦਿਸਦੀ ਸਪੇਸ ਬਹੁਤੀ ਨਹੀਂ। ਇਹ ਸਮੁੱਚੀ ਧਰਤੀ ਦਾ ਕੇਵਲ ਅਣੂ ਮਾਤਰ ਸਪੇਸ ਹੈ। ਇਹੋ ਥਾਂ ਚਿਤੇਰੇ ਨੇ ਆਪਣੀ ਗੱਲ ਕਹਿਣ ਲਈ ਵਰਤੀ ਹੈ। ਸਪੇਸ ਦੇ ਮੁਕਾਬਲੇ ਕਹੀ ਗਈ ਗੱਲ ਦਾ ਦਾਇਰਾ ਅਤਿ ਵਸੀਹ ਹੈ। ਸੱਜੇ ਵੱਲ ਗੁਰੂ ਨਾਨਕ ਦੇਵ ਜੀ ਦੀ ਛੱਬ ਹੈ। ਉਹ ਸ਼ਾਂਤ ਚਿੱਤ ਖੜ੍ਹੇ ਹਨ। ਉਨ੍ਹਾਂ ਦੇ ਸਾਹਮਣੇ ਇਕ ਸ਼ਖ਼ਸ ਹੈ ਜਿਹੜਾ ਅਡੋਲ, ਸ਼ਾਂਤ ਨਹੀਂ ਹੈ। ਉਸ ਦੀ ਪਿੱਠ ਪਿੱਛੇ ਮਸ਼ਕ ਨਹੀਂ, ਉਸ ਜਿਹੀ ਸ਼ੈਅ ਹੈ।
ਚਿਤੇਰਾ ਸਪੇਸ ਦੇ ਨਾਲੋ-ਨਾਲ ਸਮੇਂ ਦੀ ਖੁੱਲ੍ਹ ਲੈ ਰਿਹਾ ਹੈ। ਉਹ ਦੋ ਸਮਿਆਂ ਨੂੰ ਇਕੋ ਫਰੇਮ ਵਿਚ ਪੇਸ਼ ਕਰ ਰਿਹਾ ਹੈ। ਇਸ ਗੱਲ ਦੇ ਸੰਕੇਤ ਇਹਦੇ ਵਿਚ ਹੀ ਮੌਜੂਦ
ਹਨ। ਸਮਾਂ ਵਿਅਕਤੀਆਂ ਅਤੇ ਵਸਤਾਂ ਰਾਹੀਂ ਉੱਭਰਦਾ ਹੈ। ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀ ਬਾਣੀ ਉਨ੍ਹਾਂ ਦੇ ਇਸ ਧਰਤੀ ’ਤੇ ਵਿਚਰਨ ਦੇ ਸਮੇਂ ਦਾ ਸੰਕੇਤ ਹੈ ਜਦੋਂਕਿ ਇਮਾਰਤਾਂ, ਵਿਅਕਤੀ ਅਤੇ ਹੋਰ ਵਸਤਾਂ ਅਜੋਕੇ ਸਮੇਂ ਨੂੰ ਦਰਸਾ ਰਹੀਆਂ ਹਨ। ਇਕ-ਦੂਜੇ ਦੇ ਸਨਮੁੱਖ ਹੋਣ ਕਾਰਨ ਚਿੱਤਰ ਅਰਥ ਦੇਣ ਤੋਂ ਇਲਾਵਾ ਮਹੱਤਵਪੂਰਨ ਹੋ ਜਾਂਦਾ ਹੈ।
ਅਵਤਾਰ ਸਿੰਘ ਲਘੂ-ਚਿੱਤਰ ਦਰਸ਼ਕ ਨੂੰ ਸੁਖ ਦੇਣ ਵਾਲਾ ਨਹੀਂ। ਇਸ ਦੇ ਹੋਣ, ਬਣਾਏ ਜਾਣ ਦਾ ਕਾਰਨ ਦੁੱਖ ਹੈ। ਪੰਜਾਬ ਦੇ ਜੀਣ-ਥੀਣ ਦਾ ਧੁਰਾ ਖੇਤੀ ਹੈ। ਇਹ ਸੱਚ ਅੱਜ ਦਾ ਨਹੀਂ ਸਗੋਂ ਸਦੀਆਂ ਪੁਰਾਣਾ ਹੈ ਪਰ ਅੱਜਕੱਲ੍ਹ ਖੇਤੀ ਦਾ ਕਿੱਤਾ ਅਣਮਨੁੱਖੀ ਹੁੰਦਾ ਜਾ ਰਿਹਾ ਹੈ। ਲਾਲਸਾ ਅਤੇ ਮਜਬੂਰੀਆਂ ਦੇ ਜਾਲ ਵਿਚ ਫਸਿਆ ਕਾਸ਼ਤਕਾਰ ਖ਼ੁਦ ਨੂੰ ਅਤੇ ਆਪਣੇ ਆਲੇ-ਦੁਆਲੇ ਨੂੰ ਬਦ ਤੋਂ ਬਦਤਰ ਦਿਸ਼ਾ ਵੱਲ ਲੈ ਜਾ ਰਿਹਾ ਹੈ।
