ਬਲਜੀਤ ਕੌਰ ਟਹਿਣਾ
ਕਥਾ ਪ੍ਰਵਾਹ
ਮੀਤ ਨੇ ਸਿਰਹਾਣੇ ’ਚੋਂ ਸਿਰ ਕੱਢ ਕੇ ਉੱਪਰ ਦੇਖਿਆ ਤਾਂ ਲੱਕੜ ਦੀ ਛੱਤ ਮਨ ਨੂੰ ਹੋਰ ਬੇਚੈਨ ਕਰ ਗਈ। ਅੱਜ ਨਾ ਤਾਂ ਪਰਸ ਟਿਕਾਣੇ ਉੱਤੇ ਰੱਖਿਆ ਤੇ ਨਾ ਹੀ ਜੁੱਤੀ ਥਾਂ ਸਿਰ ਰੱਖੀ। ਬਸ, ਬੈੱਡ ਉੱਤੇ ਮੂਧੀ ਪਈ ਰੋਈ ਜਾ ਰਹੀ ਸੀ। ਅੱਜ ਸਟੋਰ ’ਚ ਹੋਈ ਬੇਇੱਜ਼ਤੀ ਨੂੰ ਭੁੱਲਣ ਦੀ ਕੋਸ਼ਿਸ਼ ’ਚ ਸੀ। ਸ਼ਾਇਦ ਬਚਪਨ ਵਿਚ ਪੈਂਦੀਆਂ ਝਿੜਕਾਂ ਵਾਂਗ ਪਲਾਂ ’ਚ ਭੁੱਲ ਜਾਵੇ, ਪਰ ਦੋ ਘੰਟਿਆਂ ਦਾ ਸਫ਼ਰ ਵੀ ਦਰਦ ਨੂੰ ਰੱਤੀ ਭਰ ਘੱਟ ਨਾ ਕਰ ਸਕਿਆ। ਇੰਨੀ ਤੇਜ਼ੀ ਤੇ ਬੇਧਿਆਨੀ ਨਾਲ ਕਾਰ ਚਲਾ ਕੇ ਲਿਆਈ ਕਿ ਬੇਗਾਨੇ ਮੁਲਕ ’ਚ ਸ਼ਾਇਦ ਕਿਸਮਤ ਹੀ ਸਾਥ ਦੇ ਗਈ ਨਹੀਂ ਤਾਂ…। ਦਾਦੀ ਦੇ ਬੋਲ ‘‘ਚੰਗਾ! ਜੇ ਰੱਬ ਨੇ ਧੀ ਦਿੱਤੀ ਤਾਂ ਸੋਹਣੀ-ਸਨੁੱਖੀ ਏ… ਨਹੀਂ ਤਾਂ ਇਹਦੀ ਕੀ ਜੂਨ ਸੀ।’ ਅੱਜ ਝੂਠੇ ਲੱਗ ਰਹੇ ਸਨ। ਬਾਹਰਲੇ ਮੁਲਕ ਵਿਚ ਤਾਂ ਕੰਮ ਪਿਆਰਾ ਏ ਚੰਮ ਨਹੀਂ। ਦਿਨੇ ਧੀ ਪਰੀ ਨੂੰ ਸਾਂਭਦੀ ਤੇ ਫਿਰ ਰਾਤਾਂ ਨੂੰ ਕੰਮ ਕਰਨਾ ਮੀਤ ਦੀ ਭੂਤਨੀ ਭੁਲਾ ਦਿੰਦਾ। ਘਰ ਦੀਆਂ ਕਿਸ਼ਤਾਂ ਤੇ ਹੋਰ ਖ਼ਰਚੇ ਮੀਤ ਦੀ ਜ਼ਿੰਮੇਵਾਰੀ ਸਨ। ਸਹੁਰਿਆਂ ਨੇ ਰਿਸ਼ਤੇ ਲਈ ਹਾਂ ਤਾਂ ਹੀ ਕੀਤੀ ਸੀ ਕਿ ਕੁੜੀ ਨੂੰ ਬਾਹਰਲੇ ਮੁਲਕ ’ਚ ਕੰਮ ਕਰਨਾ ਪੈਣਾ ਏ। ਐਨੀ ਦੌੜ-ਭੱਜ ਕਰਕੇ ਕੰਮ ’ਤੇ ਪਹੁੰਚਦੀ, ਪਰ ਅੱਜ ਜਦੋਂ ਤਨਖ਼ਾਹ ਮਿਲੀ ਤਾਂ ਡਾਲਰ ਕੱਟੇ ਗਏ ਕਿਉਂ ਜੋ ਛੋਟੀ ਬੱਚੀ ਪਰੀ ਦੇ ਬਿਮਾਰ ਹੋਣ ਕਰਕੇ ਕੰਮ ’ਤੇ ਪਹੁੰਚਣ ’ਚ ਦੇਰ ਹੋ ਜਾਂਦੀ ਸੀ। ਡਰ ਸੀ ਕਿ ਹਰਨੇਕ ਨੂੰ ਪਤਾ ਲੱਗੇਗਾ ਤਾਂ ਜ਼ਰੂਰ ਗਾਲ੍ਹਾਂ ਕੱਢੇਗਾ। ਉਹ ਤਾਂ ਅੱਗੇ ਕਹਿ ਦਿੰਦਾ, ‘‘ਨੰਗਾਂ-ਮਲੰਗਾਂ ਦੀ ਏਂ, ਹੁਣ ਮੇਮ ਬਣ ਬਣ ਬੈਠੀ… ਸਾਡੀ ਤਾਂ ਮੱਤ ਮਾਰੀ ਗਈ ਸੀ ਕਿ ਤੇਰਾ ਰੰਗ ਰੂਪ ਦੇਖ ਕੇ ਹਾਂ ਕਰ ਬੈਠੇ ਨਹੀਂ ਤਾਂ ਮਗਰ-ਮਗਰ ਲੱਖਾਂ ਚੱਕੀ ਫਿਰਦੇ ਸਨ…।’’ ਮੀਤ ਨੂੰ ਲੱਗਦਾ ਸੀ ਕਿ ਬਾਰ੍ਹੀਂ ਵਰ੍ਹੀਂ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ, ਸ਼ਾਇਦ ਬਚਪਨ ਦੀਆਂ ਦੁਸ਼ਵਾਰੀਆਂ ਉਸ ਦਾ ਪਿੱਛਾ ਛੱਡ ਦੇਣ, ਪਰ ਕਿੱਥੇ…!
ਮੀਤ ਅਜੇ ਛੇ ਕੁ ਵਰ੍ਹਿਆਂ ਦੀ ਸੀ ਜਦੋਂ ਅਤਿਵਾਦ ਦਾ ਦੌਰ ਸੀ। ਮਸਾਂ ਪੰਜ ਕੁ ਕਿੱਲਿਆਂ ’ਚ ਗੁੁਜ਼ਾਰਾ ਕਰਦਾ ਪਰਿਵਾਰ ਰਾਤ ਨੂੰ ਅਜੇ ਰੋਟੀ ਖਾ ਕੇ ਹਟਿਆ ਸੀ ਕਿ ਬਾਹਰਲਾ ਬੂਹਾ ਖੜਕਿਆ। ਕਾਲ਼ੀ ਰਾਤ ਤੇ ਠੰਢ ਵੀ ਲੋਹੜੇ ਦੀ…। ਨਾ ਤਾਂ ਦਾਦਾ ਰਜਾਈ ’ਚੋਂ ਉਠਿਆ ਤੇ ਨਾ ਹੀ ਚਾਚਾ। ਪਿਓ ਉੱਠ ਕੇ ਗਿਆ ਤਾਂ ਮਗਰੇ ਹੀ ਮਾਂ ਤੇ ਦਾਦੀ ਵੀ ਤੁਰ ਪਈਆਂ। ਬੂਹਾ ਖੋਲ੍ਹਿਆ ਹੀ ਸੀ ਕਿ ਗੋਲੀਆਂ ਚੱਲਣ ਦੀ ਆਵਾਜ਼ ਆਈ ਤੇ ਕਾਲ਼ੀ ਰਾਤ ਵਿਚ ਸਭ ਕੁਝ ਖ਼ਤਮ ਹੋ ਗਿਆ। ਜਦੋਂ ਤੱਕ ਸਾਰੇ ਪਹੁੰਚੇ ਤਾਂ ਪਿਓ ਤਾਰਾ ਬਣ ਚੁੱਕਾ ਸੀ। ਮੀਤ ਨੂੰ ਹਾਲੇ ਵੀ ਸਮਝ ਨਹੀਂ ਆਉਂਦੀ ਸੀ ਕਿ ਉਸ ਰਾਤ ਕੀ ਹੋਇਆ ਤੇ ਕਿਉਂ। ਦਾਦਾ ਤਾਂ ਪੁੱਤ ਦੇ ਵਿਯੋਗ ’ਚ ਕੁਝ ਮਹੀਨਿਆਂ ਮਗਰੋਂ ਹੀ ਤੁਰ ਗਿਆ। ਮਾਂ ਨੂੰ ਵੀ ਨਾਨਕੇ ਲੈ ਗਏ। ਮੀਤ ਨੂੰ ਦਾਦੀ ਨੇ ਨਾ ਜਾਣ ਦਿੱਤਾ, ‘‘ਮੇਰੇ ਪੁੱਤ ਦੀ ਨਿਸ਼ਾਨੀ ਏ… ਮੇਰੇ ਜਿਊਣ ਦਾ ਸਹਾਰਾ… ਨਾਲ਼ੇ ਜਿੱਥੇ ਮੇਰੀ ਨੂੰਹ ਨੂੰ ਤੋਰੋਂਗੇ… ਕੁੜੀ ਨਾਲ਼ ਹੋਈ ਤਾਂ ਬਿਗਾਨੇ ਲਹੂ ਨੂੰ ਕੌਣ ਸਿਆਣੂੰ…।’’ ਮਾਂ ਵੀ ਪਤਾ ਨ੍ਹੀਂ ਕਿਹੜਾ ਜਿਗਰਾ ਕਰਕੇ ਛੱਡ ਗਈ।
ਨਿਆਣੀ ਉਮਰ ’ਚ ਦਾਦੀ ਆਹਰੇ ਲਾਈ ਰੱਖਦੀ, ਪਰ ਹੌਲ਼ੀ-ਹੌਲ਼ੀ ਚਾਚੇ-ਚਾਚੀ ਦਾ ਵਿਹਾਰ ਸਮਝ ਆਉਣ ਲੱਗਿਆ। ਚਾਚੇ ਦੇ ਵੀ ਉਪਰੋ-ਥੱਲੇ ਦੋ ਧੀਆਂ ਹੋ ਗਈਆਂ। ਸਾਰਾ ਘਰ ਕੁੜੀਆਂ-ਬੁੜ੍ਹੀਆਂ ਨਾਲ ਭਰ ਗਿਆ। ਚਾਚਾ ’ਕੱਲਾ ਤੇ ਅਸੀਂ ਪੰਜ ਜਣੀਆਂ। ਜਦੋਂ ਨਿੱਕਾ ਵੀਰ ਜੰਮਿਆ ਤਾਂ ਚਾਚੀ ਦੇ ਪੈਰ ਭੁੰਜੇ ਨਾ ਲੱਗਣ। ਦਾਦੀ ਵੀ ਰੱਬ ਦਾ ਸ਼ੁਕਰਾਨਾ ਕਰਦੀ ਕਿ ਸਾਡੀ ਕੁਲ ਅੱਗੇ ਤੁਰ ਪਈ। ਚਾਚੀ ਮੈਨੂੰ ਵੀਰ ਨੂੰ ਘੱਟ ਹੀ ਚੁੱਕਣ ਦਿੰਦੀ। ਉਸ ਦੀਆਂ ਨਿੱਕੀਆਂ-ਨਿੱਕੀਆਂ ਸ਼ਰਾਰਤਾਂ ਦੇਖ ਕੇ ਖ਼ੁਸ਼ ਹੁੰਦੀ, ਪਰ ਚਾਚੀ ਦੀ ਅੱਖ ਦੀ ਕੁੜੱਤਣ ਦਿਲ ਨੂੰ ਡੋਬੂ ਪਾ ਦਿੰਦੀ। ਚਾਚੀ ਨੇ ਦਾਦੀ ਨੂੰ ਕਈ ਵਾਰ ਆਖ ਦਿੱਤਾ ਸੀ, ‘‘…ਅਸੀਂ ਵਿਆਹ-ਵਰ ਦੇਵਾਂਗੇ ਏਸ ਨੂੰ… ਜ਼ਮੀਨ ’ਚੋਂ ਨ੍ਹੀਂ ਕੁਝ ਦੇਣਾ… ਸਾਰੀ ਪੈਲ਼ੀ ਮੇਰੇ ਪੁੱਤ ਦੇ ਨਾਂ ਕਰਾ ਦੇ… ਵਰਤਣਾ ਤਾਂ ਇਹਨੇ ਮੇਰੇ ਪੁੱਤ ਨਾਲ਼ ਈ ਏ… ਤੂੰ ਕਿਹੜਾ ਸਾਰੀ ਉਮਰ ਬੈਠੀ ਰਹਿਣੈ…।’’ ਦਾਦੀ ਰੋ-ਰੋ ਅੱਖਾਂ ਸੁਜਾ ਲੈਂਦੀ, ਪਰ ਮੇਰੇ ਨਾਲ਼ ਗੱਲ ਨਾ ਕਰਦੀ।
ਭਾਵੇਂ ਦਾਦੀ ਔਖੀ ਹੋ ਕੇ ਕੋਠੇ ’ਤੇ ਚੜ੍ਹਦੀ, ਪਰ ਮੈਂ ਜ਼ਿੱਦ ਕਰਕੇ ਦਾਦੀ ਨੂੰ ਕੋਠੇ ’ਤੇ ਲੈ ਜਾਂਦੀ ਕਿ ਉੱਪਰ ਸੌਵਾਂਗੇ। ਇਕ ਦਾਦੀ ਤਾਂ ਸੀ ਜੋ ਮੇਰੀ ਗੱਲ ਮੰਨ ਲੈਂਦੀ ਸੀ। ਮੱਛਰ ਭਾਵੇਂ ਲੜੀ ਜਾਣਾ, ਖੇਸ ਨਾਲ ਮੂੰਹ ਨੂੰ ਛੱਡ ਬਾਕੀ ਸਰੀਰ ਢਕ ਲੈਣਾ ਤੇ ਗੱਲਾਂ ਕਰਨ ਰੁੱਝ ਜਾਣਾ ਨੀਲੀ ਛੱਤ ਵਾਲੇ ਨਾਲ…। ਚੰਨ ਆਪਣਾ-ਆਪਣਾ ਲੱਗਣਾ। ਕਦੇ ਲੱਗਣਾ ਪਿਓ ਕੁਝ ਸਮਝਾ ਰਿਹਾ ਹੈ, ਕਦੇ ਮਾਂ ਦਾ ਝਉਲਾ ਪੈਣਾ। ਦਿਨ ਚੜ੍ਹਨਾ ਤਾਂ ਰਾਤ ਦੀ ਉਡੀਕ ਹੋਣੀ ਕਿ ਕਦੋਂ ਸਾਰੇ ਦਿਨ ਦੀਆਂ ਗੱਲਾਂ ਨੀਲੀ ਛੱਤ ਵਾਲੇ ਨਾਲ ਕਰਾਂ…। ਮੀਤ ਜਿਉਂ-ਜਿਉਂ ਜਵਾਨ ਹੁੰਦੀ ਗਈ ਆਪਣੇ ਮਨ ਨਾਲ ਤੇ ਨੀਲੀ ਛੱਤ ਵਾਲੇ ਨਾਲ ਰੁੱਝ ਗਈ। ਜੋ ਗੱਲ ਸਹਾਰੀ ਨਾ ਜਾਂਦੀ, ਨੀਲੀ ਛੱਤ ਵਾਲੇ ਕੋਲ ਰੱਜ ਕੇ ਗੁੱਸਾ ਕੱਢਦੀ।
