ਜੋਗਣ
ਨੀਂ ਮਾਏ…
ਕੋਈ ਦਿਲ ਦਾ ਦਰਦੀ
ਜਿਹੜਾ ਰੂਹ ਨੂੰ ਭਾਵੇ…
ਨੀਂ ਮਾਏ
ਕੋਈ ’ਵਾ ਦਾ ਬੁੱਲਾ
ਆ ਬੂਹਾ ਖੜਕਾਵੇ…
ਨੀਂ ਮਾਏ
ਕੋਈ ਰੰਗ ਫ਼ਕੀਰੀ
ਸੂਹਾ ਵੱਢ ਵੱਢ ਖਾਵੇ…
ਨੀਂ ਮਾਏ
ਮੇਰੀ ਰੂਹ ਦਾ ਮੰਜ਼ਰ
ਖੰਡਰ ਬਣਦਾ ਜਾਵੇ…
ਨੀਂ ਮਾਏ
ਮੇਰੇ ਨੈਣੋਂ ਨੀਂਦਰ
ਅੰਬਰੀਂ ਉੱਡਦੀ ਜਾਵੇ…
ਨੀਂ ਮਾਏ
ਇਹ ਰਾਤ ਹਨੇਰੀ
ਨਾਗਣ ਬਣਦੀ ਜਾਵੇ…
ਨੀਂ ਮਾਏ
ਕੋਈ ਅੱਗ ਭਮੱਕੜ
ਫੁੱਲਾਂ ’ਤੇ ਮੰਡਰਾਵੇ…
ਨੀਂ ਮਾਏ
ਮੇਰੇ ਪੈਰੀਂ ਝਾਂਜਰ
ਲਛਮਣ ਰੇਖਾ ਭਾਵੇ…
ਨੀਂ ਮਾਏ
ਮੇਰੇ ਗਲ ਦੀ ਗਾਨੀ
ਸਾਹਾਂ ਨੂੰ ਤੜਫ਼ਾਵੇ…
ਨੀਂ ਮਾਏ
ਇਹ ਰੋਗ ਅਵੱਲਾ
ਪਲ-ਪਲ ਵਧਦਾ ਜਾਵੇ…
ਨੀਂ ਮਾਏ
ਕੋਈ ਵੈਦ ਹਕੀਮੀ
ਨਬਜ਼ਾਂ ਫੜ ਸਮਝਾਵੇ…
ਨੀਂ ਮਾਏ
ਮੇਰਾ ਅਮਲੀ ਵਾਂਗੂੰ
ਅੰਗ-ਅੰਗ ਟੁੱਟਦਾ ਜਾਵੇ…
ਨੀਂ ਮਾਏ
ਮੇਰੇ ਤਨ ਨੂੰ ਲੱਗੀਆਂ
ਮਨ ਪੰਛੀ ਘਬਰਾਵੇ…
ਨੀਂ ਮਾਏ
ਕੋਈ ਜੋਗਣ ਕਰ ਜਾਵੇ
ਕੰਨੀਂ ਮੁੰਦਰਾਂ ਪਾਵੇ…
ਹਾੜਾ ਨੀਂ
ਕੋਈ ਜੋਗਣ ਕਰ ਜਾਵੇ
ਗੋਰਖ ਬਣ ਕੇ ਆਵੇ
ਗੋਰਖ ਬਣ ਕੇ ਆਵੇ…
ਸੰਪਰਕ: 94656-06210
ਰਾਵਣ
ਐਮ.ਐਨ ਸਿੰਘ
ਰਾਵਣ ਕਿਸੇ ਖ਼ਾਸ ਸਮੇਂ ’ਚ ਪੈਦਾ ਨਹੀਂ ਹੁੰਦੇ
ਹਰ ਯੁੱਗ ਦੇ
ਆਪਣੇ ਰਾਵਣ ਹੁੰਦੇ ਹਨ।
ਇਹ ਜ਼ਰੂਰੀ ਨਹੀਂ,
ਇਨ੍ਹਾਂ ਦੇ ਚਿਹਰੇ ਤੇ ਭੇਸ
ਇੱਕੋ ਜਿਹੇ ਹੋਣ।
ਕਿਸੇ ਵੀ ਚਿਹਰੇ ਹੇਠ
ਰਾਵਣ ਲੁਕਿਆ ਹੋ ਸਕਦਾ ਹੈ।
ਇਨ੍ਹਾਂ ਦੀ ਪਛਾਣ ਬਹੁਤ ਔਖੀ ਹੈ
ਕਲਯੁੱਗ ਦਾ ਰਾਵਣ
ਦਸ ਸਿਰਾਂ ਵਾਲਾ ਨਹੀਂ,
ਸਗੋਂ ਸੈਂਕੜੇ ਸਿਰਾਂ ਵਾਲਾ ਹੈ
ਇਸ ਦੀਆਂ ਤਰਜੀਹਾਂ ਵੀ
ਬਦਲ ਗਈਆਂ ਹਨ।
ਇਹ ਲੁਕਵੇਂ ਢੰਗ ਨਾਲ
ਹਮਲਾ ਕਰਦਾ ਹੈ
ਤੇ ਲੱਖਾਂ ਲੋਕਾਂ ਦੇ
ਅਧਿਕਾਰਾਂ, ਹੱਕਾਂ, ਹਿੱਤਾਂ ਨੂੰ
ਨਿਗਲ ਜਾਂਦਾ ਹੈ।
ਪੈਰਾਂ ਹੇਠੋਂ ਜ਼ਮੀਨ
ਖਿੱਚ ਲੈਂਦਾ ਹੈ।
ਖਲਾਅ ’ਚ ਲਟਕ ਜਾਂਦੇ ਹਨ ਲੋਕ
ਪਰ ਬਦਕਿਸਮਤੀ ਹੈ
ਕਿ ਰਾਵਣਾਂ ਦੇ ਇਹ ਕਾਰਨਾਮੇ
ਕਾਨੂੰਨ ਦੀ ਨਜ਼ਰ ’ਚ
ਜਾਇਜ਼ ਹੁੰਦੇ ਹਨ
ਤੇ ਇਨ੍ਹਾਂ ਦਾ ਵਿਰੋਧ ਕਰਨ ਵਾਲੇ
ਸਦਾ ਦੋਸ਼ੀ ਠਹਿਰਾਏ ਜਾਂਦੇ ਹਨ।