ਜਸਬੀਰ ਭੁੱਲਰ
ਮੈਂ ਲੇਖਕ ਹੋਣਾ ਚਾਹੁੰਦਾ ਸਾਂ।
ਨਾ ਮੈਨੂੰ ਲਿਖਣ ਦੀ ਜਾਚ ਸੀ ਤੇ ਨਾ ਲਿਖਣ ਵੇਲੇ ਦੀ ਪਛਾਣ!
ਲਿਖਣ ਵੇਲੇ ਲਈ ਬੀਅ ਮੇਰੇ ਨੇੜੇ-ਤੇੜੇ ਹੀ ਖਿਲਰੇ ਪਏ ਸਨ। ਉਨ੍ਹਾਂ ਬੀਆਂ ਨੇ ਮੇਰੀਆਂ ਕਹਾਣੀਆਂ ਬਣਨਾ ਸੀ, ਮੇਰੇ ਨਾਵਲਾਂ ਦਾ ਰੂਪ ਲੈਣਾ ਸੀ, ਬਾਲ ਸਾਹਿਤ ਹੋ ਜਾਣਾ ਸੀ ਤੇ ਜਾਂ ਕੁਝ ਵੀ ਹੋਰ।
ਉਹ ਬੀਅ ਉੱਥੇ ਹੀ ਪਏ ਰਹਿ ਜਾਣੇ ਸਨ। ਮੈਨੂੰ ਉਨ੍ਹਾਂ ਬੀਆਂ ਦੀ ਪਛਾਣ ਨਹੀਂ ਸੀ।
ਮੇਰੇ ਅੰਦਰ ਕੋਈ ਬੈਠਾ ਹੋਇਆ ਸੀ। ਉਹਨੇ ਉਹ ਬੀਅ ਅਛੋਪਲੇ ਹੀ ਚੁਣ ਲਏ ਸਨ। ਉਹਨੇ ਮੈਨੂੰ ਪੁੱਛਿਆ ਨਹੀਂ ਸੀ, ਦੱਸਿਆ ਵੀ ਨਹੀਂ ਸੀ।
ਉਹ ਬੀਅ ਗਾਹੇ-ਬਗਾਹੇ ਫੁੱਟਣ ਲੱਗ ਪਏ ਸਨ।
ਉਹ ਸਾਰੇ ਦੇ ਸਾਰੇ ਬੀਅ ਅਤੀਤ ਦੇ ਸਨ। ਜਾਪਿਆ, ਵਰਤਮਾਨ ਝਟ-ਪਟ ਸਾਹਿਤ ਨਹੀਂ ਬਣਦਾ, ਅਤੀਤ ਹੋ ਜਾਣ ਪਿੱਛੋਂ ਬਣਦਾ ਹੈ। ਤਾਂ ਹੀ ਉਹ ਬੀਅ ਚਿਰ ਬਾਅਦ ਫੁੱਟੇ ਸਨ।
ਕਲਪਨਾ ਨੇ ਕਿਹਾ, ਮੈਂ ਵੀ ਤਾਂ ਕੋਲ ਹਾਂ ਤੇਰੇ।
ਅਸੀਂ ਤਿੰਨ ਹੋ ਗਏ ਸਾਂ, ਬੀਅ, ਕਲਪਨਾ ਤੇ ਮੈਂ।
ਤਿੰਨ ਜਣੇ ਰਲ ਕੇ ਸਾਹਿਤ ਬੁਣਨ ਲੱਗ ਪਏ।
* * *
ਉਦੋਂ ਮੈਂ ਬਹੁਤ ਕਿਤਾਬਾਂ ਪੜ੍ਹੀਆਂ ਸਨ।
ਪੜ੍ਹਦਿਆਂ, ਪੜ੍ਹਦਿਆਂ ਕਈ ਵਾਰ ਲੇਖਕ ਦੀ ਸ਼ਬਦਾਂ ਨਾਲ ਬਣਾਈ ਹੋਈ ਦੁਨੀਆਂ ਜਿਊਂਦੀ ਹੋ ਜਾਂਦੀ ਸੀ। ਮਨ ਵਿਚ ਆਉਂਦਾ ਸੀ, ਲੇਖਕ ਨੂੰ ਲੱਭ ਕੇ ਪੁੱਛਾਂ, ‘‘ਇਹ ਜਾਦੂਗਰੀ ਤੂੰ ਕਿਸ ਤਰ੍ਹਾਂ ਕਰ ਲੈਂਦਾ ਹੈਂ?’’
ਚੰਗੀ ਕਿਤਾਬ ਪੜ੍ਹ ਕੇ ਜੀਅ ਕਰਦਾ ਸੀ, ਉਸ ਲੇਖਕ ਵਾਂਗੂੰ ਲਿਖਾਂ, ਪਰ ਮੈਂ ਉਸ ਤਰ੍ਹਾਂ ਲਿਖਦਾ ਨਹੀਂ ਸੀ। ਮੈਂ ਪਿੰਡ ਦਾ ਜੰਮਿਆ ਪਲਿਆ ਸਾਂ। ਘਰ ਦਾ ਕਿੱਤਾ ਵਾਹੀ-ਖੇਤੀ ਦਾ ਸੀ। ਮੈਂ ਰੁੱਖਾਂ, ਬੂਟਿਆਂ ਨੂੰ ਜਾਣਦਾ ਸਾਂ। ਮੈਨੂੰ ਪਤਾ ਸੀ, ਵੱਡੇ ਰੁੱਖ ਹੇਠ ਨਿੱਕਾ ਬੂਟਾ ਵਧਦਾ ਫੁਲਦਾ ਨਹੀਂ, ਸੁੱਕ ਜਾਂਦਾ ਹੈ ਤੇ ਜਾਂ ਫਿਰ ਬੌਣਾ ਰਹਿ ਜਾਂਦਾ ਹੈ।
ਕਿਸੇ ਵੀ ਲੇਖਕ ਨੂੰ, ਕਿਸੇ ਵੀ ਹੋਰ ਲੇਖਕ ਵਾਂਗ ਲਿਖਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
ਮੈਨੂੰ ਵੀ ਆਪਣੇ ਵਾਂਗੂੰ ਹੀ ਲਿਖਣਾ ਚਾਹੀਦਾ ਸੀ।
* * *
ਇਕ ਵਾਰ ਕਹਾਣੀ ਦੀ ਲਿਖਣ-ਜਾਚ ਬਾਰੇ ਸਕੂਲੀ ਬੱਚਿਆਂ ਨਾਲ ਗੱਲਾਂ ਕਰਨ ਦਾ ਅਵਸਰ ਮਿਲਿਆ ਸੀ। ਸਾਹਿਤਕ ਰੁਚੀਆਂ ਵਾਲੇ ਉਹ ਬੱਚੇ ਚਾਲੀ ਸਨ। ਪੰਜਾਬ ਸਾਹਿਤ ਅਕਾਦਮੀ ਨੇ ਉਹ ਬੱਚੇ ਪੰਜਾਬ ਦੇ ਸਕੂਲਾਂ ਵਿਚੋਂ ਲੱਭੇ ਸਨ।
ਅੱਠਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਉਹ ਮੁੰਡੇ ਕੁੜੀਆਂ ਲੇਖਕ ਹੋਣਾ ਚਾਹੁੰਦੇ ਸਨ।
ਲੇਖਕ ਹੋਣ ਦੇ ਉਨ੍ਹਾਂ ਦੇ ਫ਼ੈਸਲੇ ਤੋਂ ਪਹਿਲਾਂ ਕੁਝ ਨੁਕਤੇ ਵਿਚਾਰਨ ਦੀ ਵੀ ਲੋੜ ਸੀ।
ਮੈਂ ਪੁੱਛਿਆ ਸੀ, ‘‘ਕੀ ਤੁਸੀਂ ਸਾਰੇ ਸੱਚਮੁੱਚ ਹੀ ਲੇਖਕ ਹੋਣਾ ਚਾਹੁੰਦੇ ਹੋ?’’
