ਜੈਤੇਗ ਸਿੰਘ ਅਨੰਤ
ਭਾਈ ਸਾਹਿਬ ਭਾਈ ਰਣਧੀਰ ਸਿੰਘ ਗੁਰਦੁਆਰਾ ਸੁਧਾਰ ਲਹਿਰ ਦੇ ਮੋਢੀਆਂ ਵਿੱਚੋਂ ਇੱਕ ਸਨ। ਪੰਜਾਬ ਦੀ ਗ਼ਦਰ ਲਹਿਰ ਦੇ ਮਹਾਨ ਨਾਇਕ ਤੇ ਅਖੰਡ ਕੀਰਤਨ ਟਕਸਾਲ ਦੇ ਵੀ ਜਨਮਦਾਤਾ ਸਨ। ਉਹ ਬਹੁਪੱਖੀ ਪ੍ਰਤਿਭਾ ਦੇ ਮਾਲਕ, ਨਾਮ ਬਾਣੀ ਦੇ ਰਸੀਆ, ਗਿਆਨ ਦੇ ਭੰਡਾਰ, ਗੁਰਮਤਿ ਮਾਰਗ ਦੇ ਪਾਂਧੀ, ਸਿਦਕ ਸਿਰੜ ਦੀ ਮੂਰਤ, ਕਥਨੀ ਤੇ ਕਰਨੀ ਦੇ ਸੂਰੇ ਸਨ। ਉਨ੍ਹਾਂ ਦੀ ਜ਼ਿੰਦਗੀ ਦਾ ਹਰ ਪੱਖ ਬਹੁਤ ਖ਼ੂਬਸੂਰਤ ਤੇ ਪ੍ਰੇਰਨਾਦਾਇਕ ਸੀ। ਉਨ੍ਹਾਂ ਸਾਰੀ ਜ਼ਿੰਦਗੀ ਬਾਣੀ ਤੇ ਬਾਣੇ, ਗੁਰੂ ਗ੍ਰੰਥ ਤੇ ਗੁਰੂ ਪੰਥ, ਸੰਗਤ ਤੇ ਪੰਗਤ ਤੇ ਨਾਮ ਅਭਿਆਸ ਦੇ ਸਿਧਾਂਤ ’ਤੇ ਖਰੇ ਉਤਰਨ ਵਾਲੇ ਪੱਕੇ ਸਿੱਖ ਵਜੋਂ ਬਿਤਾਈ।
ਉਹ 7 ਜੁਲਾਈ 1878 ਨੂੰ ਪਿਤਾ ਸ. ਨੱਥਾ ਅਤੇ ਮਾਤਾ ਪੰਜਾਬ ਕੌਰ ਦੇ ਘਰ ਪਿੰਡ ਨਾਰੰਗਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਪੈਦਾ ਹੋਏ। ਸਿੱਖੀ ਵਿਰਾਸਤ ਵਿੱਚ ਮਿਲੀ। ਜ਼ਿੰਦਗੀ ਦਾ ਮੁੱਖ ਸਿਧਾਂਤ ਕੀਰਤਨ ਤੇ ਚਿੰਤਨ ਸਨ। ਉਹ ਨੌਜਵਾਨ ਵਰਗ ਲਈ ਮਾਰਗ ਦਰਸ਼ਕ ਸਨ। ਮਾਲਵਾ ਖਾਲਸਾ ਸਕੂਲ 18 ਨਵੰਬਰ 1908 ਨੂੰ ਸ਼ੁਰੂ ਹੋਇਆ। ਸੰਨ 1909 ਤੋਂ ਲੈ ਕੇ 1914 ਤੱਕ ਭਾਈ ਰਣਧੀਰ ਸਿੰਘ ਸਕੂਲ ਦੇ ਬੋਰਡਿੰਗ ਹਾਊਸ ਵਿਚ ਕੀਰਤਨ ਕਰਿਆ ਕਰਦੇ ਸਨ। ਇਸ ਸਕੂਲ ਦੀ ਇੱਕ ਭੁਜੰਗੀ ਸਭਾ ਬਣੀ ਹੋਈ ਸੀ ਜਿਸ ਦੇ ਸਕੱਤਰ ਨਾਹਰ ਸਿੰਘ ਗੁਜਰਵਾਲ ਸਨ। ਸਾਰੇ ਵਿਦਿਆਰਥੀ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਅੰਮ੍ਰਿਤਧਾਰੀ ਹੋ ਗਏ ਸਨ। ਇੱਥੋਂ ਹੀ ਗਿਆਨੀ ਨਾਹਰ ਸਿੰਘ, ਭਾਈ ਰਣਧੀਰ ਸਿੰਘ ਦੀ ਅੱਖ ਦਾ ਤਾਰਾ ਬਣ ਗਿਆ। ਉਹ ਭਾਈ ਸਾਹਿਬ ਵੱਲੋਂ ਹਰ ਇਕੱਠ ਤੇ ਮੀਟਿੰਗ ਵਿਚ ਜਾਣਾ ਆਪਣਾ ਸੁਭਾਗ ਸਮਝਦਾ ਸੀ।
ਤੀਹ ਮਈ 1914 ਨੂੰ ਗੁਰਦੁਆਰਾ ਰਕਾਬਗੰਜ ਦਿੱਲੀ ਦੀ ਦੀਵਾਰ ਸਬੰਧੀ ਲੰਡਾ ਬਾਜ਼ਾਰ ਲਾਹੌਰ ਵਿਖੇ ਵਿਸ਼ੇਸ਼ ਦੀਵਾਨ ਲੱਗਿਆ। ਉਸ ਵਿੱਚ ਭਾਈ ਸਾਹਿਬ ਵਿਸ਼ੇਸ਼ ਤੌਰ ’ਤੇ ਪੁੱਜੇ ਸਨ। ਇਸ ਦੀਵਾਨ ਵਿੱਚ ਭਾਈ ਸਾਹਿਬ ਦੇ ਨਜ਼ਦੀਕੀ ਹੈੱਡਮਾਸਟਰ ਧਰਮ ਸਿੰਘ, ਪ੍ਰਿੰਸੀਪਲ ਇਕਬਾਲ ਸਿੰਘ, ਭਾਈ ਸੁੰਦਰ ਸਿੰਘ ਘੁਮਾਣ ਤੇ ਗਿਆਨੀ ਨਾਹਰ ਸਿੰਘ ਗੁਜਰਵਾਲ ਨੇ ਵੀ ਆਪਣੀ ਹਾਜ਼ਰੀ ਲੁਆਈ।
ਫਿਰੋਜ਼ਪੁਰ ਛਾਉਣੀ ਗ਼ਦਰ ਐਕਸ਼ਨ ਤੋਂ ਪਹਿਲਾਂ ਮਾਲਵੇ ਇਲਾਕੇ ਵਿੱਚ ਗਦਰੀਆਂ ਦਾ ਭਰਵਾਂ ਇਕੱਠ 14 ਫਰਵਰੀ 1915 ਨੂੰ ਪਿੰਡ ਗੁਜਰਵਾਲ ਹੋਇਆ। ਜਿੱਥੇ ਭਾਈ ਈਸ਼ਰ ਸਿੰਘ ਢੁੱਡੀਕੇ, ਭਾਈ ਉੱਤਮ ਸਿੰਘ ਹਾਂਸ, ਭਾਈ ਰਣਧੀਰ ਸਿੰਘ, ਭਾਈ ਹਰਨਾਮ ਸਿੰਘ ਗੁਜਰਵਾਲ, ਭਾਈ ਮੁਲਤਾਨ ਸਿੰਘ ਨਾਰੰਗਵਾਲ ਤੇ ਗਿਆਨੀ ਨਾਹਰ ਸਿੰਘ ਗੁਜਰਵਾਲ ਇਸ ਇਕੱਠ ਵਿਚ ਸ਼ਾਮਲ ਹੋਏ ਜਿਸ ਵਿਚ ਫਿਰੋਜ਼ਪੁਰ ਐਕਸ਼ਨ ਪਲਾਨ ’ਤੇ ਵਿਚਾਰਾਂ ਕੀਤੀਆਂ। ਇਹ ਇਕ ਇਤਿਹਾਸਕ ਭਰਵੀਂ ਇਕੱਤਰਤਾ ਸੀ।