ਗਿਆਰਾਂ ਇੰਚ ਗੁਣਾਂ ਸੋਲਾਂ ਇੰਚ ਆਕਾਰੀ ਕਿਰਤ ਦੇ ਵਿਚਾਲੇ ਜਿਹੇ ਪੰਛੀਆਂ ਦਾ ਝੁੰਡ ਹੈ। ਝੁੰਡ ਹੈ ਪਰ ਇਨ੍ਹਾਂ ਵਿਚਾਲੇ ਸਾਵੀਂ ਵਿੱਥ ਹੈ। ਟਟੀਹਰੀ ਨਾਂ ਦਾ ਇਹ ਨਿੱਕਾ, ਨਿਰਬਲ ਅਤੇ ਨਿਰਦੋਸ਼ ਪੰਛੀ ਸਹਿਮਿਆ ਬੈਠਾ ਹੈ। ਇਹ ਚਿੱਤਰ ਪੁਰਾਣਾ ਨਹੀਂ। ਇਸ ਦੇ ਰਚੇ ਜਾਣ ਦਾ ਸਮਾਂ ਜੂਨ 2022 ਹੈ। ਰਚਨਾ ਦੀ ਉਮਰ ਘੱਟ ਹੋਣ ਦੇ ਬਾਵਜੂਦ ਇਸ ਦਾ ਸੰਦਰਭ ਨਿਗੂਣਾ ਨਹੀਂ। ਇਹ ਜਿਸ ਸਮੱਸਿਆ ਨੂੰ ਮੁਖਾਤਬਿ ਹੋਣ ਦੀ ਹਿੰਮਤ ਕਰਦੀ ਹੈ, ਉਹ ਦਿਨ-ਬ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਕਿਰਸਾਨ ਅੰਨ ਪੈਦਾ ਕਰ ਅਨੇਕਾਂ ਨੂੰ ਭੁੱਖ ਤੋਂ ਬਚਾਉਂਦਾ ਹੈ। ਇਹਦੇ ਨਾਲ ਉਹੀ ਪੌਣ, ਪਾਣੀ, ਧਰਤੀ, ਜੀਵ-ਜੰਤਾਂ ਅਤੇ ਮਨੁੱਖਾਂ ਨੂੰ ਅਕਹਿ ਸੰਕਟ ਦੇ ਮੂੰਹ ਵਿਚ ਧੱਕੀ ਜਾ ਰਿਹਾ ਹੈ। ਇਹ ਤਸਵੀਰ ਉਸੇ ਕਰਮ ਨੂੰ ਰੂਪਮਾਨ ਕਰ ਰਹੀ ਹੈ।
ਚਿੱਤਰਕਾਰ ਦਾ ਟਟੀਹਰੀ ਪ੍ਰਤੀ ਮੋਹ ਹੈ। ਮੋਹ ਸਦਕਾ ਹੀ ਚਿੱਤਰ ਅੰਦਰ ਦਾਖਲ ਹੋ ਕੇਂਦਰੀ ਜਗ੍ਹਾ ਲੈਂਦੀ ਹੈ। ਟਟੀਹਰੀ ਉੱਚੇ ਸੁਰ ਵਿਚ ਟੀ-ਟੀ-ਟੀਅ ਦੀ ਆਵਾਜ਼ ਨਾਲ ਆਪਣੀ ਹੋਂਦ ਜਤਾਉਂਦੀ ਰਹਿੰਦੀ ਹੈ। ਸਾਧਾਰਨ ਤੌਰ ’ਤੇ ਇਸ ਨੂੰ ਕਿਰਸਾਨ ਦਾ ਮਿੱਤਰ ਪੰਛੀ ਮੰਨਿਆ ਜਾਂਦਾ ਹੈ। ਮਿੱਤਰ ਵੀ ਅਜਿਹਾ ਜਿਹੜਾ ਖੇਤਾਂ ਵਿਚ ਹੀ ਨਿੱਕੇ-ਨਿੱਕੇ ਪੱਥਰ ਜੋੜ, ਉਨ੍ਹਾਂ ਉਪਰ ਡੱਕੇ ਰੱਖ ਕੇ ਘਰ ਤਿਆਰ ਕਰ ਲੈਂਦਾ ਹੈ। ਦਿੱਤੇ ਗਏ ਅੰਡੇ ਸਤਾਈ ਤੋਂ ਤੀਹ ਦਿਨਾਂ ਵਿਚ ਟਟੀਹਰੀ ਦੇ ਬੱਚਿਆਂ ਵਿਚ ਤਬਦੀਲ ਹੋ ਜਾਂਦੇ ਹਨ। ਇਸ ਪੰਛੀ ਦਾ ਅੰਡੇ ਦੇਣ ਦਾ ਸਮਾਂ ਮਾਰਚ ਤੋਂ ਮਈ ਤਕ ਦਾ ਹੈ। ਦਹਾਕੇ ਪਹਿਲਾਂ ਜ਼ਮੀਨਦਾਰ ਆਪਣੀਆਂ ਜ਼ਮੀਨਾਂ ਨੂੰ ਖਾਲੀ ਛੱਡ ਦਿੰਦੇ। ਉਸ ਕਾਲ ਖੰਡ ਦੌਰਾਨ ਇਹ ਪੰਛੀ ਆਪਣੇ ਪਰਿਵਾਰ ਵਾਧੇ ਵਿਚ ਲੱਗ ਜਾਂਦਾ।
ਇਸ ਚਿੱਤਰ ਦਾ ਆਕਾਰ ਵੱਡਾ ਨਹੀਂ। ਉਸ ਅਨੁਪਾਤ ਅਨੁਸਾਰ ਟਟੀਹਰੀਆਂ ਨੂੰ ਮਿਲੀ ਥਾਂ ਅਤੇ ਇਸ ਦਾ ਮਹੱਤਵ ਵੱਧ ਹੈ। ਇਸ ਜੁਗਤ ਰਾਹੀਂ ਕੁਝ ਕਿਹਾ ਜਾ ਰਿਹਾ ਹੈ। ਪੰਛੀ ਆਪਣੀ ਪ੍ਰਕਿਰਤਕ ਕਿਰਿਆ ਪੂਰੀ ਕਰਨ ਦੇ ਆਹਰ ਵਿਚ ਹੈ। ਅੰਡੇ ਦੇਣ ਤੋਂ ਪਹਿਲਾਂ ਅਤੇ ਫੇਰ ਬਾਅਦ ਵਿਚ ਆਪਣੇ ਨਵੇਂ ਆਏ ਜੀਆਂ ਸਮੇਤ ਇਨ੍ਹਾਂ ਖੇਤਾਂ ਵਿਚੋਂ ਕੀੜੇ-ਮਕੌੜੇ ਚੁਗ ਕੇ ਜਿਊਣਾ ਹੈ। ਚਿੱਤਰਕਾਰ ਅਵਤਾਰ ਸਿੰਘ ਦਾ ਟਟੀਹਰੀ ਪ੍ਰਤੀ ਝੁਕਾਅ ਸੁਭਾਵਿਕ ਹੋਣ ਤੋਂ ਇਲਾਵਾ ਕਾਰਜ-ਕਾਰਨ ਸਬੰਧ ਆਧਾਰਿਤ ਵੀ ਹੈ। ਖਾਧੇ ਜਾਣ ਵਾਲੇ ਕੀਟ-ਪਤੰਗੇ ਕਿਸੇ ਨਾ ਕਿਸੇ ਤਰ੍ਹਾਂ ਫ਼ਸਲ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਮੂਜਬ ਇਹ ਪੰਛੀ ਅਤੇ ਦੂਸਰੇ ਪੰਛੀ ਕਿਰਸਾਨ ਦੇ ਮਿੱਤਰ ਹਨ। ਜਿਹੜਾ ਕੰਮ ਕਿਰਸਾਨ ਨੂੰ ਕਰਨਾ ਪੈਂਦਾ ਸੀ, ਉਹ ਪੰਖੇਰੂ ਕਰ ਦਿੰਦੇ।
ਬਹੁਤ ਸਾਰੇ ਕਾਰਨਾਂ ਨੇ ਕਿਰਸਾਨ ਨੂੰ ਇਕ ਤਰ੍ਹਾਂ ਕੁਦਰਤ ਦੇ ਖ਼ਿਲਾਫ਼ ਖੜ੍ਹਾ ਕਰ ਦਿੱਤਾ। ਇਕ ਫ਼ਸਲ ਤੋਂ ਬਾਅਦ ਦੂਸਰੀ ਦੀ ਤਿਆਰੀ ਵਿਚ ਰੁੱਝ ਜਾਂਦਾ ਹੈ। ਜ਼ਮੀਨ ਦੀ ਜਲਦ ਤਿਆਰੀ ਅਤੇ ਥੋੜ੍ਹੇ ਸਮੇਂ ਅੰਦਰ ਵੱਧ ਝਾੜ ਲੈਣ ਦੀ ਤਾਂਘ ਨੇ ਉਸ ਨੂੰ ਗ਼ੈਰ-ਕੁਦਰਤੀ ਤਰੀਕੇ ਅਪਣਾਉਣ ਵੱਲ ਮੋੜਿਆ। ਦਾਣੇ ਸਾਂਭਣ ਬਾਅਦ ਬਚੇ ਖੜ੍ਹੇ ਨਾੜ ਨੂੰ ਸਾੜਿਆ ਜਾਣ ਲੱਗਾ। ਵੱਧ ਦਾਣੇ ਲਈ ਰਸਾਇਣਕ ਖਾਦਾਂ ਅਤੇ ਫ਼ਸਲ ਨੂੰ ਖਾਣ ਵਾਲੇ ਕੀੜੇ ਮਾਰਨ ਲਈ ਜ਼ਹਿਰੀਲੀਆਂ ਸਪਰੇਆਂ ਵਰਤੀਆਂ ਜਾਣ ਲੱਗੀਆਂ। ਚਿੱਤਰ ਦੇ ਖੱਬੇ ਪਾਸੇ ਵੱਲ ਖੜ੍ਹਾ ਸ਼ਖ਼ਸ ਪੰਪ ਨਾਲ ਜ਼ਹਿਰੀਲੀ ਕੀੜੇਮਾਰ ਦਵਾਈ ਛਿੜਕਨ ਦੀ ਮੁਦਰਾ ਵਿਚ ਹੈ।
ਆਪਣੇ ਆਲ੍ਹਣਿਆਂ ਉੱਪਰ ਬੈਠੇ ਪਰਿੰਦਿਆਂ ਦੇ ਚਾਰੋਂ ਪਾਸੇ ਅੱਗ ਦੀ ਲਕੀਰ ਹੈ। ਸਾਹਮਣਿਓਂ ਉਨ੍ਹਾਂ ਉਪਰ ਸਪਰੇਅ ਕੀਤਾ ਜਾ ਰਿਹਾ ਹੈ। ਆਪਣੀ ਕਾਰਜਸ਼ੈਲੀ ਅਨੁਸਾਰ ਕਿਰਸਾਨ ਆਪਣੇ ਮਿੱਤਰ ਪਰਿੰਦਿਆਂ ਨੂੰ ਤਸੀਹੇ ਦੇ-ਦੇ ਕੇ ਖੇਤਾਂ ਦੀ ਜ਼ੱਦ ਵਿਚੋਂ ਬਾਹਰ ਕਰ ਰਿਹਾ ਹੈ। ਉਹ ਪਹਿਲਾਂ ਵਾਂਗ ਨਿਸੰਗ ਹੋ ਕੇ ਖੇਤਾਂ ਵਿਚ ਵਿਚਰ ਜਾਂ ਰਹਿ ਨਹੀਂ ਸਕਦੇ। ਪਰਿੰਦਿਆਂ ਦੇ ਕੁਦਰਤੀ ਵਸੇਬੇ ਖੁੱਸਣ ਨਾਲ ਉਨ੍ਹਾਂ ਦੀ ਪ੍ਰਜਣਨ ਦਰ ਉਪਰ ਅਸਰ ਪੈਂਦਾ ਹੈ। ਜੀਵਨ ਲੜੀ ਦੀ ਇਕ ਕੜੀ ਕਮਜ਼ੋਰ ਹੋਣ ਜਾਂ ਟੁੱਟਣ ਨਾਲ ਮਨੁੱਖੀ ਚਾਲ ਪ੍ਰਭਾਵਿਤ ਹੁੰਦੀ ਹੈ।
ਟਟੀਹਰੀ ਸਮੂਹ ਅੱਗ ਦਾ ਸਾਹਮਣਾ ਕਰ ਰਿਹਾ ਹੈ। ਕਿਰਸਾਨ ਆਪਣੇ ਵਿਨਾਸ਼ਕ ਤੱਤਾਂ ਨਾਲ ਹਾਜ਼ਰ ਹੈ। ਕੋਲ ਨਿੱਕੇ ਪਰਿੰਦੇ ਆਪਣੇ ਜਿਉਣ ਸ਼ਕਤੀ ਦੀ ਜ਼ਿੱਦ ਨਾਲ ਆਪਣੀ ਥਾਂ ਬੈਠੇ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਟਟੀਹਰੀਆਂ ਅਤੇ ਅੰਡਿਆਂ ਅੰਦਰ ਪਲ ਰਹੇ ਬੱਚਿਆਂ ਲਈ ਇੱਥੋਂ ਉੱਡ ਜਾਣ ਦਾ ਮਤਲਬ ਮੌਤ ਹੈ।