ਜਵਾਨ ਪੋਤੀ ਦਾ ਫ਼ਿਕਰ ਦਾਦੀ ਨੂੰ ਵੱਢ-ਵੱਢ ਖਾਂਦਾ। ਚਾਚੇ-ਚਾਚੀ ਨੂੰ ਵੀ ਕਾਹਲ਼ੀ ਸੀ ਕਿ ਕਦੋਂ ਏਸ ਨੂੰ ਵਿਆਹੀਏ ਤੇ ਦਾਦੀ ਤੋਂ ਸਾਰੀ ਜ਼ਮੀਨ ਨਾਂ ਕਰਵਾ ਲਈਏ। ਪਤਾ ਨ੍ਹੀਂ ਕਿਸ ਨੇ ਚਾਚੀ ਦੇ ਦਿਮਾਗ਼ ’ਚ ਇਹ ਗੱਲ ਵਾੜ ਦਿੱਤੀ ਕਿ ਕੁੜੀ ਨੂੰ ਬਾਹਰਲੇ ਮੁੰਡੇ ਨਾਲ ਵਿਆਹ ਦੇ… ਨਾ ਸਾਰੀ ਉਮਰ ਏਧਰ ਆਊ ਤੇ ਨਾ ਹੀ ਜ਼ਮੀਨ ਵੰਡ ਦਾ ਡਰ ਰਹੂ…। ਦਾਦੀ ਨੇ ਤਾਂ ਬਹੁਤ ਸਿਆਪਾ ਪਾਇਆ ਕਿ ‘‘ਮੁੰਡਾ ਤਾਂ ਭਾਵੇਂ ਬਾਹਰਲਾ ਏ, ਪਰ ਉਮਰ ਦਾ ਫ਼ਰਕ ਤਾਂ ਦੇਖੋ… ਪਿਓ ਦੇ ਹਾਣ ਨਾਲ ਥੋੜ੍ਹਾ ਵਿਆਹ ਦੇਣੀ ਏ… ਸੋਹਣੀ ਸੁਨੱਖੀ ਏ… ਡੋਬਣੀ ਨਹੀਂ। ਇਹ ਤਾਂ ਗਊ ਏ ਜੀਹਦੇ ਕਿੱਲੇ ਬੰਨ੍ਹ ਦੇਵੋਗੇ… ਕਿਹੜਾ ਬੋਲਣੈ ਵਿਚਾਰੀ ਨੇ।’’ ਦਾਦੀ ਨੇ ਰੋ-ਰੋ ਦੀਦੇ ਗਾਲ਼ ਲਏ। ਮੀਤ ਦੇ ਸਹੁਰਿਆਂ ਦੇ ਤਾਂ ਭਾਗ ਹੀ ਖੁੱਲ੍ਹ ਗਏ। ਚੰਗੀ ਸ਼ਕਲ-ਸੂਰਤ ਵਾਲੀ ਕਾਮੀ ਨੂੰਹ ਜੁ ਮਿਲ ਗਈ ਸੀ। ਜਿੰਨੀ ਦੇਰ ਵੀਜ਼ਾ ਨਾ ਆਇਆ ਸਾਹ ਸੂਤੇ ਰਹੇ ਮਤੇ ਧੋਖਾ ਨਾ ਹੋ ਜਾਵੇ…। ਚਾਚੇ ਨੂੰ ਬੜੀ ਕਾਹਲ਼ੀ ਸੀ ਕਿ ‘ਇਕ ਜੀਅ ਬਾਹਰ ਤੁਰ ਗਿਆ ਤਾਂ ਮਗਰੇ ਇਨ੍ਹਾਂ ਨਿੱਕੀਆਂ ਦਾ ਵੀ ਹੀਲਾ-ਵਸੀਲਾ ਹੋ ਜਾਵੇਗਾ। ਨਾਲੇ ਆਪਣੇ ਹੀ ਆਪਣਿਆਂ ਦਾ ਸੋਚਦੇ ਨੇ…।’ ਚਾਚੇ ਦੀਆਂ ਦਲੀਲਾਂ ਅੱਗੇ ਦਾਦੀ ਚੁੱਪ ਕਰ ਜਾਂਦੀ। ਮੀਤ ਦਾ ਵੀ ਦਿਲ ਤਾਂ ਕੀਤਾ ਸੀ ਕਿ ਬੇਮੇਲ ਵਿਆਹ ਤੋਂ ਬਗ਼ਾਵਤ ਕਰ ਦੇਵੇ, ਪਰ ਫੇਰ ਜਾਂਦੀ ਕਿੱਥੇ…? ਕਿਤੇ ਢੋਈ ਵੀ ਤਾਂ ਨਹੀਂ ਸੀ। ਸਬਰ ਕਰਨਾ ਹੀ ਪੈਣਾ ਸੀ। ਡੋਲੀ ਤੁਰਨ ਤੋਂ ਇਕ ਦਿਨ ਪਹਿਲਾਂ ਕੋਠੇ ’ਤੇ ਜਾ ਕੇ ਨੀਲੀ ਛੱਤ ਵਾਲੇ ਨਾਲ ਬਹੁਤ ਗੱਲਾਂ ਕੀਤੀਆਂ ਤੇ ਵਚਨ ਵੀ ਲਿਆ ਕਿ ਮੇਰਾ ਸਾਥ ਹਮੇਸ਼ਾ ਦੇਵੇਗਾ।
ਬੇਗਾਨੀ ਧਰਤੀ ਤੇ ਬੇਗਾਨੇ ਲੋਕ ਵੀ ਮੀਤ ਨੂੰ ਤੋੜ ਨਹੀਂ ਸਕੇ। ਬਚਪਨ ਤੋਂ ਹੀ ਇਕੱਲੇ ਰਹਿਣ ਦੀ ਆਦਤ ਜੁ ਸੀ। ਮੂਲ ਸੁਭਾਅ ਕਦੇ ਬਦਲੇ ਨਹੀਂ ਜਾ ਸਕਦੇ। ਮੀਤ ਮਸ਼ੀਨ ਬਣ ਕੰਮ ਕਰਦੀ ਤੇ ਘਰ-ਬਾਰ ਸਾਂਭਦੀ। ਕੰਮ ਵਾਲੀ ਥਾਂ ’ਤੇ ਵੀ ਕਿਸੇ ਨਾਲ ਵਧੇਰੇ ਗੱਲ ਨਾ ਕਰਦੀ। ਇਕ ਦਿਨ ਪਿੰਡੋਂ ਸੁਨੇਹਾ ਮਿਲਿਆ ਕਿ ਦਾਦੀ ਤੁਰ ਗਈ। ਉਹ ਬਹੁਤ ਰੋਈ। ਨੀਲੀ ਛੱਤ ਵਾਲੇ ਦੇ ਗਲ਼ ਭਾਵੇਂ ਨਾ ਲੱੱਗ ਸਕੀ, ਪਰ ਗੱਲਾਂ ਕਰਕੇ ਮਨ ਹੌਲ਼ਾ ਕਰ ਲਿਆ। ਬੇਗਾਨੇ ਮੁਲਕ ’ਚ ਬੈਠਿਆਂ ਹਰੇਕ ਗੱਲ ਵਿਆਕੁਲ ਕਰਦੀ। ਇਹ ਤਾਂ ਫੇਰ ਵੀ ਦਾਦੀ ਦੀ ਮੌਤ ਦੀ ਖ਼ਬਰ ਸੀ। ਬੁਝਿਆ ਮਨ ਹੋਰ ਬੁਝ ਗਿਆ ਤੇ ਪਰੀ ਨੂੰ ਸਾਂਭਦਿਆਂ ਕੰਮ ਤੋਂ ਲੇਟ ਹੋ ਜਾਂਦੀ। ਹਰਨੇਕ ਘਰੇ ਵੜਦਾ ਤੇ ਮੀਤ ਨਿਕਲ ਜਾਂਦੀ। ਦੋਵੇਂ ਜੀਆਂ ਦਾ ਇਹੀ ਰੁਟੀਨ ਸੀ। ਦੋਵਾਂ ਦਾ ਸਰੀਰਿਕ ਰਿਸ਼ਤਾ ਸੀ। ਭਾਵਨਾਤਮਕ ਸਾਂਝ ਤਾਂ ਦੂਰ ਦੀ ਗੱਲ ਸੀ। ਹਰਨੇਕ ਦੀ ਪੀਣ ਦੀ ਮਾੜੀ ਆਦਤ ਕਾਰਨ ਹੀ ਪਹਿਲੀ ਘਰਵਾਲੀ ਬੱਚਿਆਂ ਨੂੰ ਲੈ ਕੇ ਪਾਸੇ ਰਹਿਣ ਲੱਗ ਗਈ ਸੀ। ਫੇਰ ਤਲਾਕ ਹੋ ਗਿਆ ਤੇ ਉਸ ਨੇ ਪੰਜਾਬ ਆ ਕੇ ਮੀਤ ਨਾਲ ਵਿਆਹ ਕਰਵਾ ਲਿਆ। ਜਦੋਂ ਬਾਹਰ ਆ ਕੇ ਮੀਤ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਇਕ ਵਾਰ ਤਾਂ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ…। ਪਰ ਕਰਦੀ ਕੀ? ਕਿਸ ਨੂੰ ਦੱਸਦੀ? ਹਰੇਕ ਗੱਲ ’ਤੇ ਦਬ ਜਾਣਾ ਤਾਂ ਉਸ ਨੇ ਬਚਪਨ ਤੋਂ ਹੀ ਸਿੱਖਿਆ ਸੀ।
ਅੱਜ ਜਦੋਂ ਘਰ ਮੁੜੀ ਤਾਂ ਸਿਰਹਾਣਿਆਂ ’ਚ ਸਿਰ ਦੇ ਕੇ ਰੋਈ ਜਾ ਰਹੀ ਸੀ। ਭਾਵੇਂ ਤਨਖ਼ਾਹ ਦੇ ਡਾਲਰ ਕੱਟੇ ਗਏ ਸਨ, ਪਰ ਦਾਦੀ, ਪਿਓ ਤੇ ਮਾਂ ਦੇ ਵਿਛੋੜੇ ਨਾਲ ਅੰਦਰੋਂ ਭੰਨੀ ਪਈ ਸੀ। ਗੁੱਭ-ਗੁਲ੍ਹਾਟ ਭਰਿਆ ਪਿਆ ਸੀ ਤੇ ਉਪਰੋਂ ਬੇਸਮੈਂਟ ਦੀ ਲੱਕੜ ਦੀ ਛੱਤ ਦਿਸ ਰਹੀ ਸੀ। ਮਨ ਹੌਲ਼ਾ ਕਰਨ ਲਈ ਨੀਲੀ ਛੱਤ ਵਾਲਾ ਵੀ ਨਹੀਂ ਦਿਸ ਰਿਹਾ ਸੀ। ਰੋਂਦੀ-ਰੋਂਦੀ ਸੌਂ ਗਈ ਤੇ ਹਰਨੇਕ ਦੇ ਆਉਣ ’ਤੇ ਅੱਖ ਖੁੱਲ੍ਹੀ।
ਹਰਨੇਕ ਅੱਜ ਕੁਝ ਘਬਰਾਇਆ ਲੱਗ ਰਿਹਾ ਸੀ ਤੇ ਮੀਤ ਨੂੰ ਵੀ ਕਹਿ ਰਿਹਾ ਸੀ ਕਿ ਉਹ ਅੱਜ ਕੰਮ ’ਤੇ ਨਾ ਜਾਵੇ ਉਸ ਤੋਂ ਪਰੀ ਨੂੰ ਨਹੀਂ ਦੇਖਿਆ ਜਾਣਾ। ਹਰਨੇਕ ਨੇ ਕਾਫ਼ੀ ਪੀਤੀ ਹੋਈ ਸੀ। ਮੀਤ ਹਾਲੇ ਦੁਚਿੱਤੀ ਵਿਚ ਸੀ ਕਿ ਪੁਲੀਸ ਦੀਆਂ ਹੂਟਰ ਮਾਰਦੀਆਂ ਗੱਡੀਆਂ ਆ ਖੜ੍ਹੀਆਂ। ਪਲ਼ ’ਚ ਹੀ ਹਰਨੇਕ ਦੇ ਹੱਥਕੜੀ ਲਾ ਲਈ ਗਈ। ਪੁਲੀਸ ਵਾਲੇ ਦੱਸ ਗਏ ਕਿ ਇਹ ਆਪਣੀ ਕਾਰ ਨਾਲ ਐਕਸੀਡੈਂਟ ਕਰਕੇ ਆਇਆ ਤੇ ਇਕ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਮੀਤ ਤਾਂ ਸੁੰਨ ਹੀ ਹੋ ਗਈ। ਪਰੀ ਨੂੰ ਲੈ ਕੇ ਮਗਰੇ ਤੁਰ ਪਈ, ਆਖ਼ਰ ਸਿਰ ਦਾ ਸਾਈਂ ਜੁ ਸੀ। ਪੁਲੀਸ ਵਾਲਿਆਂ ’ਚ ਘਿਰਿਆ ਹਰਨੇਕ ਨੀਵੀਂ ਪਾਈ ਤੁਰਿਆ ਜਾ ਰਿਹਾ ਸੀ ਤਾਂ ਅਚਾਨਕ ਦੋ ਨਿੱਕੇ-ਨਿੱਕੇ ਬੱਚੇ ਡੈਡੀ! ਡੈਡੀ! ਕਹਿੰਦੇ ਲੱਤਾਂ ਨੂੰ ਚਿੰਬੜ ਗਏ। ਇਹ ਉਹ ਅਭਾਗੇ ਬੱਚੇ ਸਨ ਜਿਨ੍ਹਾਂ ਦੀ ਮਾਂ ਨਸ਼ਈ ਹਰਨੇਕ ਨੇ ਦਰੜ ਦਿੱਤੀ। ਮਾਂ ਰੱਬ ਕੋਲ ਤੇ ਪਿਓ…! ਹਰਨੇਕ ਬੱਚਿਆਂ ਨੂੰ ਮੀਤ ਵੱਲ ਕਰਦਿਆਂ ਮਿੰਨਤਾਂ ਕਰ ਰਿਹਾ ਸੀ।
ਆਸਮਾਨ ਸਾਫ਼ ਸੀ। ਪਰੀ ਅਤੇ ਦੋਵਾਂ ਬੱਚਿਆਂ ਨੂੰ ਮੀਤ ਕਾਰ ’ਚ ਘਰ ਲਿਜਾ ਰਹੀ ਸੀ। ਇੰਝ ਲੱਗਦਾ ਸੀ ਜਿਵੇਂ ਨੀਲੀ ਛੱਤ ਵਾਲਾ ਆਪ ਨੇੜੇ ਹੋ ਕੇ ਮੀਤ ਨੂੰ ਕੁਝ ਕਹਿਣਾ ਚਾਹੁੰਦਾ ਹੋਵੇ। ਅੱਥਰੂ ਤਾਂ ਸਮਝੋ ਖ਼ਤਮ ਹੋ ਗਏ ਸਨ। ਹੁਣ ਜਿਉਣ ਦਾ ਸਹਾਰਾ ਪਰੀ ਹੀ ਨਹੀਂ ਸਗੋਂ ਦੋ ਹੋਰ ਬੱਚੇ ਵੀ ਸਨ ਜਿਨ੍ਹਾਂ ਲਈ ਨੀਲੀ ਛੱਤ ਵਾਲਾ ਤੇ ਦਾਦੀ ਵਰਗਾ ਮੀਤ ਨੇ ਖ਼ੁਦ ਬਣਨਾ ਸੀ।
ਸੰਪਰਕ: 95011-08280