ਕੇ.ਐਲ.ਗਰਗ
ਪੁਸਤਕ ‘ਬਨੇਰੇ ਦੇ ਚਿਰਾਗ’ (ਕੀਮਤ: 475 ਰੁਪਏ; ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ-2) ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਦੀ ਹਾਲ ਹੀ ਵਿੱਚ ਛਪੀ ਕਿਤਾਬ ਹੈ ਜਿਸ ਵਿੱਚ ਉਸ ਨੇ ਆਪਣੀ ਪਸੰਦ ਦੀਆਂ ਚੌਦਾਂ ਸ਼ਖ਼ਸੀਅਤਾਂ ਦੇ ਵਿਅਕਤੀ ਚਿੱਤਰ ਦਰਜ ਕੀਤੇ ਹਨ। ਕਿਤਾਬ ਦਾ ਨਾਂ ਬਹੁਤ ਹੀ ਢੁੱਕਵਾਂ ਤੇ ਪ੍ਰਤੀਕਾਤਮਕ ਹੈ। ਬਨੇਰੇ ’ਤੇ ਚਿਰਾਗ ਅਸੀਂ ਆਪਣੀ ਅਥਾਹ ਖ਼ੁਸ਼ੀ ਪ੍ਰਗਟ ਕਰਨ ਲਈ, ਤਿੱਥ ਤਿਉਹਾਰ ਮਨਾਉਣ ਲਈ ਜਾਂ ਕਿਸੇ ਮਹਾਂਪੁਰਖ ਦੀ ਯਾਦ ਵਿੱਚ ਬਾਲਦੇ ਹਾਂ। ਬਨੇਰੇ ਦੇ ਚਿਰਾਗ ਸਾਡੇ ਘਰਾਂ ਦੇ ਨਾਲ ਨਾਲ ਸਾਡੇ ਅੰਦਰਲੇ ਹਨੇਰੇ ਨੂੰ ਵੀ ਹਰਣ ਦਾ ਕਾਰਜ ਕਰਦੇ ਹਨ।
ਇਸ ਪੁਸਤਕ ਬਾਰੇ ਲੇਖਕ ਖ਼ੁਦ ਕੀ ਕਹਿੰਦਾ ਹੈ, ਪਹਿਲਾਂ ਉਸ ਦੀ ਗੱਲ ਸੁਣ ਲਈਏ: ‘‘ਇਹ ਸਾਰੇ ਦੇ ਸਾਰੇ ਅਜਿਹੇ ਵਿਅਕਤੀ ਸਨ ਜਿਨ੍ਹਾਂ ਨੇ ਲੋਕਾਂ ਦੀ, ਸਮਾਜ ਦੀ, ਪੰਜਾਬੀ ਬੋਲੀ ਦੀ, ਸਾਹਿਤ ਦੀ, ਸੱਭਿਆਚਾਰ ਦੀ, ਗੱਲ ਕੀ ਪੰਜਾਬੀਅਤ ਦੀ ਸੇਵਾ ਲਈ ਜਿਹੜਾ ਵੀ ਪੱਖ ਚੁਣਿਆ, ਆਪਣਾ ਸਾਰਾ ਆਪਾ ਉਸੇ ਦੇ ਲੇਖੇ ਲਾ ਦਿੱਤਾ। ਆਪਣੇ ਚੁਣੇ ਹੋਏ ਮਨੋਰਥ ਨੂੰ ਇਨ੍ਹਾਂ ਨੇ ਅਜਿਹੀ ਲਗਨ, ਨਿਸ਼ਕਾਮਤਾ ਤੇ ਲਗਨ ਨਾਲ ਨਿਭਾਇਆ ਕਿ ਤਨ ਵੀ ਉਹਦੇ ਹਵਾਲੇ, ਮਨ ਤੇ ਧਨ ਵੀ ਉਹਦੇ ਹਵਾਲੇ। ਇਨ੍ਹਾਂ ਕੁਝ ਬੰਦਿਆਂ ਨੇ ਹਨੇਰੇ ਵਿੱਚ ਚਿਰਾਗ ਬਾਲ ਦਿੱਤੇ। ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਦੇ ਕਾਰਜਾਂ ਦੇ ਰੂਪ ਕੁਝ ਵੀ ਰਹੇ, ਸਭ ਦਾ ਸਾਂਝਾ ਲੱਛਣ ਮਨੁੱਖ ਦੀ ਸੇਵਾ, ਸਾਹਿਤ ਦੀ ਸੇਵਾ, ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਹੀ ਰਿਹਾ।’’
