ਲਾਸਾਨੀ ਕੁਰਬਾਨੀ
ਬਾਬੂ ਫਿਰੋਜ਼ ਦੀਨ ਸ਼ਰਫ਼
ਡਿੱਠਾ ਪਿੰਜਰਾ ਲੋਹੇ ਦਾ ਇੱਕ ਬਣਿਆ
ਜੀਹਦੇ ਵਿੱਚ ਭੀ ਸਨ ਸੂਏ ਜੜੇ ਹੋਏ।
ਓਹਦੇ ਵਿੱਚ ਇੱਕ ਰੱਬੀ ਉਤਾਰ ਵੇਖੇ
ਬੁਲਬੁਲ ਵਾਂਗ ਬੇਦੋਸ਼ੇ ਹੀ ਫੜੇ ਹੋਏ।
ਸੀਖਾਂ ਤਿੱਖੀਆਂ ਵਾੜ ਸੀ ਕੰਡਿਆਂ ਦੀ
ਫੁੱਲ ਵਾਂਗ ਵਿਚਕਾਰ ਸਨ ਖੜੇ ਹੋਏ।
ਚੀਂਘਾਂ ਖੁੱਭੀਆਂ ਤੇ ਰਗੜਾਂ ਛਿੱਲ ਦਿੱਤੇ,
ਹੱਥ ਪੈਰ ਵਿੱਚ ਬੇੜੀਆਂ ਕੜੇ ਹੋਏ।
ਰੋਮ ਦਾੜ੍ਹੇ ਪਵਿਤ੍ਰ ਦੇ ਖਿੱਲਰੇ ਓਹ,
ਕਿਰਨਾਂ ਚਮਕੀਆਂ ਹੋਈਆਂ ਅਕਾਸ਼ ਅੰਦਰ।
ਉੱਠਣ ਲੱਗਿਆਂ ਰੱਬ ਦੀ ਯਾਦ ਅੰਦਰ।
ਸੂਏ ਸਾਮ੍ਹਣੇ ਸੀਨੇ ਨੂੰ ਵੱਜਦੇ ਸਨ।
ਵੱਜ ਵੱਜ ਕੇ ਭੁਰਭੁਰੀ ਸੂਲ ਵਾਂਗੂੰ
ਫੱਟਾਂ ਡੂੰਘਿਆਂ ਵਿੱਚ ਹੀ ਭੱਜਦੇ ਸਨ।
ਕਾਲੇ ਬਿਸੀਅਰ ਪਹਾੜਾਂ ਦੇ ਆਏ ਹੋਏ,
ਡੰਗ ਮਾਰਦੇ ਮੂਲ ਨ ਰੱਜਦੇ ਸਨ।
ਪਹਿਰੇਦਾਰ ਬੀ ਧੂੜ ਕੇ ਲੂਣ ਜ਼ਾਲਮ,
ਉੱਤੋਂ ਵਹਿੰਦੀਆਂ ਰੱਤਾਂ ਨੂੰ ਕੱਜਦੇ ਸਨ।
ਫ਼ਤਹ ਸਿੰਘ ਨੇ ਜਿਨ੍ਹਾਂ ਨੂੰ ਨਾਲ ਲੈ ਕੇ,
ਫ਼ਤਹ ਪਾਈ ਸੀ ਮੁਲਕ ਆਸਾਮ ਉੱਤੇ।
ਘੇਰਾ ਪਿਆ ਸੀ ਸੈਂਕੜੇ ਸੂਲੀਆਂ ਦਾ,
ਅਜ ਓਸੇ ਮਨਸੂਰ ਵਰਯਾਮ ਉੱਤੇ।
ਇੱਕ ਕੈਦ ਪ੍ਰਦੇਸ ਦੀ ਸਾਂਗ ਸੀਨੇ,
ਤੇਹ ਭੁੱਖ ਪਈ ਦੂਸਰੀ ਮਾਰ ਦੀ ਏ।
ਤੀਜੀ ਖੇਡਦੀ ਅੱਖੀਆਂ ਵਿੱਚ ਪੁਤਲੀ,
ਨੌਵਾਂ ਵਰਿਹਾਂ ਦੇ ਦਸਮ ਦਿਲਦਾਰ ਦੀ ਏ।
ਚੌਥੇ ਕੜਕ ਕੇ ਪਿਆ ਜਲਾਦ ਕਹਿੰਦਾ,
ਮੁੱਠ ਹੱਥ ਦੇ ਵਿੱਚ ਤਲਵਾਰ ਦੀ ਏ।
ਕਰਾਮਾਤ ਵਿਖਾਓ ਜਾਂ ਸੀਸ ਦਿਓ,
ਬੱਸ ਗੱਲ ਇਹ ਆਖਰੀ ਵਾਰ ਦੀ ਏ।
ਪੰਜਵਾਂ ਨਾਲ ਦੇ ਪੰਜਾਂ ਪਿਆਰਿਆਂ ਦਾ,
ਜੱਥਾ ਕੈਦ ਹੋ ਗਿਆ ਛੁਡੌਣ ਵਾਲਾ।
ਰੱਬ ਬਾਝ ਪ੍ਰਦੇਸੀਆਂ ਬੰਦਿਆਂ ਦੀ,
ਦਿੱਸੇ ਕੋਈ ਨ ਭੀੜ ਵੰਡੋਣ ਵਾਲਾ।
ਦੂਜੀ ਨੁੱਕਰੇ ਪਿਆ ਜਲਾਦ ਆਖੇ,
ਮਤੀ ਦਾਸ ਹੁਨ ਹੋਰ ਨ ਗੱਲ ਹੋਵੇ।
ਛੇਤੀ ਦੱਸ ਜੋ ਆਖਰੀ ਇੱਛਿਆ ਈ,
ਏਸੇ ਥਾਂ ਹਾਜ਼ਰ ਏਸੇ ਪਲ ਹੋਵੇ।
ਉਹਨੇ ਆਖਯਾ ਹੋਰ ਕੋਈ ਇਛਯਾ ਨਹੀਂ,
ਔਕੜ ਆਖਰੀ ਮੇਰੀ ਇਹ ਗੱਲ ਹੋਵੇ।
ਮੇਰੇ ਸੀਸ ਉੱਤੇ ਜਦੋਂ ਚਲੇ ਆਰਾ,
ਮੇਰਾ ਮੂੰਹ ਗੁਰ ਪਿੰਜਰੇ ਵੱਲ ਹੋਵੇ।
ਲੁਸ ਲੁਸ ਕਰਨ ਵਾਲੀ ਸੋਹਲ ਦੇਹੀ ਅੰਦਰ,
ਦੰਦੇ ਆਰੀ ਦੇ ਜਿਉਂ ਜਿਉਂ ਧੱਸਦੇ ਨੇ।
ਆਸ਼ਕ ਗੁਰੂ ਦੇ ਰੱਬੀ ਮਾਸ਼ੂਕ ਤਿਉਂ ਤਿਉਂ,
ਕਰ ਕਰ ਪਾਠ ਗੁਰਬਾਣੀ ਦਾ ਹੱਸਦੇ ਨੇ।
ਹੋਰ ਦੇਗ ਇੱਕ ਚੁਲ੍ਹੇ ਤੇ ਨਜ਼ਰ ਆਈ,
ਵਿੱਚ ਦੇਹ ਪਈ ਕਿਸੇ ਦੀ ਜਲਦੀ ਏ।
ਸੂੰ ਸੂੰ ਕਰਕੇ ਲਹੂ ਹੈ ਸੜਦਾ,
ਚਿਰੜ ਚਿਰੜ ਕਰਕੇ ਚਰਬੀ ਢਲਦੀ ਏ।
ਓੜਕ ਬੈਠ ਗਏ ਤੇਗ ਦੀ ਛਾਂ ਹੇਠਾਂ,
ਸੀਖਾਂ ਤਿੱਖੀਆਂ ਵਿੱਚ ਖਲੋਣ ਵਾਲੇ।
ਦਿੱਤਾ ਸੀਸ ਤੇ ਨਾਲੇ ਅਸੀਸ ਦਿੱਤੀ,
ਧੰਨ ਧੰਨ ਕੁਰਬਾਨ ਇਹ ਹੋਣ ਵਾਲੇ।
ਐਸੇ ਜ਼ੁਲਮ ਦੀ ਵੇਖਕੇ ‘ਸ਼ਰਫ਼’ ਝਾਕੀ,
ਮੇਰਾ ਖੂਨ ਸਰੀਰ ਦਾ ਸੁੱਕ ਗਿਆ।
ਡਰ ਕੇ ਤਾਰਿਆਂ ਨੇ ਅੱਖਾਂ ਮੀਟ ਲਈਆਂ,
ਚੰਨ ਬੱਦਲੀ ਦੇ ਹੇਠ ਲੁੱਕ ਗਿਆ।
ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਬਲੀਦਾਨ
ਧਨੀ ਰਾਮ ਚਾਤ੍ਰਿਕ
ਦਿੱਲੀ ਵਿਖੇ ਗੁਰੂ ਜੀ ਅਤੇ ਬਾਦਸ਼ਾਹ ਔਰੰਗਜ਼ੇਬ ਦੀ ਮੁਲਾਕਾਤ ਹੋਈ। ਬਾਦਸ਼ਾਹ ਨੇ ਕਹਿਆ ਕਿ ਜਾਂ ਆਪਣਾ ਧਰਮ ਤਿਆਗ ਕੇ ਮੋਮਨ ਹੋ ਜਾਓ ਜਾਂ ਕੋਈ ਕਰਾਮਾਤ ਦਿਖਾਓ। ਨਹੀਂ ਤਾਂ ਆਪਦਾ ਸਿਰ ਉਤਾਰ ਦਿੱਤਾ ਜਾਏਗਾ, ਤਾਂ ਗੁਰੂ ਜੀ ਉਸਨੂੰ ਸਮਝਾਉਂਦੇ ਨੇ:
ਬੋਲੇ ਸਤਿਗੁਰੂ ਪਾਤਸ਼ਾਹ ਇਹ ਵੀ ਦੁਸ਼ਵਾਰ,
ਕਰਾਮਾਤ ਦਿਖਲਾਵਣੀ ਨਹੀਂ ਸਾਡੀ ਕਾਰ।
ਸਾਈਂ ਨਾਲ ਬਰਾਬਰੀ ਇਹ ਕਹਿਰ ਕਾਰ,
ਭਾਣੇ ਨੂੰ ਉਲਟਾਣ ਹਿਤ ਮੈਂ ਨਹੀਂ ਤਿਆਰ।
