ਹਰਿੰਦਰ ਸਿੰਘ ਗੋਗਨਾ
ਕਾਲਜ ਦੀ ਬੱਸ ਖਰਾਬ ਹੋਣ ਕਾਰਨ ਸਰੋਜ ਨੇ ਆਟੋ ਰਿਕਸ਼ਾ ਲਿਆ ਤੇ ਘਰ ਚਲੀ ਗਈ। ਉਹ ਇਸ ਕਾਲਜ ਵਿਚ ਕੁਝ ਸਮਾਂ ਪਹਿਲਾਂ ਹੀ ਲੈਕਚਰਾਰ ਨਿਯੁਕਤ ਹੋਈ ਸੀ। ਉਹ ਇਸੇ ਕਾਲਜ ਤੋਂ ਪੜ੍ਹੀ ਸੀ। ਅੱਜ ਦੇ ਸਿਫ਼ਾਰਸ਼ੀ ਯੁੱਗ ਵਿਚ ਉਸ ਕੋਲ ਤਾਂ ਕੋਈ ਸਿਫ਼ਾਰਸ਼ ਨਹੀਂ ਸੀ ਪਰ ਮਿਹਨਤ ਦੇ ਬਲਬੂਤੇ ਉਸ ਨੇ ਇਹ ਨੌਕਰੀ ਹਾਸਲ ਕੀਤੀ ਸੀ। ਉਸ ਦਾ ਪੜ੍ਹਾਈ ਦਾ ਰਿਕਾਰਡ ਕਾਫ਼ੀ ਚੰਗਾ ਸੀ।
ਘਰ ਦੇ ਵਿਹੜੇ ਵਿਚ ਦਾਖ਼ਲ ਹੁੰਦਿਆਂ ਹੀ ਉਸ ਦੇ ਕੰਨਾਂ ਵਿਚ ਮਾਂ ਦੀ ਆਵਾਜ਼ ਪਈ, ‘‘ਅੱਜ ਲੇਟ ਹੋ ਗਈ ਸਰੋਜ…?’’
ਸਰੋਜ ਨੇ ਉਤਾਂਹ ਨਜ਼ਰ ਚੁੱਕ ਕੇ ਦੇਖਿਆ ਤਾਂ ਮਾਂ ਕੋਠੇ ’ਤੇ ਸੁੱਕਣੇ ਪਾਏ ਕੱਪੜੇ ਉਤਾਰ ਰਹੀ ਸੀ।
ਉਹ ਕੁਝ ਨਾ ਬੋਲੀ ਤੇ ਆਪਣੇ ਕਮਰੇ ਵਿਚ ਚਲੀ ਗਈ। ਫਿਰ ਬਿਸਤਰ ’ਤੇ ਲੇਟ ਗਈ। ਮਾਂ ਨੇ ਕਮਰੇ ਵਿਚ ਆਉਂਦੇ ਹੀ ਫਿਰ ਉਹੀ ਸਵਾਲ ਦੁਹਰਾਇਆ, ‘‘ਕੀ ਗੱਲ, ਅੱਜ ਲੇਟ ਹੋ ਗਈ ਮੇਰੀ ਲਾਡੋ…?’’
‘‘ਮਾਂ, ਮੇਰੀ ਬੱਸ ਖਰਾਬ ਸੀ। ਇਸ ਲਈ ਆਟੋ ਵਿਚ ਆਉਣਾ ਪਿਆ…।’’ ਸਰੋਜ ਨੇ ਕਹਿੰਦਿਆਂ ਹੀ ਪਲਕਾਂ ਬੰਦ ਕਰ ਲਈਆਂ।
ਮਾਂ ਉਸ ਲਈ ਚਾਹ ਬਣਾ ਲਿਆਈ। ‘‘ਅੱਜ ਤੇਰੇ ਲਈ ਕਿਸੇ ਰਿਸ਼ਤੇ ਦਾ ਫੋਨ ਆਇਆ ਸੀ। ਮੈਂ ਉਨ੍ਹਾਂ ਨੂੰ ਸਾਰੀ ਗੱਲ ਸਾਫ਼ ਸਾਫ਼ ਦੱਸ ਦਿੱਤੀ।’’ ਮਾਂ ਨੇ ਚਾਹ ਦਾ ਕੱਪ ਸਰੋਜ ਵੱਲ ਵਧਾਉਂਦਿਆਂ ਕਿਹਾ।