19 ਫਰਵਰੀ 1915 ਨੂੰ ਗ਼ਦਰ ਲਹਿਰ ਦੀ ਸ਼ਮੂਲੀਅਤ ਤੇ ਫਿਰੋਜ਼ਪੁਰ ਛਾਉਣੀ ਵਿਖੇ ਕਬਜ਼ਾ ਕਰਨ ਦੀ ਯੋਜਨਾ ਸੀ। ਗਿਆਨੀ ਨਾਹਰ ਸਿੰਘ ਗੁਜਰਵਾਲ ਤੇ ਮਾਲਵਾ ਖਾਲਸਾ ਸਕੂਲ ਦੀ ਭੁਜੰਗੀ ਸਭਾ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਪਰ ਇਹ ਐਕਸ਼ਨ ਅਸਫ਼ਲ ਹੋਣ ਕਰਕੇ ਫੜੋ ਫੜੀ ਦਾ ਦੌਰ ਸ਼ੁਰੂ ਹੋ ਗਿਆ। ਭਾਈ ਸਾਹਿਬ ਰਣਧੀਰ ਸਿੰਘ ਜੀ ਨੂੰ 9 ਮਈ 1915 ਨੂੰ ਨਾਭੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਇਸੇ ਤਰ੍ਹਾਂ ਗਿਆਨੀ ਨਾਹਰ ਸਿੰਘ ਗੁਜਰਵਾਲ ਨੂੰ 25 ਜੂਨ 1915 ਨੂੰ ਗ੍ਰਿਫ਼ਤਾਰ ਕਰ ਲਿਆ। 27 ਜੂਨ 1915 ਨੂੰ ਇਨ੍ਹਾਂ ਸਾਰਿਆਂ ਨੂੰ ਰੇਲ ਗੱਡੀ ਰਾਹੀਂ ਲਾਹੌਰ ਲਿਜਾਇਆ ਗਿਆ। 29 ਅਕਤੂਬਰ 1915 ਨੂੰ ਇਨ੍ਹਾਂ ਸਾਰੇ ਕੈਦੀਆਂ ’ਤੇ ਮੁਕੱਦਮਾ ਸ਼ੁਰੂ ਹੋਇਆ ਜਿਸ ਦਾ ਫ਼ੈਸਲਾ 30 ਮਾਰਚ 1916 ਨੂੰ ਲਾਹੌਰ ਵਿਖੇ ਜੇਲ੍ਹ ਅੰਦਰ ਹੀ ਤਿੰਨ ਜੱਜਾਂ ਦੀ ਅਦਾਲਤ ਨੇ ਕੀਤਾ। ਉਨ੍ਹਾਂ ਸਾਰਿਆਂ ਨੂੰ ਲਾਹੌਰ ਸਾਜ਼ਿਸ਼ ਕੇਸ ਵਿਚ ਧਰ ਲਿਆ। ਭਾਈ ਸਾਹਿਬ ਨੂੰ ਉਮਰ ਕੈਦ, ਕਾਲੇ ਪਾਣੀ ਦੀ ਸਜ਼ਾ ਤੇ ਜਾਇਦਾਦ ਜ਼ਬਤ ਦਾ ਹੁਕਮ ਹੋਇਆ। ਗਿਆਨੀ ਨਾਹਰ ਸਿੰਘ ਦੀ ਉਮਰ ਛੋਟੀ ਹੋਣ ਕਾਰਨ ਸਜ਼ਾ ਘਟਾ ਕੇ 