ਮਨਦੀਪ ਰਿੰਪੀ
‘‘ਜਾਹ ਭੱਜ ਜਾ ਐਥੋਂ! ਫੇਰ ਨਾ ਆਖੀਂ ਦੱਸਿਆਂ ਨੀ। ਤੈਨੂੰ ਪਤਾ ਨੀ ਮੇਰੇ ਬਦਮਾਸ਼ ਪੁੱਤ ਦਾ! ਜੇ ਉਹ ਆ ਗਿਆ, ਉਹਨੇ ਤੇਰੀ ਉੱਘ-ਸੁੱਘ ਵੀ ਨੀ ਲੱਗਣ ਦੇਣੀ। ਅੰਦਰ ਈ ਦੱਬ ਦੇਊ।’’ ਜਦੋਂ ਮੁੜ-ਮੁੜ ਇਹ ਗੱਲਾਂ ਮੇਰੇ ਕੰਨਾਂ ’ਚ ਗੂੰਜਦੀਆਂ ਤਾਂ ਮੇਰੀ ਪੁੜਪੁੜੀ ਦੀਆਂ ਨਸਾਂ ਕਾਹਲ਼ੀ ਨਾਲ ਫਰਕਣ ਲੱਗਦੀਆਂ। ਮੈਨੂੰ ਨੱਕੋ-ਨੱਕ ਭਰੀ ਬੱਸ ਵਿੱਚ ਸਭ ਤੋਂ ਪਿੱਛੇ ਤਾਕੀ ਕੋਲ ਮਸਾਂ ਹੀ ਪੈਰ ਧਰਨ ਦੀ ਥਾਂ ਮਿਲੀ। ਮੇਰੀਆਂ ਅੱਖਾਂ ਭਰੀਆਂ ਪਈਆਂ ਪਛਤਾਵੇ ਨਾਲ ਕਿ ਉੱਥੇ ਕਿਉਂ ਗਈ। ਪਰ ਅਗਲੇ ਹੀ ਪਲ ਬੱਸ ਦੇ ਨਾਲ-ਨਾਲ ਦੌੜਦੀਆਂ ਸੋਚਾਂ ਨਾਲ ਮੱਥਾ ਮਾਰਨ ਲੱਗੀ ਕਿ ਮੈਂ ਕਿਹੜਾ ਭੀਖ ਮੰਗਣ ਗਈ ਸੀ ਜਿਹੜੀ ਐਨੀ ਲਾਹ-ਪਾਹ ਕਰਵਾ ਕੇ ਮੁੜੀ। ਮੈਂ ਤਾਂ ਕਿਸੇ ਹੋਰ ਦੇ ਹੱਕ ਦੀ ਕਮਾਈ ਲਈ ਤਰਲਾ ਮਾਰਿਆ ਸੀ। ਜਦੋਂ ਸਵੇਰੇ ਘਰੋਂ ਤੁਰੀ ਮਾਂ ਦੀਆਂ ਦਵਾਈਆਂ ਵਾਲੀਆਂ ਪਰਚੀਆਂ ਤੇ ਮੁੜ ਕਰਵਾਏ ਟੈਸਟਾਂ ਦੀਆਂ ਰਿਪੋਰਟਾਂ ਵੀ ਡਾਕਟਰ ਨੂੰ ਵਿਖਾਉਣ ਲਈ ਨਾਲ ਲੈ ਗਈ ਸਾਂ। ਕਿੰਨੇ ਦਿਨ ਦੀ ਮੁੱਕੀ ਦਵਾਈ ਅੱਜ ਲਿਆਉਣੀ ਸੀ ਪਰ ਸੁੰਨੀਆਂ ਪਰਚੀਆਂ ਤੇ ਬਿਨਾਂ ਵਿਖਾਈਆਂ ਰਿਪੋਰਟਾਂ ਸਮੇਤ ਪਰਤ ਰਹੀ ਸਾਂ। ਮੈਂ ਮੁੜ- ਮੁੜ ਸੋਚਾਂ ਵਿੱਚ ਚੁੱਭੀ ਮਾਰ ਰਹੀ ਸਾਂ ਕਿ ਮਾਂ ਨੂੰ ਦਵਾਈਆਂ ਬਾਰੇ ਕੀ ਆਖਾਂ? ਪਹਿਲਾਂ ਹੀ ਦੋ ਦਿਨ ਦਾ ਨਾਗਾ ਪੈ ਗਿਆ ਜਦੋਂਕਿ ਡਾਕਟਰ ਦੀ ਸਖ਼ਤ ਚਿਤਾਵਨੀ ਸੀ ਕਿ ਰੋਟੀ ਭਾਵੇਂ ਘੱਟ ਖਾ ਲਓ ਪਰ ਦਵਾਈ ਢਿੱਡ ’ਚ ਪਾਉਣੀ ਨਾ ਭੁੱਲਿਓ। ਅੱਗੇ ਤਾਂ ਕਦੇ ਵੀ ਅਜਿਹਾ ਮਾੜਾ ਵਕਤ ਨਹੀਂ ਸੀ ਆਇਆ ਪਰ ਹੁਣ ਕੋਈ ਕਰੇ ਤਾਂ ਕੀ ਕਰੇ? ਜੇਕਰ ਕਿਸੇ ਜਾਣੇ-ਪਛਾਣੇ ਮੈਡੀਕਲ ਸਟੋਰ ਤੋਂ ਵੀ ਨਕਦ ਦਵਾਈਆਂ ਲੈਣ ਜਾਂਦੀ ਤਾਂ ਵੀ ਉੱਥੇ ਕੰਮ ਕਰਦੇ ਕਰਿੰਦੇ, ਜਿਨ੍ਹਾਂ ਨੂੰ ਪਤਾ ਕਿ ਅਸੀਂ ਦੋਵੇਂ ਮਾਵਾਂ ਧੀਆਂ ’ਕੱਲੀਆਂ ਵਸਦੀਆਂ, ਸਿਰ ਤੋਂ ਪੈਰਾਂ ਤੱਕ ਗੰਦੀਆਂ ਨਜ਼ਰਾਂ ਰਾਹੀਂ ਮੁਆਇਨਾ ਕਰਨ ਤੋਂ ਨਾ ਟਲਦੇ। ਉਧਾਰੀਆਂ ਮੰਗੀਆਂ ਦਵਾਈਆਂ ਨੂੰ ਤਾਂ ਉਨ੍ਹਾਂ ਨੇ ਲਾਇਸੈਂਸ ਹੀ ਸਮਝ ਬੈਠਣਾ ਮੇਰੀ ਦੇਹ ਨੂੰ ਭੈੜੀਆਂ ਨਜ਼ਰਾਂ ਨਾਲ ਨਾਪਣ ਦਾ। ਇਸ ਲਈ ਮੈਂ ਉਧਾਰ ਨਾਂ ਦਾ ਫਾਹਾ ਅੱਜ ਤਾਈਂ ਆਪਣੇ ਗਲ਼ ਨਹੀਂ ਪੈਣ ਦਿੱਤਾ।
ਮੈਂ ਕਿਸੇ ਨੂੰ ਉਂਜ ਮੂੰਹੋਂ ਭਾਵੇਂ ਕੁਝ ਨਾ ਆਖ ਸਕਦੀ ਪਰ ਨਜ਼ਰਾਂ ਨਾਲ ਜ਼ਰੂਰ ਤਾੜ ਦਿੰਦੀ। ਜਿੱਧਰ ਜਾਂਦੀ ਮਾਂ ਦੀਆਂ ਨਸੀਹਤਾਂ ਮੇਰਾ ਪਿੱਛਾ ਕਰਦੀਆਂ ਨਾ ਥੱਕਦੀਆਂ, ‘‘ਧੀਏ ਵੇਖੀਂ! ਇਸ ਦੋ-ਮੂੰਹੀਂ ਦੁਨੀਆ ਤੋਂ ਬਚ ਕੇ ਰਹੀਂ। ਕਿਸੇ ਨੂੰ ਬਹੁਤਾ ਮੂੰਹ ਨਾ ਲਾਈਂ। ਜਿੱਥੋਂ ਤੱਕ ਹੋ ਸਕੇ ਕਿਸੇ ਨੂੰ ਮੂੰਹੋਂ ਕੌੜਾ ਬੋਲ ਵੀ ਕਦੇ ਨਾ ਬੋਲੀਂ। ਮੈਨੂੰ ਇਹ ਵੀ ਪਤਾ ਅੰਦਰ ਵੜ ਕੇ ਨਈਂ ਸਰਦਾ। ਅੰਦਰ ਬੈਠੀ ਔਰਤ ਨੂੰ ਚੂਹੇ ਪੈਂਦੇ ਤੇ ਬਾਹਰ ਕਾਂ।’’
ਮੈਂ ਮਨ ’ਚ ਉੱਗੇ ਗੁੱਸੇ ਨੂੰ ਅਕਸਰ ਨਾ ਚਾਹੁੰਦਿਆਂ ਵੀ ਅੰਦਰ ਹੀ ਨਸੀਹਤਾਂ ਦੀ ਦਾਤੀ ਦੇ ਤਿੱਖੇ ਦੰਦਿਆਂ ਨਾਲ ਕੁਤਰ ਕੇ, ਡੂੰਘਾ ਹਉਕਾ ਭਰ ਚੁੱਪੀ ਜੀਭ ’ਤੇ ਧਰ ਲੈਂਦੀ। ਮੈਂ ਉਦੋਂ ਦਸ ਕੁ ਵਰ੍ਹਿਆਂ ਦੀ ਸਾਂ ਜਦੋਂ ਮੇਰੀ ਪੜ੍ਹੀ-ਲਿਖੀ ਸੋਹਣੀ-ਸੁਨੱਖੀ ਅਠਾਈ ਕੁ ਵਰ੍ਹਿਆਂ ਦੀ ਮਾਂ ਨੇ ਸਰਕਾਰੀ ਨੌਕਰੀ ਹੱਥ ਨਾ ਆਉਂਦਿਆਂ ਵੇਖ ਪ੍ਰਾਈਵੇਟ ਦਫ਼ਤਰ ਦਾ ਬੂਹਾ ਜਾ ਖੜਕਾਇਆ। ਉਹ ਆਪਣੇ ਭਵਿੱਖ ਨੂੰ ਸੁਨਹਿਰੀ ਰੰਗ ਨਾਲ ਗੁੰਦ ਕੇ ਘਰ ਦੀ ਦਾਲ-ਰੋਟੀ ਵਧੀਆ ਤੋਰਨ ਦੀ ਹਾਮੀ ਸੀ ਪਰ ਸ਼ਾਇਦ ਵਕਤ ਦੀ ਰਜ਼ਾਮੰਦੀ ਕੁਝ ਹੋਰ ਹੀ ਸੀ। ਉਹਦਾ ਹੱਦੋਂ ਵੱਧ ਸੁਹੱਪਣ ਉਹਦਾ ਵੈਰੀ ਬਣ ਉਹਦੇ ਸਾਹਮਣੇ ਆ ਖੜ੍ਹਿਆ, ਜਦੋਂ ਉਹਦੇ ਦਫ਼ਤਰ ਦੇ ਸਹਿਕਰਮੀ ਦੀ ਮਾੜੀ ਨਿਗ੍ਹਾ ਉਹਨੂੰ ਹਰ ਵੇਲੇ ਨਾਗ ਵਾਂਗੂੰ ਡੰਗਣ ਲੱਗੀ। ਉਹ ਮਾਪਿਆਂ ਦੀ ਧੀ ਕਦੋਂ ਤੱਕ ਬਰਦਾਸ਼ਤ ਕਰਦੀ? ਇੱਕ ਦਿਨ ਸ਼ਰਾਬ ਦਾ ਘੁੱਟ ਲਾ ਉਸ ਸਹਿਕਰਮੀ ਨੇ ਦਫ਼ਤਰ ਵਿੱਚ ਸਭ ਦੇ ਸਾਹਮਣੇ ਮੇਰੀ ਮਾਂ ਦਾ ਹੱਥ ਫੜ ਲਿਆ ਤਾਂ ਮਾਂ ਦਾ ਦੂਜਾ ਹੱਥ ਚਪੇੜ ਬਣ ਉਹਦੀ ਗੱਲ੍ਹ ’ਤੇ ਛਾਪ ਛੱਡ ਗਿਆ।
ਉਸ ਕਰਮਚਾਰੀ ਦੀ ਦਫ਼ਤਰੋਂ ਪੱਕੀ ਛੁੱਟੀ ਹੋ ਗਈ ਪਰ ਆਪਣੀਆਂ ਗੱਲ੍ਹਾਂ ’ਚੋਂ ਨਿਕਲਦੇ ਸੇਕ ਨਾਲ ਉਹ ਹਰ ਵੇਲੇ ਭਖਿਆ ਰਹਿੰਦਾ। ਇਸੇ ਤਾਪ ਨੂੰ ਠਾਰਨ ਲਈ ਇੱਕ ਦਿਨ ਉਸ ਵੈਰੀ ਨੇ ਮੇਰੀ ਮਾਂ ਦੇ ਮੂੰਹ ’ਤੇ ਤੇਜ਼ਾਬ ਪਾ ਦਿੱਤਾ। ਤੇਜ਼ਾਬ ਦੇ ਛਾਲਿਆਂ ਨਾਲ ਮੇਰੀ ਮਾਂ ਦੇ ਚਿਹਰੇ ਦੇ ਨਾਲ-ਨਾਲ ਸਾਡੇ ਤਿੰਨਾਂ ਜੀਆਂ ਦੇ ਟੱਬਰ ਦੇ ਮੋਹ ਭਰੇ ਰਿਸ਼ਤੇ ਵੀ ਝੁਲਸ ਗਏ। ਉਸ ਦੀ ਇੱਕ ਅੱਖ ਦੀ ਰੌਸ਼ਨੀ ਜਾਂਦੀ ਰਹੀ ਤੇ ਚਿਹਰੇ ਦੇ ਹੁਣ ਤੱਕ ਪਤਾ ਨਹੀਂ ਕਿੰਨੇ ਕੁ ਆਪਰੇਸ਼ਨ ਹੋਏ। ਸ਼ੁਰੂ-ਸ਼ੁਰੂ ਵਿੱਚ ਤਾਂ ਮੈਂ ਆਪ ਵੀ ਮਾਂ ਦਾ ਚਿਹਰਾ ਵੇਖ ਸਹਿਮ ਜਾਂਦੀ ਸਾਂ ਪਰ ਹੌਲੀ-ਹੌਲੀ ਮਾਂ ਦੇ ਮੋਹ ਭਰੇ ਬੋਲਾਂ ਤੇ ਹੱਥਾਂ ਦੇ ਨਿੱਘ ਨੇ ਮੇਰਾ ਡਰ ਚੁੱਕ ਦਿੱਤਾ ਤੇ ਮੈਂ ਸੰਭਲ ਗਈ ਮਾਂ-ਧੀ ਦੇ ਰਿਸ਼ਤਿਆਂ ਦੇ ਨਿੱਘ ਨੂੰ ਸਾਂਭਣ ਲਈ। ਮੇਰੇ ਪਿਓ ਦੀ ਸਾਂਝ ਮੇਰੀ ਮਾਂ ਨਾਲੋਂ ਕਿਵੇਂ ਟੁੱਟ ਗਈ, ਮੈਂ ਪਹਿਲਾਂ ਕਦੇ ਸਮਝ ਨਾ ਸਕੀ। ਹੁਣ ਸਭ ਸਮਝਦੀ ਹਾਂ ਕਿ ਕਈ ਵਾਰ ਰਿਸ਼ਤਿਆਂ ਦੀਆਂ ਉਲਝੀਆਂ ਤੰਦਾਂ ਵੀ ਰੂਹਾਂ ਨੁੂੰ ਜ਼ਖ਼ਮੀ ਕਰ ਜਾਂਦੀਆਂ ਨੇ ਜਦੋਂ ਉਹ ਤੰਦਾਂ ਮੋਹ ਦੀ ਥਾਂ ਜਿਸਮਾਂ ਨੂੰ ਪਰਖਣ ਲੱਗਣ। ਮੇਰੇ ਪਿਉ ਦੇ ਉੱਖੜੇ ਪੈਰ ਹਮੇਸ਼ਾ ਲਈ ਕਿਸੇ ਨਵੀਂ ਦੁਨੀਆਂ ਵੱਲ ਘਰੋਂ ਨਿਕਲ ਗਏ। ਮੇਰੇ ਨਾਨਕਿਆਂ ਨੇ ਬਥੇਰੀ ਵਾਹ ਲਾਈ ਉਹਨੂੰ ਸਮਝਾਉਣ ਦੀ, ਪਰ ਇੱਕ ਵਾਰੀ ਬੇਕਾਬੂ ਹੋਏ ਕਿਸੇ ਦੇ ਪੈਰ ਕੋਈ ਕਦੋਂ ਮੋੜ ਲਿਆ ਸਕਿਆ? ਮੇਰਾ ਪਿਉ ਘਰ ਵਿੱਚੋਂ, ਸਾਡੀ ਜ਼ਿੰਦਗੀ ਵਿਚੋਂ, ਇੱਕ ਬੁਰੇ ਸੁਪਨੇ ਵਾਂਗੂੰ ਚਲਾ ਗਿਆ। ਕਦੇ ਨਾ ਪਰਤਿਆ। ਸੁਣਿਆ ਉਹਨੇ ਕਿਧਰੇ ਹੋਰ ਘਰ ਵਸਾ ਲਿਆ, ਕਿਸੇ ਹੋਰ ਸੋਹਣੀ ਸੁਨੱਖੀ ਨਾਰ ਨਾਲ ਜਿਹਦਾ ਚਿਹਰਾ ਮੇਰੀ ਮਾਂ ਦੇ ਪਹਿਲਾਂ ਵਾਲੇ ਚਿਹਰੇ ਵਾਂਗੂੰ ਗੁਲਾਬੀ ਤੇ ਅੱਖਾਂ ਜ਼ਿੰਦਗੀ ਦੇ ਚਾਵਾਂ ਨਾਲ ਲਿਸ਼-ਲਿਸ਼ ਕਰਦੀਆਂ ਸਨ।
ਹੁਣ ਕਦੇ-ਕਦੇ ਮੈਂ ਆਪਣੇ ਮਨ ਨੂੰ ਇਹ ਸੋਚ ਕੇ ਧਰਾਉਂਦੀ ਕਿ ਮੇਰਾ ਪਿਉ ਆਪਣੀ ਜ਼ਿੰਦਗੀ ਉਸ ਔਰਤ ਨਾਲ ਕਿਵੇਂ ਗੁਜ਼ਾਰਦਾ ਜਿਹਦਾ ਚਿਹਰਾ ਵੇਖ ਗਲੀ ਦੇ ਬੱਚੇ ਡਰ ਕੇ ਚੀਕ-ਚਿਹਾੜਾ ਪਾਉਂਦੇ ਆਪਣੀਆਂ ਮਾਵਾਂ ਦੀ ਬੁੱਕਲ ਵਿੱਚ ਸੁੰਗੜ ਜਾਂਦੇ। ਜਿਸ ਘਰ ਵਿੱਚ ਕਦੇ ਹਾਸੇ ਗੂੰਜਦੇ ਸਨ, ਰੌਣਕ ਹੁੰਦੀ ਸੀ, ਹੁਣ ਉਹ ਸ਼ਮਸ਼ਾਨ ਨਾਲੋਂ ਵੀ ਵੱਧ ਸੁੰਨਾ ਜਾਪਦਾ। ਸਾਡੇ ਘਰ ਕੋਲੋਂ ਲੋਕਾਂ ਦਾ ਆਉਣ-ਜਾਣ ਪਹਿਲਾਂ ਨਾਲੋਂ ਬਹੁਤ ਘਟ ਗਿਆ। ਮੇਰੇ ਪਿਓ ਨੇ ਘਰ ਖ਼ਾਲੀ ਕਰਵਾਉਣ ਲਈ ਵੀ ਆਪਣੀ ਪੂਰੀ ਵਾਹ ਲਾ ਦਿੱਤੀ ਪਰ ਰੱਬ ਦਾ ਸ਼ੁਕਰ ਐ ਕੁਝ ਕੁ ਲੋਕਾਂ ਦੇ ਮਨ ’ਚ ਹਾਲੇ ਵੀ ਰੱਬ ਵੱਸਦਾ ਹੈ। ਉਨ੍ਹਾਂ ਮੇਰੇ ਪਿਓ ਦੀ ਇਸ ਕੋਝੀ ਹਰਕਤ ਦਾ ਜਵਾਬ ਥਾਣੇ ਜਾ ਨਬਿੇੜਿਆ। ਮੇਰੇ ਨਾਨਕਿਆਂ ਨੇ ਮੇਰੀ ਮਾਂ ਦਾ ਬਥੇਰਾ ਸਾਥ ਦਿੱਤਾ ਪਰ ਆਖ਼ਰ ਕਦੋਂ ਤਕ ਇੱਕ ਤੇਜ਼ਾਬ ਸੜੀ ਧੀ ਨਾਲ ਖੜ੍ਹਦੇ। ਨਾਨਾ-ਨਾਨੀ ਦੇ ਮੁੱਕਣ ਦੀ ਦੇਰ ਸੀ, ਮਾਮਿਆਂ ਨੇ ਮੂੰਹ ਫੇਰਨ ਲੱਗਿਆਂ ਦੇਰ ਨਾ ਲਾਈ। ਹੁਣ ਭਰੇ ਜਹਾਨ ’ਚ ਅਸੀਂ ਦੋਵੇਂ ਮਾਵਾਂ-ਧੀਆਂ ਰਹਿ ਗਈਆਂ। ਵੱਡਾ ਸਵਾਲ ਸਾਡੇ ਅੱਗੇ ਇਹ ਸੀ ਕਿ ਘਰ ਦਾ ਗੁਜ਼ਾਰਾ ਕਿੰਜ ਤੁਰੇ? ਮੈਂ ਚੌਦਾਂ ਕੁ ਸਾਲਾਂ ਦੀ ਉਮਰ ਵਿੱਚ ਬਹੁਤ ਕੁਝ ਕੌੜਾ-ਕੁਸੈਲਾ ਜਰ ਲਿਆ। ਮਾਂ ਦੀ ਉਮਰ ਵੀ ਹਾਲੇ ਪੈਂਤੀ ਕੁ ਸਾਲ ਹੀ ਹੈ। ਮੇਰੀ ਮਾਂ ਕਦੇ ਹੱਥਾਂ ਦੀ ਬਥੇਰੀ ਕਰਿੰਦੀ ਸੀ ਪਰ ਜਦ ਅੱਖਾਂ ਹੀ ਸਾਥ ਨਾ ਦੇਣ …ਤਾਂ ਉਹ ਵੀ ਕੀ ਕਰੇ? ਜਦੋਂ ਉਹ ਘਰੋਂ ਬਾਹਰ ਨਿਕਲਦੀ ਤਾਂ ਲੋਕਾਂ ਦੇ ਮੱਥਿਆਂ ’ਤੇ ਉੱਭਰੀਆਂ ਲਕੀਰਾਂ ਦਾ ਜਾਲ ਤੇ ਅੱਖਾਂ ’ਚ ਫੈਲੀ ਤਰਸ ਦੀ ਚਾਦਰ ਦੇਖ ਘਬਰਾ ਕੇ, ਮੁੜ ਘਰ ਆ ਬੈਠਦੀ ਪਰ ਆਖ਼ਰ ਇਹ ਸਿਲਸਿਲਾ ਕਦੋਂ ਤਕ ਚਲਦਾ? ਉਹਨੇ ਘਰ ਦੇ ਸਾਰੇ ਸ਼ੀਸ਼ੇ ਤੋੜ ਦਿੱਤੇ ਕਿਉਂਕਿ ਕਿਧਰੇ ਉਹਦਾ ਧਿਆਨ ਸ਼ੀਸ਼ੇ ਵੱਲ ਜਾਂਦਾ ਤਾਂ ਉਹ ਆਪਣਾ ਡਰਾਉਣਾ ਚਿਹਰਾ ਵੇਖ ਆਪ ਹੀ ਸਹਿਮ ਜਾਂਦੀ। ਮੈਂ ਆਪਣੇ ਘਰ ਵਿੱਚ ਬਚੇ ਇੱਕੋ-ਇੱਕ ਛੋਟੇ ਜਿਹੇ ਟੁੱਟੇ ਸ਼ੀਸ਼ੇ ਦੇ ਟੁਕੜੇ ਨੂੰ ਆਪਣੀ ਮਾਂ ਤੋਂ ਲੁਕੋ-ਲੁਕੋ ਕੇ ਰੱਖਦੀ। ਚੌਦਾਂ ਵਰ੍ਹਿਆਂ ਦੀ ਉਮਰ ਤੱਕ ਜੋ ਮੈਂ ਹੰਢਾਇਆ ਉਹ ਮੈਂ ਹੀ ਜਾਣਦੀ ਹਾਂ।
ਸਾਡੇ ਸਾਥੋਂ ਮੂੰਹ ਮੋੜ ਬੈਠੇ, ਪਰ ਮਾਂ ਦੀ ਇੱਕ ਸਹੇਲੀ ਦਾ ਸਾਡੇ ਦੋਵਾਂ ਮਾਵਾਂ-ਧੀਆਂ ਲਈ ਰੱਬ ਵਰਗਾ ਆਸਰਾ ਸੀ। ਉਹ ਕਦੇ ਖ਼ਾਲੀ ਪਏ ਆਟੇ ਦੇ ਡੱਬੇ ਨੂੰ ਚੁੱਪ-ਚਾਪ ਆਟੇ ਨਾਲ ਭਰ ਜਾਂਦੀ ਤੇ ਕਦੇ ਲੂਣ-ਮਿਰਚ ਦੀਆਂ ਖ਼ਾਲੀ ਡੱਬੀਆਂ ਨੂੰ ਖ਼ਾਲੀ ਨਾ ਰਹਿਣ ਦਿੰਦੀ। ਘਰ ’ਚ ਦਾਲ-ਤੇਲ ਕਦੇ ਨਾ ਥੁੜਦਾ।
ਨਾਂਹ-ਨੁੱਕਰ ਕਰਦਿਆਂ ਉਹ ਹੱਕ ਨਾਲ ਆਖਦੀ, ‘‘ਰੱਬ ਨਾ ਕਰੇ! ਜੇ ਮੇਰੇ ਨਾਲ ਅਜਿਹਾ ਕੁਝ ਵਾਪਰ ਜਾਂਦਾ ਤਾਂ ਕੀ ਤੁਸੀਂ ਮੇਰੇ ਨਾਲ ਨਾ ਖੜ੍ਹਦੀਆਂ?’’
ਉਹਦੀ ਇਹ ਗੱਲ ਸੁਣ ਮੇਰੀ ਮਾਂ ਭਰੀਆਂ ਅੱਖਾਂ ਨਾਲ ਆਪਣਾ ਕੰਬਦਾ ਹੱਥ ਉਹਦੇ ਬੁੱਲ੍ਹਾਂ ’ਤੇ ਧਰਦੀ ਆਖਦੀ, ‘‘ਤੂੰ ਇਹ ਕੀ ਕਹਿ ਰਹੀ ਐਂ? ਰੱਬ ਕਦੇ ਕਿਸੇ ਵੈਰੀ ਨਾਲ ਵੀ ਇੰਝ ਨਾ ਕਰੇ… ਜੇ ਮੈਨੂੰ ਆਪਣਾ ਮੰਨਦੀ ਐਂ ਤਾਂ ਅੱਜ ਤੋਂ ਬਾਅਦ ਮੁੜ ਅਜਿਹੇ ਭੈੜੇ ਬੋਲ ਆਪਣੀ ਜ਼ੁਬਾਨ ’ਤੇ ਨਾ ਧਰੀਂ।’’ ਮੈਂ ਆਪਣੀ ਮਾਂ ਦੀ ਉਸ ਸਹੇਲੀ ਨੂੰ ਮਾਸੀ ਆਖਦੀ। ਮੈਂ ਔਖਿਆਂ-ਸੌਖਿਆਂ ਖਿੱਚ-ਧੂਹ ਕੇ ਦਸਵੀਂ ਪਾਸ ਕਰ ਲਈ। ਮੈਨੂੰ ਨਾ ਤਾਂ ਅੱਗੇ ਪੜ੍ਹਨ ਦਾ ਕੋਈ ਬਹੁਤਾ ਚਾਅ ਸੀ ਤੇ ਨਾ ਹੀ ਪੜ੍ਹਾਈ ਚਾਲੂ ਰੱਖਣ ਲਈ ਕੋਲ ਖਰਚਾ। ਮਾਸੀ ਦੀ ਕੁੜੀ ਕੋਲ ਪਾਰਲਰ ’ਤੇ ਜਾਣ ਲੱਗੀ। ਘਰ ਦਾ ਅੱਧ-ਪਚੱਧਾ ਖਰਚਾ ਤਾਂ ਪਹਿਲਾਂ ਹੀ ਮਾਸੀ ਤੋਰਦੀ ਸੀ ਤੇ ਹੁਣ ਦੋ ਪੈਸੇ ਵੱਧ ਘਰ ਆਉਣ ਲੱਗੇ ਕਿਉਂਕਿ ਨੀਨਾ ਦੀਦੀ ਜਿਹਦੇ ਕੋਲ ਮੈਂ ਕੰਮ ਸਿੱਖਣ ਜਾਂਦੀ ਸੀ, ਮੇਰੇ ਘਰ ਦੀ ਹਾਲਤ ਵੇਖਦਿਆਂ ਮੈਨੂੰ ਥੋੜ੍ਹੇ-ਬਹੁਤੇ ਰੁਪਏ ਵੀ ਦੇਣ ਲੱਗੀ। ਉਹ ਮੱਲੋ-ਮੱਲੀ ਮੇਰੀ ਤਲੀ ’ਤੇ ਦੋ-ਚਾਰ ਦਿਨਾਂ ਬਾਅਦ ਦੋ-ਚਾਰ ਸੌ ਰੁਪਏ ਧਰ ਦਿੰਦੀ।
ਮੇਰੀ ਮਾਂ ਘਰ ਵਿੱਚ ’ਕੱਲੀ ਹਰ ਵੇਲੇ ਤੇਜ਼ਾਬ ਝੁਲਸੀਆਂ ਯਾਦਾਂ ਦੇ ਢੇਰ ਫਰੋਲਦੀ-ਫਰੋਲਦੀ ਤਪਦੀ ਰਹਿੰਦੀ। ਇਨ੍ਹਾਂ ਯਾਦਾਂ ਨੇ ਮੇਰੀ ਮਾਂ ਨੂੰ ਡਿਪਰੈਸ਼ਨ ਦੀ ਮਰੀਜ਼ ਬਣਾ ਦਿੱਤਾ। ਇੱਕ ਦਿਨ ਉਸ ਨੂੰ ਅਜਿਹਾ ਦੌਰਾ ਪਿਆ ਕਿ ਕਿੰਨੇ ਹੀ ਦਿਨ ਹਸਪਤਾਲ ਦੇ ਬੈੱਡ ’ਤੇ ਪਈ ਰਹੀ। ਜ਼ਿੰਦਗੀ ਤਾਂ ਬਚ ਗਈ ਪਰ ਦਵਾਈਆਂ ਸਾਹਾਂ ਦੀਆਂ ਨਾੜੀਆਂ ਨਾਲ ਹਮੇਸ਼ਾ ਲਈ ਸਾਹਾਂ ਵਾਂਗੂੰ ਹੀ ਬੱਝ ਗਈਆਂ। ਡਾਕਟਰ ਦਾ ਧਮਕੀ ਵਰਗਾ ਹੁਕਮ ਸੀ, ‘‘ਇੱਕ ਵੇਲੇ ਦੀ ਰੋਟੀ ਭਾਵੇਂ ਛੱਡ ਦਿਓ ਪਰ ਦਵਾਈ ਭੁੱਲ ਕੇ ਵੀ ਕਦੇ ਬੰਦ ਕਰਨਾ ਮੌਤ ਨੂੰ ਅਵਾਜ਼ਾਂ ਮਾਰਨ ਬਰਾਬਰ ਐ… ਬਾਕੀ ਸਮਝਦਾਰ ਨੂੰ ਤਾਂ ਇਸ਼ਾਰਾ ਹੀ ਕਾਫ਼ੀ ਹੁੰਦੈ।’’
ਮੈਂ ਪੈਸਾ-ਪੈਸਾ ਬਚਾਉਂਦੀ ਤਾਂ ਕਿ ਮੇਰੀ ਮਾਂ ਦੇ ਸਾਹਾਂ ਨਾਲ ਬੱਝੀ ਦਵਾਈ ਦੀ ਘਾਟ ਕਾਰਨ ਉਸ ਦੇ ਸਾਹਾਂ ਦੀ ਡੋਰ ਟੁੱਟ ਨਾ ਜਾਵੇ। ਮੇਰੇ ਮਨ ਵਿੱਚ ਜਦੋਂ ਵੀ ਆਪਣੇ ਹਾਣ ਦੀਆਂ ਕੁੜੀਆਂ ਨੂੰ ਵੇਖ ਉਨ੍ਹਾਂ ਵਾਂਗੂੰ ਸਜਣ-ਫੱਬਣ ਦੀਆਂ ਰੀਝਾਂ ਸਿਰ ਚੁੱਕਣ ਦੀ ਹਿਮਾਕਤ ਕਰਨ ਲੱਗਦੀਆਂ, ਮੈਂ ਝੱਟ ਮਾਸੂਮ ਰੀਝਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੰਦੀ। ਕਈ ਵਾਰ ਸੋਚਾਂ ਦੀ ਸੂਈ ਉਲਟ ਦਿਸ਼ਾ ਵੱਲ ਘੁੰਮਣ ਲੱਗਦੀ ਤਾਂ ਸੋਚਦੀ ਕਿ ਮੈਂ ਤਾਂ ਕਦੇ ਨਾ ਚੱਜ ਦਾ ਖਾ ਕੇ ਵੇਖਿਆ ਤੇ ਨਾ ਹੰਢਾਅ ਕੇ ਪਰ ਜਦੋਂ ਮਾਂ ਦਾ ਝੁਲਸਿਆ ਚਿਹਰਾ ਮੇਰੀਆਂ ਅੱਖਾਂ ਅੱਗੇ ਘੁੰਮਣ ਲੱਗਦਾ ਤਾਂ ਮੈਂ ਕਸੀਸ ਜਿਹੀ ਵੱਟ ਜਾਂਦੀ ਤੇ ਆਪਣੀ ਦੁਨੀਆਂ ਵਿੱਚ ਪਰਤ ਆਉਂਦੀ। ਹੌਲੀ-ਹੌਲੀ ਪਾਰਲਰ ਦੇ ਕੰਮਾਂ ਵਿੱਚ ਮੇਰੇ ਹੱਥ ਸੋਹਣਾ ਜੱਸ ਖੱਟਣ ਲੱਗੇ। ਮੈਂ ਵੀ ਹੋਰਨਾਂ ਕੁੜੀਆਂ ਵਾਂਗੂੰ ਸਜ-ਸੰਵਰ ਕੇ ਰਹਿਣ ਦਾ ਸਲੀਕਾ ਸਿੱਖ ਗਈ। ਮੇਰੇ ਮਗਰ ਵੀ ਮੁੰਡੀਰ ਗੇੜੀਆਂ ਲਾਉਣ ਲੱਗੀ। ਕੋਈ ਭੱਦੀਆਂ ਟਿੱਪਣੀਆਂ ਕਰਦਾ ਤੇ ਕੋਈ ਝੂਠੀ ਹਮਦਰਦੀ ਦਾ ਵਿਖਾਵਾ ਕਰ ਮੇਰੇ ਮਨ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦਾ ਪਰ ਮੈਂ ਬਿਨਾਂ ਕਿਸੇ ਨੂੰ ਕੋਈ ਜਵਾਬ ਦਿੱਤਿਆਂ ਚੁੱਪ-ਚਾਪ ਪਾਰਲਰ ਤੋਂ ਘਰ ਅਤੇ ਘਰ ਤੋਂ ਪਾਰਲਰ ਦਾ ਰਾਹ ਫੜ ਲੈਂਦੀ। ਮੈਂ ਆਪਣੀ ਮਾਂ ਦੇ ਚਿਹਰੇ ਨੂੰ ਵੇਖ ਡਰਦਿਆਂ ਕਿਸੇ ਨੂੰ ਕੁਝ ਕਹਿਣ ਦੀ ਕਦੇ ਹਿੰਮਤ ਨਾ ਕਰਦੀ। ਸਮੇਂ ਦੀ ਧੂੜ ਨਾਲ ਮਾਂ ਦੇ ਜ਼ਖ਼ਮਾਂ ’ਤੇ ਤਾਂ ਭਾਵੇਂ ਅੰਗੂਰ ਆ ਗਿਆ ਪਰ ਮੇਰੇ ਮਨ ਦੇ ਜ਼ਖ਼ਮਾਂ ’ਚੋਂ ਹਮੇਸ਼ਾ ਟੀਸ ਉੱਠਦੀ। ਮੈਂ ਸਦਮੇ ਤੋਂ ਬਾਹਰ ਆ ਆਪਣਾ ਦਾਲ ਫੁਲਕਾ ਤੋਰੀ ਰੱਖਣ ਦੀ ਜੱਦੋਜਹਿਦ ਕਰਦੀ।
ਮੇਰੀ ਜ਼ਿੰਦਗੀ ’ਚ ਇੱਕ ਹੋਰ ਮੰਦਭਾਗਾ ਦਿਨ ਆ ਜੁੜਿਆ ਜਦੋਂ ਇੱਕ ਦਿਨ ਮੈਂ ਮਾਂ ਦੀ ਦਵਾਈ ਲੈਣ ਲਈ ਡਾਕਟਰ ਕੋਲ ਗਈ, ਉੱਥੇ ਮੈਨੂੰ ਮਨੀਸ਼ਾ ਨਾਂ ਦੀ ਕੁੜੀ ਟੱਕਰੀ। ਉਹ ਵੀ ਹਸਪਤਾਲ ਵਿੱਚ ਆਪਣੀ ਮਾਂ ਨਾਲ ਆਈ ਹੋਈ ਸੀ। ਦੋਵੇਂ ਮਾਵਾਂ-ਧੀਆਂ ਮੇਰੇ ਨਾਲ ਪਲਾਂ ’ਚ ਹੀ ਇੰਜ ਘੁਲ-ਮਿਲ ਗਈਆਂ, ਜਿਵੇਂ ਪਤਾ ਨਹੀਂ ਕਦੋਂ ਦੀਆਂ ਜਾਣੂੰ ਹੋਣ। ਇੱਕ-ਦੋ ਵਾਰ ਮੁੜ ਬਾਜ਼ਾਰ ’ਚ ਉਨ੍ਹਾਂ ਨਾਲ ਸਬੱਬੀਂ ਮੇਲ ਹੋਇਆ। ਫੇਰ ਤਾਂ ਮਿਲਣਾ-ਗਿਲਣਾ ਹੋਰ ਵੀ ਵਧਣ ਲੱਗਿਆ। ਇੱਕ-ਦੋ ਵਾਰ ਮਨੀਸ਼ਾ ਆਪਣੀ ਮਾਂ ਨਾਲ ਮੇਰੇ ਘਰ ਆਈ।
ਮਨੀਸ਼ਾ ਦੀ ਮਾਂ ਅਕਸਰ ਮੇਰੀ ਮਾਂ ਨੂੰ ਆਖਦੀ, ‘‘ਪਤਾ ਨਹੀਂ ਕਿਹੜੇ ਜਨਮਾਂ ਦਾ ਲੇਖਾ-ਜੋਖਾ ਤੁਹਾਡੇ ਨਾਲ! ਤੁਹਾਨੂੰ ਮਿਲ ਕੇ ਤਾਂ ਭੋਰਾ ਵੀ ਓਪਰਾ ਨਈਂ ਲੱਗਦਾ… ਇੰਜ ਲੱਗਦਾ ਜਿਵੇਂ ਪਤਾ ਨਹੀਂ ਕਦੋਂ ਤੋਂ ਜਾਣਦੇ ਹੋਈਏ!’’
ਇੱਕ ਦਿਨ ਮਨੀਸ਼ਾ ਮੇਰੇ ਨਾ ਚਾਹੁੰਦਿਆਂ ਵੀ ਮੇਰੇ ਨਾਲ ਧੱਕੇ ਨਾਲ ਪਾਰਲਰ ਤੁਰ ਪਈ। ਮਨੀਸ਼ਾ ਨੇ ਨੀਨਾ ਦੀਦੀ ਨੂੰ ਵੀ ਪਲਾਂ ਵਿੱਚ ਆਪਣੀਆਂ ਮਿੱਠੀਆਂ-ਮਿੱਠੀਆਂ ਗੱਲਾਂ ਦੇ ਜਾਲ਼ ਵਿੱਚ ਉਲਝਾ ਲਿਆ। ਨੀਨਾ ਦੇ ਭਰਾ ਨੇ ਵੀ ਉਸੇ ਦੁਕਾਨ ਦੇ ਉੱਪਰਲੇ ਕਮਰੇ ਵਿੱਚ ਟੈਟੂ ਬਣਾਉਣ ਦਾ ਸੋਹਣਾ ਕੰਮ ਤੋਰਿਆ ਹੋਇਆ ਸੀ। ਉੱਥੇ ਭਾਂਤ-ਭਾਂਤ ਦੇ ਮੁੰਡੇ-ਕੁੜੀਆਂ ਆਪਣੀਆਂ ਬਾਹਾਂ ’ਤੇ ਟੈਟੂ ਬਣਵਾਉਂਦੇ। ਹੁਣ ਮਨੀਸ਼ਾ ਵੀ ਦੂਜੇ-ਤੀਜੇ ਦਿਨ ਮੈਨੂੰ ਮਿਲਣ ਬਹਾਨੇ ਦੁਕਾਨ ’ਤੇ ਗੇੜਾ ਮਾਰ ਜਾਂਦੀ।
ਇੱਕ ਦਿਨ ਮਨੀਸ਼ਾ ਨੇ ਆਪਣੀ ਬਾਂਹ ’ਤੇ ਟੈਟੂ ਬਣਵਾਉਣ ਦੀ ਗੱਲ ਨੀਨਾ ਦੀਦੀ ਦੇ ਕੰਨਾਂ ’ਚੋਂ ਕੱਢੀ ਤਾਂ ਮੈਂ ਸੁਣ ਕੇ ਹੱਕੀ-ਬੱਕੀ ਰਹਿ ਗਈ। ਮੇਰੇ ਸੋਚਾਂ ਦੀਆਂ ਕੀੜੀਆਂ ਲੜਨ ਲੱਗੀਆਂ ਕਿ ਆਪਣੇ ਵਰਗੀਆਂ ਸਾਧਾਰਨ ਕੁੜੀਆਂ ਜਿਹੜੀਆਂ ਦੋ ਵਕਤ ਦੀ ਰੋਟੀ ਲਈ ਵੀ ਢਿੱਡ ਨੂੰ ਗੰਢਾਂ ਬੰਨ੍ਹਣ ਵਿੱਚ ਉਲਝੀਆਂ ਰਹਿੰਦੀਆਂ ਨੇ, ਉਨ੍ਹਾਂ ਦੇ ਇਹ ਚੋਚਲੇ ਕਿੱਦਾਂ ਪੁੱਗਣੇ ਨੇ? ਮਨੀਸ਼ਾ ਨਾਲ ਮੇਰੇ ਮੂੰਹ ਮੁਲਾਹਜ਼ੇ ਨੂੰ ਵੇਖਦਿਆਂ ਨੀਨਾ ਦੀਦੀ ਵੀ ਉਸ ਨੂੰ ਤੋੜ ਕੇ ਜੁਆਬ ਨਾ ਦੇ ਸਕੀ। ਹੁਣ ਉਹਨੇ ਦੱਬੀ-ਘੁਟਵੀਂ ਆਵਾਜ਼ ਵਿੱਚ ਮਨੀਸ਼ਾ ਨੂੰ ਥੋੜ੍ਹਾ ਜਿਹਾ ਸਮਝਾਉਣ ਦੀ ਹਿੰਮਤ ਤਾਂ ਜ਼ਰੂਰ ਕੀਤੀ ਪਰ ਜਦੋਂ ਉਸ ’ਤੇ ਰੱਤੀ ਭਰ ਵੀ ਅਸਰ ਨਾ ਹੋਇਆ ਤਾਂ ਉਹਨੇ ਵੀ ਬਹੁਤਾ ਟੋਕਣਾ ਠੀਕ ਨਾ ਸਮਝਿਆ। ਜਿਹੜਾ ਟੈਟੂ ਉਹਨੇ ਪਸੰਦ ਕੀਤਾ ਉਹਦੀ ਪੰਦਰਾਂ ਹਜ਼ਾਰ ਕੀਮਤ ਸੁਣ ਕੇ ਮੈਂ ਤਾਂ ਦੰਦਾਂ ਥੱਲੇ ਜੀਭ ਦੇ ਲਈ ਪਰ ਮਨੀਸ਼ਾ ਪੰਦਰਾਂ ਸੁਣ ਕੇ ਵੀ ਪਿੱਛੇ ਨਾ ਹਟੀ। ਉਹ ਢੀਠ ਜਿਹੀ ਬਣ ਕੇ ਟੈਟੂ ਬਣਵਾਉਣ ਬੈਠ ਗਈ। ਟੈਟੂ ਬਣਵਾ ਉਹਨੇ ਆਪਣੇ ਪਰਸ ’ਚੋਂ 5000 ਰੁਪਏ ਦੇ ਦਿੱਤੇ ਅਤੇ ਬਾਕੀ ਰੁਪਏ ਥੋੜ੍ਹੇ ਦਿਨ ਬਾਅਦ ਦੇਣ ਦੀ ਜ਼ੁਬਾਨ ਕਰ ਆਪਣੇ ਪਿੰਡ ਦਾ ਰਾਹ ਫੜ ਲਿਆ।