ਚਿੱਤਰਕਾਰ ਦੀ ਏਨੀ ਕੁ ਪੇਸ਼ਕਾਰੀ ਕੁਦਰਤ ਅਤੇ ਗ਼ੈਰ-ਕੁਦਰਤ ਦਾ ਟਕਰਾਅ ਦੱਸ ਰਹੀ ਹੈ। ਇੱਥੇ ਅੱਗ ਕੁਦਰਤ ਦਾ ਅੰਗ ਹੋਣ ਦੇ ਬਾਵਜੂਦ ਗ਼ੈਰ-ਕੁਦਰਤੀ ਹੋ ਨਬਿੜਦੀ ਹੈ ਕਿਉਂਕਿ ਇਹ ਜਾਣ-ਬੁੱਝ ਕੇ ਲਾਈ ਜਾਂਦੀ ਹੈ। ਜ਼ਹਿਰੀ ਦਵਾਈ ਅਤੇ ਅੱਗ ਦੋਵੇਂ ਮਾਰਕ ਤੱਤ ਹਨ। ਇਨ੍ਹਾਂ ਨੂੰ ਪਰਿੰਦੇ ਸਹਿ ਰਹੇ ਹਨ।
ਇਕ ਟਕਰਾਅ ਹੋਰ ਉੱਭਰਦਾ ਹੈ। ਇਹ ਅਧਿਆਤਮ ਪੱਧਰ ਉੱਪਰ ਵਿਚਰਦਾ ਹੈ। ਚਿੱਤਰਕਾਰ ਖ਼ੁਦ ਤਸਲੀਮ ਕਰਦਾ ਕਹਿੰਦਾ ਹੈ, ‘‘ਮੇਰਾ ਝੁਕਾਅ ਅਧਿਆਤਮ ਵੱਲ ਹੈ। ਮੇਰੀ ਇੱਛਾ ਹੁੰਦੀ ਹੈ ਕਿ ਇਸ ਦੀ ਛੋਹ ਮੇਰੀ ਚਿੱਤਰਕਾਰੀ ਨੂੰ ਮਿਲੇ।’’
ਲਘੂ-ਚਿੱਤਰ ਵਿਚ ਅਧਿਆਤਮ ਨਾਲ ਜੁੜੀਆਂ ਦੋ ਇਕਾਈਆਂ ਹਨ: ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀ ਬਾਣੀ। ਗੁਰਬਾਣੀ ਟੂਕ ਚਿੱਤਰ ਦੇ ਸਿਰਲੇਖ ਵਜੋਂ ਆਈ ਹੈ। ਕਿਰਸਾਨ ਆਪਣੀ ਦਿੱਖ ਤੋਂ ਸਿੱਖ ਹੈ, ਪਰ ਉਸ ਦੇ ਕਰਮ ਗੁਰੂ ਦੇ ਸਿੱਖ ਜਿਹੇ ਨਹੀਂ। ਗੁਰਬਾਣੀ ਧਰਤੀ ਨੂੰ ਮਾਤਾ ਕਹਿੰਦੀ ਹੈ। ਧਰਤੀ ਦੇ ਜਾਏ, ਉਸ ਉਪਰ ਪਲਣ ਵਾਲੇ ਬਦਲੇ ਵਜੋਂ ਆਪਣੇ ਮਨ ਅੰਦਰ ਉਸ ਪ੍ਰਤੀ ਸਤਿਕਾਰ ਨਹੀਂ ਤਿਰਸਕਾਰ ਰੱਖ ਰਹੇ ਹਨ।
ਚਿੱਤਰਕਾਰ ਦੀ ਪਹੁੰਚ ਦੁਫੇੜੀ ਹੋਈ ਨਹੀਂ। ਉਹ ਸਿੱਧੀ, ਸਪਸ਼ਟ ਹੈ। ਤਾਹੀਂਓ ਉਹ ਦੋ ਸਮਿਆਂ ਨੂੰ ਆਹਮੋ-ਸਾਹਮਣੇ ਕਰ ਦਿੰਦਾ ਹੈ। ਕਿਰਸਾਨ ਦੇ ਸਾਹਮਣੇ ਉਸ ਦਾ ਬਾਬਾ ਨਾਨਕ ਖੜ੍ਹਾ ਕਰ ਦਿੱਤਾ ਹੈ। ਇਹ ਪਾਤਸ਼ਾਹ ਵੀ ਉਹ ਹੈ ਜਿਹੜਾ ਖ਼ੁਦ ਖੇਤੀ ਕਰਦਾ ਰਿਹਾ।