5 ਸਾਲ ਸਖ਼ਤ ਕੈਦ ਕਰ ਦਿੱਤੀ। ਗਿਆਨੀ ਨਾਹਰ ਸਿੰਘ 4 ਅਪਰੈਲ ਨੂੰ ਮਿੰਟਗੁਮਰੀ ਜੇਲ੍ਹ ਭੇਜ ਦਿੱਤੇ ਜਿੱਥੋਂ ਉਹ 15 ਅਪਰੈਲ 1919 ਨੂੰ ਰਿਹਾਅ ਹੋ ਕੇ ਪਿੰਡ ਗੁਜਰਵਾਲ ਆ ਗਏ।
ਭਾਈ ਸਾਹਿਬ ਰਣਧੀਰ ਸਿੰਘ 4 ਅਪਰੈਲ 1916 ਤੋਂ ਅੱਧ ਜੁਲਾਈ 1916 ਤੱਕ ਮੁਲਤਾਨ ਜੇਲ੍ਹ, 16 ਜੁਲਾਈ 1916 ਤੋਂ ਅਕਤੂਬਰ 1921 ਤੱਕ ਹਜ਼ਾਰੀ ਬਾਗ਼ ਜੇਲ੍ਹ ਵਿਚ ਫਰੰਗੀ ਸਰਕਾਰ ਦੀਆਂ ਸਖ਼ਤੀਆਂ ਦੇ ਉਤਾਰ ਚੜਾਅ ਨੂੰ ਗੁਰੂ ਦੇ ਭਾਣੇ ਵਿਚ ਰਹਿ ਕੇ ਜਰਦੇ ਰਹੇ। ਐਪਰ ਅਕਤੂਬਰ 1921 ਵਿਚ ਆਂਧਰਾ ਪ੍ਰਦੇਸ਼ ਦੀ ਰਾਜਮੁੰਦਰੀ ਜੇਲ੍ਹ ਵਿਚ ਆ ਗਏ।
ਰਾਜਮੁੰਦਰੀ ਜੇਲ੍ਹ ਜਿੱਥੋਂ ਚਿੱਠੀਆਂ ਦਾ ਆਗਾਜ਼ ਹੋਇਆ:
ਆਂਧਰਾ ਪ੍ਰਦੇਸ਼ ਵਿਚ ਸਥਿਤ ਰਾਜਮੁੰਦਰੀ ਜੇਲ੍ਹ ਨੂੰ ਦੇਸ਼ ਦੀ ਪੰਜਵੀਂ ਵੱਡੀ ਜੇਲ੍ਹ ਮੰਨਿਆ ਜਾਂਦਾ ਹੈ। ਇਸ ਨੂੰ 1602 ਵਿੱਚ ਡੱਚਾਂ ਨੇ ਰਾਜਮੁੰਦਰੀ ਅੰਦਰ ਵਿਸ਼ਾਲ ਕਿਲ੍ਹੇ ਦੇ ਰੂਪ ਵਿੱਚ ਸਥਾਪਿਤ ਕੀਤਾ। ਬ੍ਰਿਟਿਸ਼ ਸਰਕਾਰ ਦਾ ਰਾਜ ਹੋ ਜਾਣ ਨਾਲ 1864 ਵਿੱਚ ਇਹ ਕਿਲ੍ਹਾ ਜੇਲ੍ਹ ਵਿੱਚ ਬਦਲ ਦਿੱਤਾ ਗਿਆ ਜਿਸ ਨੇ 1870 ਵਿਚ ਕੇਂਦਰੀ ਜੇਲ੍ਹ ਦਾ ਰੂਪ ਅਖ਼ਤਿਆਰ ਕਰ ਲਿਆ। ਭਾਈ ਸਾਹਿਬ ਰਣਧੀਰ ਸਿੰਘ ਅਕਤੂਬਰ 1921 ਵਿਚ ਰਾਜਮੁੰਦਰੀ ਜੇਲ੍ਹ ਵਿਚ ਪੁੱਜੇ। ਇਸ ਜੇਲ੍ਹ ਵਿਚ ਹੀ ਭਾਈ ਸਾਹਿਬ ਨੇ ਗੁਰਮਤਿ ਬਬਿੇਕ ਪੁਸਤਕ ਦੀ ਰਚਨਾ ਕੀਤੀ। ਇਸੇ ਜੇਲ੍ਹ ਤੋਂ ਹੀ ‘ਜੇਲ੍ਹ ਚਿੱਠੀਆਂ’ ਭਾਵ ਚਿੱਠੀ ਪੱਤਰ ਦੀ ਸ਼ੁਰੂਆਤ ਕੀਤੀ ਗਈ।