ਉਹ ਦਿਨ ਤੇ ਉਸ ਤੋਂ ਬਾਅਦ ਬਹੁਤ ਦਿਨ ਇੰਜ ਹੀ ਬੀਤ ਗਏ ਪਰ ਨਾ ਮਨੀਸ਼ਾ ਆਪ ਆਈ ਤੇ ਨਾ ਹੀ ਉਹਦੇ ਉਧਾਰ ਕੀਤੇ ਹੋਏ ਰੁਪਏ ਆਏ। ਨੀਨਾ ਦੀਦੀ ਜਦੋਂ ਵੀ ਮਨੀਸ਼ਾ ਬਾਰੇ ਪੁੱਛਦੀ ਮੈਂ ਨਾਂਹ ਵਿੱਚ ਸਿਰ ਮਾਰ ਦਿੰਦੀ। ਹੁਣ ਤਾਂ ਕਦੇ ਮਨੀਸ਼ਾ ਨੇ ਫੋਨ ’ਤੇ ਵੀ ਖ਼ਬਰਸਾਰ ਨਹੀਂ ਪੁੱਛੀ, ਆਪ ਆਉਣਾ ਤਾਂ ਦੂਰ ਦੀ ਗੱਲ। ਇਹ ਸੋਚ ਕੇ ਮੇਰੇ ਬੁੱਲ੍ਹ ਗੁੱਸੇ ਨਾਲ ਫਰਕਣ ਲੱਗਦੇ। ਜਦੋਂ ਮੁੜ-ਮੁੜ ਫੋਨ ਕਰਨ ’ਤੇ ਵੀ ਉਹ ਮੇਰਾ ਫੋਨ ਨਾ ਚੁੱਕਦੀ ਤਾਂ ਮੈਂ ਕਚੀਚੀਆਂ ਵੱਟਦੀ ਰਹਿ ਜਾਂਦੀ।
ਇੱਕ ਦਿਨ ਥੱਕ ਹਾਰ ਕੇ ਮੈਂ ਮਨੀਸ਼ਾ ਦੇ ਘਰ ਜਾਣ ਦੀ ਸੋਚੀ ਤੇ ਦੱਸੇ ਪਤੇ ’ਤੇ ਪੁੱਛਦੀ-ਪੁਛਾਉਂਦੀ ਪੁੱਜ ਗਈ। ਜਦੋਂ ਮੈਂ ਉਹਦੇ ਘਰ ਦਾ ਗੇਟ ਖੜਕਾਇਆ ਮੈਨੂੰ ਵੇਖ ਉਸ ਦੇ ਮੱਥੇ ’ਤੇ ਤਿਊੜੀਆਂ ਉੱਭਰ ਆਈਆਂ। ਉਹਨੇ ਮਸਾਂ ਹੀ ਮੈਨੂੰ ਘਰ ਅੰਦਰ ਵਾੜਿਆ। ਮਨੀਸ਼ਾ ਦੀ ਮੰਮੀ ਨੂੰ ਸਿਰ ’ਤੇ ਚੁੰਨੀ ਬੰਨ੍ਹ, ਟੂਟੀ ਕੋਲ ਕਣਕ ਧੋਂਦਿਆਂ ਵੇਖ ਮੈਂ ਦੂਰੋਂ ਹੀ ‘ਸਤਿ ਸ੍ਰੀ ਅਕਾਲ’ ਬੁਲਾਈ। ਉਨ੍ਹਾਂ ਮੇਰੀ ‘ਸਤਿ ਸ੍ਰੀ ਅਕਾਲ’ ਦਾ ਕੋਈ ਜੁਆਬ ਨਾ ਦਿੱਤਾ ਜਿਵੇਂ ਸੁਣਿਆ ਹੀ ਨਾ ਹੋਵੇ। ਉਨ੍ਹਾਂ ਮੂੰਹ ’ਚ ਹੀ ਬੁੜ-ਬੁੜ ਕਰਦਿਆਂ ਫ਼ਰਸ਼ ’ਤੇ ਥੁੱਕਿਆ ਤਾਂ ਮੈਨੂੰ ਅਜੀਬ ਜਿਹਾ ਭੈਅ ਆਇਆ। ਮਨੀਸ਼ਾ ਨੇ ਮੈਨੂੰ ਵਰਾਂਡੇ ਵਿੱਚ ਡਹੇ ਮੰਜੇ ’ਤੇ ਬੈਠਣ ਲਈ ਕਿਹਾ। ਮੈਂ ਚੁੱਪ-ਚਾਪ ਬਿਨਾਂ ਕੁਝ ਕਹੇ ਮੰਜੇ ’ਤੇ ਬੈਠ ਗਈ। ਮੈਨੂੰ ਚਾਹ ਦਾ ਘੁੱਟ ਤਾਂ ਇੱਕ ਪਾਸੇ ਪਾਣੀ ਵੀ ਬੇਸ਼ਰਮਾਂ ਵਾਂਗੂੰ ਮੰਗਣ ਤੋਂ ਬਾਅਦ ਹੀ ਮਿਲਿਆ।
ਦੋਵੇਂ ਮਾਵਾਂ ਧੀਆਂ ਆਪਣੇ ਕੰਮਾਂ ’ਚ ਰੁੱਝੀਆਂ ਰਹੀਆਂ। ਮੈਂ ਬਿਨਾਂ ਸੱਦੇ ਪ੍ਰਾਹੁਣਿਆਂ ਵਾਂਗੂੰ ਕਿੰਨਾ ਚਿਰ ਇੱਧਰ-ਉੱਧਰ ਝਾਕਦੀ ਰਹੀ। ਦੋਵਾਂ ਮਾਵਾਂ ਧੀਆਂ ਦਾ ਓਪਰਾ ਵਤੀਰਾ ਮੇਰੀ ਸਮਝ ਤੋਂ ਪਰ੍ਹੇ ਸੀ। ਮਨੀਸ਼ਾ ਹੱਥ ’ਚ ਝਾੜੂ ਫੜੀ, ਵਿਹੜਾ ਸੁੰਭਰਦੀ ਧੂੜ ਘੱਟਾ ਹੂੰਝਦੀ ਹੋਈ, ਘੂਰੀਆਂ ਵੱਟੀ ਘੁੰਮ ਰਹੀ ਸੀ।
ਮੈਂ ਘੜੀ ਦੀਆਂ ਸੂਈਆਂ ਵੇਖਦਿਆਂ ਹਿੰਮਤ ਜਿਹੀ ਨਾਲ ਆਖਿਆ, ‘‘ਦੀਦੀ ਪੈਸਿਆਂ ਨੂੰ ਆਖ ਰਹੇ ਸਨ… ਉਂਜ ਤਾਂ ਤੇਰੇ ਦਸ ਹਜ਼ਾਰ ਰਹਿੰਦੇ ਨੇ… ਔਖਿਆਂ-ਸੌਖਿਆਂ ਤੂੰ ਅੱਠ ਦੇ ਦੇਈਂ… ਬਾਕੀ ਮੈਂ ਆਪੇ ਸਾਰ ਲਵਾਂਗੀ।’’
ਮੇਰੀ ਗੱਲ ਸੁਣ ਦੋਵੇਂ ਮਾਵਾਂ ਧੀਆਂ ਮੇਰੇ ਸਿਰਹਾਣੇ ਆ ਖੜ੍ਹੀਆਂ। ਮੈਂ ਹੋਰ ਅੱਗੇ ਕੁਝ ਆਖਦੀ, ਇਸ ਤੋਂ ਪਹਿਲਾਂ ਹੀ ਮਨੀਸ਼ਾ ਦੀ ਮਾਂ ਮੈਨੂੰ ਘੂਰਦੀ ਹੋਈ ਆਖਣ ਲੱਗੀ, ‘‘ਹੈਂਅ! ਲੋਹੜਾ ਹੀ ਆ ਗਿਆ! ਆਹ ਤਿਤਲੀ ਜਿਹੀ ਦੇ ਅੱਠ ਹਜ਼ਾਰ ਰੁਪਏ ਹੋਰ ਦੇਈਏ! ਸਾਨੂੰ ਚੰਗਿਆਂ ਭਲਿਆਂ ਨੂੰ ਮੂਰਖ ਸਮਝਿਆ? ਇੱਕ ਤਾਂ ਮੇਰੀ ਚੰਗੀ ਭਲੀ ਕੁੜੀ ਦੀ ਮੱਤ ਮਾਰਨ ਲੱਗੀਆਂ… ਉਪਰੋਂ ਪੈਸੇ ਭਾਲਦੀਆਂ।’’
ਮੈਨੂੰ ਕੁਝ ਨਹੀਂ ਸੀ ਸੁੱਝ ਰਿਹਾ ਕਿ ਮੈਂ ਹੁਣ ਕੀ ਕਹਾਂ? ਮੈਂ ਕਦੇ ਕਿਸੇ ਨਾਲ ਬਹਿਸ ਨਹੀਂ ਸੀ ਕੀਤੀ ਪਰ ਹੁਣ ਐਨੀ ਵੱਡੀ ਰਕਮ ਮੈਂ ਕਿੱਥੋਂ ਭਰਾਂ। ਰਕਮ ਬਾਰੇ ਸੋਚਦਿਆਂ ਮੈਂ ਹੌਸਲੇ ਜਿਹੇ ਨਾਲ ਮੂੰਹ ਖੋਲ੍ਹਿਆ, ‘‘ਆਂਟੀ ਜੀ! ਅਸੀਂ ਤਾਂ ਮਨੀਸ਼ਾ ਨੂੰ ਪਹਿਲਾਂ ਹੀ ਦੱਸ ਦਿੱਤੀ ਸੀ ਟੈਟੂ ਦੀ ਕੀਮਤ। ਨਾਲੇ ਅਸੀਂ ਕਿਹੜਾ ਧੱਕੇ ਨਾਲ ਬਣਾਈ ਤਿਤਲੀ… ਇਹਨੇ ਆਪ ਹੀ ਗੱਲ ਕੀਤੀ ਸੀ ਦੀਦੀ ਨਾਲ ਟੈਟੂ ਬਣਵਾਉਣ ਦੀ, ਜ਼ੁਬਾਨ ਦਿੱਤੀ ਸੀ ਬਾਕੀ ਪੈਸੇ ਛੇਤੀ ਦੇਣ ਦੀ… ਪਰ ਹੁਣ ਜਦੋਂ ਦੀਦੀ ਮੈਥੋਂ ਪੁੱਛਦੇ ਨੇ ਤਾਂ ਮੈਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੁੰਦੀ ਐ।’’