ਸਰੋਜ ਨੇ ਚਾਹ ਦੀ ਚੁਸਕੀ ਲੈਂਦਿਆਂ ਮਾਂ ਵੱਲ ਥੋੜ੍ਹਾ ਨਾਰਾਜ਼ਗੀ ਨਾਲ ਦੇਖਦਿਆਂ ਕਿਹਾ, ‘‘ਮਾਂ, ਤੈਨੂੰ ਕਿੰਨੀ ਵਾਰ ਕਿਹਾ ਕਿ ਚੀਨੀ ਘੱਟ ਪਾਇਆ ਕਰ…। ਨਾਲੇ ਤੂੰ ਫਿਰ ਵਿਆਹ ਦੀ ਗੱਲ ਕੀਤੀ। ਤੈਨੂੰ ਚੰਗੀ ਤਰ੍ਹਾਂ ਪਤੈ ਕਿ ਮੈਂ ਵਿਆਹ ਨਹੀਂ ਕਰਾਉਣਾ…।’’
‘‘ਪਰ ਪੁੱਤਰ, ਤੇਰੇ ਪਿਤਾ ਦੇ ਤੁਰ ਜਾਣ ਮਗਰੋਂ ਮੈਨੂੰ ਇਹੋ ਚਿੰਤਾ ਖਾਂਦੀ ਰਹਿੰਦੀ ਐ ਕਿ ਮੇਰੇ ਅੱਖਾਂ ਮੀਟਣ ਮਗਰੋਂ ਤੇਰਾ ਸਹਾਰਾ ਕੌਣ ਬਣੂ? ਜੀਵਨ ਸਾਥੀ ਬਗ਼ੈਰ ਗੁਜ਼ਾਰਨਾ ਬੜਾ ਮੁਸ਼ਕਲ ਹੁੰਦੈ, ਕੋਈ ਮੈਨੂੰ ਪੁੱਛ ਕੇ ਵੇਖੇ।’’
‘‘ਬਸ ਕਰ ਮਾਂ, ਪਲੀਜ਼ ਹੁਣ ਹੋਰ ਕੁਝ ਨਾ ਆਖੀਂ…।’’ ਸਰੋਜ ਨੇ ਕਹਿ ਕੇ ਮੱਥਾ ਫੜ ਲਿਆ। ਮਾਂ ਅੱਗੋਂ ਕੁਝ ਨਾ ਬੋਲੀ ਤੇ ਖਾਲੀ ਕੱਪ ਲੈ ਕੇ ਰਸੋਈ ਵੱਲ ਵਧ ਗਈ।
ਸਰੋਜ ਆਪਣੇ ਅਤੀਤ ਵਿਚ ਗੁਆਚ ਗਈ। ਉਹ ਕਿੰਨੀ ਖ਼ੂਬਸੂਰਤ ਸੀ। ਕਾਲਜ ਵਿਚ ਪੜ੍ਹਦਿਆਂ ਕਿੰਨੇ ਹੀ ਲੜਕੇ ਉਸ ਨੂੰ ਪਸੰਦ ਕਰਦੇ ਸਨ ਪਰ ਉਸ ਦੇ ਸੁਪਨਿਆਂ ਦਾ ਰਾਜਕੁਮਾਰ ਅਜੇ ਉਸ ਦੇ ਸਾਹਮਣੇ ਨਹੀਂ ਸੀ ਆਇਆ। ਉਸ ਨੂੰ ਆਪਣੇ ਸੁਹੱਪਣ ’ਤੇ ਜਿਵੇਂ ਗਰੂਰ ਜਿਹਾ ਹੁੰਦਾ। ਫਿਰ ਉਸ ਦਾ ਵਿਆਹ ਇਕ ਲੜਕੇ ਨਾਲ ਤੈਅ ਹੋ ਗਿਆ। ਖਾਨਦਾਨ ਉੱਚਾ ਸੀ ਤੇ ਲੜਕਾ ਵੀ ਸੁਨੱਖਾ ਸੀ।
ਵਿਆਹ ਵਿਚ ਅਜੇ ਕੁਝ ਦਿਨ ਬਾਕੀ ਸਨ। ਸਰੋਜ ਦੇ ਪਿਤਾ ਇਸ ਰਿਸ਼ਤੇ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਸਨ। ਸਰੋਜ ਨੇ ਵੀ ਸੋਚ ਲਿਆ ਸੀ ਕਿ ਇਸ ਤੋਂ ਵਧੀਆ ਲੜਕਾ ਉਸ ਨੂੰ ਮਿਲਣਾ ਵੀ ਨਹੀਂ ਸੀ। ਪਿਤਾ ਜੀ ਨੇ ਜੋ ਤਰੀਫ਼ਾਂ ਦੇ ਪੁਲ ਬੰਨ੍ਹੇ ਸਨ ਉਸ ਨੂੰ ਸੁਣ ਕੇ ਤੇ ਲੜਕੇ ਦੀ ਫੋਟੋ ਵੇਖ ਕੇ ਸਰੋਜ ਦਾ ਵੀ ਮਨ ਇਸ ਰਿਸ਼ਤੇ ਪ੍ਰਤੀ ਸਹਿਮਤ ਹੋ ਗਿਆ ਸੀ। ਉਹ ਭਵਿੱਖ ਦੇ ਸੁਨਹਿਰੇ ਸੁਪਨਿਆਂ ਵਿਚ ਗੁਆਚੀ ਰਹਿਣ ਲੱਗੀ।
ਇਕ ਦਿਨ ਸਰੋਜ ਆਪਣੀਆਂ ਸਹੇਲੀਆਂ ਨਾਲ ਆਪਣੇ ਵਿਆਹ ਲਈ ਖਰੀਦਦਾਰੀ ਕਰਨ ਨੇੜੇ ਦੇ ਬਾਜ਼ਾਰ ਗਈ। ਉਸ ਦੇ ਪਿਤਾ ਜੀ ਤੇਜ਼ ਕਦਮੀਂ ਘਰ ਅੰਦਰ ਵੜਦੇ ਹੀ ਉੱਚੀ ਆਵਾਜ਼ ਲਗਾ ਕੇ ਸਰੋਜ ਦੀ ਮਾਂ ਨੂੰ ਬੋਲੇ, ‘‘ਸਰੋਜ ਦੀ ਮਾਂ…।’’
ਮਾਂ ਰਸੋਈ ਵਿਚੋਂ ਬਾਹਰ ਆਈ ਤਾਂ ਪਿਤਾ ਕਹਿਣ ਲੱਗਾ, ‘‘ਤੈਨੂੰ ਫੋਨ ਲਗਾਇਆ ਪਰ ਤੂੰ ਚੁੱਕਿਆ ਹੀ ਨਹੀਂ…। ਸਰੋਜ ਹਸਪਤਾਲ ਵਿਚ ਭਰਤੀ ਐ, ਛੇਤੀ ਚੱਲ…।’’
‘‘ਕੀ ਹੋਇਐ ਮੇਰੀ ਬੱਚੀ ਨੂੰ…?’’ ਮਾਂ ਨੇ ਇਹ ਅਲਫ਼ਾਜ਼ ਸੁਣੇ ਤਾਂ ਉਹ ਵੀ ਇਕਦਮ ਘਬਰਾ ਗਈ।
‘‘ਕਿਸੇ ਮਨਚਲੇ ਨੇ ਉਸ ’ਤੇ ਭਰੇ ਬਾਜ਼ਾਰ ਵਿਚ ਤੇਜ਼ਾਬ ਸੁੱਟ ਦਿੱਤਾ। ਪੁਲੀਸ ਨੇ ਉਸ ਲੜਕੇ ਨੂੰ ਤਾਂ ਕਾਬੂ ਕਰ ਲਿਆ। ਮੈਨੂੰ ਫੋਨ ਕੀਤਾ ਤਾਂ ਮੈਂ ਹਸਪਤਾਲ ਗਿਆ। ਸਰੋਜ ਦੀ ਹਾਲਤ ਕਾਫ਼ੀ ਨਾਜ਼ੁਕ ਐ…। ਤੂੰ ਚੱਲ ਬਾਕੀ ਗੱਲਾਂ ਰਸਤੇ ਵਿਚ…।’’ ਸਰੋਜ ਦੇ ਪਿਤਾ ਨੇ ਉਸ ਦੀ ਮਾਂ ਨੂੰ ਬਾਈਕ ਪਿੱਛੇ ਬਿਠਾਉਂਦਿਆਂ ਕਿਹਾ ਤੇ ਫਿਰ ਦੋਵੇਂ ਪਤੀ ਪਤਨੀ ਹਸਪਤਾਲ ਪਹੁੰਚੇ।
ਸਰੋਜ ਨੂੰ ਇਕ ਲੜਕਾ ਕੁਝ ਦਿਨਾਂ ਤੋਂ ਕਾਫ਼ੀ ਤੰਗ ਕਰ ਰਿਹਾ ਸੀ ਤੇ ਵਿਆਹ ਲਈ ਮਜਬੂਰ ਕਰ ਰਿਹਾ ਸੀ। ਉਹ ਘਰਦਿਆਂ ਨੂੰ ਦੱਸਣਾ ਚਾਹੁੰਦੀ ਸੀ ਪਰ ਸਹੇਲੀਆਂ ਨੇ ਇਹ ਕਹਿ ਕੇ ਮਨ੍ਹਾਂ ਕਰ ਦਿੱਤਾ ਕਿ ਉਹ ਲੜਕਾ ਮਾਨਸਿਕ ਤੌਰ ’ਤੇ ਥੋੜ੍ਹਾ ਪਾਗਲ ਹੈ, ਉਸ ਨੂੰ ਗੰਭੀਰਤਾ ਨਾਲ ਨਾ ਲਵੇ; ਘਰਦਿਆਂ ਨੂੰ ਦੱਸਣ ਨਾਲ ਮਾਮਲਾ ਵਿਗੜ ਨਾ ਜਾਵੇ ਕਿਉਂਕਿ ਵਿਆਹ ਵਿਚ ਵੀ ਕੁਝ ਹੀ ਦਿਨ ਬਚੇ ਹਨ; ਸਭ ਠੀਕ ਹੋ ਜਾਵੇਗਾ।
ਜਿਸ ਦਿਨ ਸਰੋਜ ਸਹੇਲੀਆਂ ਨਾਲ ਬਾਜ਼ਾਰ ਵਿਚ ਸੀ ਤਾਂ ਉਹੋ ਲੜਕਾ ਉਸ ਦਾ ਰਸਤਾ ਰੋਕ ਕੇ ਖੜ੍ਹ ਗਿਆ ਤੇ ਆਪਣੇ ਨਾਲ ਵਿਆਹ ਨਾ ਕਰਨ ਦਾ ਅੰਜਾਮ ਭੁਗਤਣ ਦੀਆਂ ਧਮਕੀਆਂ ਦੇਣ ਲੱਗਾ। ਇਸ ’ਤੇ ਸਰੋਜ ਨੇ ਸਾਰਿਆਂ ਸਾਹਮਣੇ ਇਕ ਜ਼ੋਰਦਾਰ ਚਪੇੜ ਉਸ ਦੀ ਗੱਲ ’ਤੇ ਜੜ੍ਹ ਦਿੱਤੀ।
ਫਿਰ ਜੋ ਹੋਇਆ ਬੜਾ ਭਿਅੰਕਰ ਸੀ। ਉਸ ਮਨਚਲੇ ਨੇ ਆਪਣੀ ਬਾਈਕ ਵਿਚੋਂ ਤੇਜ਼ਾਬ ਦੀ ਬੋਤਲ ਕੱਢੀ ਤੇ ਸਰੋਜ ਦੇ ਖ਼ੂਬਸੂਰਤ ਚਿਹਰੇ ’ਤੇ ਤੇਜ਼ਾਬ ਸੁੱਟ ਦਿੱਤਾ। ਉਸ ਦਾ ਚਿਹਰਾ ਕਾਫ਼ੀ ਸੜ ਗਿਆ ਸੀ। ਮੌਕੇ ’ਤੇ ਮੌਜੂਦ ਲੋਕਾਂ ਨੇ ਉਸ ਮਨਚਲੇ ਨੂੰ ਕਾਬੂ ਕਰ ਪੁਲੀਸ ਦੇ ਹਵਾਲੇ ਕਰ ਦਿੱਤਾ। ਸਰੋਜ ਦੀ ਸਹੇਲੀ ਨੇ ਹੀ ਉਸ ਦੇ ਪਿਤਾ ਨੂੰ ਫੋਨ ਕੀਤਾ ਸੀ।
ਹਸਪਤਾਲ ਵਿਚ ਬਿਸਤਰ ’ਤੇ ਲੇਟੀ ਸਰੋਜ ਨੇ ਹੋਸ਼ ਵਿਚ ਆਉਣ ਮਗਰੋਂ ਸਭ ਤੋਂ ਪਹਿਲਾਂ ਆਪਣੇ ਚਿਹਰੇ ’ਤੇ ਹੱਥ ਫੇਰਦਿਆਂ ਕੋਲ ਬੈਠੀ ਮਾਂ ਨੂੰ ਇਹੋ ਪੁੱਛਿਆ, ‘‘ਮਾਂ, ਮੇਰਾ ਚਿਹਰਾ ਤਾਂ ਨਹੀਂ ਵਿਗੜਿਆ…?’’