ਸੰਨ 1922 ਵਿੱਚ ਭਾਵ ਸੌ ਸਾਲ ਪਹਿਲਾਂ ਰਾਜਮੁੰਦਰੀ ਜੇਲ੍ਹ ’ਚੋਂ ਭਾਈ ਸਾਹਿਬ ਨੇ ਪਹਿਲੀ ਚਿੱਠੀ 19 ਮਾਰਚ 1922 ਨੂੰ ਆਪਣੇ ਅਤਿ ਪਿਆਰੇ ਸਨੇਹੀ ਗਿਆਨੀ ਨਾਹਰ ਸਿੰਘ ਗੁਜਰਵਾਲ ਨੂੰ ਲਿਖੀ। ਦੂਜੀ ਚਿੱਠੀ 24 ਮਾਰਚ 1922 ਤੇ ਤੀਜੀ ਚਿੱਠੀ 30 ਮਾਰਚ 1922 ਨੂੰ ਲਿਖੀ। ਇੱਕ ਮਹੀਨੇ ਵਿੱਚ ਤਿੰਨ ਚਿੱਠੀਆਂ ਲਿਖੀਆਂ ਜੋ ਵੱਖੋ-ਵੱਖ ਦੋ ਲਫ਼ਾਫ਼ਿਆਂ ਵਿੱਚ ਗੁਜਰਵਾਲ ਪੁੱਜੀਆਂ। ਜਿਨ੍ਹਾਂ ਨੇ ਵੀ ਇਹ ਚਿੱਠੀਆਂ ਸੁਣੀਆਂ ਜਾਂ ਪੜ੍ਹੀਆਂ ਹਨ, ਉਹ ਅਸ਼ ਅਸ਼ ਕਰ ਉੱਠੇ ਕਿਉਂਕਿ ਇਨ੍ਹਾਂ ਵਿੱਚ ਕੁਝ ਖ਼ਾਸ ਖ਼ੂਬੀਆਂ ਸਨ।
1. ਉੱਚ ਆਤਮਿਕ ਰੰਗਾਂ ਦੇ ਪੇਖੀ ਪਰਖੀ ਹੋਈ ਆਪ ਬੀਤੀ ਵਾਰਤਾ ਹੈ ਜੋ ਨਾਮ ਬਾਣੀ ਦੇ ਪ੍ਰਤਾਪ ਨੂੰ ਦ੍ਰਿੜ੍ਹਾਉਂਦੀ ਤੇ ਗੁਰਮਤਿ ਪਰ ਸ਼ਰਧਾ ਭਾਵਨਾ ਵਧਾਉਂਦੀ ਹੈ।
2. ਗੁਰਮਤਿ ਦੀਆਂ ਗੁਣੀਆਂ ਰਮਜ਼ਾਂ ਤੇ ਨਾਮ ਸਿਮਰਨ ਦੀ ਐਸੀ ਰਸਦਾਇਕ ਅਚਰਜ ਵਿਆਖਿਆ ਹੈ ਜੋ ਬਿਨਾਂ ਨਾਮ ਬਾਣੀ ਦੇ ਰਸ-ਲੀਨ ਤੋਂ ਸਫੁਰਨ ਹੋਣੀ ਅਸੰਭਵ ਹੈ।
3. ਸਿੱਖ ਇਤਿਹਾਸ ਦੇ ਨੁਕਤਾ ਨਿਗਾਹ ਨਾਲ ਇਹ ਦੁਰਲੱਭ ਦਸਤਾਵੇਜ਼ ਹੈ। ਸ਼ਾਇਦ ਹੀ ਇਸ ਤਰ੍ਹਾਂ ਦੀਆਂ ਤਜ਼ਰਬੇ ਵਿੱਚ ਆਈਆਂ ਉੱਚ ਆਤਮਿਕ ਗੱਲਾਂ ਕਿਸੇ ਨੇ ਇਉਂ ਰਸ-ਭਿੰਨੀ ਵਾਕ ਰਚਨਾ ਵਿਚ ਲਿਖੀਆਂ ਹੋਣਗੀਆਂ। ਖਿਆਲ ਕੀਤਾ ਜਾਂਦਾ ਹੈ ਨਾ ਸਿੱਖਾਂ ਵਿਚ ਕਿਸੇ ਨੇ ਤੇ ਨਾ ਕਿਸੇ ਹੋਰ ਨੇ ਅਜਿਹੀ ਰਚਨਾ ਅੱਜ ਤੀਕ ਰਚੀ ਹੈ।