ਇਹ ਗੱਲ ਸੁਣ ਮਨੀਸ਼ਾ ਦੀ ਮਾਂ ਹੋਰ ਵੀ ਖਿੱਝ ਗਈ। ਅਚਾਨਕ ਇੱਕ ਬਿੱਲੀ ਉਨ੍ਹਾਂ ਦੀ ਰਸੋਈ ਵਿੱਚ ਵੜ ਗਈ। ਮਨੀਸ਼ਾ ਦੀ ਮੰਮੀ ਥਾਪੀ ਚੁੱਕ ਉਹਦੇ ਮਗਰ ਭੱਜੀ, ‘‘ਬਿੱਲੀਏ! ਠਹਿਰ ਜਾ ਤੇਰੀਆਂ ਤੋੜਦੀ ਆਂ ਟੰਗਾਂ… ਆ ਵੜੀ ਮੂੰਹ ਚੁੱਕ ਕੇ ਸਾਡੇ ਘਰ… ਸਾਡਾ ਸਿਰ ਖਾਧਾ ਪਿਆ ਸਵੇਰ ਦਾ।’’
ਬਿੱਲੀ ਤਾਂ ਭੱਜ ਗਈ, ਗੁਆਂਢੀਆਂ ਦੀ ਪੌੜੀ ਵੀ ਚੜ੍ਹ ਗਈ ਪਰ ਮਨੀਸ਼ਾ ਦੀ ਮੰਮੀ ਦੀ ਟੇਪ ਉਸੇ ਤਰ੍ਹਾਂ ਚਾਲੂ ਸੀ। ਮਨੀਸ਼ਾ ਕੁਝ ਨਾ ਬੋਲੀ ਜਿਵੇਂ ਕਿਸੇ ਨੇ ਜ਼ੁਬਾਨ ਠਾਕੀ ਹੋਵੇ। ਉਸ ਦੀ ਮਾਂ ਕਾਹਲ਼ੀ ਨਾਲ ਕਮਰੇ ਵਿੱਚ ਗਈ ਅਤੇ ਅੰਦਰੋਂ ਪੰਜ ਸੌ ਦਾ ਨੋਟ ਲਿਆ। ਮੇਰੇ ਵੱਲ ਕਰਦੀ ਹੋਈ ਆਖਣ ਲੱਗੀ, ‘‘ਲੈ! ਫੜ… ਆਹ ਦੇ ਦੇਈਂ ਜਾ ਕੇ ਵੱਡੀ ਦੀਦੀ ਨੂੰ… ਮੁੜ ਏਥੇ ਆ ਕੇ ਸਾਡਾ ਡਮਾਗ ਨਾ ਖਾਈਂ।’’
ਮੈਂ ਨੀਵੀਂ ਪਾ ਕੇ ਢਿੱਲੀ ਜਿਹੀ ਆਵਾਜ਼ ’ਚ ਆਖਿਆ, ‘‘ਆਂਟੀ ਜੀ! ਮੈਂ ਬਾਕੀ ਪੈਸੇ ਕਿੱਥੋਂ ਭਰਨੇ ਨੇ?’’
ਉਹ ਲੱਕ ’ਤੇ ਹੱਥ ਧਰ ਸੰਘ ਘਰੋੜ ਕੇ ਆਖਣ ਲੱਗੀ, ‘‘ਅਸੀਂ ਠੇਕਾ ਲਿਆ ਬਾਕੀਆਂ ਦਾ? ਜਿੰਨੇ ਸੀ ਕੋਲ… ਦੇ ਦਿੱਤੇ… ਸਾਡੇ ਕੋਲ ਹੋਰ ਕੁਝ ਨਈਂ ਐ।’’
‘‘ਆਂਟੀ ਜੀ! ਥੋੜ੍ਹੇ ਦਿਨਾਂ ਤੱਕ ਪਹੁੰਚਾ ਦਿਓ… ਮੈਂ ਕਿੱਥੋਂ ਭਰਨੇ ਐਨੇ ਰੁਪਏ?’’ ‘‘ਨਾ ਭਾਈ! ਨਾ ਥੋੜ੍ਹੇ ਦਿਨਾਂ ਤੱਕ ਨਾ ਬਹੁਤੇ ਦਿਨਾਂ ਤੱਕ… ਤੈਨੂੰ ਲਾਰਿਆਂ ’ਚ ਨਈਂ ਰੱਖਣਾ। ਹੁਣ ਸਾਡਾ ਖਹਿੜਾ ਛੱਡ। ਤੈਨੂੰ ਇੱਕ ਪੰਜੀ ਵੀ ਹੋਰ ਨਈਂ ਮਿਲਣੀ। ਜੇ ਆਹ ਲੈਣੇ ਲੈ… ਨਹੀਂ ਤਾਂ ਜਾ ਭੱਜ ਜਾ ਇੱਥੋਂ। ਮੇਰੇ ਪੁੱਤ ਦਾ ਨੀਂ ਪਤਾ ਤੈਨੂੰ… ਕਿੱਡਾ ਬਦਮਾਸ਼ ਐ! ਜੇ ਕਿਤੇ ਉਹ ਆ ਗਿਆ, ਉਹਨੇ ਘਰੋਂ ਬਾਹਰ ਜਾਣ ਜੋਗੀ ਨਹੀਂ ਛੱਡਣਾ ਤੈਨੂੰ। ਤੇਰੀ ਹੋਣੀ ਦੀ ਭਾਫ਼ ਵੀ ਨਹੀਂ ਨਿਕਲਣ ਦੇਣੀ।’’
ਮਨੀਸ਼ਾ ਦੀ ਮਾਂ ਦੀ ਖਰ੍ਹਵੀ ਆਵਾਜ਼ ਸੁਣ ਮੇਰਾ ਗੱਚ ਭਰ ਆਇਆ। ਮੇਰੇ ਬੁੱਲ੍ਹਾਂ ’ਤੇ ਚੁੱਪ ਦੀ ਪੇਪੜੀ ਜੰਮ ਗਈ। ਮੈਂ ਮੰਜੇ ਤੋਂ ਉੱਠ ਖੜ੍ਹੀ ਹੋਈ। ਜਦੋਂ ਮੈਂ ਬੋਝਲ ਕਦਮਾਂ ਨਾਲ ਘਰ ਤੋਂ ਬਾਹਰ ਆਈ ਮਨੀਸ਼ਾ ਨੇ ਤਾੜ ਦੇਣੀ ਗੇਟ ਮਾਰਿਆ ਤੇ ਕੜੱਕ ਦੇਣੀ ਕੁੰਡਾ ਮਾਰ ਲਿਆ। ਲੋਹੇ ਦੇ ਗੇਟ ਦਾ ਖੜਾਕ ਸੁਣ ਮੈਨੂੰ ਇੰਜ ਲੱਗਿਆ ਜਿਵੇਂ ਗੇਟ ਆਖ ਰਿਹਾ ਹੋਵੇ… ਮੁੜ ਏਸ ਘਰ ਆਈ ਤਾਂ ਫੇਰ ਵੇਖੀਂ… ਮੇਰੇ ਕਦਮਾਂ ਨੇ ਮੱਲੋ-ਮੱਲੀ ਤੇਜ਼ੀ ਫੜ ਲਈ ਤੇ ਮੇਰੇ ਸਾਹ, ਸਾਹਾਂ ਨਾਲ ਨਹੀਂ ਸਨ ਰਲ ਰਹੇ। ਓਪਰਾ ਪਿੰਡ, ਓਪਰੇ ਲੋਕ ਤੇ ਮੈਂ ਕੱਲਮ ’ਕੱਲੀ। ਮੈਂ ਕਦੇ ਅਜਿਹਾ ਕੁਝ ਹੰਢਾਇਆ ਨਹੀਂ ਸੀ ਜਿਹੜਾ ਅੱਜ ਮੈਨੂੰ ਜਰਨਾ ਪੈ ਰਿਹਾ ਸੀ। ਜਦੋਂ ਪਿੰਡ ਦੇ ਬਾਹਰ ਦਾ ਰਾਹ ਫੜਿਆ ਮੇਰਾ ਸੰਘ ਖੁਸ਼ਕ ਹੋ ਗਿਆ ਤੇ ਕੰਬਦੀਆਂ ਲੱਤਾਂ ਥੋੜ੍ਹਾ ਆਰਾਮ ਭਾਲਣ ਲੱਗੀਆਂ। ਮੈਂ ਕਾਹਲ਼ੀ-ਕਾਹਲ਼ੀ ਤੁਰਦੀ ਪਿੰਡ ਦੇ ਗੁਰਦੁਆਰਾ ਸਾਹਿਬ ਕੋਲ ਜਾ ਪੁੱਜੀ। ਸੰਗਰਾਂਦ ਕਾਰਨ ਗੁਰਦੁਆਰਾ ਸਾਹਿਬ ਵਿੱਚ ਸੋਹਣੀ ਰੌਣਕ ਸੀ। ਮੈਂ ਸਿਰ ’ਤੇ ਚੁੰਨੀ ਲਈ ਤੇ ਗੁਰਦੁਆਰਾ ਸਾਹਿਬ ਅੰਦਰ ਜਾ ਕੇ ਮੱਥਾ ਟੇਕ ਉੱਥੇ ਹੀ ਬੈਠ ਗਈ। ਮੈਂ ਅੱਖਾਂ ਮੀਚ ਸ਼ਬਦ ਕੀਰਤਨ ਦਾ ਆਨੰਦ ਲੈਣ ਲੱਗੀ। ਮੇਰੀ ਰੂਹ ’ਤੇ ਹਾਲੇ ਤਾਜ਼ੇ ਫੱਟ ਲੱਗੇ ਹੋਣ ਕਾਰਨ ਅੱਖਾਂ ’ਚ ਭਰਿਆ ਗੁਬਾਰ ਬੇਕਾਬੂ ਹੋ ਬੰਦ ਅੱਖਾਂ ’ਚੋਂ ਹੀ ਗੱਲ੍ਹਾਂ ’ਤੇ ਫੈਲਣ ਲੱਗਿਆ। ਜਦੋਂ ਮੈਂ ਆਪਣੀ ਚੁੰਨੀ ਦੇ ਲੜ ਨਾਲ ਮੁੜ-ਮੁੜ ਅੱਖਾਂ ਸਾਫ਼ ਕੀਤੀਆਂ ਤਾਂ ਰੋਣਾ ਹਟਕੋਰਿਆਂ ’ਚ ਬਦਲ ਗਿਆ। ਮੈਂ ਕਿੰਨੀ ਦੇਰ ਇਸੇ ਤਰ੍ਹਾਂ ਉੱਥੇ ਬੈਠੀ ਰੋਂਦੀ ਰਹੀ।