ਕਿਰਸਾਨ ਨੂੰ ਗੁਰੂ ਸਾਹਿਬ ਦੇ ਜੀਵਨ ਅਤੇ ਉਨ੍ਹਾਂ ਦੀ ਰਚੀ ਬਾਣੀ ਤੋਂ ਮੱਤ ਲੈਣੀ ਚਾਹੀਦੀ ਹੈ। ਅਫ਼ਸੋਸ! ਉਹ ਅਜਿਹਾ ਕਰ ਨਹੀਂ ਰਿਹਾ। ਗੁਰੂ ਦੀ ਦਿੱਤੀ ਮੱਤ ਦੇ ਉਲਟ, ਅਧਿਆਤਮ ਦੇ ਮੁਕਾਬਲੇ ਸਮਾਜਿਕਤਾ ਖੜ੍ਹੀ ਹੈ। ਇਸ ਦੇ ਆਪਣੇ ਰੂੜ ਨੇਮ ਪ੍ਰਬੰਧ ਹੁੰਦੇ ਹਨ ਜਿਹੜੇ ਸਹਿਜੇ ਕੀਤਿਆਂ ਬਦਲਦੇ ਨਹੀਂ। ਦਹਾਕਿਆਂ ਤੋਂ ਕਿਸਾਨ ਉਸੇ ਪ੍ਰਭਾਵ ਅਧੀਨ ਵਿਚਰ ਰਿਹਾ ਹੈ।
ਅਵਤਾਰ ਸਿੰਘ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕਲਾ ਦੀ ਐਮ.ਏ. ਕੀਤੀ ਹੋਈ ਹੈ। ਉਹ ਸਿਖਾਏ ਕੰਮ ਤੋਂ ਹਟ ਕੇ ਆਪਣੇ ਰਚਨਾਤਮਕ ਕੰਮ ਲਈ ਲਘੂ-ਚਿੱਤਰ ਸ਼ੈਲੀ ਅਪਣਾਉਂਦਾ ਹੈ। ਇਸ ਰਾਹ ਵਿਰਲਾ ਹੀ ਆਉਂਦਾ ਹੈ। ਲਘੂ-ਚਿੱਤਰ ਸ਼ੈਲੀ ਬਰੀਕ ਕੰਮ ਦੀ ਮੰਗ ਕਰਦੀ ਹੈ। ਹਰ ਵਿਸ਼ੇ ਨੂੰ ਇਸ ਰਾਹੀਂ ਸਾਕਾਰ ਕਰਨਾ ਕਠਿਨ ਹੈ। ਆਕਾਰ ਭਾਵੇਂ ਨਿੱਕਾ ਹੋਏ ਜਾਂ ਵੱਡਾ ਉਸ ਦੁਆਲੇ ਮਹੀਨ ਲਕੀਰ ਖਿੱਚਣਾ ਦੁਸ਼ਵਾਰੀ ਵਾਲਾ ਕੰਮ ਹੈ। ਇਹ ਲਕੀਰ ਵੱਖਰਤਾ ਦੇ ਨਾਲ-ਨਾਲ ਇਕਾਈ ਦੀ ਸਪੇਸ ਨਿਸ਼ਚਿਤ ਕਰਦੀ ਹੈ। ਸੌਖੇ ਸ਼ਬਦਾਂ ਅਨੁਸਾਰ ਇਕ ਰਚਨਾ ਆਮ ਨਾਲੋਂ ਕਾਫ਼ੀ ਵੱਧ ਸਮਾਂ ਲੈ ਲੈਂਦੀ ਹੈ।
ਅਵਤਾਰ ਸਿੰਘ ਕਾਗਜ਼ ਦੀ ਸਪੇਸ ਦੀ ਅੱਗੋਂ ਵੱਖ-ਵੱਖ ਇਕਾਈਆਂ ਲਈ ਤਰਕਸੰਗਤ ਵੰਡ ਕਰਦਾ ਹੈ। ਓਦਾਂ ਇਹ ਅਜਿਹੀ ਸ਼ੈਲੀ ਹੈ ਜਿੱਥੇ ‘ਪਰੰਪਰਾਵਾਦੀ ਨਜ਼ਰੀਏ’ ਵਾਸਤੇ ਕੋਈ ਥਾਂ ਨਹੀਂ।