ਉਨ੍ਹਾਂ ਜੋਸ਼ ਅਤੇ ਉਤਸ਼ਾਹ ਵਿਚ ਹੱਥ ਖੜ੍ਹੇ ਕੀਤੇ ਸਨ।
‘‘ਕੀ ਤੁਸੀਂ ਇਸ ਲਈ ਲੇਖਕ ਬਣਨਾ ਚਾਹੁੰਦੇ ਹੋ ਕਿ ਮਸ਼ਹੂਰ ਹੋਈਏ ਤੇ ਲੋਕ ਤੁਹਾਨੂੰ ਜਾਣਨ?’’
ਜੁਆਬ ਦੇਣ ਵੇਲੇ ਉਨ੍ਹਾਂ ਬੱਚਿਆਂ ਦਾ ਉਤਸ਼ਾਹ ਮੱਠਾ ਨਹੀਂ ਸੀ ਪਿਆ।
ਮੇਰੀ ਅਗਲੀ ਗੱਲ ਕੁਝ ਨਿਰਾਸ਼ ਕਰਨ ਵਾਲੀ ਸੀ। ਮੈਂ ਦੱਸਿਆ, ‘‘ਜੇ ਤੁਸੀਂ ਮਸ਼ਹੂਰ ਹੋਣ ਲਈ ਲੇਖਕ ਬਣਨਾ ਹੈ ਤਾਂ ਬਿਲਕੁਲ ਨਾ ਬਣੋ। ਐਕਟਰ ਅਤੇ ਸਿਆਸਤਦਾਨ ਲੇਖਕਾਂ ਨਾਲੋਂ ਕਿਤੇ ਵੱਧ ਮਸ਼ਹੂਰ ਹੁੰਦੇ ਨੇ। ਉਨ੍ਹਾਂ ਨੂੰ ਬਹੁਤੀ ਮਿਹਨਤ ਵੀ ਨਹੀਂ ਕਰਨੀ ਪੈਂਦੀ।
ਲੇਖਕ ਦਾ ਕੰਮ ਤਾਂ ਧੂਣੀ ਰਮਾ ਕੇ ਇਕਾਂਤ ਵਿਚ ਬੈਠੇ ਰਿਸ਼ੀ ਦੇ ਤਪ ਵਰਗਾ ਹੈ। ਲੇਖਕ ਦਾ ਤਪ ਉਮਰ ਭਰ ਦਾ ਹੈ।
…ਤੇ ਮਸ਼ਹੂਰੀ?
ਲੇਖਕ ਦੀ ਪ੍ਰਸਿੱਧੀ ਸੀਮਤ ਹੁੰਦੀ ਹੈ। ਉਹ ਪ੍ਰਸਿੱਧੀ ਉਹਨੂੰ ਮਿਲਦੀ ਵੀ ਪਛੜ ਕੇ ਹੈ। ਪਰ ਲੇਖਕ ਦੀ ਪ੍ਰਸਿੱਧੀ ਦੀ ਉਮਰ ਬਹੁਤ ਲੰਮੀ ਹੁੰਦੀ ਹੈ ਕਿਉਂਕਿ ਉਸ ਦੀ ਕਿਤਾਬ ਨੇ ਵਰ੍ਹਿਆਂ ਤੱਕ ਜਿਊਂਦਿਆਂ ਰਹਿਣਾ ਹੁੰਦਾ ਹੈ। ਸਾਹਾਂ ਵਾਲੇ ਸ਼ਬਦ ਮਰਦੇ ਨਹੀਂ ਹੁੰਦੇ।
‘‘ਮਨ ਦੇ ਹੁੰਗਾਰੇ ਤੋਂ ਪਿੱਛੋਂ ਤਾਂ ਭਾਵੇਂ ਲਿਖਣਾ ਸ਼ੁਰੂ ਕਰ ਦੇਈਏ?’’ ਇਹ ਸੁਆਲ ਕਈਆਂ ਦੀ ਜ਼ੁਬਾਨ ਉੱਤੇ ਸੀ।