ਅਚਾਨਕ ਪਿੱਛੋਂ ਕਿਸੇ ਨੇ ਮੇਰੇ ਸਿਰ ’ਤੇ ਹੱਥ ਧਰਿਆ ਤਾਂ ਮੇਰੀ ਸੁਰਤ ਪਰਤੀ। ਮੇਰਾ ਸਿਰ ਪਲੋਸਦੀ ਇੱਕ ਬਜ਼ੁਰਗ ਔਰਤ ਨੂੰ ਵੇਖ ਮੇਰੀ ਭੁੱਬ ਨਿਕਲ ਗਈ। ਔਰਤ ਨੇ ਮੈਨੂੰ ਕਲਾਵੇ ਵਿੱਚ ਲੈ ਲਿਆ ਅਤੇ ਪਿੱਠ ਥਾਪੜਦੀ ਹੋਈ ਚੁੱਪ ਕਰਵਾਉਣ ਲੱਗੀ। ਮੈਂ ਚਾਹ ਕੇ ਵੀ ਉਸ ਔਰਤ ਕੋਲੋਂ ਕੁਝ ਨਾ ਲੁਕੋ ਸਕੀ ਤੇ ਗੱਲ ਤੋਂ ਪਰਦਾ ਚੁੱਕ ਦਿੱਤਾ। ਉਹ ਮੈਨੂੰ ਚਾਹ-ਪਾਣੀ ਪਿਲਾ ਸਿੱਧਾ ਸਰਪੰਚ ਦੇ ਘਰ ਲੈ ਗਈ। ਸਰਪੰਚ ਨੇ ਕੁਝ ਪੰਚਾਇਤ ਮੈਂਬਰਾਂ ਤੇ ਦੋਵਾਂ ਮਾਵਾਂ-ਧੀਆਂ ਨੂੰ ਘਰੇ ਸੱਦ ਲਿਆ। ਦੋਵੇਂ ਮਾਵਾਂ-ਧੀਆਂ ਫੁੰਕਾਰੇ ਮਾਰਦੀਆਂ ਕਿਸੇ ਦੀ ਪਰਵਾਹ ਕੀਤੇ ਬਗੈਰ ਮੈਨੂੰ ਘੇਰ ਕੇ ਖੜ੍ਹ ਗਈਆਂ।
ਦੋਵਾਂ ਨੇ ਭਰੀ ਪੰਚਾਇਤ ਵਿੱਚ ਸਾਫ਼-ਸਾਫ਼ ਆਖ ਦਿੱਤਾ, ‘‘ਅਸੀਂ ਨ੍ਹੀਂ ਦੇਣਾ ਕੋਈ ਪੈਸਾ। ਨਾ ਹੀ ਸਾਡੇ ਕੋਲ ਹੈ। ਜਿਹਨੇ ਜੋ ਕਰਨਾ ਕਰ ਲਏ।’’
ਜਦੋਂ ਵੀ ਪੰਚਾਇਤ ਮੇਰੇ ਪੱਖ ਦੀ ਗੱਲ ਕਰੇ, ਉਹ ਦੋਵੇਂ ਮਾਵਾਂ ਧੀਆਂ ਮੇਰੇ ’ਤੇ ਝਈਆਂ ਲੈ ਲੈ ਪੈਣ। ਪੰਚਾਇਤ ਦੇ ਰੋਕਦਿਆਂ-ਰੋਕਦਿਆਂ ਵੀ ਉਹ ਦੋਵੇਂ ਸਭ ਨੂੰ ਟਿੱਚ ਗਿਣ ਉੱਥੋਂ ਖਿਸਕ ਗਈਆਂ। ਸਰਪੰਚ ਨੇ ਮੈਨੂੰ ਹੌਸਲਾ ਦਿੱਤਾ ਤੇ ਸਮਝਾ-ਬੁਝਾ ਕੇ ਘਰ ਭੇਜ ਦਿੱਤਾ।
ਜਦੋਂ ਬੱਸ ਨੇ ਬਰੇਕ ਮਾਰੀ ਤਾਂ ਜਾ ਕੇ ਮੇਰੀ ਸੋਚਾਂ ਦੀ ਫਿਰਕੀ ਰੁਕੀ। ਮੈਂ ਬੱਸ ’ਚੋਂ ਉਤਰ ਕੇ ਘਰ ਵੱਲ ਨੂੰ ਤੁਰ ਪਈ। ਹੁਣ ਮੇਰਾ ਧਿਆਨ ਆਪਣੇ ਹੱਥਾਂ ਵਿੱਚ ਫੜੇ ਪਰਚੀਆਂ ਵਾਲੇ ਲਿਫ਼ਾਫ਼ੇ ’ਤੇ ਟਿਕ ਗਿਆ। ਮੈਂ ਸੋਚਣ ਲੱਗੀ ਕਿ ਮਾਂ ਨੂੰ ਕੀ ਬਹਾਨਾ ਲਾਵਾਂਗੀ ਪਈ ਦਵਾਈ ਤੋਂ ਬਿਨਾਂ ਕਿਉਂ ਪਰਤ ਆਈ। ਪਾਰਲਰ ਵਾਲੀ ਦੀਦੀ ਬਾਰੇ ਸੋਚਣ ਲੱਗੀ ਕਿ ਉਹਨੂੰ ਕੀ ਆਖਾਂ… ਸੱਚ ਆਖ ਦਿਆਂ ਕਿ ਉਹਦੇ ਰੁਪਏ ਡੁੱਬ ਗਏ, ਹੁਣ ਨਹੀਂ ਮਿਲਣੇ, ਭੁੱਲ ਜਾਵੇ ਉਨ੍ਹਾਂ ਰੁਪਇਆਂ ਨੂੰ… ਜਾਂ ਕੋਈ ਝੂਠ ਬੋਲ ਦਿਆਂ। ਮੈਨੂੰ ਕੁਝ ਨਹੀਂ ਸੀ ਸੁੱਝ ਰਿਹਾ। ਮੈਂ ਔਖਿਆਂ-ਸੌਖਿਆਂ ਆਪਣੇ ਆਪ ਨਾਲ ਗੱਲਾਂ ਕਰਦੀ ਪਾਰਲਰ ਪਹੁੰਚ ਗਈ।
ਪਾਰਲਰ ਵਿੱਚ ਮੈਂ ਦੀਦੀ ਦੇ ਮੂੰਹ ਵੱਲ ਨੀਝ ਲਾ ਕੇ ਵੇਖਣ ਲੱਗੀ। ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਗੱਲ ਕਿੱਥੋਂ ਸ਼ੁਰੂ ਕਰਾਂ? ਕੀ ਆਖਾਂ? ਮੈਂ ਸੋਚਾਂ ਵਿੱਚ ਉਲਝੀ ਪਈ ਸੀ ਕਿ ਦੀਦੀ ਨੇ ਆਪੇ ਹੀ ਗੱਲ ਸ਼ੁਰੂ ਕੀਤੀ, ‘‘ਲੈ ਆਈ ਮਾਸੀ ਦੀ ਦਵਾਈ।’’
‘‘ਹੂੰਅ!’’ ਆਖ ਮੈਂ ਲੰਮਾ ਸਾਹ ਖਿੱਚਿਆ।
ਮੈਂ ਕੁਰਸੀ ’ਤੇ ਚੁੱਪ ਚਾਪ ਬੈਠ ਗਈ। ਮੈਨੂੰ ਇਸ ਤਰ੍ਹਾਂ ਚੁੱਪ ਦੇਖ ਦੀਦੀ ਨੇ ਮੁੜ ਗੱਲ ਅੱਗੇ ਤੋਰੀ, ‘‘ਕੀ ਕਿਹਾ ਡਾਕਟਰ ਨੇ? ਅੱਜ ਤਾਂ ਬਹੁਤ ਸਮਾਂ ਲੱਗ ਗਿਆ?’’
ਹੁਣ ਮੈਂ ਹੋਰ ਝੂਠ ਨਹੀਂ ਸੀ ਬੋਲ ਸਕਦੀ। ਮੇਰੀਆਂ ਅੱਖਾਂ ਭਰ ਆਈਆਂ ਤੇ ਮੈਂ ਫਿਸ ਪਈ। ਦੀਦੀ ਨੇ ਮੈਨੂੰ ਆਪਣੇ ਕਲਾਵੇ ’ਚ ਲੈ ਲਿਆ। ਮੇਰੇ ਮੂੰਹੋਂ ਇੱਕੋ ਸਾਹ ਨਿਕਲਿਆ, ‘‘ਦੀਦੀ! ਮੈਨੂੰ ਮੁਆਫ਼ ਕਰ ਦਿਓ… ਅੱਜ ਮੈਂ ਤੁਹਾਨੂੰ ਝੂਠ ਬੋਲਿਆ… ਮੈਂ ਆਪਣੀ ਮਾਂ ਦੀ ਦਵਾਈ ਨਹੀਂ ਲਿਆ ਸਕੀ… ਅੱਜ ਮੈਂ ਖ਼ਾਲੀ ਹੱਥ ਪਰਤੀ ਹਾਂ… ਮੈਂ ਮਨੀਸ਼ਾ ਦੇ ਪਿੰਡ ਗਈ ਸਾਂ ਤੁਹਾਡੇ ਪੈਸੇ ਲੈਣ ਲਈ… ਪਰ ਉਹਦੀ ਮਾਂ ਨੇ ਮਸਾਂ ਹੀ ਪੰਜ ਸੌ ਦਾ ਨੋਟ ਮੇਰੇ ਹੱਥ ਧਰਿਆ ਅਤੇ ਬਾਕੀ ਰਕਮ ਦੇਣ ਤੋਂ ਉਹ ਦੋਵੇਂ ਮਾਵਾਂ-ਧੀਆਂ ਮੁੱਕਰ ਗਈਆਂ।’’
ਮੇਰੀ ਗੱਲ ਸੁਣ ਦੀਦੀ ਮੈਨੂੰ ਝਿੜਕਦਿਆਂ ਆਖਣ ਲੱਗੀ, ‘‘ਤੂੰ ’ਕੱਲੀ ਉਹਦੇ ਪਿੰਡ ਕੀ ਕਰਨ ਗਈ ਸੀ? ਜੇ ਤੇਰੇ ਨਾਲ ਕੋਈ ਹਭੀ-ਨਬੀ ਹੋ ਜਾਂਦੀ ਤਾਂ ਮੈਂ ਮਾਸੀ ਨੂੰ ਕੀ ਮੂੰਹ ਵਿਖਾਉਂਦੀ… ਖੂਹ ’ਚ ਗਏ ਪੈਸੇ… ਤੂੰ ਮਾਸੀ ਦੀ ਦਵਾਈ ਵੀ ਨਈਂ ਲੈ ਕੇ ਆਈ। ਤੇਰੇ ਕੋਲ ਪੈਸੇ ਨਈਂ ਸੀ ਤਾਂ ਮੈਨੂੰ ਦੱਸਦੀ… ਹੁਣ ਕੱਲ੍ਹ ਜਾ ਕੇ ਦਵਾਈ ਲੈ ਆਵੀਂ… ਮਾਸੀ ਨੂੰ ਨਾ ਦੱਸੀਂ… ਉਹ ਵਾਧੂ ਫ਼ਿਕਰ ਕਰੂਗੀ।’’
ਮੇਰੇ ਮਨ ਵਿੱਚ ਦੀਦੀ ਲਈ ਮੋਹ ਤੇ ਆਦਰ ਹੋਰ ਵੀ ਵਧ ਗਿਆ ਤੇ ਮੈਂ ਸੋਚਿਆ ਕਿ ਦੁਨੀਆਂ ਵਿੱਚ ਜੇ ਮਾੜੇ ਲੋਕ ਨੇ ਤਾਂ ਚੰਗੇ ਵੀ ਬਥੇਰੇ ਨੇ। ਇਨ੍ਹਾਂ ਚੰਗੇ ਲੋਕਾਂ ਕਾਰਨ ਹੀ ਦੁਨੀਆਂ ਜਿਉਣ ਯੋਗ ਹੈ। ਅਗਲੇ ਦਿਨ ਦੀਦੀ ਨੇ ਮੈਨੂੰ ਦੋ ਹਜ਼ਾਰ ਰੁਪਏ ਮੱਲੋ-ਮੱਲੀ ਫੜਾ ਦਿੱਤੇ।
ਮੈਂ ਭਰੇ ਮਨ ਨਾਲ ਦਵਾਈ ਲੈਣ ਹਸਪਤਾਲ ਜਾ ਪਹੁੰਚੀ। ਜਦੋਂ ਮੈਂ ਹਸਪਤਾਲ ਦੇ ਗੇਟ ਅੰਦਰ ਵੜੀ ਤਾਂ ਮਨੀਸ਼ਾ ਤੇ ਉਹਦੀ ਮਾਂ ਦੋਵਾਂ ਦੇ ਲਹੂ ਨਾਲ ਭਿੱਜੇ ਹੋਏ ਕੱਪੜੇ ਤੇ ਸਿਰ ਤੋਂ ਲਹੂ ਦੀਆਂ ਵਹਿ ਰਹੀਆਂ ਤਤੀਰੀਆਂ ਵੇਖ ਘਬਰਾ ਗਈ। ਉਹ ਦੋਵੇਂ ਸਟਰੈਚਰ ’ਤੇ ਪਈਆਂ ਦਰਦ ਨਾਲ ਹਾਲ-ਦੁਹਾਈ ਪਾ ਰਹੀਆਂ ਸਨ। ਨੇੜੇ ਹੀ ਪਿੰਡ ਦੇ ਲੋਕ ਉੱਚੀ-ਉੱਚੀ ਬੋਲ ਰਹੇ ਸਨ। ਇੱਕ ਬੁੜ੍ਹਾ ਤਾਂ ਬਹੁਤਾ ਈ ਬਿਫਰਿਆ ਪਿਆ ਸੀ, ‘‘ਹੋਰ ਬਣਾ ਪੁੱਤ ਨੂੰ ਬਦਮਾਸ਼! ਵੇਖ ਲੈ ਕਾਰੇ ਆਪਣੇ ਬਦਮਾਸ਼ ਦੇ। ਉਹਨੂੰ ਕੁੱਟਣ ਆਏ ਸੀ ਉਹਦੇ ਵਰਗੇ ਬਦਮਾਸ਼। ਉਹ ਪਤਾ ਨ੍ਹੀਂ ਕਿੱਥੇ-ਕਿੱਥੇ ਬਦਮਾਸ਼ੀਆਂ ਵਿਖਾਉਂਦੈ ਲੋਕਾਂ ਨੂੰ ਬਾਹਰ ਜਾ ਕੇ।’’
ਮੈਂ ਉਸ ਬਾਬੇ ਨੂੰ ਪੁੱਛ ਬੈਠੀ ਕਿ ਕੀ ਹੋਇਆ। ਬਾਬਾ ਦੋਵਾਂ ਮਾਵਾਂ-ਧੀਆਂ ਵੱਲ ਵੇਖਦਾ ਹੋਇਆ ਹੋਰ ਭੜਕ ਉੱਠਿਆ, ‘‘ਪੁੱਤ! ਇਨ੍ਹਾਂ ਆਪੇ ਵਿਗਾੜਿਆ ਹੋਇਆ ਆਪਣਾ ਪੁੱਤ। ਲੋਕਾਂ ਨਾਲ ਮੁੱਲ ਦੀਆਂ ਲੜਾਈਆਂ ਲੈ ਅੱਧੀ-ਅੱਧੀ ਰਾਤੀਂ ਘਰੇ ਮੁੜਦੈ। ਜੇ ਕੋਈ ਲਾਂਭੇ ਦਿੰਦਾ ਤਾਂ ਦੋਵੇਂ ਮਾਵਾਂ-ਧੀਆਂ ਖਾਣ ਨੂੰ ਪੈਂਦੀਆਂ ਨੇ… ਓਪਰੇ ਲੰਡਰ ਮੁੰਡਿਆਂ ਨੂੰ ਘਰ ਵਾੜੀ ਰੱਖਦੈ… ਕੋਈ ਧੀ-ਭੈਣ ਡਰਦੀ ਛੇਤੀ-ਛੇਤੀ ਇਨ੍ਹਾਂ ਦੀ ਗਲ਼ੀ ਵਿੱਚੋਂ ਨਈਂ ਲੰਘਦੀ… ਹਰ ਕਿਸੇ ਨੂੰ ਟਿੱਚਰਾਂ ਕਰਦੈ ਇਹ ਟੱਬਰ… ਅੱਧੀ-ਅੱਧੀ ਰਾਤ ਤੱਕ ਇਨ੍ਹਾਂ ਦੇ ਘਰ ਲਲਕਾਰੇ ਵੱਜਦੇ… ਭਾਂਡੇ ਖੜਕਦੇ ਰਹਿੰਦੇ ਨੇ… ਮੀਟ ਰਿੰਨ੍ਹ-ਰਿੰਨ੍ਹ ਕੇ ਦੂਰ ਤਕ ਮੁਸ਼ਕਾਂ ਠਾਲੀਆਂ ਹੁੰਦੀਆਂ… ਅਖੇ ਜੀ ਸ਼ਿਕਾਰ ਕਰ ਕੇ ਲਿਆਏ… ਕਦੇ ਜੰਗਲੀ ਸੂਰਾਂ ਦਾ ਤੇ ਕਦੇ ਕਿਸੇ ਹੋਰ ਚੀਜ਼ ਦਾ… ਇਹੋ ਜਿਹੇ ਬਦਮਾਸ਼ਾਂ ਤੋਂ ਡਰਦਾ ਕੋਈ ਕੁਝ ਨਹੀਂ ਆਖਦਾ… ਆਪਣੀ ਇੱਜ਼ਤ ਸਭ ਨੂੰ ਪਿਆਰੀ ਹੁੰਦੀ ਐ… ਇਹ ਮਾਵਾਂ-ਧੀਆਂ ਗੱਲ-ਗੱਲ ’ਤੇ ਆਖਦੀਆਂ ਨੇ, ਕੋਈ ਖੰਘ ਕੇ ਵਿਖਾਵੇ ਸਾਡੇ ਰਾਣੂ ਸਾਹਮਣੇ… ਇਨ੍ਹਾਂ ਨੂੰ ਇਹ ਨਹੀਂ ਪਤਾ ਬਈ ਅਜਿਹਿਆਂ ਦਾ ਅੰਤ ਫਿਰ ਮਾੜਾ ਈ ਹੁੰਦੈ… ਹੁਣ ਵੇਖ ਲਓ ਮਾਰਨ ਉਹਨੂੰ ਆਏ ਸੀ ਉਹਦੇ ਵਰਗੇ ਬਦਮਾਸ਼… ਧੱਕੇ ਚੜ੍ਹ ਗਈਆਂ ਇਹ ਮਾਵਾਂ-ਧੀਆਂ।’’
ਉਹਨੇ ਹਾਲੇ ਪਤਾ-ਪਤਾ ਨਈਂ ਕੀ-ਕੀ ਦੱਸਣਾ ਸੀ ਕਿ ਮਨੀਸ਼ਾ ਦੀ ਮਾਂ ਦੀ ਉੱਚੀ-ਉੱਚੀ ‘‘ਹਾਏ! ਹਾਏ!’’ ਨੇ ਉਹਨੂੰ ਚੁੱਪ ਕਰਵਾ ਦਿੱਤਾ। ਦੋਵਾਂ ਨੂੰ ਅੰਦਰ ਐਮਰਜੈਂਸੀ ਵਾਰਡ ਵਿੱਚ ਲੈ ਗਏ। ਗੱਲਾਂ ਦੱਸਣ ਵਾਲਾ ਬਾਬਾ ਵੀ ਉਨ੍ਹਾਂ ਦੇ ਸ਼ਰੀਕੇ ’ਚੋਂ ਸੀ। ਉਹ ਮੁੜ ਦੱਸਣ ਲੱਗਿਆ, ‘‘ਜੇ ਚੱਜ ਦੇ ਹੁੰਦੇ ਤਾਂ ਪਿੰਡ ਇਨ੍ਹਾਂ ਦੇ ਨਾਲ ਖੜ੍ਹਦਾ… ਕਿਸੇ ਦੀ ਕਿਵੇਂ ਜੁਅੱਰਤ ਪੈ ਜਾਂਦੀ ਘਰੇ ’ਕੱਲੀਆਂ ਜ਼ਨਾਨੀਆਂ ’ਤੇ ਹੱਥ ਚੁੱਕਣ ਦੀ… ਇਹ ਪਿੰਡ ਦੀ ਇੱਜ਼ਤ ਦਾ ਸਵਾਲ ਬਣ ਜਾਂਦਾ… ਲੋਕ ਤਾਂ ਭਾਈ! ਤਾਂ ਹੀ ਨਾਲ ਖੜ੍ਹਦੇ ਐ ਜੇ ਕਿਸੇ ਨਾਲ ਬਣਾਈ ਹੋਵੇ… ਕਦੇ ਕਿਸੇ ਦੀ ਮੰਨੀ ਹੋਵੇ… ਪੰਚਾਂ-ਸਰਪੰਚਾਂ ਨੂੰ ਵੀ ਇਹ ਟੱਬਰ ਟਿੱਚ ਗਿਣਦਾ… ਜਦ ਬਾਹਰੋਂ ਪੁੱਤ ਦੇ ਲਾਂਭੇ ਸਰਪੰਚ ਘਰ ਆਉਂਦੇ ਤਾਂ ਇਹ ਪੰਚਾਇਤ ਦੀ ਪਰਵਾਹ ਕੀਤਿਆਂ ਬਗੈਰ ਪੰਚੈਤ ਨੂੰ ਬੈਠਿਆਂ ਛੱਡ ਕੇ ਘਰ ਭੱਜ ਜਾਂਦੇ… ਤਾਂਹੀਓਂ ਹਾਲੇ ਤੱਕ ਨਾ ਕੋਈ ਪੰਚ ਆਇਆ ਨਾ ਸਰਪੰਚ… ਸਾਨੂੰ ਵੀ ਸ਼ਰਮ ਮਾਰ ਗਈ ਸ਼ਰੀਕੇ ਦੀ।’’
ਬਜ਼ੁਰਗ ਬੋਲ ਰਿਹਾ ਸੀ ਤੇ ਮੇਰੇ ਕੰਨਾਂ ਵਿੱਚ ਗੂੰਜ ਰਿਹਾ ਸੀ, ‘‘ਤੂੰ ਮੇਰੇ ਬਦਮਾਸ਼ ਪੁੱਤ ਨੂੰ ਨਹੀਂ ਜਾਣਦੀ…।’’
ਸੰਪਰਕ: 98143-85918