ਆਪਣਾ ਧਰਮ ਤਿਆਗਣਾ ਭੀ ਖਰਾ ਉਖੇਰਾ,
ਸਿਧ ਮਨੋਰਥ ਹੋਵਣਾ ਨਹੀਂ ਕੋਈ ਤੇਰਾ।
ਤੂੰ ਇਸ ਹਠ ਨੂੰ ਤਯਾਗ ਦੇ ਏਹ ਨਹੀਂ ਚੰਗੇਰਾ,
ਇਹ ਦੁਨੀਆਂ ਹੈ ਨਾਸ਼ਮਾਨ ਜਿਉਂ ਜੋਗੀ ਫੇਰਾ।
ਫੇਰ ਕਿਹਾ ਔਰੰਗਜ਼ੇਬ ਕਰ ਲਓ ਵਿਚਾਰ,
ਇਹ ਸਰੀਰ ਨਹੀਂ ਆਵਣਾ, ਹੱਥ ਦੂਜੀ ਵਾਰ।
ਭਲੀ ਤਰ੍ਹਾਂ ਹੋ ਜਾਣਦੇ ਮੇਰੀ ਤਲਵਾਰ,
ਨਾ ਮੰਨੋ ਤਦ ਮਰਨ ਹਿਤ, ਹੋ ਰਹੋ ਤਿਆਰ।
ਸਤਿਗੁਰ ਬੋਲੇ ਭੋਲਿਆ ਇਹ ਤੁੱਛ ਡਰਾਵਾ,
ਸੰਤਾਂ ਨੂੰ ਇਹ ਦੇਹ ਦਾ ਨਹੀਂ ਕੋਈ ਹਾਵਾ।
ਜੋ ਭਾਣੇ ਵਿਚ ਹੋ ਰਹੇ, ਸੋ ਸੁਖ ਸੁਹਾਵਾ,
ਤੂੰ ਮੌਤੋਂ ਡਰ, ਬੰਨ੍ਹਿਆ ਜਿਸ ਕੂੜਾ ਦਾਵਾ।
ਸ੍ਰੀ ਸਤਿਗੁਰ ਇਸ਼ਨਾਨ ਕਰ ਲਿਵ ਪ੍ਰਭੂ ਵਿਚ ਲਾਈ,
ਜਪੁਜੀ ਸਾਹਿਬ ਉਚਾਰਿਆ ਵਿਚ ਸੀਤਲਾਈ।
ਪਾਠ ਮੁਕਾਇ ਅਕਾਲ ਦਾ ਜਦ ਧੌਣ ਝੁਕਾਈ,
ਕਾਤਲ ਨੇ ਉਸ ਵੇਲੜੇ ਤਲਵਾਰ ਚਲਾਈ।
ਕੰਬਣ ਲਗੀ ਪ੍ਰਿਥਵੀ ਨਾ ਦੁੱਖ ਸਹਾਰੇ,
ਸ਼ਾਹੀ ਵਰਤੀ ਗਗਨ ਤੇ ਅਰ ਟੁੱਟੇ ਤਾਰੇ।
ਅੰਧ ਹਨੇਰੀ ਝੁਲਦੀ ਦਿੱਲੀ ਵਿਚਕਾਰੇ,
ਮਾਤਮ ਸਾਰੇ ਵਰਤਿਆ ਇਸ ਦੁਖ ਦੇ ਮਾਰੇ।
ਹਿੰਦੂ ਧਰਮ ਨੂੰ ਰਖ ਲਿਆ, ਹੋਕੇ ਕੁਰਬਾਨ,
ਬਲੀ ਚੜ੍ਹਾ ਕੇ ਆਪਣੀ ਰਖ ਲੀਤੀ ਆਨ।
ਪਾਈ ਮੁਰਦਾ ਕੌਮ ਵਿਚ, ਮੁੜ ਕੇ ਜਿੰਦ ਜਾਨ,
ਗੁਰੂ ਨਾਨਕ ਦਾ ਬੂਟੜਾ, ਚੜ੍ਹਿਆ ਪਰਵਾਨ।
ਇਕ ਪਯਾਰੇ ਸਿਖ ਨੇ ਜਾ ਸੀਸ ਉਠਾਯਾ,
ਲੈ ਕੇ ਵਿਚ ਅਨੰਦ ਪੁਰ ਓਵੇਂ ਪਹੁੰਚਾਯਾ।
ਧੜ ਲੈ ਇਕ ਲੁਬਾਨੜੇ ਸਸਕਾਰ ਕਰਾਯਾ,
ਸਿਰ ਤਲੀਆਂ ਤੇ ਰਖ ਕੇ ਇਹ ਸਿਦਕ ਕਮਾਯਾ।
ਸਤਿਗੁਰ ਰੱਖਕ ਹਿੰਦ ਦੇ, ਕੀਤਾ ਉਪਕਾਰ,
ਸਾਕਾ ਕੀਤਾ ਕਲੂ ਵਿਚ ਸਿਰ ਅਪਨਾ ਵਾਰ।
ਦਿੱਲੀ ਦੇ ਵਿਚ ਆਪ ਦੀ ਹੈ ਯਾਦਸੁਗਾਰ।
ਸੀਸ ਗੰਜ ਰਕਾਬ ਗੰਜ ਲਗਦੇ ਨੇ ਦਰਬਾਰ।
ਸੱਚ ਦਾ ਰਾਖਾ
ਜਸਵੰਤ ਸਿੰਘ ਰਾਹੀ
ਭਾਰਤ-ਮਾਂ ਨੇ ਜਿਸ ਦੇ ਕੰਨੀਂ
ਸ਼ਬਦ ਸੱਚ ਦਾ ਪਾਇਆ।
ਤੇਗ ਬਹਾਦਰ ਹਿੰਦ ਦੀ ਚਾਦਰ
ਸਭ ਦਾ ਧਰਮ ਬਚਾਇਆ।
ਸਮੇਂ ਦੇ ਘੁੱਪ ਹਨੇਰੇ ਦੇ ਵਿਚ
ਨਾਮ ਦਾ ਦੀਪ ਜਗਾਇਆ।
ਪਾਪਾਂ ਦੀ ਪਤਝੜ ਦੇ ਅੰਦਰ
ਲੈ ਬਹਾਰਾਂ ਆਇਆ।
ਇਕ ਹੱਥ ਮਾਲਾ ਤੇਗ ਦੂਜੇ ਹੱਥ
ਸਿੱਖੀ ਦਾ ਸਰਮਾਇਆ। …
ਵੇਦ, ਕੁਰਾਨ, ਜੰਞੂ ਤੇ ਟਿੱਕਾ
ਸਭ ਸੀ ਉਸ ਨੂੰ ਪਿਆਰਾ।
ਤਾਰਾ ਮੰਡਲ ਵਿਚ ਪੁੱਤ ਉਸ ਦਾ
ਜੰਮਿਆ ਸੀ ਧਰੂ-ਤਾਰਾ।
ਹੋਣੀਆਂ ਪੈਰੀਂ ਡਿਗ-ਡਗ ਪਈਆਂ
ਯੁੱਗ ਨੇ ਸੀਸ ਨਿਵਾਇਆ। …
ਸਿਮਰਨ ਕੀਤਾ ਅੰਬਰ ਮਿਣਿਆ
ਖ਼ਲਕਤ ਸੀਨੇ ਲਾਈ।
ਝੂਲਦੀਆਂ ਪੌਣਾਂ ਦੇ ਵਿੱਚ ਉਸ ਨੇ
ਪੀਂਘ ਮਿਸ਼ਨ ਦੀ ਪਾਈ।
ਸਭਿਅਤਾ ਸਭਿਆਚਾਰ ਦਾ ਵਿਰਸਾ
ਡੁੱਬਦਾ ਓਸ ਬਚਾਇਆ। …
ਪਰਬਤ-ਵਾਸੀ ਫੁੱਲਾਂ ਜਾਏ
ਜਦ, ਕਸ਼ਮੀਰੀ ਰੋਏ।
ਉਹਨਾਂ ਦੇ ਦੁੱਖ ਦਰਦ ਤੇ ਹਉਕੇ
ਬੁੱਕਲ ਵਿਚ ਲਕੋਏ।
ਲੱਥੇ ਹੋਏ ਤਿਲਕਾਂ ਦੀ ਥਾਂ ’ਤੇ
ਖੂਨ ਦਾ ਟਿੱਕਾ ਲਾਇਆ। …
ਵਖਰੋ-ਵਖਰੀ ਉੱਡਦੀ-ਉੱਡਦੀ
ਡੋਰ, ਮੰਜੀਆਂ ਦੀ ਕੱਟੀ।
ਮੱਖਣਸ਼ਾਹ ਦਾ ਸਾਗਰ-ਬੇੜਾ
ਬਣ ਗਿਆ ਸੀ ਕਸਵੱਟੀ
‘‘ਗੁਰੂ ਲਧਾ’’ ਉਸ ਆਖ-ਆਖ ਕੇ
ਫਰਸ਼ੋਂ ਅਰਸ਼ ਹਿਲਾਇਆ। …
ਭੂਤਕਾਲ ਦੀਆਂ ਯਾਦਾਂ ਵਿਚੋਂ
ਨਕਸ਼ੇ ਭਵਿਖਤ, ਉਲੀਕੇ।
ਪੰਜ ਸੌ ਮੋਹਰਾਂ ਨੇ ਦੱਸੇ ਸੀ
ਜ਼ਿੰਦਗੀ ਭਰੇ ਸਲੀਕੇ।
ਖਿਲਰੀ-ਪੁਲਰੀ ਸਿੱਖੀ ਦਾ ਉਸ
ਜੱਥਾ ਸੀ ਅਮਰ ਬਣਾਇਆ। …
ਚਾਨਣੀ-ਚੌਕ ’ਚ ਉਸ ਸੂਰਜ ਨੇ
ਦਿਤੀ ਸੀ ਕੁਰਬਾਨੀ।
ਕੁਝ ਚਿਰ ਤੋਂ ਸੁੱਤੀ ਹੋਈ ਜਾਗੀ
ਭਗਵਤੀ ਅਤੇ ਭਵਾਨੀ।
ਉਸ ਦਿਆਂ ਬਚਨਾਂ ਅਮਰ ਰਹਿਣ ਦਾ
ਜਗ ਨੂੰ ਸਬਕ ਸਿਖਾਇਆ। …
ਉਸ ਦੇ ਪੈਰ- ਚਿਤਰ ਭਾਰਤ ਦੇ
ਜ਼ਖਮ ਸਦਾ ਨੇ ਸੀਊਂਦੇ।