‘‘ਨਾ ਬੇਟਾ, ਤੇਰੇ ਚਿਹਰੇ ਨੂੰ ਕੀ ਹੋਣਾ ਸੀ…?’’ ਸਰੋਜ ਦੀ ਮਾਂ ਨੇ ਭਰੇ ਦਿਲ ਨਾਲ ਉਸ ਪਲ ਉਸ ਦਾ ਦਿਲ ਰੱਖਣ ਲਈ ਝੂਠ ਦਾ ਸਹਾਰਾ ਲਿਆ ਪਰ ਅਸਲੀਅਤ ਸਾਹਮਣੇ ਆਉਣ ’ਤੇ ਸਰੋਜ ਜਿਵੇਂ ਕਿਸੇ ਉਚਾਈ ਤੋਂ ਹੇਠਾਂ ਡਿੱਗੀ ਸੀ। ਉਸ ਦੀ ਖ਼ੂਬਸੂਰਤੀ ਬਦਸੂਰਤੀ ਵਿਚ ਬਦਲ ਗਈ ਸੀ। ਉਸ ਦਾ ਅਹਿਮ ਜਿਵੇਂ ਟੁੱਟ ਗਿਆ ਸੀ। ਉਸ ਨੇ ਜਿਵੇਂ ਆਖ਼ਰੀ ਵਾਰ ਸ਼ੀਸ਼ਾ ਤੱਕਿਆ ਸੀ ਤੇ ਭੁੱਬਾਂ ਮਾਰ ਕੇ ਰੋਈ ਸੀ।
ਚਿਹਰਾ ਬਦਸੂਰਤ ਹੋਣ ਨਾਲ ਸਰੋਜ ਅੰਦਰੋਂ ਟੁੱਟ ਗਈ ਸੀ। ਉਸ ਦੀ ਆਤਮਾ ਵੀ ਜਿਵੇਂ ਚਿਹਰੇ ਵਾਂਗ ਹੀ ਜਲ ਗਈ ਹੋਵੇ। ਉਹ ਉਦਾਸ ਰਹਿਣ ਲੱਗੀ। ਮੰਗੇਤਰ ਨੇ ਇਕ ਵਾਰ ਫੋਨ ’ਤੇ ਪਤਾ ਲਿਆ ਤੇ ਫਿਰ ਕਦੇ ਫੋਨ ਨਾ ਆਇਆ ਤੇ ਇਹ ਰਿਸ਼ਤਾ ਟੁੱਟ ਗਿਆ। ਇਕ ਹੋਰ ਜ਼ਖ਼ਮ ਦਾਗ ਬਣ ਕੇ ਉਸ ਦੀ ਜ਼ਿੰਦਗੀ ’ਤੇ ਲੱਗ ਗਿਆ ਸੀ। ਸਰੋਜ ਨੇ ਟੁੱਟੇ ਦਿਲ ਨੂੰ ਵੀ ਸੰਭਾਲਣ ਦੀ ਕੋਸ਼ਿਸ਼ ਕੀਤੀ। ਉਸ ਦਾ ਇਹ ਹਾਲ ਪਿਤਾ ਤੋਂ ਸਹਾਰ ਨਾ ਹੋਇਆ ਤੇ ਉਹ ਬਿਮਾਰ ਰਹਿਣ ਲੱਗ ਪਏ ਤੇ ਫਿਰ ਇਕ ਦਿਨ ਸਰੋਜ ਦੇ ਸਿਰ ਤੋਂ ਇਹ ਸਾਇਆ ਵੀ ਉੱਠ ਗਿਆ। ਮਾਂ ਤੇ ਧੀ ਦੋਵੇਂ ਇਕ ਦੂਜੇ ਨਾਲ ਦੁੱਖ ਸਾਂਝੇ ਕਰਦੀਆਂ ਰਹਿੰਦੀਆਂ।
ਅਚਾਨਕ ਹੀ ਮਾਂ ਦੀ ਆਵਾਜ਼ ਸਰੋਜ ਨੂੰ ਅਤੀਤ ਤੋਂ ਬਾਹਰ ਲੈ ਆਈ, ‘‘ਸਰੋਜ, ਹੁਣ ਹੋਰ ਨਾ ਸੌਂ ਬੇਟਾ। ਰਾਤ ਨੂੰ ਨੀਂਦ ਨਹੀਂ ਆਉਣੀ। ਆ ਜਾ ਬਾਹਰ ਆ ਜਾ, ਵੇਖ ਤੇਰੀ ਮਨਪਸੰਦ ਦੀ ਸਬਜ਼ੀ ਬਣਾਉਣ ਲੱਗੀ ਆਂ।’’
ਸਰੋਜ ਨੇ ਦੇਖਿਆ ਕਿ ਬਾਹਰ ਹਲਕਾ ਹਨੇਰਾ ਪਸਰ ਰਿਹਾ ਸੀ। ਉਸ ਨੇ ਕਮਰੇ ਦੀ ਬੱਤੀ ਜਗਾਈ ਤੇ ਫਿਰ ਹੌਲੀ ਹੌਲੀ ਤੁਰਦੀ ਹੋਈ ਮਾਂ ਕੋਲ ਆ ਕੇ ਬੈਠ ਗਈ।
‘‘ਤੈਨੂੰ ਯਾਦ ਐ ਸਰੋਜ, ਪਹਿਲਾਂ ਜਦੋਂ ਤੇਰੀ ਮਨਪਸੰਦ ਦੀ ਸਬਜ਼ੀ ਬਣਾਉਂਦੀ ਸੀ ਤਾਂ ਤੂੰ ਕਿਵੇਂ ਨਿੱਕੀ ਜਿਹੀ ਖ਼ੁਸ਼ੀ ਨਾਲ ਚਹਿਕ ਉੱਠਦੀ ਸੀ ਪਰ ਹੁਣ ਤਾਂ ਤੂੰ ਜਿਵੇਂ ਹੱਸਣਾ ਹੀ ਭੁੱਲ ਗਈ। ਬੇਟਾ, ਏਦਾਂ ਕਦੋਂ ਤੱਕ ਚੱਲੇਗਾ? ਐਵੇਂ ਪੁਰਾਣੀਆਂ ਗੱਲਾਂ ਨੂੰ ਮਨ ਨਾਲ ਲਾ ਕੇ ਨਹੀਂ ਰੱਖਦੇ। ਤੂੰ ਤਾਂ ਮੇਰੀ ਸਿਆਣੀ ਧੀ ਹੈਂ ਤੇ ਸੋਹਣੀ…।’’ ਤੇ ਮਾਂ ਦੇ ਕਹੇ ਇਹ ਸ਼ਬਦ ਬੁੱਲ੍ਹਾਂ ’ਤੇ ਆਉਂਦੇ ਆਉਂਦੇ ਰੁਕ ਗਏ। ਸਰੋਜ ਨੇ ਮਾਂ ਵੱਲ ਦੇਖਿਆ ਤੇ ਚਿਹਰੇ ’ਤੇ ਨਕਲੀ ਮੁਸਕਰਾਹਟ ਲਿਆਉਣ ਦੀ ਕੋਸ਼ਿਸ਼ ਕਰਦਿਆਂ ਬੋਲੀ, ‘‘ਇਸ ਵਿੱਚ ਕੋਈ ਸ਼ੱਕ ਐ ਕਿ ਮੈਂ ਸੋਹਣੀ ਨਹੀਂ…? ਜਿਸ ਦੀ ਮਾਂ ਏਨੀ ਸੋਹਣੀ ਹੋਵੇ ਉਹ ਤਾਂ ਆਪੇ ਸੋਹਣੀ ਐ।’’ ਤੇ ਸਰੋਜ ਦੀ ਇਹ ਗੱਲ ਸੁਣ ਕੇ ਮਾਂ ਦੇ ਉਦਾਸ ਚਿਹਰੇ ’ਤੇ ਵੀ ਹਲਕੀ ਮੁਸਕਾਨ ਬਿਖਰ ਗਈ।
ਅਗਲੇ ਦਿਨ ਸਰੋਜ ਕਾਲਜ ਜਾਣ ਵਾਲੀ ਬੱਸ ਬੈਠੀ ਤਾਂ ਉਸ ਨੇ ਦੇਖਿਆ ਕਾਲਜ ਦੀ ਬੱਸ ਵਿਚ ਇਕ ਲੜਕਾ ਜਿਸ ਦੇ ਮੂੰਹ ’ਤੇ ਮਾਸਕ ਸੀ, ਬੱਸ ਦੀ ਬਾਰੀ ਕੋਲ ਖੜ੍ਹਾ ਸੀ ਤੇ ਵਾਰ ਵਾਰ ਉਸ ਵੱਲ ਦੇਖ ਰਿਹਾ ਸੀ। ਉਹ ਚੋਰ ਨਜ਼ਰ ਨਾਲ ਉਸ ਵੱਲ ਦੇਖ ਕੇ ਫਿਰ ਅਣਜਾਣ ਬਣ ਜਾਂਦੀ ਤੇ ਬੱਸ ਦੇ ਬਾਹਰ ਦੇਖਣ ਲੱਗਦੀ। ਇਹ ਸਿਲਸਿਲਾ ਕੁਝ ਦਿਨ ਚਲਦਾ ਰਿਹਾ।
ਤੇ ਇਕ ਦਿਨ ਤਾਂ ਸਰੋਜ ਡਰ ਹੀ ਗਈ। ਉਹ ਲੜਕਾ ਉਸ ਦਾ ਪਿੱਛਾ ਕਰ ਰਿਹਾ ਸੀ। ਕਾਲਜ ਦੇ ਅੰਦਰ ਵੜਨ ਤੋਂ ਪਹਿਲਾਂ ਉਸ ਲੜਕੇ ਨੇ ਆਵਾਜ਼ ਦਿੱਤੀ, ‘‘ਸੁਣੋ ਸਰੋਜ…।’’
ਆਪਣਾ ਨਾਂ ਉਸ ਲੜਕੇ ਦੇ ਮੂੰਹੋਂ ਸੁਣ ਕੇ ਸਰੋਜ ਨੂੰ ਹੈਰਾਨੀ ਹੋਈ। ਨਾਲ ਹੀ ਉਹ ਮੱਥੇ ’ਤੇ ਸ਼ਿਕਨ ਪਾਉਂਦੀ ਬੋਲੀ, ‘‘ਦੱਸੋ ਕੀ ਕੰਮ ਐ…?’’
