ਰਜਨੀ ਸੇਖੜੀ ਸਿੱਬਲ
‘ਦਿ ਗੁਰੂ: ਗੁਰੂ ਨਾਨਕ’ਜ਼ ਸਾਖੀਜ਼’ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜੀਆਂ ਸਾਖੀਆਂ ਤੇ ਦੰਦ ਕਥਾਵਾਂ ਦਾ ਇਕ ਸੰਗ੍ਰਹਿ ਹੈ ਜੋ ਰਾਇ ਭੋਇ ਦੀ ਤਲਵੰਡੀ ਵਿਚ ਉਨ੍ਹਾਂ ਦੇ ਜਨਮ ਤੋਂ ਲੈ ਕੇ ਬਾਲਵਰੇਸ ਤੇ ਮੁੱਢਲੀ ਸਿੱਖਿਆ ਅਤੇ ਸੱਚਾ ਸੌਦਾ ਵਰਤਾਉਣ, ਸੁਲਤਾਨਪੁਰ ਲੋਧੀ ਵਿਚਲੇ ਮੋਦੀਖ਼ਾਨੇ ਵਿਚ ਉਨ੍ਹਾਂ ਦੀ ਲੋੜਵੰਦਾਂ ਪ੍ਰਤੀ ਦਿਆਲਤਾ, ਬਟਾਲਾ ਵਿਖੇ ਬੀਬੀ ਸੁਲੱਖਣੀ ਨਾਲ ਵਿਆਹ ਹੋਣ, ਕਾਲੀ ਵੇਈਂ ਵਿਚ ਟੁੱਭੀ ਲਾ ਕੇ ਗਿਆਨ ਪ੍ਰਾਪਤ ਕਰਨ ਨਾਲ ਸਬੰਧਿਤ ਹੈ ਅਤੇ ਕੁਝ ਸਾਖੀਆਂ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨਾਲ ਜੁੜੀਆਂ ਹੋਈਆਂ ਹਨ। ਰਜਨੀ ਸੇਖੜੀ ਸਿੱਬਲ ਵੱਲੋਂ ਲਿਖੀ ਗਈ ਇਸ ਕਿਤਾਬ ਵਿਚ ਪਿਛਲੇ 550 ਸਾਲਾਂ ਦੌਰਾਨ ਇਕ ਸੂਝਵਾਨ ਅਤੇ ਕਰੁਣਾਮਈ ਮਨੁੱਖ ਦੇ ਜੀਵਨ ਅਨੁਭਵਾਂ ਬਾਰੇ ਚਲੀਆਂ ਆ ਰਹੀਆਂ ਦੰਦ ਕਥਾਵਾਂ ਤਰਕਸੰਗਤ ਅਤੇ ਅੱਜ ਦੇ ਦੌਰ ਵਿਚ ਪ੍ਰਸੰਗਕ ਵਿਸ਼ਵ ਦ੍ਰਿਸ਼ਟੀ ਸਹਿਤ ਦਰਜ ਕੀਤੀਆਂ ਗਈਆਂ ਹਨ।
ਇਹ ਕਿਤਾਬ ਲੇਖਕਾ ਦੇ ਨਾਮ ਸਿਮਰਨ ਦਾ ਹੀ ਇਕ ਰੂਪ ਹੈ ਜਿਸ ਵਿਚ ਬਚਪਨ ਵਿਚ ਉਨ੍ਹਾਂ ਦੀ ਦਾਦੀ ਸ੍ਰੀਮਤੀ ਅਮਰ ਕੌਰ ਸੇਖੜੀ ਅਤੇ ਉਨ੍ਹਾਂ ਦੀ ਸਕੂਲ ਮੇਟਰਨ ਸ੍ਰੀਮਤੀ ਸਾਹਨੀ ਵੱਲੋਂ ਸਾਖੀਆਂ ਦੇ ਸੁਣਾਏ ਗਏ ਦਿਲਖਿੱਚਵੇਂ ਬਿਰਤਾਂਤ ਨੂੰ ਸਜੀਵ ਕਰਨ ਦਾ ਯਤਨ ਕੀਤਾ ਗਿਆ ਹੈ। ਕਿਤਾਬ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਉਨ੍ਹਾਂ ਘਟਨਾਵਾਂ ਨੂੰ ਤਲਾਸ਼ਿਆ ਗਿਆ ਹੈ ਜਿਨ੍ਹਾਂ ਤੋਂ ਉਸ ਮਹਾਨ ਤੇ ਪਵਿੱਤਰ ਆਤਮਾ ਦੀ ਸੋਚਧਾਰਾ ਅਤੇ ਵਿਸ਼ਵਾਸ ਪ੍ਰਗਟ ਹੁੰਦੇ ਹਨ।
ਗੁਰੂ ਨਾਨਕ ਦੇਵ ਜੀ ਨੇ ਦਿਆਨਤਦਾਰੀ ਅਤੇ ਅੰਤਿਮ ਸੱਚ ਦੀ ਤਲਾਸ਼ ਕਰਨ ਵਾਲੀ ਜ਼ਿੰਦਗੀ ਬਿਤਾਈ। ਉਨ੍ਹਾਂ ਕਦੇ ਵੀ ਇਹ ਦਾਅਵਾ ਨਹੀਂ ਕੀਤਾ ਕਿ ਉਹ ਕਿਸੇ ਦੈਵੀ ਸ਼ਕਤੀ ਦੇ ਮਾਲਕ ਹਨ ਜਾਂ ਉਨ੍ਹਾਂ ਨੂੰ ਕੋਈ ਦੈਵੀ ਇਲਹਾਮ ਪ੍ਰਾਪਤ ਹੋਇਆ ਹੈ। ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਨ ਪਰ ਉਨ੍ਹਾਂ ਲਈ ਇਕ ਹੀ ਰੱਬ ਸੀ ਜਾਂ ਉਸ ਅਗਿਆਤ, ਅਣਦੇਖੇ ਜਾਂ ਗੂੜ੍ਹ ਅੰਤਿਮ ਸੱਚ ਨੂੰ ਜੋ ਵੀ ਨਾਮ ਦਿੱਤਾ ਜਾਂਦਾ ਹੈ।
ਇਹ ਅੰਤਿਮ ਸੱਚ ਕਿਸੇ ਮਹੱਤਵਸ਼ਾਲੀ ਪੂਜਾ ਅਸਥਾਨ ’ਤੇ ਨਹੀਂ ਵਸਦਾ ਅਤੇ ਨਾ ਹੀ ਆਡੰਬਰਾਂ ਰਾਹੀਂ ਤੇ ਜੰਗਲਾਂ ਜਾਂ ਪਹਾੜੀ ਖੰਦਕਾਂ ਵਿਚ ਲੱਭਿਆ ਜਾ ਸਕਦਾ ਹੈ ਕਿਉਂਕਿ ਇਹ ਹਰ ਕਿਸੇ ਦੇ ਅੰਦਰ ਵਸਦਾ ਹੈ। ਗੁਰੂ ਨਾਨਕ ਦੇਵ ਜੀ ਸਾਰੇ ਪ੍ਰਾਣੀਆਂ ਦੀ ਬਰਾਬਰੀ ਅਤੇ ਸਾਰਿਆਂ ਦੇ ਮਨੁੱਖੀ ਵੱਕਾਰ ਦਾ ਸਤਿਕਾਰ ਕਰਨ ਵਿਚ ਵਿਸ਼ਵਾਸ ਰੱਖਦੇ ਸਨ – ਭਾਵੇਂ ਮਨੁੱਖ ਦੀ ਜਾਤ, ਜਮਾਤ, ਰੰਗ, ਧਰਮ ਜਾਂ ਲਿੰਗ ਕੋਈ ਵੀ ਹੋਵੇ।