ਮੇਰੀਆਂ ਲਿਖਤਾਂ ਨੇ ਮੈਨੂੰ ਬਿਨਾਂ ਪੁੱਛਿਆਂ ਕਈ ਜੁਆਬ ਵੀ ਦਿੱਤੇ ਸਨ। ਉਹ ਜੁਆਬ ਮੈਂ ਉਨ੍ਹਾਂ ਬੱਚਿਆਂ ਨਾਲ ਸਾਂਝੇ ਕੀਤੇ।
ਲੇਖਣੀ ਦਾ ਪਹਿਲਾ ਸ਼ਬਦ ਲਿਖਣ ਤੋਂ ਪਹਿਲਾਂ ਆਪਣੇ ਨਾਂ ਬਾਰੇ ਵੀ ਸੋਚੋ। ਨਾਂ ਖਿੱਚ ਵਾਲਾ ਵੀ ਹੋਵੇ ਤੇ ਚੇਤੇ ਵਿਚ ਰਹਿਣ ਵਾਲਾ ਵੀ। ਮੈਂ ਉਨ੍ਹਾਂ ਕੁਝ ਲੇਖਕਾਂ ਨੂੰ ਜਾਣਦਾ ਹਾਂ, ਜਿਹੜੇ ਚੰਗਾ ਲਿਖਦੇ ਸਨ, ਪਰ ਉਨ੍ਹਾਂ ਦਾ ਨਾਂ ਨਾਵਾਂ ਦੀ ਭੀੜ ਵਿਚ ਗੁਆਚਣ ਵਾਲਾ ਸੀ ਤੇ ਗੁਆਚ ਗਿਆ ਤੇ ਚੰਗੀਆਂ ਲਿਖਤਾਂ ਵੀ ਗੁਆਚ ਗਈਆਂ।
ਨਾਂ ਬਦਲਣਾ ਬੜਾ ਔਖਾ ਹੁੰਦਾ ਏ। ਬੰਦੇ ਦਾ ਆਪਣੇ ਨਾਂ ਨਾਲ ਮੋਹ ਹੁੰਦਾ ਏ। ਉਹਦਾ ਉਹ ਨਾਂ ਮਾਂ-ਪਿਓ ਨੇ ਰੱਖਿਆ ਹੋਇਆ ਹੁੰਦਾ ਏ ਤੇ ਜਾਂ ਕਿਸੇ ਉਹਦੇ ਬਹੁਤ ਪਿਆਰੇ ਰਿਸ਼ਤੇ ਨੇ। ਥੋੜ੍ਹੀ ਜਿਹੀ ਰੱਦੋ-ਬਦਲ ਨਾਲ ਨਾਮ ਵਿਚ ਮਿਕਨਾਤੀਸੀ ਖਿੱਚ ਪੈਦਾ ਹੋ ਸਕਦੀ ਹੈ।
ਇਕ ਗੱਲ ਹੋਰ ਵੀ ਉਨ੍ਹਾਂ ਬੱਚਿਆਂ ਨੂੰ ਮੈਂ ਜ਼ੋਰ ਦੇ ਕੇ ਆਖੀ ਸੀ। ਬੱਚਿਓ, ਲਿਖਣ ਦੇ ਕਿੱਤਾ ਹੋਣ ਦਾ ਭਰਮ ਨਾ ਪਾਲਿਓ। ਲੇਖਕ ਦੀ ਅਮੀਰੀ ਨਿਗੂਣੇ ਸਿੱਕਿਆਂ ਨਾਲੋਂ ਕਿਤੇ ਵੱਡੀ ਹੈ। ਲਿਖਣਾ ਮਨ ਦਾ ਚਾਅ ਹੁੰਦਾ ਹੈ, ਅੰਤਾਂ ਦਾ ਸਕੂਨ ਹੁੰਦਾ ਹੈ। ਲਿਖਣਾ ਤਣਾਅ ਨੂੰ ਪਰ੍ਹਾਂ ਰੱਖਦਾ ਏ ਤੇ ਖ਼ੁਸ਼ੀ ਨੂੰ ਨੇੜੇ ਲੈ ਕੇ ਆਉਂਦਾ ਏ। ਸ਼ਬਦਾਂ ਨਾਲ ਤਾਂ ਤੁਸੀਂ ਆਪਣੀ ਮਰਜ਼ੀ ਦੀ ਦੁਨੀਆਂ ਸਿਰਜ ਲਵੋ ਭਾਵੇਂ।