ਮੁੱਕਦੀ ਗੱਲ ਇਹ ਹੈ ਕਿ ਇਨ੍ਹਾਂ ਚਿੱਠੀਆਂ ਦਾ ਇਹ ਮਜ਼ਮੂਨ ਧਾਰਮਿਕ, ਇਤਿਹਾਸਕ ਤੇ ਸਾਹਿਤਕ ਨੁਕਤਾ ਖ਼ਿਆਲ ਨਾਲ ਇੱਕ ਦੁਰਲੱਭ ਚੀਜ਼ ਹੈ ਜੋ ਭਾਈ ਸਾਹਿਬ ਨੂੰ ਅਨੁਭਵ ਰਾਹੀਂ ਫੁਰਿਆ ਅਤੇ ਕਲਮ ਰਾਹੀਂ ਪ੍ਰਗਟ ਹੋਇਆ। ਇਨ੍ਹਾਂ ਵਿੱਚ ਦੱਸਿਆ ਗਿਆ ਹੈ ਕਿ ਨਾਮ ਦੀ ਖੋਜ ਤੇ ਪ੍ਰਾਪਤੀ ਤੋਂ ਬਾਅਦ ਜੋਤ ਸਰੂਪੀ ਦਰਸ਼ਨ ਕਿਵੇਂ ਹੋਏ। ਇਸ ਤਰ੍ਹਾਂ ਦੀਆਂ ਹੋਰ ਭੀ ਕਈ ਗੁਰਮਤਿ ਦੇ ਉੱਚ ਭਾਵ ਦੀਆਂ ਗੱਲਾਂ ਹਨ।
ਭਾਈ ਸਾਹਿਬ ਰਣਧੀਰ ਸਿੰਘ ਜੀ ਨੇ ਕੁੱਲ 25 ਇਤਿਹਾਸਕ ਚਿੱਠੀਆਂ ਲਿਖੀਆਂ ਜਿਸ ਦਾ ਮੁੱਢ ਰਾਜਮੁੰਦਰੀ ਜੇਲ੍ਹ ਵਿੱਚੋਂ ਬੱਝਿਆ। ਇਹ ਆਪ ਦੀ ਕਰਮ ਭੂਮੀ ਸੀ। ਇਹ ਸਾਰੀਆਂ ਚਿੱਠੀਆਂ ਭਾਈ ਸਾਹਿਬ ਨੇ ਆਪਣੇ ਇੱਕ ਅਜਿਹੇ ਮਿੱਤਰ ਨੂੰ ਲਿਖੀਆਂ ਸਨ ਜੋ ਰਾਜਸੀ ਕੈਦੀ ਦੇ ਤੌਰ ’ਤੇ ਖ਼ੁਦ ਲਾਹੌਰ ਸਾਜ਼ਿਸ਼ ਕੇਸ ਤਹਿਤ ਕੈਦ ਕੱਟ ਕੇ ਆਪਣੇ ਪਿੰਡ ਆ ਗਿਆ ਸੀ। ਇਹ ਕੋਈ ਹੋਰ ਨਹੀਂ ਬਲਕਿ ਨਾਹਰ ਸਿੰਘ ਗੁਜਰਵਾਲ ਸੀ। ਉਨ੍ਹਾਂ ਨਾਲ ਜੀਵਨ ਦੇ ਬਿਖੜੇ ਰਾਹਾਂ ’ਤੇ ਤੁਰਨ ਵਾਲੇ ਗਿਆਨੀ ਨਾਹਰ ਸਿੰਘ ਗੁਜਰਵਾਲ ਨੇ ਆਪਣੀ ਸੰਪਾਦਨਾ ਹੇਠ ਹੀ ਜੇਲ੍ਹ ਚਿੱਠੀਆਂ ਦਾ ਮਹਾਨ ਕਾਰਜ ਕੀਤਾ।