ਇਨ੍ਹਾਂ ਸ਼ਖ਼ਸੀਅਤਾਂ ਦੀ ਚੋਣ ਖ਼ੁਦ ਲੇਖਕ ਦੀ ਆਪਣੀ ਹੈ। ਇਨ੍ਹਾਂ ਨੂੰ ਹੀ ਚੁਣਨ ਦਾ ਕਾਰਨ? ਕਾਰਨ ਇਹ ਹੈ ਕਿ ਭੁੱਲਰ ਖ਼ੁਦ ਲੋਕ ਪੱਖੀ ਤੇ ਮਾਨਵਵਾਦੀ ਸਾਹਿਤਕਾਰ ਹੋਣ ਦੇ ਨਾਤੇ ਉਸ ਦੇ ਘੇਰੇ ਵਿੱਚ ਅਜਿਹੇ ਲੋਕ ਹੀ ਆਉਂਦੇ ਸਨ ਜੋ ਸੱਚਮੁੱਚ ਲੋਕ ਪੱਖੀ ਤੇ ਮਾਨਵਵਾਦੀ ਸੋਚ ’ਤੇ ਪਹਿਰਾ ਦਿੰਦੇ ਹੋਣ।
ਅਗਲੀ ਗੱਲ ਇਹ ਹੈ ਕਿ ਇਹ ਸਾਰੇ ਸ਼ਖ਼ਸ ਹੀ ਉਸ ਦੇ ਚੰਗੇ ਸੰਪਰਕ ’ਚ ਰਹੇ ਹਨ ਅਤੇ ਉਹ ਉਨ੍ਹਾਂ ਬਾਰੇ ਭੋਰਾ ਭੋਰਾ ਜਾਣਦਾ ਹੈ। ਅਗਲੀ ਗੱਲ ਇਨ੍ਹਾਂ ਸ਼ਖ਼ਸਾਂ ਨਾਲ ਉਸ ਦਾ ਰਿਸ਼ਤਾ ਆਦਰ ਸਤਿਕਾਰ ਤੇ ਮੁਹੱਬਤੀ ਰਿਹਾ ਹੈ। ਇਸੇ ਲਈ ਲੇਖਕ ਨੇ ਉਨ੍ਹਾਂ ਦੇ ਗੁਣਾਂ ਦੀ ਹੀ ਸ਼ਨਾਖਤ ਕੀਤੀ ਹੈ। ਇਹੋ ਜਿਹੇ ਆਦਰਯੋਗ ਆਪਸੀ ਰਿਸ਼ਤੇ ਵਿੱਚ ਖੋਟ ਭਾਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਹਰੇਕ ਸ਼ਖ਼ਸ ਲਈ ਉਸ ਨੇ ਬਹੁਤ ਹੀ ਕਲਾਮਈ ਅਤੇ ਢੁਕਵੇਂ ਸਿਰਲੇਖ ਰੱਖਣ ਦਾ ਯਤਨ ਕੀਤਾ ਹੈ।
ਲੋਕਾਂ ਦੇ ਲੇਖੇ ਲੱਗਿਆ ਪੂਰਾ ਜੀਵਨ: ਸੋਹਨ ਸਿੰਘ ਜੋਸ; ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਪੂਰਾ ਕਦਰਦਾਨ: ਮਹਿੰਦਰ ਸਿੰਘ ਰੰਧਾਵਾ; ਸ਼ਬਦ ਤੇ ਸਾਹਿਤ ਦੇ ਅੰਦਰ ਦੀ ਡੂੰਘਾਈ: ਭਾਪਾ ਪ੍ਰੀਤਮ ਸਿੰਘ; ਲੋਕਧਾਰਾ ਨੂੰ ਸੰਭਾਲਣ ਵਾਲਾ ਤਪੱਸਵੀ: ਵਣਜਾਰਾ ਬੇਦੀ; ਹਰ ਲੋਕ ਮੋਰਚੇ ਦਾ ਸਿਰੜੀ ਲੜਾਕਾ: ਅਜਮੇਰ ਸਿੰਘ ਔਲਖ ਆਦਿ।
ਇਨ੍ਹਾਂ ਵਿਅਕਤੀ ਚਿੱਤਰਾਂ ਵਾਸਤੇ ਲੇਖਕ ਇੱਕ ਨਿਵੇਕਲੀ ਵਿਧੀ ਤੇ ਸ਼ੈਲੀ ਦੀ ਵਰਤੋਂ ਕਰਦਾ ਪ੍ਰਤੀਤ ਹੁੰਦਾ ਹੈ। ਇੱਕ ਜੀਵਨੀਕਾਰ ਵਾਂਗ ਪਹਿਲਾਂ ਉਹ ਸ਼ਖ਼ਸ ਦੇ ਕਾਰਜ ਦੇ ਸਾਰੇ ਵੇਰਵੇ ਪੇਸ਼ ਕਰਦਾ ਹੈ। ਉਸ ਦੀਆਂ ਪ੍ਰਾਪਤੀਆਂ ਤੇ ਘਾਲਣਾਵਾਂ ਦਾ ਜ਼ਿਕਰ ਕਰਦਾ ਹੈ ਤੇ ਉਸ ਦੀ ਆਪਣੇ ਨਾਲ ਸਾਂਝ ਦਾ ਬਿਓਰਾ ਦਿੰਦਾ ਹੈ। ਉਸ ਤੋਂ ਪ੍ਰਾਪਤ ਕੀਤੇ ਪ੍ਰਭਾਵ ਦੱਸਦਾ ਹੈ। ਇਉਂ ਹੀ ਵਿਅਕਤੀ ਚਿੱਤਰ ਪੂਰਣਤਾ ਨੂੰ ਪ੍ਰਾਪਤ ਹੁੰਦੇ ਵਿਖਾਈ ਦਿੰਦੇ ਹਨ। ਇਹ ਅਜਿਹੇ ਸ਼ਖ਼ਸ ਹਨ ਜਿਹੜੇ ਜ਼ਿੰਦਗੀ ਵਿੱਚ ਕਿਤੇ ਵੀ ਥਿੜਕਦੇ ਦਿਖਾਈ ਨਹੀਂ ਦਿੰਦੇ। ਹਰ ਪ੍ਰੀਖਿਆ ’ਚੋਂ ਸੌ ਫ਼ੀਸਦੀ ਨੰਬਰ ਲੈ ਕੇ ਪਾਸ ਹੁੰਦੇ ਹਨ। ਇਸ ਲਈ ਅਸੀਂ ਲੇਖਕ ਨੂੰ ਸੁਹਿਰਦ ਜੀਵਨੀਕਾਰ ਵੀ ਆਖ ਸਕਦੇ ਹਾਂ।
ਗੁਰਬਚਨ ਸਿੰਘ ਭੁੱਲਰ ਵੱਡਾ ਕਥਾਕਾਰ ਤਾਂ ਹੈ ਹੀ, ਉੱਚ ਦੁਮਾਲੜਾ ਵਾਰਤਾਕਾਰ ਵੀ ਹੈ। ਉਹ ਆਪਣੀ ਵਾਰਤਕ ਲਿਖਦਾ ਨਹੀਂ ਸਗੋਂ ਜਜ਼ਬੇ ਨਾਲ ਬੋਲਦਾ ਪ੍ਰਤੀਤ ਹੁੰਦਾ ਹੈ। ਇਉਂ ਜਾਪਦਾ ਹੈ ਕਿ ਇਨ੍ਹਾਂ ਸ਼ਖ਼ਸਾਂ ਬਾਰੇ ਉਹ ਲਿਖ ਨਹੀਂ ਰਿਹਾ ਸਗੋਂ ਕਿਸੇ ਸੈਮੀਨਾਰ ਜਾਂ ਜਲਸੇ ਵਿੱਚ ਸੁਚੱਜੇ ਸ਼ਬਦਾਂ ਵਿੱਚ ਭਾਸ਼ਣ ਦੇ ਰਿਹਾ ਹੈ। ਚੰਗੀ ਵਾਰਤਕ ਇੱਥੋਂ ਹੀ ਪ੍ਰਭਾਵਸ਼ਾਲੀ ਬਣਦੀ ਹੈ। ਉਸ ਦੀ ਵਾਰਤਕ ਦਾ ਇੱਕ ਵਾਕ ਵੇਖੋ: ‘‘ਸਵੈ ਪਰਚਾਰ ਅਤੇ ਸਵੈ ਉਭਾਰ ਦੇ ਇਸ ਯੁੱਗ ਵਿੱਚ ਸਵੈ ਤਿਆਗ ਦਾ ਇਹ ਕਾਰਜ ਕੋਈ ਸਹਿਜ ਨਹੀਂ।’’ ਇਹੋ ਜਿਹੇ ਬੇਸ਼ੁਮਾਰ ਵਾਕ ਇਸ ਪੁਸਤਕ ਵਿੱਚ ਥਾਂ ਪੁਰ ਥਾਂ ਲੱਭ ਪੈਣਗੇ।
ਦੂਸਰੇ ਸਕੈੱਚ ਲੇਖਕਾਂ ਵਾਂਗ ਭੁੱਲਰ ਕਿਸੇ ਨੂੰ ਛੁਟਿਆ ਕੇ ਆਪਣੀ ਵਡਿਆਈ ਦੀ ਤਾਂਘ ਨਹੀਂ ਰੱਖਦਾ। ਉਹ ਇਨ੍ਹਾਂ ਸ਼ਖ਼ਸੀਅਤਾਂ ਪ੍ਰਤੀ ਆਦਰ ਅਤੇ ਸੱਭਿਅਕ ਵਤੀਰਾ ਹੀ ਅਖਤਿਆਰ ਕਰਦਾ ਹੈ। ਉਸ ਦਾ ਕਾਰਜ ਤਾਂ ਇਨ੍ਹਾਂ ਦੇ ਲੋਕ ਪੱਖੀ ਤੇ ਲੋਕ ਹਿਤੂ ਚਿਹਰੇ ਦਾ ਬ੍ਰਿਤਾਂਤ ਪੇਸ਼ ਕਰਨਾ ਹੀ ਹੈ।
ਇਸ ਲਈ ਆਖ ਸਕਦੇ ਹਾਂ ਕਿ ਇਹ ਇੱਕ ਅਜਿਹੀ ਕਿਤਾਬ ਹੈ ਜਿਸ ਵਿੱਚ ਸੁਹਿਰਦ ਲੇਖਕ ਨੇ ਕੁਝ ਹੋਰ ਸੁਹਿਰਦ ਲੋਕਾਂ ਦੀ ਬਾਤ ਸੁਣਾਈ ਹੈ।