ਗੁਰੂ ਸਾਹਿਬ ਦਾ ਮੂਲ ਸੰਦੇਸ਼ ਕਰੁਣਾ ਅਤੇ ਸਭਨਾਂ ਪ੍ਰਾਣੀਆਂ ਦਾ ਸਤਿਕਾਰ ਕਰਨ ਦਾ ਹੈ। ਉਨ੍ਹਾਂ ਆਪਣੀ ਜ਼ਿੰਦਗੀ ਵੀ ਇਸੇ ਫਲਸਫ਼ੇ ਅਤੇ ਵਿਸ਼ਵਾਸ ਦੇ ਆਧਾਰ ’ਤੇ ਬਿਤਾਈ। ਉਨ੍ਹਾਂ ਦੀ ਜੀਵਨ ਜਾਚ ਜ਼ਿੰਦਗੀ ਦਾ ਮਨੋਰਥ ਲੱਭਣ ਦੀ ਚੇਸ਼ਟਾ ਵਾਲੇ ਲੋਕਾਂ ਨੂੰ ਜਵਾਬ ਮੁਹੱਈਆ ਕਰਾਉਂਦੀ ਹੈ। ਉਨ੍ਹਾਂ ਦੀ ਵਿਸ਼ਵ ਦ੍ਰਿਸ਼ਟੀ ਸਰਬੱਤ ਦਾ ਭਲਾ ਚਾਹੁਣ ਵਾਲੀ ਸਰਬ ਵਿਆਪੀ ਅਤੇ ਸਮਤਾਵਾਦੀ ਹੈ।
ਗੁਰੂ ਨਾਨਕ ਦੇਵ ਜੀ ਦਾ ਜੀਵਨ ਸਾਦਗੀ ਭਰਿਆ ਸੀ। ਉਹ ਨਾਮ ਜਪਣ, ਕਿਰਤ ਕਰਨ ਤੇ ਵੰਡ ਛਕਣ ਦੇ ਮੂਲ ਸਿਧਾਂਤ ’ਤੇ ਜ਼ੋਰ ਦਿੰਦੇ ਸਨ। ਜਨਮ ਅਤੇ ਰੁਤਬੇ ਦੇ ਆਧਾਰ ’ਤੇ ਕਿਸੇ ਨੂੰ ਵਿਸ਼ੇਸ਼ ਅਧਿਕਾਰ ਨਹੀਂ ਦਿੱਤਾ ਜਾ ਸਕਦਾ; ਅਤੇ ਹਰੇਕ ਲਈ ਇਹ ਬਹੁਤ ਹੀ ਅਹਿਮ ਹੈ ਕਿ ਉਹ ਆਪ ਕਿਰਤ ਕਰ ਕੇ ਆਪਣੀ ਰੋਜ਼ੀ ਰੋਟੀ ਕਮਾਵੇ। ਸੇਵਾ, ਕੀਰਤਨ ਅਤੇ ਲੰਗਰ ਦੀਆਂ ਰਵਾਇਤਾਂ ਬਰਾਬਰੀ, ਸਰਬ ਵਿਆਪਕ ਭਾਈਚਾਰੇ, ਔਰਤਾਂ ਅਤੇ ਸਮਾਜ ਦੇ ਕਮਜ਼ੋਰ ਤਬਕਿਆਂ ਦੇ ਬਰਾਬਰ ਅਧਿਕਾਰਾਂ ਅਤੇ ਬਰਾਬਰੀ ਵੱਲ ਲਿਜਾਣ ਦੀ ਪੇਸ਼ਕਦਮੀ ਦੀ ਹੀ ਤਰਜਮਾਨੀ ਕਰਦੀਆਂ ਹਨ। ਇਹ ਕਿਤਾਬ ਇਨ੍ਹਾਂ ਮਹੱਤਵਪੂਰਨ ਤੱਤਾਂ ਨੂੰ ਬਹੁਤ ਸੂਖ਼ਮ ਤਰੀਕੇ ਨਾਲ ਸਾਹਮਣੇ ਲਿਆਉਂਦੀ ਹੈ।
ਸਾਖੀਆਂ ਦਾ ਬਿਰਤਾਂਤ ਬਹੁਤ ਸਰਲ ਤੇ ਦਿਲਚਸਪ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਹ ਕਹਾਣੀਆਂ ਵਾਰਤਾਲਾਪੀ ਅਤੇ ਵਾਸਤਵਿਕ ਰੂਪ ਵਿਚ ਬਿਆਨ ਕੀਤੀਆਂ ਗਈਆਂ ਹਨ ਜੋ ਪਾਠਕ ਨੂੰ ਇਕ ਵੱਖਰੇ ਹੀ ਆਲਮ ਵਿਚ ਲੈ ਜਾਂਦੀਆਂ ਹਨ। ਮੂਲ ਸਚਾਈ ਦੁਆਲੇ ਕੇਂਦਰਿਤ ਰਹੱਸਾਂ ਨੂੰ ਖੋਲ੍ਹਦਿਆਂ ਲੇਖਕਾ ਨੇ ਸਾਖੀਆਂ ਨੂੰ ਇਸ ਢੰਗ ਨਾਲ ਪੇਸ਼ ਕੀਤਾ ਹੈ ਕਿ ਪਾਠਕ ਇਸ ਨਾਲ ਲਗਾਤਾਰ ਜੁੜਿਆ ਰਹਿੰਦਾ ਹੈ। ਹਰੇਕ ਅਧਿਆਇ ਵਿਚ ਇਕ ਸਾਖੀ ਦੇ ਨਾਲ ਇਕ ਸੰਖੇਪ ਉਪਸੰਹਾਰ ਵਿਚ ਵਰਤਮਾਨ ਪਰਿਪੇਖ ਦਿੱਤਾ ਗਿਆ ਹੈ ਜਿਸ ਤੋਂ ਸਾਖੀ ਨੂੰ ਹਕੀਕੀ ਜੀਵਨ, ਯਾਦਗਾਰਾਂ ਅਤੇ ਹੋਰਨਾਂ ਇਤਿਹਾਸਕ ਤੱਥਾਂ ਨਾਲ ਜੋੜਿਆ ਗਿਆ ਹੈ। ਕਿਤਾਬ ਦੇ ਅੰਤ ਵਿਚ ਦਿੱਤੀ ਗਈ ਸ਼ਬਦਾਵਲੀ ਕਾਫ਼ੀ ਵਿਆਪਕ ਅਤੇ ਮਦਦਗਾਰ ਹੈ। ਲੰਡਨ ਵਾਸੀ ਸੁਖਪਾਲ ਸਿੰਘ ਗਰੇਵਾਲ ਵੱਲੋਂ ਬਣਾਏ ਗਏ ਸਿਆਹ-ਸਫ਼ੈਦ ਸਕੈੱਚਾਂ ਨਾਲ ਕਹਾਣੀਆਂ ਅਤੇ ਸਮੁੱਚੇ ਰੂਪ ਵਿਚ ਕਿਤਾਬ ਦਾ ਸੁਹੱਪਣ ਵਧ ਜਾਂਦਾ ਹੈ।
‘ਦਿ ਗੁਰੂ: ਗੁਰੂ ਨਾਨਕ’ਜ਼ ਸਾਖੀਜ਼’ ਆਪਣੇ ਆਲੇ-ਦੁਆਲੇ ਨੂੰ ਜਗਿਆਸਾ ਨਾਲ ਵੇਖਣ ਵਾਲੇ ਬਾਲਕ, ਤਰਕਹੀਣ ਦੁਨੀਆ ਨੂੰ ਤਰਕਸੰਗਤ ਸੋਚ ਤੋਂ ਸਮਝਣ ਵਾਲੇ ਨੌਜਵਾਨ, ਬ੍ਰਹਿਮੰਡ ਦੇ ਨੇਮਾਂ ਤੇ ਵਿਧੀਆਂ ਪਿਛਲੇ ਤਰਕ ਨੂੰ ਦੇਖਣ ਵਾਲੇ ਸੁਚੇਤ ਨੌਜਵਾਨ ਅਤੇ ਸਮਾਜ ਵਿਚ ਗਹਿਰੇ ਪਏ ਵਿਤਕਰਿਆਂ ਨੂੰ ਮਿਟਾਉਣ ਦੀ ਕੋਸ਼ਿਸ਼ ਕਰਨ ਵਾਲੇ ਸੂਝਵਾਨ ਤੇ ਕਰੁਣਾਮਈ ਇਨਸਾਨ ਅਤੇ ਇਕਸੁਰਤਾ, ਅਮਨ ਤੇ ਦਿਆਲਤਾ ਦਾ ਸੰਦੇਸ਼ ਦੇਣ ਵਾਲੀ ਇਕ ਦਿਆਲੂ, ਸ਼ਾਂਤਚਿੱਤ ਤੇ ਪਾਕ ਆਤਮਾ ਬਾਰੇ ਦੰਦ ਕਥਾਵਾਂ ਦਾ ਸੰਗ੍ਰਹਿ ਹੈ। ਇਸ ਦਾ ਲੋਕ ਅਰਪਣ 2 ਜੁਲਾਈ 2022 ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਸਵੇਰੇ ਅਰਦਾਸ ਦੌਰਾਨ ਕੀਤਾ ਗਿਆ ਤੇ ਫਿਰ ਇਹ ਕਿਤਾਬ ਲਾਇਬ੍ਰੇਰੀ ਲਈ ਭੇਟ ਕੀਤੀ ਗਈ। ਇਸ ਸਮਾਗਮ ਦਾ ਸਿੱਧਾ ਪ੍ਰਸਾਰਨ ਵੀ ਕੀਤਾ ਗਿਆ ਸੀ। ਇਸ ਤੋਂ ਬਾਅਦ 4 ਜੁਲਾਈ ਨੂੰ ਇਹ ਕਿਤਾਬ ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕੀਤੀ ਗਈ। ਨਵੀਂ ਦਿੱਲੀ ਵਿਚ ਇੰਡੀਆ ਇੰਟਰਨੈਸ਼ਨਲ ਸੈਂਟਰ ਅਤੇ ਗੋਲਫ ਕਲੱਬ ਚੰਡੀਗੜ੍ਹ ਵਿਖੇ ਇਸ ਕਿਤਾਬ ’ਤੇ ਵਿਚਾਰ ਚਰਚਾ ਕਰਵਾਈ ਗਈ। ਵਿਚਾਰ ਚਰਚਾ ਦੇ ਪੈਨਲ ਵਿਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੇਵਾਮੁਕਤ ਜਸਟਿਸ ਐੱਸ.ਐੱਸ. ਸਾਰੋਂ, ਗੁਰਦੁਆਰਾ ਚੋਣ ਕਮਿਸ਼ਨ ਦੇ ਚੇਅਰਮੈਨ ਅਤੇ ਸੁਪਰੀਮ ਕੋਰਟ ਦੇ ਵਕੀਲ ਪਦਮ ਸ੍ਰੀ ਐੱਚ.ਐੱਸ. ਫੂਲਕਾ, ਸੀਨੀਅਰ ਪੱਤਰਕਾਰ ਤੇ ਲੇਖਕ ਸ੍ਰੀ ਰੂਪਿੰਦਰ ਸਿੰਘ, ਕਿਤਾਬ ਦੀ ਲੇਖਕਾ ਤੇ ਸਾਬਕਾ ਆਈਏਐੱਸ ਸ੍ਰੀਮਤੀ ਰਜਨੀ ਸੇਖੜੀ ਸਿੱਬਲ ਸ਼ਾਮਲ ਸਨ। ਇਹ ਕਿਤਾਬ 27 ਅਗਸਤ ਨੂੰ ਚੰਡੀਗੜ੍ਹ ਲਿਟਰੇਰੀ ਸੁਸਾਇਟੀ ਦੇ ਪਾਠਕਾਂ ਲਈ ਪੇਸ਼ ਕੀਤੀ ਗਈ ਤੇ ਇਸ ਤੋਂ ਇਲਾਵਾ ਲੇਖਕਾ ਦੀ ਇਕ ਪਹਿਲੀ ਕਿਤਾਬ ‘ਵਿਮੈੱਨ ਆਫ ਇਨਫਲੂਐਂਸ: 10 ਐਕਸਟ੍ਰਾਆਰਡਿਨਰੀ ਆਈਏਐੱਸ ਸਟੋਰੀਜ਼’ ਵੀ ਦਿੱਤੀ ਗਈ।