ਲਿਖਣਾ ਆਨੰਦ ਦੀ ਚਰਮ ਸੀਮਾ ਹੈ। ਆਪਣੀ ਭੂਮਿਕਾ ਮੁਕਾਉਣ ਵੇਲੇ ਮੈਂ ਉਨ੍ਹਾਂ ਪੁੰਗਾਰੇ ਵਾਲੇ ਲੇਖਕਾਂ ਨੂੰ ਅਹਿਮ ਗੱਲ ਦੱਸੀ ਸੀ, ‘‘ਤੁਹਾਡਾ ਧਰਮ, ਜਾਤ, ਗੋਤ ਕੋਈ ਵੀ ਹੋਵੇ, ਉਹ ਤੁਹਾਡਾ ਨਿੱਜ ਹੈ। ਇਸ ਨੂੰ ਲਿਖਤ ਤੋਂ ਪਰ੍ਹਾਂ ਰੱਖੋ।’’
ਲੇਖਕ ਨਿਰੋਲ ਮਨੁੱਖ ਹੁੰਦਾ ਹੈ। ਨਿਆਂ ਦੀ ਕੁਰਸੀ ਉੱਤੇ ਬੈਠਾ ਹੋਇਆ ਹੁੰਦਾ ਹੈ। ਉਹ ਆਪਣੇ ਕਿਰਦਾਰਾਂ ਨੂੰ ਤਾਂ ਹੀ ਨਿਆਂ ਦੇ ਸਕੂ ਜੇ ਉਹ ਧਿਰ ਨਹੀਂ ਬਣਦਾ।
ਲੇਖਕ ਦੀ ਕਹਾਣੀ ਦੇ ਕਿਰਦਾਰ ਉਹਦੇ ਟੱਬਰ ਦੇ ਜੀਅ ਹਨ। ਉਨ੍ਹਾਂ ਬਾਰੇ ਲਿਖਣ ਲੱਗਿਆਂ ਉਹ ਧਰਮ ਤੇ ਜਾਤ-ਗੋਤ ਕੋਈ ਕੰਧ ਨਾ ਖੜ੍ਹੀ ਕਰੇ।
ਨਿਰੋਲ ਮਨੁੱਖ ਹੋਣਾ ਹਰ ਲੇਖਕ ਦੇ ਸੁਭਾਅ ਅਤੇ ਵਿਸ਼ਵਾਸ ਦਾ ਅਹਿਮ ਅੰਗ ਹੋਵੇ, ਇਹ ਅਤਿ ਜ਼ਰੂਰੀ ਹੈ।
ਲਿਖਣਾ ਸ਼ੁਰੂ ਕਰਨ ਤੋਂ ਪਹਿਲਾਂ ਹੁਣ ਏਨਾ ਕੁ ਵੀ ਦੱਸ ਦਿਉ, ਕੀ ਕਦੀ ਇਕੱਲੇ ਬੈਠੇ ਕੁਝ ਬੁਣਤੀਆਂ ਬੁਣਦੇ ਹੋ? ਕੱਚੀਆਂ ਕੰਧਾਂ ਦੇ ਖਲੇਪੜ ਉੱਤਰੇ ਹੋਏ ਦਿਸਣ ਤਾਂ ਕੀ ਤੁਹਾਨੂੰ ਉਨ੍ਹਾਂ ਵਿਚ ਚਿਹਰੇ ਦਿਸਦੇ ਹਨ? ਕੀ ਤੁਹਾਡੀ ਕਲਪਨਾ ਉਡਾਰੀਆਂ ਭਰਦੀ ਹੈ? ਜੇ ਤੁਹਾਡਾ ਜੁਆਬ ਹਾਂ ਹੈ ਤਾਂ ਤੁਹਾਨੂੰ ਲੇਖਕ ਹੋਣਾ ਚਾਹੀਦਾ ਹੈ।