ਜੋ ਸੀ ਆਖੇ ਬਾਬੇ ਬਕਾਲੇ
ਬੋਲ ਗੂੰਜਦੇ ਜੀਉਂਦੇ।
ਦੇਸ਼ ਵਾਲਿਉ ਦੁਨੀਆਂ ਵਾਲਿਉ
ਸਾਂਭ ਰੱਬ ਦਾ ਸਾਇਆ। …
ਭਾਰਤ-ਮਾਂ ਨੇ ਜਿਸ ਦੇ ਕੰਨੀਂ
ਸ਼ਬਦ ਸੱਚ ਦਾ ਪਾਇਆ।
ਤੇਗ ਬਹਾਦਰ ਹਿੰਦ ਦੀ ਚਾਦਰ
ਸਭ ਦਾ ਧਰਮ ਬਚਾਇਆ।
ਗੁਰੂ ਤੇਗ ਬਹਾਦਰ ਸਾਡੀ ਚਾਦਰ
ਹਰਭਜਨ ਸਿੰਘ ਹੁੰਦਲ
ਤੇਗ ਬਹਾਦਰ ਸਾਡੀ ਚਾਦਰ
ਤੂੰ ਸੋਚਾਂ ਦੀ ਟਾਹਣੀ ਉੱਤੇ
ਸੱਜਰੇ ਫੁੱਲ ਵਾਂਗ ਮੁਸਕਾਇਆ
ਔਖੇ ਵੇਲੇ ਸਾਨੂੰ ਤੇਰਾ ਚੇਤਾ ਆਇਆ
ਕਿੰਨੇ ਚਿਰ ਤੋਂ ਗੁੰਗੇ ਬਣ ਕੇ।
ਨਿੰਮੋਝੂਣੇ ਸੋਚ ਰਹੇ ਸੀ।
ਨਵ-ਜੰਮੇ ਇਸ ਔਰੰਗਜ਼ੇਬ ਦੀ
ਕਿਸ ਦੇ ਕੋਲ ਸ਼ਿਕਾਇਤ ਕਰੀਏ
ਕਿਸ ਮਿੱਤਰ ਦੇ ਕੋਲ ਬੈਠ ਕੇ,
ਦੁੱਖਦੇ ਦਿਲ ਨੂੰ ਹੌਲਾ ਕਰੀਏ
ਸੋਚ ਰਹੇ ਸੀ ਕਿਹੜਾ ਐਸਾ ਸੱਜਣ ਹੋਵੇ
ਜਾਨ ਤਲੀ ’ਤੇ ਧਰ ਕੇ ਜਿਹੜਾ ਅੱਗੇ ਆਵੇ
ਚਾਨਣੀਆਂ ਦੇ ਚੌਕ ’ਚ ਜਾਵੇ
ਆਪਣਾ ਸੁੱਚਾ ਸੀਸ ਕਟਾਵੇ
ਚਲਦੇ ਆਰੇ ਥੱਲੇ ਬਹਿ ਕੇ
ਮੌਤ ਦੀਆਂ ਅੱਖਾਂ ਵਿਚ ਅੱਖਾਂ ਪਾਵੇ ਤੇ ਮੁਸਕਾਵੇ
ਲੋੜ ਪਵੇ ਤਾਂ
ਉਬਲਦੀ ਹੋਈ ਦੇਗ ’ਚ ਬਹਿ ਕੇ ਸੀ ਨਾ ਉਚਾਰੇ
ਸਿਰ ਦੇ ਦੇਵੇ, ਸਿਦਕ ਨਾ ਹਾਰੇ
ਬੜੀ ਦੁਚਿੱਤੀ ਵਿਚ ਪਏ ਸੀ
ਏਸ ਦੁਚਿੱਤੀ
ਤੂੰ ਸੋਚਾਂ ਦੇ ਬੂਹੇ ਉੱਤੇ
ਦਸਤਕ ਦਿੱਤੀ।
ਤੇਗ ਬਹਾਦਰ
ਔਰੰਗਜ਼ੇਬ ਸਮਝਦਾ ਹੈ
ਸੀਸ ਜੇ ਧੜ ਤੋਂ ਕੱਟਿਆ ਜਾਵੇ
ਸਾਰੀ ਗੱਲ ਮੁੱਕ ਜਾਂਦੀ ਹੈ।
ਔਰੰਗਜ਼ੇਬ ਨੂੰ ਸਮਝ ਨਹੀਂ
ਗੱਲ ਕਦੇ ਨਹੀਂ ਏਦਾਂ ਮੁੱਕਦੀ
ਗੱਲ ਤਾਂ ਸਗੋਂ ਆਰੰਭ ਹੁੰਦੀ ਹੈ
ਸੀਸ ਜੇ ਧੜ ਤੋਂ ਕੱਟਿਆ ਜਾਵੇ
ਆਣ ਤਲੀ ’ਤੇ ਟਿਕਦਾ ਹੈ
ਧੜ ਦੀ ਕੋਈ ਬਾਤ ਨਹੀਂ
ਸੀਸ ਸਬੂਤਾ ਚਾਹੀਦਾ।
ਔਰੰਗਜ਼ੇਬ ਭਲਾ ਕੀ ਜਾਣੇ
ਦਿੱਲੀ ਤੋਂ ਆਨੰਦਪੁਰ ਤੀਕਰ
ਕੱਟਿਆ ਸੀਸ ਕਿਸੇ ਦਾ ਕੀਕਣ
ਨੰਗੇ ਪੈਰੀਂ ਤੁਰਦਾ ਹੈ