ਇਨ੍ਹਾਂ ਚਿੱਠੀਆਂ ਦਾ ਆਦਾਨ ਪ੍ਰਦਾਨ ਗੁਪਤ ਢੰਗ ਨਾਲ ਚਲਦਾ ਗਿਆ। ਪੁਲੀਸ ਨੂੰ ਇਸ ਗੱਲ ਦੀ ਸੂਹ ਲੱਗ ਗਈ ਤੇ ਉਹ ਚਿੱਠੀਆਂ ਦੀ ਤਲਾਸ਼ ਕਰਨ ਲਈ ਸਰਗਰਮ ਰਹੀ। ਗਿਆਨੀ ਨਾਹਰ ਸਿੰਘ ਦੇ ਪਿੰਡ ਇੱਕ ਸੂਹੀਆ (ਜਾਸੂਸ) ਉਨ੍ਹਾਂ ਦੇ ਸਫ਼ਰ ਦੌਰਾਨ ਵੀ ਨਾਲ ਰਹਿੰਦਾ ਰਿਹਾ। ਪੁਲੀਸ ਵਾਲੇ ਅਕਸਰ ਆਪਣੀ ਬੋਲੀ ਵਿੱਚ ਗਿਆਨੀ ਨਾਹਰ ਸਿਘ ਨੂੰ ‘ਲੀਡਰਾਂ ਦਾ ਲੈਟਰ ਬਾਕਸ’ ਕਿਹਾ ਕਰਦੇ ਸਨ। ਜਦੋਂ ਗਿਆਨੀ ਨਾਹਰ ਸਿੰਘ ਜੀ ਆਪਣੇ ਸਪੁੱਤਰ ਸਰਦੂਲ ਸਿੰਘ ਪਾਸ ਅੰਬਾਲੇ ਵਿਖੇ ਸਨ ਤਾਂ ਪੰਜਾਬ ਵਿੱਚ ਆਏ ਹੜ੍ਹਾਂ ਦੇ ਭੇਟ ਚੜ੍ਹੇ ਘਰ ਦੇ ਸਾਮਾਨ ਸਮੇਤ ਭਾਈ ਸਾਹਿਬ ਦੀਆਂ ਚਿੱਠੀਆਂ ਦਾ ਬੇਸ਼ਕੀਮਤੀ ਖ਼ਜ਼ਾਨਾ ਵੀ ਨਸ਼ਟ ਹੋ ਗਿਆ।
ਗਿਆਨੀ ਨਾਹਰ ਸਿੰਘ ਜੀ ਨੇ ਜੇਲ੍ਹ ਚਿੱਠੀਆਂ ਦਾ ਪਹਿਲਾ ਹਿੱਸਾ 1936, ਦੂਜਾ 1937, ਤੀਜਾ ਹਿੱਸਾ 1938 ਵਿੱਚ ਅਤੇ ਦੂਜੀ ਵਾਰ ਤਿੰਨੇ ਹਿੱਸੇ ਇੱਕੋ ਜਿਲਦ ਵਿੱਚ 1951, ਤੀਜੀ ਵਾਰ ਤਿੰਨੇ ਹਿੱਸੇ 1956 ਵਿੱਚ ਛਾਪੇ। ਇਸੇ ਤਰ੍ਹਾਂ ਵੱਡੀ ਗਿਣਤੀ ਵਿਚ ਇਸ ਦੀ ਪ੍ਰਕਾਸ਼ਨਾ ਹੁੰਦੀ ਰਹੀ। ਇਸ ਨੂੰ ਅਕਤੂਬਰ 2016 ਵਿੱਚ ਡੀ.ਟੀ.ਐਫ. ਪ੍ਰਕਾਸ਼ਨ ਬਰਮਿੰਘਮ, ਇੰਗਲੈਂਡ ਵੱਲੋਂ ਭਾਈ ਮਦਨ ਸਿੰਘ ਨੇ ਵੱਡੀ ਗਿਣਤੀ ਵਿੱਚ ਪ੍ਰਕਾਸ਼ਿਤ ਕੀਤਾ।
ਸੰਪਰਕ: +1 778 385-8141 (ਸਰੀ, ਕੈਨੇਡਾ)