* * *
ਹੁਣ ਤਾਂ ਮੇਰਾ ਲਿਖਣ ਦਾ ਸਫ਼ਰ ਕਈ ਵਰ੍ਹੇ ਲੰਮਾ ਹੋ ਗਿਆ ਹੈ।
ਰਾਹ ਵਿਚ ਮੈਂ ਘੋਗੇ, ਸਿੱਪੀਆਂ ਵੀ ਇਕੱਠੀਆਂ ਕੀਤੀਆਂ ਨੇ, ਮੋਤੀ ਵੀ ਚੁਗੇ ਨੇ। ਜ਼ਿੰਦਗੀ ਲਿਖਣ ਦੀ ਜਾਚ ਆਪੇ ਦੱਸਣ ਲੱਗ ਪਈ ਸੀ।
ਕਿਤਾਬਾਂ ਨੇ ਵੀ ਬੜਾ ਕੁਝ ਸਮਝਾਇਆ ਸੀ।
ਵਡੇਰੇ ਬੇਸ਼ਕ ਅਵੇਸਲੇ ਸਨ ਅਤੇ ਕੁਝ ਜੁਆਬਾਂ ਪ੍ਰਤੀ ਅਸਪਸ਼ਟ ਵੀ, ਪਰ ਕਈ ਵਾਰ ਸਹਿਜ ਭਾਅ ਗੱਲ ਕਰਦਿਆਂ ਸਿਰਜਣਾ ਦਾ ਕੋਈ ਭੇਤ ਕਹਿ ਵੀ ਦਿੰਦੇ ਸਨ। ਤੁਸੀਂ, ਜੋ ਲੇਖਕ ਹੋਣਾ ਚਾਹੁੰਦੇ ਹੋ, ਉਨ੍ਹਾਂ ਨਾਲ ਗੱਲਾਂ ਕਰਿਓ। ਆਪਣੇ ਵੱਡੇ ਲੇਖਕਾਂ ਨੂੰ ਬਹੁਤ ਸਾਰਾ ਪੜ੍ਹਿਓ ਵੀ। ਮੇਰੀਆਂ ਥੋੜ੍ਹੀਆਂ ਜਿਹੀਆਂ ਗੱਲਾਂ ਤੋਂ ਬਾਅਦ ਹੋਰ ਵੀ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗੂ।
ਜਗਿਆਸਾ ਦੇ ਸੁਆਲ ਕਦੀ ਆਖ਼ਰੀ ਨਹੀਂ ਹੁੰਦੇ ਅਤੇ ਨਾ ਹੀ ਕਦੀ ਜੁਆਬ ਆਖ਼ਰੀ ਹੁੰਦੇ ਹਨ।
ਸਿਰਫ਼ ਵਕਤ ਹੀ ਨਹੀਂ, ਸਾਹਿਤ ਵੀ ਤੁਰਦਾ ਹੈ, ਲਗਾਤਾਰ ਤੁਰਦਾ ਹੈ। ਕਮਾਲ ਇਹ ਵੀ ਹੈ ਕਿ ਦੋਵੇਂ ਇਕ-ਦੂਜੇ ਦਾ ਹੱਥ ਫੜ ਕੇ ਤੁਰਦੇ ਨੇ।