ਜਿਸ ਧਰਤੀ ਨੂੰ
ਤੇਗ ਬਹਾਦਰ, ਨਾਲ ਲਹੂ ਦੇ
ਸਿੰਜਦਾ ਹੈ
ਉਸ ਮਿੱਟੀ ’ਚੋਂ ਸੂਰਜ ਬਣਕੇ
ਗੁਰੂ ਗੋਬਿੰਦ ਸਿੰਘ ਉਭਰਦਾ ਹੈ।
ਮੰਜੀਆਂ
ਮੋਹਨਜੀਤ
ਉਦੋਂ ਤਾਂ ਚੌਫੇਰੇ ਧੂੰਆਂ ਸੀ
ਮੱਥੇ ਸਨ ਜੋ ਸ਼ਬਦ ਨਹੀਂ
ਵਸਤਾਂ ਪਹਿਨਦੇ ਸਨ
ਚਾਨਣ ਦੀ ਪਛਾਣ ਲਈ
ਵਿਚਾਰ ਨਹੀਂ ਥਾਵਾਂ ਸਨ
ਰਾਹਬਰੀ ਮਨਾਂ ’ਚ ਨਹੀਂ
ਮੰਜੀਆਂ ’ਤੇ ਬਿਰਾਜੀ ਸੀ
ਉਦੋਂ ਤਾਂ ਭਲਾਂ ਧੂੰਆਂ ਸੀ।
ਉਦੋਂ ਵੀ ਭੀੜ ਦੇ
ਘੁਸਮੁਸੇ ’ਚ ਭਟਕਿਆ
(ਕਿ) ਕਿਸੇ ਮੰਜੀ ਦਾ ਬੋਲ
ਤਾਂ ਮਨ ਨੂੰ ਸੀਖਾਂ
ਪਰ ਬੋਲਾਂ ਦੇ ਆਪਣੇ
ਨਕਸ਼ ਹੁੰਦੇ ਤਾਂ ਪਛਾਣੇ ਜਾਂਦੇ।
ਮਨ ਦੇ ਟਿਕਾਓ ਲਈ
ਜਿਹੜੀ ਵੀ ਆਵਾਜ਼
ਦੂਜੀਆਂ ਤੋਂ ਅਗਾਂਹ ਲੰਘ ਗਈ
ਉਹਨੂੰ ਹੀ ਦਿਸ਼ਾ ਵਾਲਾ
ਤਾਰਾ ਬਣਾ ਲਿਆ
ਉਦੋਂ ਤਾਂ ਭਲਾ ਧੂੰਆਂ ਸੀ।
ਉਦੋਂ ਤਾਂ ਭਲਾ ਮੰਜੀਆਂ ਸਨ
ਜਿਹਨਾਂ ’ਤੇ ਇੱਕੋ ਜਿਹੀਆਂ ਸੇਲ੍ਹੀਆਂ ਸਨ
ਇੱਕੋ ਜਿਹੇ ਬਾਣੇ, ਇੱਕੋ ਜਿਹੇ ਬੋਲ
ਅੱਜ ਜਦ ਹਰ ਬੋਲ ਦਾ
ਆਪਣਾ ਕੱਦ ਹੈ, ਮਾਪ ਹੈ
ਉਦਾਸੀਆਂ ਦੀਆਂ ਕਿਸਮਾਂ ਨੇ
ਕਿਸਮਾਂ ਦਾ ਨਾਮ ਹੈ।
ਅੱਜ ਵੀ ਕਿਉਂ ਹਰ ਰਾਹ
ਮੰਜੀਆਂ ਦੇ ਪੁਲਾਂ ਹੇਠੋਂ ਲੰਘਦਾ ਹੈ
ਮੈਨੂੰ ਉਹਨਾਂ ਥਾਵਾਂ ਦਾ ਪਤਾ ਹੈ
ਜਿੱਥੇ ਉਹ ਸਾਧਨਾਂ ਵਾਲੇ ਗੁਰੂ ਰਹਿੰਦੇ ਨੇ
ਜੋ ਇੱਕੋ ਬੋਲ ਨਾਲ ਹੋਈਆਂ ਨੂੰ ਅਣ ਹੋਈਆਂ
ਤੇ ਅਣਹੋਈਆਂ ਨੂੰ ਹੋਈਆਂ ਬਣਾਉਂਦੇ ਨੇ
ਪਰ ਜੇ ਸੁੱਖਾਂ ਸੁੱਖ ਕੇ ਹੀ ਬੇੜਾ ਬਚਾਇਆ
ਤਾਂ ਕੀ ਬਚਾਇਆ
ਦੂਰ ਕੰਢਿਆਂ ਤੋਂ ਕੋਹਾਂ ਦੂਰ
ਜਿੱਥੇ ਕਾਲੇ ਸ਼ਾਹ ਪਾਣੀਆਂ ਦਾ ਦਿਓ ਸ਼ੂਕਦਾ ਹੈ।
ਤੇ ਕਹਿਰੀ ਹਵਾ ’ਚ ਚਾਨਣ ਦੀ
ਲੀਕ ਦਿਸਦੀ ਹੈ
ਇਹ ਲੀਕ ਮੇਰੇ ਹੀ ਮੋਢੇ ਦਾ ਜ਼ਖ਼ਮ ਹੈ।
ਉਸ ਥਾਂ ਦਾ ਪਤਾ ਦੱਸਣਾ
ਜਿੱਥੇ ਮੱਥਿਆਂ ਨੂੰ ਮੋਹਰਾਂ ਨਹੀਂ