‘‘ਮੈਂ ਤੁਹਾਡੇ ਨਾਲ ਗੱਲ ਕਰਨੀ ਹੈ। ਘਬਰਾਓ ਨਾ ਮੈਨੂੰ ਜਾਨਣ ਤੋਂ ਬਾਅਦ ਤੁਹਾਡਾ ਸਾਰਾ ਡਰ ਜਾਂਦਾ ਰਹੇਗਾ। ਸ਼ਾਇਦ ਤੁਸੀਂ ਮੇਰੇ ’ਤੇ ਤਰਸ ਵੀ ਖਾਓ।’’ ਅਣਜਾਣ ਲੜਕੇ ਨੇ ਕਿਹਾ ਤਾਂ ਸਰੋਜ ਉਸ ਦੀਆਂ ਬੁਝਾਰਤਾਂ ਸਮਝ ਨਾ ਸਕੀ। ਫਿਰ ਘੜੀ ’ਤੇ ਸਮਾਂ ਦੇਖਦੇ ਬੋਲੀ, ‘‘ਜਲਦੀ ਦੱਸੋ। ਮੈਂ ਤੁਹਾਨੂੰ ਪਛਾਣਿਆ ਨਹੀਂ।’’
‘‘ਬਸ ਪੰਜ ਮਿੰਟ ਲਵਾਂਗਾ…।’’ ਕਹਿ ਕੇ ਉਸ ਲੜਕੇ ਨੇ ਆਪਣੇ ਮੂੰਹ ਤੋਂ ਮਾਸਕ ਲਾਹ ਦਿੱਤਾ ਤਾਂ ਸਰੋਜ ਦੀ ਹੈਰਾਨੀ ਦੀ ਹੱਦ ਨਾ ਰਹੀ। ਅਤੀਤ ਉਸ ਦੇ ਸਾਹਮਣੇ ਆ ਖੜ੍ਹਾ ਹੋਇਆ ਸੀ। ਉਸ ਦਾ ਮੰਗੇਤਰ ਅਵਿਨਾਸ਼ ਕਿੰਨੇ ਸਾਲ ਬਾਅਦ ਉਸ ਦੇ ਸਾਹਮਣੇ ਸੀ।
‘‘ਤੁਸੀਂ…?’’ ਸਰੋਜ ਦੇ ਮੂੰਹੋਂ ਇੰਨਾ ਹੀ ਨਿਕਲਿਆ ਤਾਂ ਅਵਿਨਾਸ਼ ਨੇ ਕਹਿਣਾ ਸ਼ੁਰੂ ਕੀਤਾ, ‘‘ਤੁਹਾਡਾ ਮੋਬਾਈਲ ਨੰਬਰ ਤਾਂ ਸ਼ਾਇਦ ਬਦਲ ਗਿਆ। ਇਸ ਲਈ ਕਦੇ ਸੰਪਰਕ ਨਾ ਹੋ ਸਕਿਆ। ਪਤਾ ਲੱਗਾ ਕਿ ਤੁਸੀਂ ਇਸ ਕਾਲਜ ਵਿਚ ਪੜ੍ਹਾਉਂਦੇ ਹੋ। ਮੈਂ ਤੁਹਾਡੇ ਘਰ ਆਉਣ ਦੀ ਕਦੇ ਹਿੰਮਤ ਨਹੀਂ ਜੁਟਾ ਪਾਇਆ। ਤੁਹਾਡੇ ਨਾਲ ਜਦੋਂ ਮੰਦਭਾਗੀ ਘਟਨਾ ਹੋਈ ਤਾਂ ਮੈਂ ਹੀ ਇਹ ਰਿਸ਼ਤਾ ਤੋੜ ਦਿੱਤਾ ਸੀ। ਇਹ ਸੋਚ ਕੇ ਕਿ ਔਰਤ ਦੀ ਸੁੰਦਰਤਾ ਉਸ ਦੇ ਚਿਹਰੇ ਵਿੱਚ ਹੁੰਦੀ ਹੈ ਪਰ ਸਮੇਂ ਨੇ ਮੈਨੂੰ ਅਜਿਹਾ ਸਬਕ ਦਿੱਤਾ ਕਿ ਮੈਨੂੰ ਜਾਪਿਆ ਜਿਵੇਂ ਇਹ ਤੁਹਾਡੀ ਬਦਦੁਆ ਦਾ ਨਤੀਜਾ ਹੈ ਜਿਸ ਦਾ ਪਸ਼ਚਾਤਾਪ ਮੈਨੂੰ ਇਸੇ ਜਨਮ ਵਿੱਚ ਕਰਨਾ ਚਾਹੀਦਾ ਹੈ। ਤੁਹਾਡੇ ਲਈ ਨਹੀਂ ਆਪਣੇ ਲਈ…। ਤੁਹਾਡੇ ਨਾਲ ਰਿਸ਼ਤਾ ਤੋੜਨ ਮਗਰੋਂ ਬਿਜ਼ਨਸ ਵਿੱਚ ਬਹੁਤ ਵੱਡਾ ਘਾਟਾ ਪਿਆ। ਪਿਤਾ ਜੀ ਚੱਲ ਵਸੇ। ਮੈਂ ਕਰਜ਼ਾਈ ਹੋ ਗਿਆ ਤੇ ਗ਼ਲਤ ਸੰਗਤ ਦਾ ਸ਼ਿਕਾਰ। ਰਿਸ਼ਤੇਦਾਰਾਂ ਨੇ ਮੈਥੋਂ ਮੂੰਹ ਫੇਰ ਲਿਆ। ਮੈਂ ਅੰਦਰੋਂ ਟੁੱਟ ਗਿਆ। …ਸਰੋਜ ਕੀ ਮੈਂ ਤੈਨੂੰ ਅਪਣਾ ਸਕਦਾ ਹਾਂ? ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ। ਇਸ ਲਈ ਨਹੀਂ ਕਿ ਮੈਨੂੰ ਤੇਰਾ ਸਹਾਰਾ ਚਾਹੀਦਾ ਹੈ। ਇਸ ਲਈ ਕਿ ਮੈਂ ਜੋ ਤੇਰੇ ਨਾਲ ਔਖੇ ਸਮੇਂ ਵਿੱਚ ਕੀਤਾ ਰੱਬ ਨੇ ਮੈਨੂੰ ਮੇਰੇ ਕੀਤੇ ਦੀ ਸਜ਼ਾ ਦੇ ਦਿੱਤੀ। ਮੈਨੂੰ ਤੇਰੇ ਜਿਹੀ ਹੀ ਖ਼ੂਬਸੂਰਤ ਸੀਰਤ ਵਾਲੇ ਸਾਥੀ ਦੀ ਲੋੜ ਹੈ। ਕੀ ਮੈਂ ਤੇਰਾ ਇੰਤਜ਼ਾਰ ਕਰਾਂ…?’’
ਸਰੋਜ ਮੂੰਹੋਂ ਕੁਝ ਨਾ ਬੋਲੀ ਤੇ ਹਲਕੀ ਜਿਹੀ ਮੁਸਕਾਨ ਨਾਲ ਅਵਿਨਾਸ਼ ਵੱਲ ਦੇਖਦੀ ਹੋਈ ਤੇਜ਼ ਕਦਮੀਂ ਕਾਲਜ ਦੇ ਅੰਦਰ ਜਾਣ ਲੱਗੀ। ਅਵਿਨਾਸ਼ ਉਸ ਨੂੰ ਜਾਂਦਾ ਦੇਖਦਾ ਰਹਿ ਗਿਆ। ਉਸ ਨੂੰ ਸਰੋਜ ਦੀ ਚਾਲ ਤੋਂ ਇੰਝ ਪ੍ਰਤੀਤ ਹੋ ਰਿਹਾ ਸੀ ਜਿਵੇਂ ਉਸ ਨੇ ਉਸ ਨੂੰ ਉੱਥੇ ਹੀ ਖਲੋ ਕੇ ਇੰਤਜ਼ਾਰ ਦਾ ਸੰਕੇਤ ਦਿੱਤਾ ਸੀ।
ਸੰਪਰਕ: 98723-25960