ਚਿੱਤਰ ਦਾ ਮੂਲ ਨੁਕਤਾ ਵੱਡਿਆਂ ਦੇ ਕਹੇ ਨੂੰ ਅਣਸੁਣਿਆ ਕਰਨਾ ਹੈ। ਗੁਰੂ ਸਾਹਿਬ ਦੇ ਸਨਮੁੱਖ, ਖਾਸੀ ਵਿੱਥ ਉਪਰ, ਉਨ੍ਹਾਂ ਦਾ ਸਿੱਖ ਆਪਣੇ ਕੰਮ ਵਿਚ ਰੁੱਝਿਆ ਹੈ। ਗੁਰੂ ਨਾਨਕ ਦੇਵ ਜੀ ਨੰਗੇ ਪੈਰੀਂ ਅੱਗੇ ਵਧ ਰਹੇ ਹਨ। ਉਨ੍ਹਾਂ ਦੇ ਉੱਪਰ ਉੱਠੇ ਦੋਵੇਂ ਹੱਥ ਜਿਵੇਂ ਕੁਦਰਤ ਦੀ ਸਲਾਮਤੀ ਮੰਗ ਰਹੇ ਹਨ। ਗੁਰੂ ਗਤੀਸ਼ੀਲ ਹੈ ਜਦੋਂਕਿ ਉਨ੍ਹਾਂ ਦਾ ਸਿੱਖ ਸਥਿਰ ਹੈ, ਭਾਵ ਜੜਤਾ ਦਾ ਸ਼ਿਕਾਰ ਹੋਇਆ ਹੈ।
ਗੁਰੂ ਨਾਨਕ ਦੇਵ ਜੀ ਦੇ ਸਾਰੇ ਲਬਿਾਸ ਦਾ ਰੰਗ ਗੇਰੂਆ ਹੈ। ਚੋਲੇ ਉਪਰ ਲਈ ਲੋਈ ਵਿਚਾਲਿਓਂ ਨਿੱਕਾ ਬੂਟਾ ਨਿਕਲਿਆ ਦਿਸ ਰਿਹਾ ਹੈ। ਇਹ ਮੋਟਿਫ ਕੁਦਰਤ ਦੀ ਰਾਖੀ ਅਤੇ ਉਸ ਪ੍ਰਤੀ ਪਿਆਰ, ਸਤਿਕਾਰ ਨੂੰ ਦੱਸਦਾ ਹੈ।
ਕਿਸੇ ਤਸਵੀਰ ਦੇ ਆਕਾਰ ਦਾ ਛੋਟਾ ਹੋਣਾ ਉਸ ਨੂੰ ਲਘੂ ਚਿੱਤਰ ਦੇ ਵਰਗ ਵਿਚ ਨਹੀਂ ਖਲਾਰ ਦਿੰਦਾ। ਲਘੂ ਚਿੱਤਰ ਸ਼ੈਲੀ ਦੇ ਕੁਝ ਗੁਣ ਲੱਛਣ ਹੁੰਦੇ ਹਨ ਜਿਹੜੇ ਕਾਲ ਪ੍ਰਵਾਹ ਵਿਚ ਪਏ ਖ਼ੁਦ ਨੂੰ ਦਿੜ੍ਹ ਕਰ ਨਵਿਆਉਂਦੇ ਵੀ ਰਹਿੰਦੇ ਹਨ।
ਇੱਥੇ ਰੁੱਖਾਂ, ਤਲਾਅ, ਜਲ-ਲਹਿਰਾਂ, ਅੱਗ, ਸਪਰੇਅ ਦੀ ਬਣਤਰ ਵਿਧੀ ਲਘੂ ਚਿੱਤਰ ਸ਼ੈਲੀ ਤੋਂ ਆਈ ਹੈ।
ਆਮ ਤੌਰ ’ਤੇ ਜਨਮ ਸਾਖੀਆਂ ਵਿਚਲੀਆਂ ਗੁਰੂ ਨਾਨਕ ਦੇਵ ਜੀ ਦੀਆਂ ਛਵੀਆਂ ਦੇ ਸੀਸ ਪਿੱਛੇ ‘ਹਾਲਾ’ ਨਹੀਂ ਹੁੰਦਾ। ਬਦਲ ਵਜੋਂ ਉਹ ਕਿਸੇ ਰੁੱਖ ਥੱਲੇ ਬੈਠੇ/ਖੜ੍ਹੇ ਦਰਸਾਏ ਜਾਂਦੇ ਹਨ। ਇੱਥੇ ਉਸੇ ਰੀਤ ਦੀ ਅਚੇਤ-ਸੁਚੇਤ ਪਾਲਣਾ ਹੈ।
ਅਗਲੀ ਫ਼ਸਲ ਦੀ ਤਿਆਰੀ ਵਾਸਤੇ ਪ੍ਰਾਣੀ ਵੱਲੋਂ ਕੀਤੀ ਜਾਣ ਵਾਲੀ ਤਬਾਹੀ ਦਾ ਖੇਤਰ ਬਹੁਤ ਜ਼ਿਆਦਾ ਹੈ। ਆਪਣੇ ਹਿੱਤ ਵਾਸਤੇ ਜੋ ਕੀਤਾ ਜਾ ਰਿਹਾ, ਉਹ ਇਹਦੇ ਕਾਬੂ ਤੋਂ ਬਾਹਰ ਹੋ ਗਿਆ ਹੈ। ਜਦੋਂ ਕੋਈ ਕੰਮ ਵਸੋਂ ਬਾਹਰ ਹੋ ਜਾਂਦਾ ਹੈ ਤਾਂ ਉਹ ਸੰਕਟ ਹੋ ਨਬਿੜਦਾ ਹੈ। ਕਿਰਸਾਨ ਦਾ ਕਾਰਾ ਗੰਭੀਰ ਹੁੰਦਾ ਹੁੰਦਾ ਸਭ ਵਾਸਤੇ ਦੁਖਦਾਇਕ ਹੋ ਜਾਵੇਗਾ ਜਿੱਥੇ ਨਿੱਜ ਅਤੇ ਪਰ ਦਾ ਵਖਰੇਵਾਂ ਨਹੀਂ ਰਹਿਣਾ।
ਦੂਰ ਮੰਜ਼ਿਲਦਾਰ ਘਰ ਹਨ। ਬਾਹਰੀ ਦਿੱਖ ਅਨੁਸਾਰ ਸੁੰਦਰ ਹਨ। ਹੋ ਸਕਦਾ ਹੈ ਕਿ ਉਹ ਇਨ੍ਹਾਂ ਕਾਸ਼ਤਕਾਰਾਂ ਦੇ ਹੀ ਹੋਣ। ਚਿੱਤਰਕਾਰ ਵਿਅੰਗ ਕਰ ਰਿਹਾ ਹੈ ਕਿ ਪ੍ਰਦੂਸ਼ਣ ਵੰਡਣ ਵਾਲੇ ਚੰਗੀ ਤਰ੍ਹਾਂ ਰਹਿ ਰਹੇ ਹਨ।
ਬਸਤੀ ਦੇ ਸੱਜੇ ਵੱਲ ਇਕ ਦੂਜੇ ਨਾਲ ਖਹਿੰਦੇ ਮੰਦਰ, ਮਸਜਿਦ ਅਤੇ ਗੁਰਦੁਆਰੇ ਦੀਆਂ ਇਮਾਰਤਾਂ ਹਨ। ਇਨ੍ਹਾਂ ਦਾ ਇੱਥੇ ਹੋਣਾ ਕਈ ਸਵਾਲਾਂ ਨੂੰ ਜਨਮ ਦਿੰਦਾ ਹੈ। ਦਰਸ਼ਕ ਆਪਣੀ ਮਤ ਅਨੁਸਾਰ ਵਿਚਾਰ ਕਰ ਸਕਦਾ ਹੈ। ਮੂਲ ਧਾਰਨਾ ਇਹੋ ਹੈ ਕਿ ਧਾਰਮਿਕ ਥਾਵਾਂ ਦੀ ਹੋਂਦ ਦੇ ਬਾਵਜੂਦ, ਉੱਥੇ ਜਾਣ ਦੇ ਬਾਵਜੂਦ ਵਿਅਕਤੀ ਸੁਧਰਦਾ ਨਹੀਂ।
ਇਸ ਨੁਕਤੇ ਉਪਰ ਆ ਚਿਤੇਰਾ ਥੋੜ੍ਹਾ-ਬਹੁਤ ਧਰਮ ਅਤੇ ਅਧਿਆਤਮ ਵਿਚਾਲੇ ਭੇਦ ਕਰ ਰਿਹਾ ਹੈ।
ਦਰਸ਼ਕ ਨੂੰ ਚਿੱਤਰ ਦੀ ਧਰਤੀ ਦਾ ਰੰਗ ਪ੍ਰੇਸ਼ਾਨ ਕਰ ਸਕਦਾ ਹੈ। ਧਰਤੀ ਦਾ ਨਾਮ ਆਉਂਦਿਆਂ ਹੀ ਹਰਿਆਲੀ ਅੱਖਾਂ ਅੱਗੇ ਛਾਉਣ ਲੱਗਦੀ ਹੈ। ਅਵਤਾਰ ਸਿੰਘ ਦੀ ਰਚੀ ਧਰਤੀ ਹਰਿਆਵਲ ਤੋਂ ਸੱਖਣੀ ਹੈ। ਇਹ ਤਪੀ-ਤਪੀ ਲੱਗਦੀ ਹੈ। ਹਰਿਆਲੀ ਦੇ ਨਾਂ ’ਤੇ ਸਿਰਫ਼ ਰੁੱਖ ਹਨ, ਟਾਵੇਂ-ਟਾਵੇਂ। ਚਿੱਤਰਕਾਰ ਦਾ ਇਹ ਨਿੱਜੀ ਅਤੇ ਨਿਵੇਕਲਾ ਯਤਨ ਹੈ। ਦੇਖੇ ਨੂੰ ਵਿਚਾਰਨਾ, ਵਿਚਾਰੇ ਨੂੰ ਵਿਹਾਰ ਵਿਚ ਲਿਆਉਣਾ ਚਿੱਤਰਕਾਰੀ ਤੋਂ ਹਟਵਾਂ ਕਾਰਜ ਹੈ।
ਸੰਪਰਕ: 98990-91186