ਪਹਿਚਾਣ ਦੀ ਉਡੀਕ ਹੈ
ਮੈਂ ਇੱਕ ਨਜ਼ਰ ਦੇ ਰੂਬਰੂ ਹਾਂ।
ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੇ ਝਲਕੇ
ਡਾ. ਹਰਿੰਦਰ ਸਿੰਘ ਮਹਬਿੂਬ
ਦਿਸਿਆ ਕਿਰਪਾ ਰਾਮ, ਵਿਚ ਦਰਬਾਰ ਦੇ
ਕਹੇ: ‘‘ਧਰਮ ਦੇ ਧਾਮ, ਖ਼ਾਬ ਉਜਾੜ ਦੇ।
ਸਗਲ ਧਿਆਨੀ ਨਾਮ, ਦਿਸਣ ਨਾ ਨਿੱਤਰੇ
ਸਹਿਮੀ ਸਹਿਮੀ ਸ਼ਾਮ, ਦਿਲ ’ਤੇ ਉੱਤਰੇ;
ਜਮ ਹਾਕਮ ਸਮਰੱਥ ਝੱਖੜ ਗੱਜਦਾ
ਵਾਂਗ ਕੁਹਾੜੇ ਹੱਥ, ਤਨ ’ਤੇ ਵੱਜਦਾ;
ਪਾਕ ਪੋਸ਼ ਲਹਿ ਜਾਣ, ਕੰਜਕ ਸ਼ਰਮ ਦੇ
ਬੇਹੇ ਜਾਪਣ ਆਮ, ਮੰਤਰ ਧਰਮ ਦੇ!
ਏਹੋ ਹੈ ਅਰਦਾਸ, ਪਿਰ ਜੀ ਆਵਣਾ
ਜੇ ਅੰਤਮ ਕੋ ਆਸ, ਦਾਨ ਦੇ ਜਾਵਣਾ।’’
ਸੁਣਿ ਮਨ ਗੁਰ ਦੇ ਚਿੰਤ, ਪਲ ਕੁ ਵਿਲਕਦੀ;
ਸੁਤ ਦੀ ਸੁਰਤ ਨਚਿੰਦ, ਰਵਿ ਜਿਉਂ ਚਿਲਕਦੀ;
ਕਹੇ: ‘‘ਤੁਸੀਂ ਹੋ ਬੋਲ, ਜਗ-ਦਰ ਆਖ਼ਰੀ
ਦਿਉ ਜਿੰਦ ਨੂੰ ਤੋਲ, ਜੇਕਰ ਆਖ਼ਰੀ
ਤੋਲੋ ਜਗ ਦੇ ਵੈਣ, ਰਤ ਦੀ ਤੱਕੜੀ
ਤੱਕੇ ਪਿਓ ਦੇ ਨੈਣ, ਹੰਝੂ ਅੱਖੜੀ।’’
ਤਦ ਗੁਰ ਅਗਮ ਦਾ ਰਹਿਮ, ਘਰ ਘਰ ਛਲਕਿਆ
ਹੋ ਅਭੈ ਵਡ ਸਹਿਮ, ਚਹੁੰ ਦਿਸ ਝਲਕਿਆ
ਵੱਜੀ ਸਿਦਕੀ ਕਾਂਗ, ਮਨਮੁਖ ਗੜ੍ਹਾਂ ’ਤੇ
ਖੜੀ ਰਹਿਮ ਦੀ ਬਾਂਗ, ਦਿੱਲੀ-ਦਰਾਂ ’ਤੇ
ਸਤਿਗੁਰ ਤੇਗ ਬਹਾਦਰ, ਆਖ਼ਿਰ ਬੋਲਿਆ
ਬੇਦਾਗ਼ ਪੱਤ-ਚਾਦਰ, ਲੈ ਨਾ ਡੋਲਿਆ
ਬੋਲੇ: ‘‘ਦੀਨੀ, ਭਰਮ, ਖ਼ਾਲੀ ਖ਼ਾਬ ਹੈ
ਦਿਲ ਦੇ ਸੰਞੇ ਹਰਮ, ਕਿਤੇ ਨ ਆਬ ਹੈ
ਹੁੰਮਸ! ਖੁਣਸੀ ਗਹਿਰ, ਚੜ੍ਹਦੀ ਜਦੋਂ ਵੀ
ਸ਼ਾਹਾ! ਜ਼ਮਜ਼ਮ-ਲਹਿਰ, ਸੁਕਦੀ ਤਦੋਂ ਹੀ।
ਜੇਕਰ ਧਰਮੀ ਬੋਲ, ਇਕ ਵੀ ਸੁੱਚੜਾ
ਰਤ ਨਾ’ ਦੇਵਾਂ ਤੋਲ, ਰੱਖਾਂ ਉੱਚੜਾ:
ਭਾਵੇਂ ਧਰਮ ਮੱਤ, ਪੁੱਠੀ ਕਦੋਂ ਦੀ
ਪੱਤ ਰੱਖਾਂ ਮੈਂ ਪੱਤ, ਲੁੱਟੀ ਜਦੋਂ ਵੀ।’’ (ਲੰਮੀ ਕਵਿਤਾ ਵਿਚੋਂ ਅੰਸ਼)
ਅਲੌਕਿਕਤਾ ਦਾ ਮੰਜਰ
ਮਨਮੋਹਨ ਸਿੰਘ ਦਾਊਂ
ਸੂਰਜ ਚੜ੍ਹਿਆ
ਕਾਲਾ ਹੋਇਆ
ਇੱਕ ਦਮ ਅੰਬਰ ਸਾਰਾ
ਅਗੰਮੀ ਨੂਰੀ ਪਾਤਸ਼ਾਹੀ ਅੱਗੇ
ਦਿਨ ਵੀ ਸ਼ਰਮਿੰਦਗੀ ਨਾਲ ਗੜੁੱਚਾ,
ਪੌਣਾਂ ਨੂੰ ਉਡੀਕ ਸੀ ਏਦਾਂ
ਕਿ ਬਾਗੀ ਮੌਸਮ ਬਣ ਕੇ ਝੁਲਣਾ,
ਇਕ ਆਵਾਜ਼ ਅਦੁੱਤੀ
ਉਤਰੀ ਅੰਬਰੋਂ ਥੱਲੇ
ਗੜੂੰਦ ਆਤਮਾ ਕੋਲ ਆ ਬੈਠੀ।
ਮੁਗਧ ਮਸਤੀ
ਅਸਗਾਹ ਸਮੁੰਦ ਵਰਗੀ
ਭੈ-ਮੁਕਤ
ਦੈਵੀ ਕ੍ਰਿਸ਼ਮਾ ਨੈਣੀਂ
ਦੇਹ ’ਚੋਂ ਆਤਮਾ ਲੁਪਤ ਸੀ ਹੋਈ।
ਡਿੱਠੀ ਆਰੇ ’ਤੇ ਨੱਚਦੀ ਸਿੱਖੀ
ਉਬਲਦੇ ਪਾਣੀਆਂ ਸੰਗ
ਲਹੂ ਡੁਲ੍ਹਿਆ
ਪਰ ਸਿਦਕ ਨਾ ਡੋਲਿਆ,
ਗੁਰੂ ਦੀ ਰਹਿਮਤ ਅੱਗੇ
ਪੂਰਨ-ਪੁਰਖ ਹਾਰਦੇ ਕਿੱਦਾਂ?
ਤੇਜ਼ ਖੰਜਰ, ਤਿੱਖੀਆਂ ਤੇਗਾਂ
ਸਸ਼ਤਰ ਡਰਾਉਣੇ
ਕੋਈ ਅਰਥ ਨਹੀਂ ਸੀ ਰੱਖਦੇ।
ਸੱਚ ਤਾਂ
ਨਿਰਭਉ ਨਿਰਵੈਰ ਹੈ ਹੁੰਦਾ।
ਧੁਰੋਂ ਨੂਰਾਨੀ ਰੂਹਾਂ ਨੂੰ
ਕੋਈ ਔਰੰਗਾ, ਕਿਵੇਂ ਕੋਹ ਸਕਦਾ?
ਆਪਣੀ ਕਬਰ ਪੁੱਟਣ ਲਈ ਹੀ
ਨੂਰੀ ਸੀਸ ’ਤੇ
ਤੇਗ ਵਾਹੁਣ ਦਾ ਹੁਕਮ ਚਲਾਇਆ।
ਧਰਮ ਅਧਰਮ ਦੀ
ਸਬਰ ਜਬਰ ਦੀ
ਲੱਜਿਆ ਨਿਰਲੱਜਿਆ ਦੀ
ਜਦੋਂ ਪ੍ਰੀਖਿਆ ਹੋਈ
ਧਰਤੀ ਪਾਟ ਗਈ ਲੈ ਹਉਕਾ।
ਚਾਂਦਨੀ ਚੌਕ ’ਚ ਲੋਕ ਭੀੜ ਨੂੰ
ਕੁਝ ਨਾ ਡਿੱਠਾ
ਇੱਕ ਨੂਰੀ ਜੋਤ ਮੰਡਲਾਈ
ਸੀਸ ਤੇ ਦੇਹੀ
ਚਾਨਣ ਵਿੱਚ ਸਪੰਨੇ
ਜੋਤੀ ਦੈਵੀ-ਮੰਡਲ ਜਾ ਪੁੱਜੀ
ਜੈ-ਜੈ ਕਾਰ ਸੱਚ-ਖੰਡ ਹੋਈ।
ਧਰਮ ਦਾ ਰਹਬਿਰ
ਬਣਿਆ ਹਿੰਦ ਦੀ ਚਾਦਰ।
ਚਾਨਣ ਕਦੇ ਕਤਲ ਨਾ ਹੁੰਦਾ
ਚਾਨਣ ਦੀ ਤਾਂ ਪੈੜ
ਅਮਿੱਟ ਹੁੰਦੀ ਹੈ!!
(ਇਹ ਕਵਿਤਾਵਾਂ ਪੁਸਤਕ ‘ਨੂਰੀ ਸੀਸ ਨੂੰ ਕਾਵਿ-ਸਿਜਦਾ’ (ਸੰਪਾਦਕ: ਮਨਮੋਹਨ ਸਿੰਘ ਦਾਊਂ) ਵਿਚੋਂ ਹਨ ਜਿਹੜੀ ਲੋਕ ਗੀਤ ਪ੍ਰਕਾਸ਼ਨ ਨੇ ਪ੍ਰਕਾਸ਼ਤ ਕੀਤੀ ਹੈ)